Written by Dr. Devinder Singh Sekhon PhD Thursday, 07 November 2013
RAJ KAREGA KHALSA
ਰਾਜ ਕਰੇਗਾ ਖ਼ਾਲਸਾ ਤੋਂ ਕੀ ਭਾਵ ਹੈ
ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ॥ ਭਾਈ ਦਲੀਪ ਸਿੰਘ ਇੱਕ ਸੁਲਝੇ ਹੋਏ ਵਿਦਵਾਨ ਹਨ ਜਿਹਨਾਂ ਨੂੰ ਗੁਰੂ ਗਰੰਥ ਸਾਹਿਬ ਦਾ ਗੂੜ੍ਹਾ ਗਿਆਨ ਹੈ॥ ਆਪ ਪਿੰਡ ਪਿੰਡ ਜਾ ਕੇ ਗੁਰੂ ਗਰੰਥ ਸਾਹਿਬ ਦੀ ਮਹਾਨਤਾ ਅਤੇ ਫਲਸਫੇ ਦਾ ਪਰਚਾਰ ਕਰਦੇ ਹਨ॥ ਅੱਜ ਕੱਲ੍ਹ ਉਹ ਇਸ ਪਿੰਡ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫਾਰਮ ਹਾਊਸ) ਤੇ ਆਏ ਹੋਏ ਹਨ॥ ਆਉ ਉਹਨਾਂ ਦੇ ਵੀਚਾਰ ਸੁਣੀਏ॥
“ਭਾਈ ਸਾਹਿਬ, ਅਸੀਂ ਹਰ ਰੋਜ਼ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਦੋਹਿਰਾ: ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ, ਪੜ੍ਹਦੇ ਹਾਂ॥ ਇਸਤੋਂ ਮੇਰੇ ਮਨ ਵਿੱਚ ਇਹ ਸੁਆਲ ਬਹੁਤ ਵਾਰ ਉੱਠਦਾ ਹੈ ਕਿ ਖ਼ਾਲਸੇ ਨੇ ਰਾਜ ਕਦੋਂ ਕਰਨਾਂ ਹੈ ਅਤੇ ਇਹ ਕਿਸ ਕਿਸਮ ਦਾ ਹੋਵੇਗਾ॥ ਮੇਰਾ ਭਾਵ ਹੈ ਕਿ ਕੀ ਇਹ ਬਾਦਸ਼ਾਹੀ ਕਿਸਮ ਦਾ ਹੋਵੇਗਾ ਜਾਂ ਲੋਕ ਰਾਜ॥ ਨਾਲ਼ ਹੀ ਇਹ ਵੀ, ਕਿ ਇਹ ਰਾਜ ਕਿੱਥੇ ਮਿਲਣਾ ਹੈ ਅਤੇ ਕਿੰਨਾ ਕੁ ਵੱਡਾ ਹੋਵੇਗਾ? ਕਿਰਪਾ ਕਰਕੇ ਇਸ ਬਾਰੇ ਆਪਣਾ ਵੀਚਾਰ ਦੱਸੋ॥ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ॥” ਭਾਈ ਜਸਬੀਰ ਸਿੰਘ ਨੇ ਆਪਣਾ ਤੌਖਲਾ ਦੱਸਿਆ॥“ਭਾਈ ਸਾਹਿਬ ਆਪਦਾ ਸੁਆਲ ਬਹੁਤ ਹੀ ਮਹੱਤਵਪੂਰਨ ਹੈ ਅਤੇ ਮੇਰਾ ਨਿਸਚਾ ਹੈ ਕਿ ਇਸ ਸੁਆਲ ਦਾ ਉੱਤਰ ਹੋਰ ਵੀ ਬਹੁਤ ਸਾਰੇ ਵੀਰ ਅਤੇ ਭੈਣਾਂ ਜਾਨਣਾ ਚਾਹੁੰਦੇ ਹੋਣਗੇ॥” ਭਾਈ ਦਲੀਪ ਸਿੰਘ ਨੂੰ ਵੀ ਇਹ ਸੁਆਲ ਪਸੰਦ ਆਇਆ॥
“ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰਨਾਂ ਚਾਹਾਂਗਾ ਕਿ ਇਹ ਦੋਹਿਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਿਆ ਹੋਇਆ ਨਹੀਂ ਹੈ॥ ਇਹ ਦੋਹਿਰਾ ਗਿਆਨੀ ਗਿਆਨ ਸਿੰਘ ਹੁਰਾਂ ਦਾ ਲਿਖਿਆ ਹੋਇਆ ਹੈ ਅਤੇ ਉਹਨਾਂ ਨੇ ਕਿਸ ਮੰਤਵ ਨੂੰ ਮੁੱਖ ਰੱਖ ਕੇ ਲਿਖਿਆ ਸੀ, ਇਸਨੂੰ ਤਾਂ ਸ਼ਾਇਦ ਉਹ ਆਪ ਵੀ ਨਾਂ ਜਾਣਦੇ ਹੋਣ॥ ਜਿਵੇਂ ਅਸੀਂ ਛੇਤੀ ਹੀ ਵੀਚਾਰ ਕਰਾਂਗੇ, ਗੁਰਮਤਿ ਦੇ ਆਧਾਰ ਤੇ ਤਾਂ ਖ਼ਾਲਸਾ ਅਤੇ ਦੁਨਿਆਵੀ ਰਾਜ ਆਪਸ ਵਿੱਚ ਪ੍ਰਸਪਰ ਵਿਰੋਧੀ ਹਨ॥ ਉਂਞ ਰਾਜ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸ਼ਬਦ ਆਏ ਹਨ॥ ਆੳੇੁ ਉਹਨਾਂ ਵਿੱਚੋਂ ਕੁਝ ਕੁ ਪਾਵਨ ਸ਼ਬਦ ਸਰਵਣ ਕਰੀਏ॥ਜਿਵੇਂ ਆਪ ਵੇਖੋਗੇ ਇਹਨਾਂ ਸਾਰੇ ਹੀ ਸ਼ਬਦਾਂ ਵਿੱਚ ਅਧਿਆਤਮਿਕ (ਆਪਣੇ ਮਨ ਤੇ ਰਾਜ ਜਾਂ ਕਾਬੂ ਪਾਉਣਾ) ਰਾਜ ਨੂੰ ਹੀ ਮਹਾਨਤਾ ਦਿੱਤੀ ਗਈ ਹੈ॥
ਅਧਿਆਤਮਿਕ (ਮਨ ਤੇ ਕਾਬੂ) ਰਾਜ
ਸਲੋਕ ਮ:3 (590)॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ॥॥ ---- ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥
ਮਾਰੂ ਕੀ ਵਾਰ ਮ:3, ਪਉੜੀ (1088)॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ
ਸਲੋਕ ਮ:3 (647)॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰਿ ਦੇਇ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ॥
ਗਉੜੀ ਮ:5 ਅਸਟਪਦੀ (237)॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ॥ ਇਸਹਿ ਮਾਰਿ ਰਾਜ ਜੋਗ ਕਮਾਵੈ॥ ਰਹਾਉ॥ -----
ਵਾਰ ਗੂਜਰੀ ਮ:5, ਪਉੜੀ (518)॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ॥ ------
ਗਉੜੀ ਕਬੀਰ ਜੀ (336)॥ ----- ਹਮਰਾ ਧਨੁ ਮਾਧਉ ਗੋਬਿੰਦ ਧਰਣੀਧਰੁ ਇਹੈ ਸਾਰ ਧਨੁ ਕਹੀਐ॥ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ॥
ਸਤੇ ਬਲਵੰਡ ਕੀ ਵਾਰ (966)॥ ----- ਨਾਨਕਿ ਰਾਜ ਚਲਾਇਆ ਸਚਿ ਕੋਟੁ ਸਤਾਣੀ ਨੀਵ ਦੇ॥ -----
ਜਿਵੇਂ ਇਹਨਾਂ ਸਾਰੇ ਪਾਵਨ ਸ਼ਬਦਾਂ ਤੋਂ ਸਪੱਸ਼ਟ ਹੈ, ਗੁਰੂ ਸਾਹਿਬਾਨ ਅਤੇ ਭਗਤਾਂ ਅਨੁਸਾਰ ਰਾਜਾ ਉਹੀ ਹੈ ਜਿਸਨੇ ਵਾਹਿਗੁਰੂ ਵਿੱਚ ਸੁਰਤ ਜੋੜ ਕੇ ਆਪਣੇ ਮਨ ਤੇ ਕਾਬੂ ਪਾਇਆ ਹੋਇਆ ਹੈ ਭਾਵ ਜਿਸਨੇ ਆਪਣੀਆਂ ਸਾਰੀਆਂ ਇੰਦਰੀਆਂ ਤੇ ਕਾਬੂ ਪਾਇਆ ਹੋਇਆ ਹੈ ਅਤੇ ਜਿਸ ਦੇ ਸਿੱਟੇ ਵਜੋਂ ਉਸਨੂੰ ਵਾਹਿਗੁਰੂ ਸਨਮਾਨਿਤ ਕਰਦਾ ਹੈ॥ ਨਹੀਂ ਤੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹੜਾ ਦੁਨਿਆਵੀ ਰਾਜ ਕੀਤਾ ਸੀ?
ਦੁਨਿਆਵੀ ਰਾਜ
ਇਸ ਦੇ ਉਲਟ, ਜਿਵੇਂ ਅਸੀਂ ਅਗਲੇ ਕੁਝ ਕੁ ਪਾਵਨ ਸ਼ਬਦਾਂ ਤੋਂ ਵੇਖਾਂਗੇ, ਗੁਰੂ ਗਰੰਥ ਸਾਹਿਬ ਵਿੱਚ ਦੁਨਿਆਵੀ ਰਾਜ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਗਈ ਸਗੋਂ ਨਿਖੇਧੀ ਹੀ ਕੀਤੀ ਗਈ ਹੈ॥
ਦੇਵ ਗੰਧਾਰੀ ਮ:5 (534)॥ ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭ ਹੂ ਮਧਿ ਨਿਰਾਰੇ॥1॥ ਰਾਜੁ ਨ ਚਾਹਉ ਮੁਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ --------
ਸੂਹੀ ਮ:5 (745)॥ ੴ ਸਤਿਗੁਰ ਪਰਸਾਦਿ॥ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ॥ ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ॥1॥ ਰਹਾਉ॥---- ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ॥ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ॥
ਸਿਰੀ ਰਾਗੁ ਅਸਟਪਦੀ ਮ:5 (70)॥ ----- ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ॥ ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ॥
ਸਲੋਕ ਸਹਸਕ੍ਰਿਤੀ ਮ:5 (1356)॥ ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ॥ ਬਿਪਰੀਤ ਬੁਧੰ੍ਹ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ॥
ਅਰਥ: ਪਿਛਲੇ ਜਨਮਾਂ ਵਿੱਚ ਕੀਤੇ ਸ਼ੁਭ ਕਰਮਾਂ ਸਦਕਾ ਰਾਜੇ ਇਸ ਧਰਤੀ ਤੇ ਰਾਜ ਦਾ ਸੁਖ ਮਾਣਦੇ ਹਨ॥ ਪਰ ਹੇ ਨਾਨਕ! ਇਹਨਾਂ ਸੁਖਾਂ ਦੇ ਕਾਰਨ ਜਿਸ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਉਹ ਲੰਮੇ ਸਮੇਂ ਲਈ ਦੁਖ ਭੋਗਦੇ ਹਨ॥
ਸਲੋਕ ਕਬੀਰ ਜੀ (24)॥ ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕਉ ਠਾਕੁਰੁ ਰਾਮੁ॥ ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ॥
ਗੂਜਰੀ ਨਾਮਦੇਵ ਜੀ (525)॥ ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥ 1॥ ਤੂ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ॥
ਬਿਲਾਵਲੁ ਕਬੀਰ ਜੀ (856)॥ ਕੋਊ ਹਰਿ ਸਮਾਨ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥
ਜਿਵੇਂ ਤੁਸਾਂ ਸਰਵਨ ਕੀਤਾ ਹੈ ਅਤੇ ਸਮਝ ਲਿਆ ਹੈ, ਗੁਰੂ ਗਰੰਥ ਸਾਹਿਬ ਵਿੱਚ ਦੁਨਿਆਵੀ ਰਾਜ ਦੀ ਕੋਈ ਮਹਾਨਤਾ ਨਹੀਂ॥ ਦੁਨਿਆਵੀ ਰਾਜ ਦੇ ਟਾਕਰੇ ਤੇ ਸਾਰੇ ਮਹਾਂਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਸਰੇਸ਼ਟ ਮੰਨਦੇ ਹਨ ਅਤੇ ਉਸੇ ਦੀ ਹੀ ਜਾਚਨਾ ਕਰਦੇ ਹਨ॥ ਸੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਿਉਂ ਅਜਿਹੀ ਭਵਿੱਖ ਬਾਣੀ ਕਰਨ ਗੇ ਜਿਸ ਨੂੰ ਉਹ ਆਾਪ ਨਹੀਂ ਚਾਹੁੰਦੇ ਅਤੇ ਜੋ ਗੁਰੂ ਗਰੰਥ ਸਾਹਿਬ ਜੀ ਦੇ ਫ਼ਲਸਫ਼ੇ ਦੇ ਵਿਰੁੱਧ ਹੋਵੇ? ਉਂਞ ਵੀ ਗੁਰੂ ਹਰ ਗੋਬਿੰਦ ਸਾਹਿਬ ਨੇ ਚਾਰ ਵੱਡੀਆਂ ਲੜਾਈਆਂ ਜਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਪਰ ਦੋਵਾਂ ਹੀ ਸੂਰਮੇ ਗੁਰੂ ਸਾਹਿਬਾਨ ਨੇ ਕਿਸੇ ਦੀ ਇੱਕ ਇੰਚ ਧਰਤੀ ਤੇ ਵੀ ਕਬਜ਼ਾ ਨਹੀਂ ਸੀ ਕੀਤਾ॥ ਜੇ ਦੁਨਿਆਵੀ ਰਾਜ ਦੀ ਕੋਈ ਵੀ ਮਹਾਨਤਾ ਹੋਵੇ ਤਾਂ ਗੁਰੂ ਸਾਹਿਬ ਕਿਉਂ ਆਪਣਾ ਰਾਜ ਸਥਾਪਤ ਨਾਂ ਕਰਦੇ? ਉਹਨਾਂ ਤੋਂ ਵੱਡਾ ਖ਼ਾਲਸਾ ਹੋਰ ਕੌਣ ਹੋ ਸਕਦਾ ਸੀ? ਉਹਨਾਂ ਤੋਂ ਬਾਅਦ ਬੰਦਾ ਸਿੰਘ ਜੀ ਬਹਾਦਰ ਨੇ ਕੋਈ ਪੰਜ-ਛੇ ਸਾਲ ਰਾਜ ਕੀਤਾ ਤੇ ਉਹ ਵੀ ਝੱਟ ਹੀ ਖ਼ਤਮ ਹੋ ਗਿਆ॥ ਪਿਛੋਂ ਦਰਜਨਾਂ ਸਿੱਖ ਰਾਜੇ ਹੋਏ ਜਿਹਨਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਗਿਣਿਆ ਜਾਂਦਾ ਹੈ, ਪਰ ਉਹ ਵੀ 48-49 ਸਾਲ ਤੱਕ ਹੀ ਚੱਲ ਸਕਿਆ॥ ਉਸ ਸਮੇਂ ਵੀ ਸਿੱਖ ਰਾਜੇ ਆਪਸ ਵਿੱਚ ਹੀ ਲੜਦੇ ਰਹੇ ਅਤੇ ਇੱਕ ਸਮੁੱਚਾ ਖ਼ਾਲਸਾਈ ਰਾਜ ਸਥਾਪਤ ਨਾਂ ਕਰ ਸਕੇ॥
ਆਉ ਹੁਣ ਇਸ ਦੋਹਿਰੇ ਦੀਆਂ ਦੋਵਾਂ ਪੰਕਤੀਆਂ ਤੇ ਵੀਚਾਰ ਕਰੀਏ ਜੋ ਇਸ ਪ੍ਰਕਾਰ ਹਨ:
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ॥ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਣਿ ਜੋ ਹੋਇ॥
ਕੋਈ ਵੀ ਅਜਿਹਾ ਦੁਨਿਆਵੀ ਰਾਜ ਨਹੀਂ ਹੁੰਦਾ ਜਿਸ ਵਿੱਚ ਕੋਈ ਨਾਂ ਕੋਈ ਆਕੀ ਜਾਂ ਵਿਰੋਧੀ ਖਿਆਲਾਂ ਵਾਲ਼ਾ ਨਾਂ ਹੋਵੇ॥ ਦੁਨੀਆਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ, ਪਰ ਅੱਜ ਤੱਕ ਅਜਿਹੇ ਕਿਸੇ ਰਾਜ ਦੀ ਇੱਕ ਵੀ ਉਦਾਹਰਣ ਨਹੀਂ ਮਿਲ਼ੀ ਜਿਸ ਵਿੱਚ ਕੋਈ ਵਿਰੋਧੀ ਖਿਆਲਾਂ ਵਾਲ਼ਾ ਨਾਂ ਰਿਹਾ ਹੋਵੇ॥ ਦੂਸਰੀ ਪੰਕਤੀ ਦਾ ਭਾਵ ਤਾਂ ਬਿਲਕੁਲ ਹੀ ਸਪੱਸ਼ਟ ਨਹੀਂ॥ਖ਼ਾਲਸਾ ਕਦੇ ਖੁਆਰ ਨਹੀਂ ਹੁੰਦਾ, ਅਤੇ ਜੇਕਰ ਆਪਸ ਵਿੱਚ ਮਿਲਣ ਵਾਲ਼ੇ ਖ਼ਾਲਸਾ ਨਹੀਂ ਹਨ ਤਾਂ ਉਹ ਕੌਣ ਹਨ? ਫ਼ਿਰ ਇਸ ਪੰਕਤੀ ਅਨੁਸਾਰ ਕੇਵਲ ਉਹੀ ਬਚਣਗੇ ਜਿਹੜੇ ਖ਼ਾਲਸੇ ਦੀ ਸ਼ਰਨ ਲੈਣਗੇ॥ ਕੀ ਬਾਕੀ ਸਾਰਿਆਂ ਨੂੰ ਕਤਲ ਕਰ ਦਿੱਤਾ ਜਾਵੇਗਾ? ਉਂਞ ਵੀ ਜੇ ਇਸ ਦੋਹਿਰੇ ਦਾ ਮੁਕਾਬਲਾ ਖ਼ਾਲਸੇ ਦੇ ਰੋਜ਼ਾਨਾ ਚੜ੍ਹਦੀ ਕਲਾ ਵਾਲ਼ੇ ਸੁਆਗਤੀ ਕਥਨ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ” ਨਾਲ਼ ਕਰੀਏ ਤਾਂ ਇਸ ਦਾ “ਖੁਆਰ” ਹੋਣ ਵਾਲ਼ੀ ਪੰਕਤੀ ਨਾਲ਼ ਵਿਰੋਧ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ॥ ਜੇ ਖ਼ਾਲਸਾ ਹੈ ਹੀ ਵਾਹਿਗੁਰੂ ਜੀ ਦਾ ਤਾਂ ਇਹ ਖੁਆਰ ਕਿਉਂ ਹੋਇਗਾ? ਸੋ ਇਸ ਦੋਹਿਰੇ ਵਿਚਲੇ ਰਾਜ ਦਾ ਭਾਵ ਅਧਿਆਤਮਿਕ ਰਾਜ ਜਾਂ ਆਪਣੇ ਮਨ ਉੱਤੇ ਰਾਜ ਹੀ ਹੈ॥ ਇਸ ਭਾਵ ਨਾਲ਼ ਦੋਹਿਰੇ ਦੇ ਹਰ ਸ਼ਬਦ ਦਾ ਭਾਵ ਸਪੱਸ਼ਟ ਹੋ ਜਾਂਦਾ ਹੈ॥ ਆਕੀ ਰਹੇ ਨਾਂ ਕੋਇ ਦਾ ਭਾਵ ਹੈ ਕਿ ਜਦੋਂ ਕਿਸੇ ਮਹਾਂਪੁਰਖ ਦਾ ਆਪਣੇ ਮਨ ਤੇ ਰਾਜ ਹੋ ਗਿਆ ਤਾਂ ਕੋਈ ਵੀ ਗਿਆਨ ਅਤੇ ਕਰਮ ਇੰਦਰਾ ਉਸਦੀ ਇੱਛਿਆ ਤੋਂ ਬਾਹਰ ਨਹੀਂ ਹੋਵੇਗਾ ਅਤੇ ਆਪਹੁਦਰੀਆਂ ਕਰਕੇ ਜਿਹੜੇ ਇੰਦਰੇ ਖ਼ੁਆਰ ਹੋਏ ਸਨ ਉਹ ਸਾਰੇ ਅਜਿਹੇ ਮਹਾਂਪੁਰਖ ਦੇ ਸ਼ੁਭ ਗੁਣਾਂ ਦੀ ਸ਼ਰਨ ਵਿੱਚ ਆ ਜਾਣਗੇ ਭਾਵ ਵੱਸ ਵਿੱਚ ਹੋਣਗੇ॥” ਭਾਈ ਸਾਹਿਬ ਨੇ ਅਰਥ ਸਪੱਸ਼ਟ ਕਰਦਿਆਂ ਕਿਹਾ॥
“ਇਸ ਸਬੰਧ ਵਿੱਚ ਇੱਕ ਹੋਰ ਵੀ ਜ਼ਰੁਰੀ ਗੱਲ ਹੈ ਕਿ ਜੇ ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਨੂੰ ਰਾਜ ਕਰਨ ਦਾ ਵਰ ਜਾਂ ਭਰੋਸਾ ਦਿੱਤਾ ਹੁੰਦਾ ਤਾਂ ਉਹ ਕਦੋਂ ਪੂਰਾ ਹੋਣਾ ਹੈ? ਗੁਰੂ ਸਾਹਿਬ ਨੁੰ ਜੋਤੀ ਜੋਤ ਸਮਾਇਆਂ ਤਿੰਨ ਸੌ ਸਾਲ ਤੋਂ ਵੀ ਵੱਧ ਹੋ ਗਏ ਹਨ, ਹੋਰ ਕਿੰਨਾ ਕੁ ਸਮਾਂ ਉਡੀਕ ਕਰਨੀਂ ਪਵੇਗੀ॥ ਨਾਲ਼ੇ ਖ਼ਾਲਸਾ ਕਿੰਨੇ ਕੁ ਵੱਡਾ ਰਾਜ ਸਥਾਪਤ ਕਰ ਸਕਦਾ ਹੈ? ਉਂਞ ਵੀ ਹੁਣ ਤਾਂ ਇਹ ਹਾਲ ਹੋ ਰਿਹਾ ਹੈ ਕਿ ਸਾਡੇ ਸਿੱਖ ਵੀਰ ਧੜਾ ਧੜ ਪਤਿਤ ਹੋ ਰਹੇ ਹਨ ਅਤੇ ਖ਼ਾਲਸਾਈ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਜਾ ਰਹੇ ਹਨ॥ ਇਹਨਾਂ ਤੋਂ ਕਿਸ ਖ਼ਾਲਸਾ ਰਾਜ ਦੀ ਉਮੀਦ ਕੀਤੀ ਜਾ ਸਕਦੀ ਹੈ? ਸੋ ਇਸ ਦੋਹਿਰੇ ਨੂੰ ਦਸਮੇਸ਼ ਜੀ ਵੱਲੋਂ ਉਚਾਰਿਆ ਹੋਇਆ ਕਹਿਣ ਨਾਲ਼ ਅਸੀਂ ਮਹਾਨ ਸਤਿਗੁਰੂ ਜੀ ਦੀ ਭਾਰੀ ਬੇਅਦਬੀ ਕਰ ਰਹੇ ਹਾਂ॥” ਭਾਈ ਸਾਹਿਬ ਦੇ ਚਿਹਰੇ ਤੇ ਦੁੱਖ ਦੀ ਰੇਖਾਵਾਂ ਝਲਕ ਰਹੀਆਂ ਸਨ॥
“ਕਿਸੇ ਵੀਰ ਭੈਣ ਦਾ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਮੱਥੇ ਤੇ ਹੱਥ ਫੇਰਦਿਆਂ ਪੁੱਛਿਆ॥
ਖ਼ਾਲਸਾ ਅਤੇ ਦੁਨਿਆਵੀ ਰਾਜ ਦਾ ਪ੍ਰਸਪਰ ਵਿਰੋਧ
“ਭਾਈ ਸਾਹਿਬ ਆਪ ਜੋ ਕਹਿ ਰਹੇ ਹੋ, ਉਹ ਪੂਰੀ ਤਰ੍ਹਾਂ ਸਹੀ ਹੈ, ਪਰ ਕੀ ਖ਼ਾਲਸਾ ਕਦੇ ਰਾਜ ਕਰ ਹੀ ਨਹੀਂ ਸਕਦਾ?” ਭਾਈ ਦਲਬੀਰ ਸਿੰਘ ਕੁਝ ਨਿਰਾਸ ਲਗਦੇ ਸਨ॥
“ਭਾਈ ਸਾਹਿਬ ਖ਼ਾਲਸਾ ਰਾਜ ਕਿਉਂ ਨਹੀਂ ਕਰ ਸਕਦਾ, ਜ਼ਰੂਰ ਕਰ ਸਕਦਾ ਹੈ॥ ਮੁਲਕਾਂ ਦੇ ਪ੍ਰਬੰਧ ਚਲਾਉਣ ਨੂੰ ਕੋਈ ਨਾਂ ਕੋਈ ਆਗੂ ਤਾਂ ਚਾਹੀਦਾ ਹੀ ਹੈ ਜਾਂ ਕਹਿ ਲਵੋ ਕਿ ਰਾਜ ਕਿਸੇ ਨਾਂ ਕਿਸੇ ਨੇ ਤਾਂ ਕਰਨਾ ਹੀ ਹੈ॥ਜੇ ਮੌਕਾ ਮਿਲ਼ੇ ਤਾਂ ਖ਼ਾਲਸਾ ਵੀ ਜ਼ਰੂਰ ਰਾਜ ਕਰ ਸਕਦਾ ਹੈ॥ ਮੈਂ ਤਾਂ ਕੇਵਲ ਇਹ ਕਹਿ ਰਿਹਾ ਹਾਂ ਕਿ ਗੁਰੂ ਸਾਹਿਬ ਵੱਲੋਂ ਖ਼ਾਲਸੇ ਨੂੰ ਕਿਸੇ ਵੀ ਰਾਜ ਦਾ ਭਰੋਸਾ ਨਹੀਂ ਦਿੱਤਾ ਗਿਆ॥ ਜਿਸ ਰਾਜ ਦਾ ਆਧਾਰ ਇਨਸਾਫ਼, ਸੱਚ, ਵਿਤਕਰਾ-ਰਹਿਤ ਅਤੇ ਲੋਕ ਭਲ਼ਾਈ ਤੇ ਹੋਵੇ ਉਹੋ ਹੀ ਖ਼ਾਲਸਾ ਰਾਜ ਹੈ॥ ਅਜਿਹਾ ਰਾਜ ਬਹੁਤ ਦੇਰ ਤੱਕ ਚੱਲ ਸਕਦਾ ਹੈ॥ ਅਜਿਹੇ ਰਾਜਿਆਂ ਦਾ ਸਤਿਗੁਰੂ ਜੀ ਨੇ ਸਨਮਾਨ ਕੀਤਾ ਹੈ॥ ਭਾਵੇਂ ਰਾਇ ਬੁਲਾਰ ਜੀ ਬਹੁਤ ਹੀ ਛੋਟੇ ਰਾਜ ਦੇ ਮਾਲਕ ਸਨ ਪਰ ਇੱਕ ਬਹੁਤ ਉੱਤਮ ਰਾਜਾ ਹੋਣ ਕਰਕੇ, ਗੁਰੂ ਨਾਨਕ ਸਾਹਿਬ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ॥ ਇੱਕ ਸੱਚਾ ਸੁੱਚਾ ਰਾਜਾ ਹੋਣ ਕਰਕੇ ਹੀ, ਗੁਰੂ ਨਾਨਕ ਪਾਤਸ਼ਾਹ ਸ਼ਿਵ ਨਾਭ ਜੀ ਨੁੰ ਦਰਸ਼ਨ ਦੇਣ ਉਚੇਚੇ ਤੌਰ ਤੇ ਲੰਕਾ ਗਏ ਸਨ॥ ਪਰ ਇਹ ਰਾਜ ਉਹਨਾਂ ਨੂੰ ਵਿਰਾਸਤ ਵਿੱਚ ਮਿਲ਼ੇ ਸਨ, ਉਹਨਾਂ ਨੂੰ ਖ਼ਾਲਸਾ ਹੋਣ ਕਰਕੇ ਪ੍ਰਾਪਤ ਨਹੀਂ ਹੋਏ ਸਨ॥
ਆਉ ਹੁਣ ਇਹ ਵੀਚਾਰ ਕਰੀਏ ਕਿ ਖ਼ਾਲਸਾ ਤੇ ਦੁਨਿਆਵੀ ਰਾਜ ਕਿਉਂ ਪ੍ਰਸਪਰ ਵਿਰੋਧੀ ਹਨ॥ ਜਿਵੇਂ ਅਸੀਂ ਪਹਿਲਾਂ ਵੀ ਕਈ ਵਾਰ ਇਹ ਵੀਚਾਰ ਕਰ ਚੁੱਕੇ ਹਾਂ, ਖ਼ਾਲਸਾ ਉਸ ਮਹਾਂਪੁਰਖ ਨੂੰ ਆਖਿਆ ਜਾਂਦਾ ਹੈ ਜਿਸਨੇ ਵਾਹਿਗੁਰੂ ਦਾ ਨਾਮ ਜਪ ਕੇ ਆਪਣੀਆਂ ਸਾਰੀਆਂ ਦੁਨਿਆਵੀ ਖ਼ਾਹਿਸ਼ਾਂ ਤੇ ਕਾਬੂ ਪਾ ਲਿਆ ਹੋਵੇ ਅਤੇ ਜਿਸ ਵਾਸਤੇ ਕਿਸੇ ਵੀ ਸੰਸਾਰਕ ਸੁਖ ਦੀ ਕੋਈ ਮਹਾਨਤਾ ਨਾਂ ਹੋਵੇ॥ ਉਹ ਸਦੀਵ ਅੰਤਰ ਆਤਮੇਂ ਵਾਹਿਗੁਰੂ ਨਾਲ਼ ਹੀ ਜੁੜਿਆ ਰਹਿੰਦਾ ਹੈ, ਅਤੇ ਜਿਵੇਂ ਅਸੀਂ ਹੁਣੇ ਹੀ ਕਬੀਰ ਸਾਹਿਬ ਦਾ ਪਾਵਨ ਸ਼ਬਦ ਸਰਵਣ ਕੀਤਾ ਹੈ, ਉਸ ਲਈ ਵਾਹਿਗੁਰੂ ਦਾ ਮਿਲਾਪ ਹੀ ਸਾਰੇ ਦੁਨਿਆਵੀ ਰਾਜਾਂ ਨਾਲੋਂ ਉੱਤਮ ਹੈ॥ ਦੁਨਿਆਵੀ ਰਾਜ ਦੇ ਸੁਖ ਤਾਂ ਮਨੁੱਖ ਨੂੰ ਫ਼ਿਰ ਮਾਇਆ ਵਿੱਚ ਫ਼ਸਾ ਦਿੰਦੇ ਹਨ, ਸੋ ਜਿਸ ਮਹਾਂਪੁਰਖ਼ ਨੇ ਸਖ਼ਤ ਘਾਲਣਾ ਘਾਲ਼ ਕੇ ਖ਼ਾਲਸੇ ਦੀ ਪਦਵੀ ਗ੍ਰਿਹਣ ਕੀਤੀ ਹੈ, ਉਹ ਦੋਬਾਰਾ ਕਿਉਂ ਮਾਇਆ ਵਿੱਚ ਫ਼ਸੇਗਾ? ਗੁਰੂ ਸਾਹਿਬਾਨ ਨੇ ਬਹੁਤ ਮਹਾਨ ਕੁਰਬਾਨੀਆਂ ਦੇ ਕੇ ਅਤੇ 230 ਸਾਲ ਦੇ ਲੰਮੇ ਸਮੇਂ ਲਈ ਸਖ਼ਤ ਘਾਲਣਾ ਘਾਲ ਕੇ ਖ਼ਾਲਸਾ ਤਿਆਰ ਕੀਤਾ ਸੀ, ਸੋ ਆਪ ਜੀ ਆਪਣੇ ਖ਼ਾਲਸੇ ਨੂੰ ਇੰਨੀ ਉੱਚੀ ਪਦਵੀ ਤੋਂ ਮਾਇਆ ਵਿੱਚ ਧੱਕਾ ਕਿਉਂ ਦੇਣਗੇ?” ਭਾਈ ਸਾਹਿਬ ਨੇ ਸੰਗਤ ਵੱਲ ਸੁਆਲੀਆ ਨਜ਼ਰਾਂ ਸੁੱਟਦਿਆਂ ਆਖਿਆ॥ ਉਹਨਾਂ ਨੇ ਆਪਣੀ ਕਮੀਜ਼ ਦੇ ਕਫ਼ ਵੀ ਮੋੜ ਕੇ ਉਤਾਂਹ ਚੁੱਕੇ॥
“ਕਿਸੇ ਵੀਰ ਜਾਂ ਭੈਣ ਦਾ ਕੋਈ ਹੋਰ ਸੁਆਲ ਹੋਵੇ?” ਭਾਈ ਸਾਹਿਬ ਨੇ ਮਿੱਠੀ ਆਵਾਜ਼ ਵਿੱਚ ਪੁੱਛਿਆ॥
“ਭਾਈ ਸਾਹਿਬ, ਜੇ ਦੁਨਿਆਵੀ ਰਾਜ ਦੀ ਕੋਈ ਮਹਾਨਤਾ ਨਹੀਂ ਤਾਂ ਦਸਮ ਪਿਤਾ ਜੀ ਨੇ ਇਹ ਬਚਨ ਕਿਉਂ ਆਖੇ ਹਨ:
ਰਾਜ ਬਿਨਾਂ ਨਹੀਂ ਧਰਮ ਚਲੈ ਹੈ॥ ਧਰਮ ਬਿਨਾਂ ਸਭ ਦਲੈ ਮਲੈ ਹੈ॥” ਭਾਈ ਸੁਖਵਿੰਦਰ ਸਿੰਘ ਥੋੜ੍ਹੀ ਉਲਝਣ ਵਿੱਚ ਸੀ॥
“ਮੇਰੇ ਛੋਟੇ ਵੀਰ ਜੀ, ਇਹ ਦੋਹਿਰਾ ਵੀ ਦਸਮ ਪਿਤਾ ਜੀ ਦਾ ਉਚਾਰਿਆ ਹੋਇਆ ਨਹੀਂ ਹੈ॥ ਇਹ ਵੀ ਆਪ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਿੱਛੋਂ ਹੀ ਲਿਖਿਆ ਗਿਆ ਹੈ॥ ਪਰ ਜੇ ਹੋਵੇ ਵੀ, ਤਾਂ ਵੀ ਇਸ ਦਾ ਭਾਵ ਉਹ ਨਹੀਂ ਜਿਹੜਾ ਲੋਕ ਆਮ ਸਮਝਦੇ ਹਨ ਕਿ ਰਾਜ ਤੋਂ ਬਿਨਾਂ ਧਰਮ ਚੱਲ ਨਹੀਂ ਸਕਦਾ॥ ਗੁਰੂ ਨਾਨਕ ਪਾਤਸ਼ਾਹ ਜੀ ਕੋਲ਼ ਕਿਹੜਾ ਰਾਜ ਸੀ ਜਿਸ ਕਾਰਨ ਆਪ ਜੀ ਨੇ ਇੰਨਾ ਉੱਚਾ ਅਤੇ ਸੁੱਚਾ ਧਰਮ ਚਲਾਇਆ? ਕੋਈ ਰਾਜਾ ਜੇ ਪਰਜਾ ਤੇ ਜ਼ੁਲਮ ਕਰ ਕੇ ਕਹਿਣ ਨੂੰ ਕਿਸੇ ਧਰਮ ਦਾ ਫ਼ੈਲਾਅ ਕਰ ਵੀ ਦੇਵੇ ਤਾਂ ਉਹ ਕਿਸ ਕਿਸਮ ਦਾ ਧਰਮ ਹੋਵੇਗਾ ਜਿਸ ਦੀ ਨੀਂਹ ਹੀ ਜ਼ੁਲਮ ਅਤੇ ਬੇਇਨਸਾਫ਼ੀ ਤੇ ਰੱਖੀ ਗਈ ਹੋਵੇ॥ ਇਸੇ ਜ਼ੁਲਮ ਨੂੰ ਰੋਕਣ ਲਈ ਹੀ ਤਾਂ ਸਤਿਗੁਰ ਤੇਗ਼ ਬਹਾਦੁਰ ਸਾਹਿਬ ਨੇ ਇੰਨੀ ਮਹਾਨ ਕੁਰਬਾਨੀ ਦਿੱਤੀ ਸੀ॥ ਇਸ ਦੋਹਿਰੇ ਦਾ ਅਸਲ ਭਾਵ ਸਮਝਣ ਲਈ, ਰਾਜ ਅਤੇ ਬਿਨਾਂ ਦੇ ਵਿਚਕਾਰ ਕੌਮਾ “,” ਲਾਉ ਅਤੇ ਫ਼ਿਰ ਪੜ੍ਹੋ॥ ਅਰਥ ਸਪੱਸ਼ਟ ਹੋ ਜਾਵੇਗਾ ਕਿ ਜਿਹੜੇ ਰਾਜ ਵਿੱਚ ਧਰਮ (ਭਾਵ ਇਨਸਾਫ਼, ਨਿਰਪੱਖਤਾ ਅਤੇ ਪਰਜਾ ਦੇ ਕਸ਼ਟ ਨਵਿਰਤੀ ਲਈ ਪ੍ਰਬੰਧ) ਨਹੀਂ ਉਸ ਰਾਜ ਵਿੱਚ ਹਨੇਰਗ਼ਰਦੀ ਹੈ ਅਤੇ ਉਹ ਬਹੁਤੀ ਦੇਰ ਨਹੀਂ ਚੱਲ ਸਕਦਾ॥ ਇਸੇ ਕਰਕੇ ਹੀ ਮੁਗਲ ਰਾਜ ਦਾ ਅੰਤ ਹੋਇਆ ਅਤੇ ਅੰਗਰੇਜ਼ ਰਾਜ ਵੀ ਬਹੁਤੀ ਦੇਰ ਨਹੀਂ ਚੱਲ ਸਕਿਆ॥ ਇੰਗਲੈਂਡ ਵਿੱਚ ਵੀ ਲੋਕਾਂ ਨੇ ਉਥੋਂ ਦੇ ਅਨਭਾਉਂਦੇ ਰਾਜੇ ਚਾਰਲਜ਼ ਪਹਿਲੇ ਅਤੇ ਫਰਾਂਸ ਵਿੱਚ ਰਾਜੇ ਲੂਈ ਸੋਲ੍ਹਵੇਂ ਨੂੰ ਕਤਲ ਕਰ ਦਿੱਤਾ ਸੀ॥ ਮੇਰਾ ਸੁਝਾਅ ਹੈ ਕਿ ਅਸੀਂ ਗੁਰਦੁਆਰਾ ਸਾਹਿਬਾਨ ਵਿੱਚ ਇਸ ਦੋਹਿਰੇ ਨੂੰ ਪੜ੍ਹਨਾ ਬੰਦ ਕਰ ਦਈਏ ਤਾਂ ਜੁ ਅਸੀਂ ਇੱਕ ਮਜ਼ਾਕ ਬਣ ਕੇ ਹੀ ਨਾਂ ਰਹਿ ਜਾਈਏ॥ਮੈਂ ਕਦੇ ਵੀ ਗੁਰਬਾਣੀ ਨੂੰ ਰਾਜਨੀਤੀ ਨਾਲ਼ ਨਹੀਂ ਜੋੜਿਆ, ਪਰ ਇਹ ਦੋਹਿਰਾ ਪੜ੍ਹ ਕੇ ਅਸੀਂ ਬਿਨਾਂ ਕਿਸੇ ਅਧਿਆਤਮਿਕ ਲਾਭ ਦੇ ਕੁਝ ਲੋਕਾਂ ਦੀ ਨਾਰਾਜ਼ਗੀ ਵੀ ਮੁੱਲ ਲੈਂਦੇ ਹਾਂ ਜਿਸ ਨੂੰ ਅਸੀਂ ਬੰਦ ਕਰ ਸਕਦੇ ਹਾਂ॥” ਭਾਈ ਸਾਹਿਬ ਨੇ ਸੁਹਣਾ ਦਾੜ੍ਹਾ ਸੁਆਰਦਿਆਂ ਆਪਣਾ ਵਿਖਿਆਨ ਮੁਕਾਇਆ॥
“ਕਿਸੇ ਵੀਰ ਜਾਂ ਭੈਣ ਦਾ ਕੋਈ ਅਜੇ ਵੀ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਪਾਣੀ ਦਾ ਘੁੱਟ ਭਰਿਆ॥
“ਨਹੀਂ ਜੀ॥ ਆਪ ਨੇ ਗੁਰੂ ਗਰੰਥ ਸਾਹਿਬ ਵਿੱਚੋਂ ਸ਼ਬਦਾਂ ਦਾ ਹਵਾਲਾ ਦੇ ਕੇ ਬਹੁਤ ਹੀ ਪ੍ਰਭਾਵਸ਼ਾਲੀ ਵਿਧੀ ਨਾਲ਼ ਇਸ ਸਲੋਕ ਦੇ ਅਸਲੀ ਅਰਥ ਸਮਝਾਏ ਹਨ॥ ਅਸੀਂ ਤਾਂ ਹੁਣ ਤੱਕ ਹੋਰ ਹੀ ਅਰਥ ਕੱਢ ਰਹੇ ਸੀ॥ ਸਾਡੇ ਭੁਲੇਖੇ ਦੂਰ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ॥” ਸੰਗਤ ਵਿੱਚੋਂ ਕੁਝ ਅਜਿਹੀਆਂ ਬਹੁਤ ਸਾਰੀਆਂ ਆਵਾਜ਼ਾਂ ਆਈਆਂ॥
ਭਾਈ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮਾਈਕ ਤੋਂ ਪਿੱਛੇ ਹਟ ਗਏ॥
ਭਾਈ ਕਸ਼ਮੀਰ ਸਿੰਘ ਨੇ ਸਾਰੀ ਸੰਗਤ ਦਾ ਉਥੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਇੱਕ ਗਿਆਨ-ਭਰਪੂਰ ਵਿਖਿਆਨ ਲਈ ਭਾਈ ਦਲੀਪ ਸਿੰਘ ਦਾ ਉੇਚੇਚੇ ਤੌਰ ਤੇ ਡੂੰਘਾ ਧੰਨਵਾਦ ਕੀਤਾ॥
“ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਬੁਲੰਦ ਨਾਅਰਿਆਂ ਨਾਲ਼ ਆਸਮਾਨ ਗੂੰਜ ਉੱਠਿਆ ਅਤੇ ਸਮਾਗਮ ਦੀ ਸਮਾਪਤੀ ਕੀਤੀ ਗਈ॥ ਰੋਜ਼ ਵਾਂਙ ਗੁਰੂ ਕਾ ਲੰਗਰ ਤਿਆਰ ਸੀ ਜੋ ਸਾਰੀ ਸੰਗਤ ਨੇ ਪਿਆਰ ਅਤੇ ਸ਼ਰਧਾ ਨਾਲ਼ ਛਕਿਆ॥