gototopgototop
  1. Skip to Menu
  2. Skip to Content
  3. Skip to Footer>

PDFPrintE-mail

GURU HAR KRISHAN SAHIB: IKK MAHAN SHAHEED

ਗੁਰੂ ਹਰ ਕ੍ਰਿਸ਼ਨ ਸਾਹਿਬ: ਇੱਕ ਮਹਾਨ ਸ਼ਹੀਦ

ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਇੱਕ ਪ੍ਰਚਾਰਕ ਅਤੇ ਵਿਦਵਾਨ ਭਾਈ ਦਲੀਪ ਸਿੰਘ ਪਿੰਡ ਪਿੰਡ ਜਾ ਕੇ ਧਾਰਮਿਕ ਵਿਸ਼ਿਆਂ ਤੇ ਗਿਆਨ ਵੰਡਦੇ ਹਨ॥ ਅੱਜ ਕੱਲ੍ਹ ਉਹ ਇਸ ਪਿੰਡ ਭਾਈ ਕਸ਼ਮੀਰ ਸਿੰਘ ਦੇ ਡੇਰੇ ਤੇ ਆਏ ਹੋਏ ਹਨ॥ ਆਉ ਉਹਨਾਂ ਦੇ ਬਚਨ ਸੁਣੀਏ॥ ਇਸ ਲੇਖ ਦੇ ਸਾਰੇ ਪਾਤਰ ਕਲਪਿਤ ਹਨ॥

ਪਿਛਲੇ ਕੁਝ ਦਿਨਾਂ ਵਾਂਙ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫ਼ਾਰਮ ਹਾਊਸ) ਤੇ ਅੱਜ ਵੀ ਬਹੁਤ ਰੌਣਕ ਹੈ॥ਆਸਮਾਨ ਤੇ ਟਾਵੇਂ ਟਾਵੇਂ ਬੱਦਲ ਹਨ ਅਤੇ ਮੱਠੀ ਮੱਠੀ ਪੌਣ ਵੀ ਰੁਮਕ ਰਹੀ ਹੈ॥ ਰੋਜ਼ ਵਾਂਙ, ਅੱਜ ਵੀ ਸ਼ਰਧਾਲੂ ਭਾਈ ਦਲੀਪ ਸਿੰਘ ਦੀ ਉਡੀਕ ਵਿੱਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਆਪਸੀ ਗੱਲ ਬਾਤ ਕਰ ਰਹੇ ਹਨ॥ ਕਿਸਾਨ ਹੋਣ ਕਰਕੇ ਲੱਗ ਭਗ ਸਾਰੇ ਹੀ ਸ਼ਰਧਾਲੂ ਖੇਤੀ ਬਾੜੀ ਬਾਰੇ ਹੀ ਗੱਲ ਬਾਤ ਕਰ ਰਹੇ ਹਨ॥ ਝੋਨੇ ਦੀ ਫ਼ਸਲ ਪੱਕਣ ਤੇ ਆਈ ਹੋਈ ਹੈ ਇਸ ਕਰਕੇ ਆਸਮਾਨ ਵਿੱਚ ਬੱਦਲ ਵੇਖ ਕੇ ਉਹਨਾਂ ਦੇ ਮਨਾਂ ਵਿੱਚ ਕੁਝ ਡਰ ਵੀ ਹੈ ਕਿ ਕਿਤੇ ਮੀਂਹ ਹੁਣ ਉਹਨਾਂ ਦੀਆਂ ਫ਼ਸਲਾਂ ਤੇ ਕਹਿਰ ਬਣ ਕੇ ਨਾਂ ਡਿਗ ਪਵੇ॥ ਇੰਜ ਗੱਲ ਬਾਤ ਕਰਦਿਆਂ, ਟਹਿਲ ਸਿੰਘ ਕਹਿਣ ਲੱਗਾ, “ਯਾ ਬਾਬਾ ਭੂਰੀ ਵਾਲਿਆ ਹੁਣ ਤਾਂ ਤੇਰਾ ਈ ਆਸਰੈ॥ ਹੁਣ ਤਾਂ ਤੂੰ ਹੀ ਸਾਡੀ ਗਰੀਬਾਂ ਦੀ ਰੱਖਿਆ ਕਰ ਸਕਨੈਂ॥ ਜੇ ਸਾਡੀਆਂ ਫ਼ਸਲਾਂ ਸਹੀ ਸਲਾਮਤ ਘਰ ਆ ਜਾਣ ਤਾਂ, ਮੈਂ ਤੇਰੀ ਸਮਾਧ ਤੇ ਲੰਗਰ ਕਰਾਊਂ॥” ਟਹਿਲ ਸਿੰਘ ਨੇ ਹੱਥ ਜੋੜਦਿਆਂ ਬੇਨਤੀ ਕੀਤੀ॥

 

ਟਹਿਲ ਸਿੰਘ ਦੇ ਮੂੰਹੋਂ ਇਹ ਸੁਣ ਕੇ ਸਾਰੇ ਉਸ ਵੱਲ ਕੌੜੀ ਜਿਹੀ ਨਜ਼ਰ ਨਾਲ ਵੇਖਣ ਲਗ ਪਏ॥
“ਭਾਊ ਟਹਿਲ ਸਿੰਹਾਂ, ਤੂੰ ਹੈ ਤਾਂ ਮੈਥੋਂ ਵੱਡੈਂ, ਪਰ ਇੱਕ ਗੱਲ ਪੁੱਛਾਂ?” ਭਾਈ ਪੂਰਨ ਸਿੰਘ ਕੋਲੋਂ ਰਿਹਾ ਨਾਂ ਗਿਆ॥
“ਜਰੂਰ ਪੁੱਛ, ਮੈਂ ਕਿਹੜੇ ਕਿਸੇ ਦੇ ਮਾਂਹ ਮਾਰੇ ਨੇ॥” ਟਹਿਲ ਸਿੰਘ ਕੁਝ ਡਰ ਜਿਹਾ ਗਿਆ॥
“ਤੈਨੂੰ ਭਾਈ ਦਲੀਪ ਸਿੰਘ ਦੇ ਪਰਵਚਨ ਸੁਣਦਿਆਂ ਕਿੰਨੇ ਕੁ ਦਿਨ ਹੋਏ ਨੇ?”
“ਲੈ, ਮੈਂ ਰੋਜ ਈ ਆਉਨਾਂ॥ ਪਰ ਤੂੰ ਇਹ ਕਿਉਂ ਪੁੱਛਿਐ?” ਟਹਿਲ ਸਿੰਘ ਨੂੰ ਕੁਝ ਘਬਰਾਹਟ ਜਿਹੀ ਹੋ ਰਹੀ ਸੀ॥
“ਜੇ ਰੋਜ਼ ਆਉਨੈਂ, ਤਾਂ ਫ਼ਿਰ ਸਿੱਖਿਆ ਕੀ ਜੇ ਅਜੇ ਵੀ ਮੜ੍ਹੀਆਂ ਮਸਾਣਾਂ ਨੂੰ ਪੂਜਦਾ ਫ਼ਿਰਦੈਂ?॥ ਭਾਈ ਦਲੀਪ ਸਿੰਘ ਤਾਂ ਰੋਜ਼ ਦੁਹਾਈ ਦਿੰਦੇ ਨੇ ਕਿ ਭਾਈ ਜੋ ਮੰਗਣਾਂ ਵਾਹਿਗੁਰੂ ਪਾਸੋਂ ਮੰਗੋ ਤੇ ਡੇਰੇ ਵਾਲੇ ਸਾਧਾਂ ਅਤੇ ਸਮਾਧਾਂ ਮਗਰ ਨਾਂ ਜਾਉ॥ ਤੇ ਤੂੰ ਅਜੇ ਵੀ ਜਾਗਦੀ ਜੋਤ ਗੁਰੂ ਗਰੰਥ ਸਾਹਿਬ ਨੂੰ ਛੱਡ ਕੇ ਮੜ੍ਹੀਆਂ ਪਿੱਛੇ ਲੱਗਾ ਫ਼ਿਰਦੈਂ॥ਤੂੰ ਇਥੇ ਆ ਕੇ ਕੀ ਸਿੱਖਿਐ?” ਭਾਈ ਪੂਰਨ ਸਿੰਘ ਨੂੰ ਟਹਿਲ ਸਿੰਘ ਦੇ ਅੰਧ ਵਿਸ਼ਵਾਸ ਤੇ ਗੁੱਸਾ ਆ ਰਿਹਾ ਸੀ॥
“ਇਹ ਵਿਸ਼ਵਾਸ਼ ਹੌਲ਼ੀ ਹੌਲ਼ੀ ਈ ਛੁੱਟਣ ਗੇ, ਭਾਊ ਪੂਰਨ ਸਿੰਹਾਂ॥ ਇਦਾਂ ਈ ਰੋਜ ਸਮਝਾਉਂਦੇ ਰਿਹੋ ਤਾਂ ਬੇੜੀ ਪਾਰ ਲਗ ਜਾਊ॥ ਟਹਿਲ ਸਿੰਘ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ॥
ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਚਿਹਰੇ ਤੇ ਵੱਡੀ ਸਾਰੀ ਮੁਸਕਾਨ ਖਿੰਡਾਉਂਦੇ ਹੋਏ ਭਾਈ ਦਲੀਪ ਸਿੰਘ ਪੰਡਾਲ ਵਿੱਚ ਪਹੁੰਚ ਗਏ॥ ਸਾਰੀ ਸੰਗਤ ਤੁਰੰਤ ਪੰਡਾਲ ਵੱਲ ਹੋ ਤੁਰੀ ਅਤੇ ਦਰੀਆਂ ਤੇ ਜਾ ਬਿਰਾਜਮਾਨ ਹੋਈ॥
“ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫਤਿਹ॥”  ਭਾਈ ਦਲੀਪ ਸਿੰਘ ਨੇ ਵੱਡੀ ਸਾਰੀ ਮੁਸਕਾਨ ਨਾਲ਼ ਸੰਗਤ ਦਾ ਸੁਆਗਤ ਕੀਤਾ॥
ਸੰਗਤ ਨੇ ਵੀ ਪੂਰੇ ਜੋਸ਼ ਨਾਲ਼ ਫਤਿਹ ਗਜਾ ਕੇ ਭਾਈ ਸਾਹਿਬ ਦਾ ਸੁਆਗਤ ਕੀਤਾ॥
“ਅੱਜ ਸੰਗਤ ਦੀ ਇੱਛਾ ਕਿਸ ਵਿਸ਼ੇ ਤੇ ਵੀਚਾਰ ਕਰਨ ਦੀ ਹੈ?” ਭਾਈ ਸਾਹਿਬ ਨੇ ਪੁੱਛਿਆ॥
“ਭਾਈ ਸਾਹਿਬ, ਮੇਰੇ ਸੁਆਲ ਦਾ ਪਹਿਲਾ ਹਿੱਸਾ ਇਹ ਹੈ ਕਿ ਸ਼ਹੀਦ ਕਿਸ ਨੂੰ ਕਹਿੰਦੇ ਹਨ? ਅਤੇ ਦੂਸਰਾ ਸੁਆਲ ਇਹ ਹੈ ਕਿ ਕੀ ਗੁਰੂ ਹਰ ਕ੍ਰਿਸ਼ਨ ਸਾਹਿਬ ਜਿਹਨਾਂ ਨੇ ਲੋਕਾਂ ਦੀ ਸੇਵਾ ਕਰਦਿਆਂ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਜਾਨ ਦੀ ਆਹੂਤੀ ਦੇ ਦਿੱਤੀ, ਕੀ ਉਹ ਸ਼ਹੀਦ ਨਹੀਂ ਸਨ?” ਨੌਜੁਆਨ ਮਹਿਤਾਬ ਸਿੰਘ ਨੇ ਇੱਕ ਬਿਲਕੁਲ ਨਵਾਂ ਵਿਸ਼ਾ ਛੋਹ ਲਿਆ॥
“ਕਾਕਾ ਜੀ ਤੁਸਾਂ ਤਾਂ ਇਹ ਸੁਆਲ ਪੁੱਛ ਕੇ ਕਮਾਲ ਹੀ ਕਰ ਦਿੱਤੀ ਐ॥ ਤੁਸਾਂ ਤਾਂ ਮੇਰੀਆਂ ਅੱਖਾਂ ਈ ਖੋਹਲ ਦਿੱਤੀਆਂ ਨੇ॥ ਮੇਰਾ ਧਿਆਨ ਤਾਂ ਕਦੇ ਇਸ ਪਾਸੇ ਗਿਆ ਹੀ ਨਹੀਂ ਸੀ॥ ਤੁਹਾਡਾ ਬਹੁਤ ਬਹੁਤ ਧੰਨਵਾਦ॥ ਪਰ ਇਸ ਤੋਂ ਪਹਿਲਾਂ ਕਿ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਵੀਚਾਰ ਕਰੀਏ, ਆਉ ਪਹਿਲਾਂ ਗੁਰੂ ਸਾਹਿਬ ਦੇ ਛੋਟੇ ਜਿਹੇ ਪਰ ਮਹਾਨ ਜੀਵਨ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ॥” ਭਾਈ ਸਾਹਿਬ ਨੇ ਛੋਟੇ ਜਿਹੇ ਖੰਘੂਰੇ ਨਾਲ਼ ਗਲ਼ ਸਾਫ਼ ਕੀਤਾ॥

ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਬਚਪਨ

“ਗੁਰੂ ਸਾਹਿਬ ਦਾ ਜਨਮ 7 ਜੁਲਾਈ 1656 ਨੂੰ ਗੁਰੂ ਹਰਿ ਰਾਇ ਸਾਹਿਬ ਅਤੇ ਮਾਤਾ ਕਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਕੀਰਤ ਪੁਰ ਵਿੱਚ ਹੋਇਆ ਜਿਥੇ ਕਿ ਗੁਰੂ ਹਰ ਗੋਬਿੰਦ ਸਾਹਿਬ ਨੇ ਆਪਣੇ ਪਿਛਲੇ ਦਿਨ ਬਿਤਾਏ ਸਨ॥ ਆਪ ਬਚਪਨ ਤੋਂ ਹੀ ਇੱਕ ਅਲੌਕਿਕ ਬਾਲਕ ਸਨ ਅਤੇ ਸ਼ੁਰੂ ਤੋਂ ਹੀ ਆਪ ਜੀ ਦਾ ਪਾਵਨ ਗੁਰਬਾਣੀ ਪ੍ਰਤੀ ਬਹੁਤ ਪਿਆਰ ਤੇ ਸਤਿਕਾਰ ਸੀ॥ ਆਪ ਬਹੁਤ ਲੰਮੇ ਸਮੇਂ ਤੱਕ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਅਤੇ ਜਦ ਉਹ ਪਾਠ ਕਰ ਰਹੇ ਹੁੰਦੇ ਤਾਂ ਉਹਨਾਂ ਦੇ ਚੌਗਿਰਦੇ ਦਾ ਵਾਤਾਵਰਣ ਬਹੁਤ ਸ਼ਾਂਤਮਈ ਅਤੇ ਆਨੰਦਮਈ ਹੁੰਦਾ॥ਗੁਰੂ ਹਰਿ ਰਾਇ ਸਾਹਿਬ ਨੂੰ ਹਰਿ ਕ੍ਰਿਸ਼ਨ ਜੀ ਦੇ ੳੁੱਚੀ ਆਤਮਿਕ ਅਵਸਥਾ ਦਾ ਪੂਰਾ ਗਿਆਨ ਸੀ॥
ਭਾਈ ਨੰਦ ਲਾਲ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਅਤੇ ਉੱਚ ਕੋਟੀ ਦੇ ਵਿਦਵਾਨ ਸਨ, ਆਪਣੀ ਪੁਸਤਕ ਤੌਸੀਫ਼ੇ ਸਾਨਾ ਵਿੱਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸਿਫ਼ਤ ਫ਼ਾਰਸੀ ਵਿੱਚ ਲਿਖਦੇ ਹਨ ਜਿਸ ਦਾ ਪੰਜਾਬੀ ਤਰਜਮਾਂ ਅੰਮ੍ਰਿਤ ਕੀਰਤਨ ਵਿੱਚ ਇਉਂ  ਲਿਖਿਆ ਹੈ:
ਗੁਰੂ ਹਰਿ ਕ੍ਰਿਸ਼ਨ ਸਾਰੀ ਬਜ਼ੁਰਗੀ (ਵਡਿਆਈ) ਅਤੇ ਮਿਹਰੰਮਤ ਦਾ ਭੰਡਾਰਾ ਹੈ ਅਤੇ ਅਕਾਲਪੁਰਖ ਨੇ ਉਸਨੂੰ ਸਾਰਿਆਂ ਆਪਣੇ ਖ਼ਾਸ ਪਿਆਰਿਆਂ ਵਿੱਚੋਂ ਵਧ ਸਲਾਹਿਆ ਹੈ॥
ਉਸ ਵਿੱਚ ਤੇ ਰਬ ਵਿੱਚ ਕੇਵਲ ਵਰਕ ਦਾ ਫ਼ਰਕ ਹੈ॥ ਉਸ ਦਾ ਸਾਰਾ ਵਜੂਦ ਹੀ ਇਲਾਹੀ ਬਖ਼ਸ਼ਸ਼ਾਂ ਤੇ ਮਿਹਰੰਮਤਾਂ ਤੋਂ ਹੈ॥
ਉਸ ਦੇ ਸੱਚ ਪਾਲਣ ਵਾਲੀਆਂ ਬਖ਼ਸ਼ਸ਼ਾਂ ਦੇ ਸਭ ਲੋਕ ਮੰਗਤੇ ਹਨ॥ਧਰਤੀ ਤੇ ਆਕਾਸ਼ ਉਸ ਦੇ ਤਾਬਿਆਦਾਰ ਹਨ॥
ਉਸ ਦੀ ਮਿਹਰ ਨਾਲ ਲੋਕ ਪਰਲੋਕ ਤਰ ਗਏ ਹਨ॥ ਉਸਦੀ ਬਖ਼ਸ਼ਸ਼ ਨਾਲ਼ ਹਰ ਕਿਣਕਾ ਸੂਰਜ ਵਾਂਗ ਚਮਕ ਉਠਿਆ ਹੈ॥
ਸਾਰੇ ਰਬ ਦੇ ਪਿਆਰੇ ਵੀ ਉਸ ਦੇ ਹੱਥਾਂ ਵਲ (ਭਾਵ ਬਖ਼ਸ਼ਸ਼ ਵਲ) ਵੇਖ ਰਹੇ ਹਨ॥ ਸਭ ਪਤਾਲ ਤੇ ਆਕਾਸ਼ ਉਸ ਦੇ ਹੁਕਮ ਵਿੱਚ ਹਨ॥
ਅਜਿਹੀ ਸੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸਖ਼ਸ਼ੀਅਤ! ਸਾਰੀ ਸੰਗਤ ਉਹਨਾਂ ਦਾ ਬਹੁਤ ਆਦਰ ਸਤਿਕਾਰ ਕਰਦੀ ਸੀ॥

ਬਾਬਾ ਰਾਮ ਰਾਇ ਦੀ ਔਰੰਗਜ਼ੇਬ ਨਾਲ ਮਿਲਣੀ

1661ਦੇ ਸ਼ੁਰੂ ਵਿੱਚ ਹੀ ਭਾਰਤ ਦੇ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਆਪ ਬਾਦਸ਼ਾਹ ਨੂੰ ਦਿੱਲੀ ਜਾ ਕੇ ਮਿਲਣ॥ ਗੁਰੂ ਸਾਹਿਬ ਆਪ ਤਾਂ ਨਾਂ ਗਏ ਪਰ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਨੂੰ ਦਿੱਲੀ ਜਾਣ ਲਈ ਆਗਿਆ ਕੀਤੀ॥ ਬਾਬਾ ਰਾਮ ਰਾਇ ਉਸ ਵੇਲ਼ੇ ਕੇਵਲ ਯਾਰਾਂ ਸਾਲ ਦੇ ਸਨ, ਪਰ ਉਹ ਦਿੱਲੀ ਜਾਣ ਲਈ ਖ਼ੁਸ਼ੀ ਨਾਲ ਤਿਆਰ ਹੋ ਪਏ ਕਿਉਂਕਿ ਉਹਨਾਂ ਨੂੰ ਬਾਦਸ਼ਾਹ ਨਾਲ਼ ਗੱਲ ਬਾਤ ਕਰਨ ਦਾ ਮੌਕਾ ਮਿਲਣਾ ਸੀ॥ ਬਾਬਾ ਜੀ ਨੇ ਇਹ ਵੀ ਸੁਣ ਰੱਖਿਆ ਸੀ ਕਿ ਔਰੰਗਜ਼ੇਬ ਨੂੰ ਕਰਾਮਾਤਾਂ ਵੇਖਣ ਦਾ ਬਹੁਤ ਸ਼ੌਕ ਸੀ ਅਤੇ ਬਾਬਾ ਜੀ ਵੱਡੇ ਕਰਾਮਾਤੀ ਸਨ ਜਿਸ ਦਾ ਗੁਰੂ ਸਾਹਿਬ ਨੂੰ ਵੀ ਪੂਰਾ ਗਿਆਨ ਸੀ॥ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸਤਿਗੁਰਾਂ ਬਾਬਾ ਰਾਮ ਰਾਇ ਨੂੰ ਦੋ ਗੱਲਾਂ ਤੋਂ ਪੂਰੀ ਤਰ੍ਹਾਂ ਸਾਵਧਾਨ ਕੀਤਾ॥
1. ਬਾਦਸ਼ਾਹ ਦੀ ਅਮੀਰੀ ਅਤੇ ਤਾਕਤ ਵੇਖ ਕੇ ਉਸ ਦੇ ਪ੍ਰਭਾਵ ਹੇਠ ਨਹੀਂ ਆਉਣਾ ਅਤੇ ਉਸ ਦੇ ਕਹਿਣ ਤੇ ਵੀ ਕੋਈ ਕਰਾਮਾਤ ਨਾਂ ਵਿਖਾਉਣਾ ਕਿਉਂਕਿ ਕਰਾਮਾਤਾਂ ਦਾ ਪ੍ਰਦਰਸ਼ਨ ਕੇਵਲ ਮਾਇਆ ਲਈ ਖਿੱਚ ਹੀ ਪੈਦਾ ਕਰਦਾ ਹੈ ਜਿਸ ਕਰਕੇ ਗੁਰੂ ਘਰ ਵਿੱਚ ਇਹਨਾਂ ਦੀ ਵਰਤੋਂ ਸਖ਼ਤ ਵਿਵਰਜਤ ਹੈ॥
2. ਗੁਰਬਾਣੀ ਦਾ ਪੂਰਾ ਸਤਿਕਾਰ ਰੱਖਣਾ ਅਤੇ ਕਿਸੇ ਵੀ ਤਰ੍ਹਾਂ ਇਸ ਨੂੰ ਵਿਗਾੜ ਕੇ ਬੇਅਦਬੀ ਨਹੀਂ ਕਰਨੀਂ॥
ਗੁਰੂ ਪਿਤਾ ਜੀ ਨੂੰ ਇਹਨਾਂ ਦੋਵਾਂ ਹੁਕਮਾਂ ਨੂੰ ਮੰਨਣ ਦਾ ਬਚਨ ਦੇ ਕੇ ਬਾਬਾ ਰਾਮ ਰਾਇ ਦਿੱਲੀ ਨੂੰ ਰਵਾਨਾ ਹੋ ਪਏ॥ ਗੁਰੂ ਜੀ ਨੇ ਕੁਝ ਸਿੱਖ ਨਾਲ਼ ਭੇਜੇ॥” ਭਾਈ ਸਾਹਿਬ ਨੇ ਪਾਣੀ ਦੇ ਇੱਕ ਦੋ ਘੁੱਟ ਭਰੇ ਅਤੇ ਸੰਗਤ ਵੱਲ ਇੱਕ ਪਿਆਰ ਭਰੀ ਝਾਤ ਪਾਈ॥
“ਦਿੱਲੀ ਪਹੁੰਚਣ ਤੇ ਬਾਦਸ਼ਾਹ ਨੇ ਬਾਬਾ ਜੀ ਦਾ ਯਥਾਯੋਗ ਸਤਿਕਾਰ ਕੀਤਾ ਅਤੇ ਉਹਨਾਂ ਦੇ ਠਹਿਰਨ ਦਾ ਵਧੀਆ ਪ੍ਰਬੰਧ ਕੀਤਾ॥ਜਿਵੇਂ ਆਸ ਹੀ ਸੀ ਔਰੰਗਜ਼ੇਬ ਨੇ ਬਾਬਾ ਜੀ ਨੂੰ ਕੋਈ ਕਰਾਮਾਤ ਵਿਖਾਉਣ ਲਈ ਆਖਿਆ॥ ਸਾਡੇ ਇਤਿਹਾਸਕਾਰ ਲਿਖਦੇ ਹਨ ਕਿ ਬਾਬਾ ਜੀ ਨੇ ਕਰਾਮਾਤਾਂ ਦਾ ਮੀਂਹ ਹੀ ਵਰ੍ਹਾ ਦਿੱਤਾ ਜਿਹਨਾਂ ਨੂੰ ਵੇਖ ਕੇ ਔਰੰਗਜ਼ੇਬ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਬਾਬਾ ਜੀ ਦਾ ਬਹੁਤ ਸਤਿਕਾਰ ਕੀਤਾ॥ ਬਾਬਾ ਜੀ ਦਾ ਸਮਾਂ ਬਹੁਤ ਖ਼ੁਸ਼ੀ ਖ਼ੁਸ਼ੀ ਲੰਘਣ ਲੱਗਾ॥ ਬਾਬਾ ਜੀ ਦੇ ਰੂਹਾਨੀ ਗਿਆਨ ਨਾਲ਼ ਵੀ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ॥
ਜਿਵੇਂ ਆਪ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮੁਸਲਮਾਨ ਵੀਰ ਆਪਣੇ ਮੁਰਦਿਆਂ ਨੂੰ ਦਫ਼ਨਾਉਂਦੇ ਹਨ ਸਾੜਦੇ ਨਹੀਂ॥ ਉਹਨਾਂ ਦਾ ਵਿਸ਼ਵਾਸ ਹੈ ਕਿ ਮੁਰਦੇ ਨੂੰ ਸਾੜਨ ਨਾਲ਼ ਉਸਦੀ ਰੂਹ ਨਰਕਾਂ ਦੀ ਅੱਗ ਵਿੱਚ ਸੜਦੀ ਹੈ ਅਤੇ ਨਾਲ਼ ਹੀ ਜਦ ਕਿਆਮਤ ਵਾਲ਼ੇ ਦਿਨ ਅੱਲ੍ਹਾ ਦਾ ਇਨਸਾਫ਼ ਹੋਣਾ ਹੈ ਤਾਂ ਸਾੜ ਦਿੱਤੇ ਜਾਣ ਕਾਰਨ ਉਹ ਮੁਰਦੇ ਆਪਣੀਆਂ ਕਬਰਾਂ ਵਿੱਚੋਂ ਉੱਠ ਨਹੀਂ ਸਕਣਗੇ॥ ਇਸ ਵਿਸ਼ਵਾਸ ਨੂੰ ਨਿਕਾਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਆਸਾ ਦੀ ਵਾਰ ਵਿੱਚ ਇਹ ਸਲੋਕ ਲਿਖਦੇ ਹਨ:
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ॥ ਘੜਿ ਭਾਡੇ ਇਟਾ ਕੀਆ ਜਲਦੀ ਕਰੇ ਪੁਕਾਰ॥ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰ॥
ਜਿਸਦਾ ਭਾਵ ਹੈ ਕਿ ਸਮੇਂ ਨਾਲ਼ ਦਫ਼ਨਾਏ ਹੋਏ ਮੁਰਦੇ ਦੀਆਂ ਹੱਡੀਆਂ ਵੀ ਗਲ਼ ਕੇ ਮਿੱਟੀ ਹੀ ਹੋ ਜਾਂਦੀਆਂ ਹਨ॥ ਇਹ ਮਿੱਟੀ ਭਾਂਡਿਆਂ ਅਤੇ ਇੱਟਾਂ ਵਾਸਤੇ ਬਹੁਤ ਵਧੀਆ ਹੁੰਦੀ ਹੈ ਅਤੇ ਘੁਮਿਆਰ ਇਸਦੇ ਭਾਂਡੇ ਅਤੇ ਇੱਟਾਂ ਬਣਾ ਕੇ ਪਕਾਉਂਦੇ ਹਨ ਜਿੱਥੇ ਇਹ ਹੱਡੀਆਂ ਵਾਲ਼ੀ ਮਿੱਟੀ ਆਵੇ ਵਿੱਚ ਸੜਦੀ ਹੈ॥ ਇਸ ਤਰ੍ਹਾਂ ਕਦੇ ਨਾਂ ਕਦੇ ਇਹ ਮੁਰਦੇ ਸੜ ਹੀ ਜਾਂਦੇ ਹਨ ਪਰ ਮੁਰਦਿਆਂ ਦੀਆਂ ਰੂਹਾਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿ ਮੁਰਦਿਆਂ ਨੂੰ ਸਾੜਿਆ ਜਾਵੇ ਜਾਂ ਦੱਬਿਆ ਜਾਵੇ॥ ਮਰਨ ਤੋਂ ਪਿੱਛੋਂ ਰੂਹਾਂ ਨਾਲ਼ ਕੀ ਬੀਤਦੀ ਹੈ ਇਸ ਨੂੰ ਤਾਂ ਕੇਵਲ ਪ੍ਰਮਾਤਮਾਂ ਹੀ ਜਾਣਦਾ ਹੈ॥”
“ਅਜੇ ਤੱਕ ਕਿਸੇ ਵੀਰ ਜਾਂ ਭੈਣ ਦਾ ਕੋਈ ਸੁਆਲ ਹੋਵੇ?” ਭਾਈ ਦਲੀਪ ਸਿੰਘ ਨੇ ਸੁਹਣਾ ਦਾੜ੍ਹਾ ਸੁਆਰਦਿਆਂ ਪੁੱਛਿਆ॥
“ਭਾਈ ਸਾਹਿਬ ਅਸੀਂ ਇਹ ਜਾਨਣ ਲਈ ਕਾਹਲ਼ੇ ਹਾਂ ਕਿ ਇਹ ਪਾਵਨ ਸ਼ਬਦ ਆਪ ਨੇ ਸਾਡੇ ਨਾਲ਼  ਕਿਉਂ ਸਾਂਝਾ ਕੀਤਾ ਹੈ॥ ਇਸ ਦੀ ਕੀ ਲੋੜ ਸੀ?” ਇੱਕ ਹੋਰ ਨੌਜੁਆਨ ਬਲਤੇਜ ਸਿੰਘ ਨੇ ੳਤੁਸੁਕਤਾ ਪਰਗਟ ਕੀਤੀ॥
“ਮੈਂ ਹੁਣ ਇਹੀ ਦੱਸਣ ਵਾਲ਼ਾ ਸੀ, ਬੇਟਾ ਜੀ॥”ਭਾਈ ਸਾਹਿਬ ਨੇ ਮੁਸਕਰਾਉਂਦਿਆਂ ਆਖਿਆ॥
“ਜਿਵੇਂ ਅਸੀਂ ਹੁਣੇ ਹੁਣੇ ਈ ਵੀਚਾਰ ਕੀਤੈ, ਔਰੰਗਜ਼ੇਬ ਰਾਮ ਰਾਇ ਜੀ ਦੇ ਰੂਹਾਨੀ ਗਿਆਨ ਨਾਲ਼ ਵੀ ਬਹੁਤ ਪ੍ਰਭਾਵਿਤ ਸੀ॥ਔਰੰਗਜ਼ੇਬ ਆਪ ਵੀ ਧਾਰਮਿਕ ਹੋਣ ਦਾ ਦਾਅਵਾ ਕਰਦਾ ਸੀ ਤੇ ਕੁਰਾਨ ਸ਼ਰੀਫ਼ ਦਾ ਡੂੰਘਾ ਗਿਆਨ ਰੱਖਦਾ ਸੀ॥ਇੱਕ ਦਿਨ ਉਸਨੇ ਰਾਮ ਰਾਇ ਜੀ ਨੁੰ ਇਸ ਪਾਵਨ ਸਲੋਕ ਦੇ ਅਰਥ ਪੁੱਛ ਲਏ ਜਿਸ ਦੀ ਕਿ ਅਸਾਂ ਹੁਣੇ ਹੀ ਵੀਚਾਰ ਕੀਤੀ ਐ॥ ਔਰੰਗਜ਼ੇਬ ਨੂੰ ਇਸ ਪਾਵਨ ਸਲੋਕ ਦੇ ਅਰਥ ਚੰਗੀ ਤਰ੍ਹਾਂ ਆਉਂਦੇ ਸਨ ਪਰ ਉਹ ਰਾਮ ਰਾਇ ਪਾਸੋਂ ਜਾਨਣਾ ਚਾਹੁੰਦਾ ਸੀ॥ ਰਾਮ ਰਾਇ ਜੀ ਨੇ ਅਰਥ ਤਾਂ ਬਿਲਕੁਲ ਠੀਕ ਕੀਤੇ ਪਰ ਔਰੰਗਜ਼ੇਬ ਨੂੰ ਖ਼ੁਸ਼ ਕਰਨ ਲਈ ਉਸਨੇ ਤੁਰੰਤ “ਮਿੱਟੀ ਮੁਸਲਮਾਨ ਕੀ” ਨੂੰ “ਮਿੱਟੀ ਬੇਈਮਾਨ ਕੀ” ਵਿੱਚ ਬਦਲ ਦਿੱਤਾ ਅਤੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਸ਼ਬਦ “ਬੇਈਮਾਨ” ਹੀ ਵਰਤਿਆ ਸੀ ਕਿਸੇ ਨੇ ਪਿੱਛੋਂ ਬਦਲ ਕੇ “ਮੁਸਲਮਾਨ” ਕਰ ਦਿੱਤਾ॥ ਔਰੰਗਜ਼ੇਬ ਨੂੰ ਅਸਲੀਅਤ ਦਾ ਪਤਾ ਸੀ, ਪਰ ਉਹ ਰਾਮ ਰਾਇ ਜੀ ਦੀ ਹਾਜ਼ਰ-ਜੁਆਬੀ ਅਤੇ ਉਹਨਾਂ ਦੀ ਔਰੰਗਜ਼ੇਬ ਨੂੰ ਖ਼ੁਸ਼ ਕਰਨ ਦੀ ਤੀਬਰਤਾ ਤੇ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਰਾਮ ਰਾਇ ਨੂੰ ਬਹੁਤ ਸਾਰੀਆਂ ਕੀਮਤਾਂ ਸੌਗਾਤਾਂ ਭੇਟ ਕੀਤੀਆਂ॥ ਬਾਬਾ ਜੀ ਕੁਝ ਦਿਨ ਹੋਰ ਦਿੱਲੀ ਠਹਿਰ ਕੇ ਖ਼ੁਸ਼ੀ ਖ਼ੁਸ਼ੀ ਵਾਪਸ ਪਰਤ ਪਏ॥ ਨਾਲ ਗਏ ਸਿੱਖ ਰਾਮ ਰਾਇ ਜੀ ਦੀ ਕਾਰਗੁਜ਼ਾਰੀ ਦੀਆਂ ਸਾਰੀਆਂ ਰੀਪੋਰਟਾਂ ਗੁਰੂ ਸਾਹਿਬ ਨੂੰ ਅਪੜਾਉਂਦੇ ਰਹੇ ਜਿਹਨਾਂ ਨੂੰ ਸੁਣ ਕੇ ਗੁਰੂ ਸਾਹਿਬ ਬਹੁਤ ਦੁਖੀ ਹੋਏ ਅਤੇ ਰਾਮ ਰਾਇ ਜੀ ਦੇ ਪਰਤਣ ਦੀ ਉਡੀਕ ਕਰਨ ਲਗੇ॥
ਕੁਝ ਦਿਨਾਂ ਬਾਅਦ ਰਾਮ ਰਾਇ ਜੀ ਕੀਰਤ ਪੁਰ ਪਹੁੰਚ ਗਏ॥ ਔਰੰਗਜ਼ੇਬ ਵੱਲੋਂ ਕੀਤੇ ਸਨਮਾਨ ਅਤੇ ਉਸ ਦੀਆਂ ਕੀਮਤੀ ਸੌਗਾਤਾਂ ਦੇ ਨਸ਼ੇ ਵਿੱਚ ਰਾਮ ਰਾਇ ਫੁੱਲੇ ਨਹੀਂ ਸਮਾ ਰਹੇ ਸਨ ਅਤੇ ਆਪਣੀਆਂ ਪ੍ਰਾਪਤੀ ਦੀਆਂ ਖ਼ੁਸ਼ੀਆਂ ਗੁਰੂ-ਪਿਤਾ ਜੀ ਨਾਲ਼ ਸਾਂਝੀਆਂ ਕਰਨ ਨੂੰ ਉਤਾਵਲੇ ਉਹ ਕਾਹਲ਼ੀ ਕਾਹਲ਼ੀ ਆਪਣੇ ਮਹਿਲਾਂ ਵੱਲ ਵਧੇ॥ ਪਿਤਾ ਜੀ ਦੇ ਹੁਕਮ ਨਾਂ ਮੰਨਣ ਦਾ ਡਰ ਕਦੇ ਕਦੇ ਉਹਨਾਂ ਨੂੰ ਮਾੜੇ ਜਿਹੇ ਸਹਿਮ ਵਿੱਚ ਜ਼ਰੂਰ ਪਾ ਦਿੰਦਾ, ਪਰ ਇਹ ਸੋਚਕੇ ਕਿ ਗੁਰੂ ਜੀ ਤਾਂ ਸਦਾ ਹੀ ਬਖ਼ਸ਼ਿੰਦ ਹਨ, ਉਹ ਆਪਣੇ ਡਰ ਨੂੰ ਭੁੱਲ ਜਾਂਦੇ॥ ਗੁਰੂ ਸਾਹਿਬ ਨੂੰ ਵੀ ਆਪਣੇ ਸਾਹਿਬਜ਼ਾਦੇ ਦੇ ਪਹੁੰਚਣ ਦੀ ਖ਼ਬਰ ਮਿਲ਼ ਚੁੱਕੀ ਸੀ, ਉਹ ਵੀ ਆਪਣੇ ਚੌਬਾਰੇ ਦੀ ਖਿੜਕੀ ਵਿੱਚ ਬੈਠ ਕੇ ਰਾਮ ਰਾਇ ਜੀ ਨੂੰ ਉਡੀਕ ਰਹੇ ਸਨ॥ ਜਦ ਰਾਮ ਰਾਇ ਜੀ ਮਹਿਲ ਦੇ ਅੰਦਰ ਵੜਨ ਲੱਗੇ ਤਾਂ ਗੁਰੂ ਸਾਹਿਬ ਨੇ ਆਵਾਜ਼ ਦੇ ਕੇ ਖਿੜਕੀ ਦੇ ਹੇਠਾਂ ਹੀ ਬੁਲਾ ਲਿਆ॥ ਜਦ ਰਾਮ ਰਾਇ ਜੀ ਨੇੜੇ ਢੁੱਕੇ ਤਾਂ ਸਤਿਗੁਰੂ ਜੀ ਨੇ ਸ਼ਾਂਤ ਪਰ ਦ੍ਰਿੜ ਆਵਾਜ਼ ਵਿੱਚ ਕਿਹਾ, “ਰਾਮ ਰਾਇ, ਤੂੰ ਸਾਡੇ ਸਾਰੇ ਹੁਕਮਾਂ ਦੀ ਅਵੱਗਿਆ ਕੀਤੀ ਐ॥ ਤੈਨੂੰ ਕਰਾਮਾਤਾਂ ਕਰਨ ਤੋਂ ਸਖ਼ਤੀ ਨਾਲ਼ ਵਰਜ ਕੇ ਘੱਲਿਆ ਸੀ, ਪਰ ਤੂੰ ਸਾਡੇ ਆਦੇਸ਼ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਔਰੰਗਜ਼ੇਬ ਦੀ ਝੂਠੀ ਖ਼ੁਸ਼ੀ ਲੈਣ ਲਈ ਉਸ ਨੂੰ ਆਪਣੀਆਂ ਕਰਾਮਾਤਾਂ ਨਾਲ਼ ਖ਼ੂਬ ਪ੍ਰਭਾਵਿਤ ਕੀਤਾ॥ ਅਸੀਂ ਅਨਜਾਣ ਬੱਚਾ ਜਾਣ ਕੇ ਤੈਨੂੰ ਇਸ ਘੋਰ ਅਵੱਗਿਆ ਲਈ ਵੀ ਮੁਆਫ਼ ਕਰ ਸਕਦੇ ਸੀ, ਪਰ ਔਰੰਗਜ਼ੇਬ ਦੀ ਖ਼ੁਸ਼ੀ ਲੈਣ ਲਈ ਜੋ ਤੂੰ ਅਕਾਲ-ਰੂਪ ਸਤਿਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਹੀ ਬਦਲ ਦਿੱਤੀ, ਉਸ ਲਈ ਅਸੀਂ ਤੈਨੂੰ ਕਦੇ ਮੁਆਫ਼ ਨਹੀਂ ਕਰ ਸਕਦੇ॥ਤੂੰ ਸਤਿਗੁਰੂ ਨਾਨਕ ਮਹਾਰਾਜ ਦੀ ਗੱਦੀ ਤੇ ਬੈਠੇ ਹਰਿ ਰਾਇ ਦੇ ਸਪੁੱਤਰ ਹੋਣ ਦਾ ਸੁਭਾਗ ਖੋਹ ਬੈਠਾ ਹੈਂ; ਸੋ ਤੈਨੂੰ ਮਹਿਲਾਂ ਅੰਦਰ ਆਉਣ ਦੀ ਆਗਿਆ ਨਹੀਂ॥ ਤੂੰ ਜਿੱਥੇ ਚਾਹੇਂ ਜਾ ਸਕਦੈਂ॥ ਸਾਡੇ ਵੱਲੋਂ ਤੂੰ ਭਾਵੇਂ ਔਰੰਗਜ਼ੇਬ ਕੋਲ ਵਾਪਸ ਚਲਾ ਜਾਹ ਜਾਂ ਜਿੱਥੇ ਵੀ ਤੇਰੀ ਮਰਜ਼ੀ, ਪਰ ਤੈਨੂੰ ਗੁਰੂ ਦੇ ਮਹਿਲਾਂ ਵਿੱਚ ਰਹਿਣ ਦਾ ਹੁਣ ਕੋਈ ਹੱਕ ਨਹੀਂ॥” ਭਾਈ ਸਾਹਿਬ ਨੇ ਸੀਸ ਨਿਵਾਉਂਦਿਆਂ ਸਤਿਗੁਰੂ ਹਰਿ ਰਾਇ ਸਾਹਿਬ ਦਾ ਆਪਣੇ ਲਾਡਲੇ ਪੁੱਤਰ ਲਈ ਕੀਤਾ ਹੁਕਮ ਸੰਗਤ ਲਈ ਤਾਜ਼ਾ ਕੀਤਾ॥ ਉਹਨਾਂ ਦੇ ਚਿਹਰੇ ਤੇ ਮਾਣ ਅਤੇ ਕੁਝ ਦੁੱਖ ਦੇ ਚਿੰਨ੍ਹ ਸਾਫ਼ ਦਿਖਾਈ ਦੇ ਰਹੇ ਸਨ॥
ਧੰਨ ਗੁਰੂ ਹਰਿ ਰਾਇ ਸਾਹਿਬ! ਅਤੇ ਬੋਲੇ ਸੋ ਨਿਹਾਲ   ਸਤਿ ਸ੍ਰੀ ਅਕਾਲ! ਦੇ ਬੁਲੰਦ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ, ਇਹ ਨਾਅਰੇ ਬਹੁਤ ਦੇਰ ਤੱਕ ਚੱਲਦੇ ਰਹੇ॥

ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ

ਜਦ ਨਾਅਰਿਆਂ ਦੀ ਗੂੰਜ ਬੰਦ ਹੋਈ ਤਾਂ ਭਾਈ ਦਲੀਪ ਸਿੰਘ ਨੇ ਆਪਣਾ ਭਾਸ਼ਨ ਜਾਰੀ ਰੱਖਦਿਆਂ   ਆਖਿਆ, “ਰਾਮ ਰਾਇ ਨੂੰ ਵਾਪਸ ਮੋੜ ਕੇ ਗੁਰੂ ਸਾਹਿਬ ਨੇ ਆਪਣੇ ਮਨ ਵਿੱਚ ਕੁਝ ਵੀਚਾਰ ਕੀਤੀ ਅਤੇ ਕੁਝ ਸਮੇਂ ਬਾਅਦ ਕੀਰਤ ਪੁਰ ਵਿੱਚ ਸਿੱਖਾਂ ਦਾ ਇੱਕ ਇਕੱਠ ਬੁਲਾਇਆ॥ ਸਾਰੀ ਸੰਗਤ ਦੀ ਹਾਜ਼ਰੀ ਵਿੱਚ 7 ਅਕਤੂਬਰ 1961 ਵਾਲ਼ੇ ਦਿਨ ਗੁਰੂ ਹਰਿ ਰਾਇ ਸਾਹਿਬ ਨੇ  ਹਰਿ ਕ੍ਰਿਸ਼ਨ ਸਾਹਿਬ ਨੂੰ ਮੱਥਾ ਟੇਕਿਆ ਅਤੇ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ॥ ਉਸ ਵੇਲੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਉਮਰ ਕੇਵਲ ਪੰਜ ਸਾਲ ਅਤੇ ਤਿੰਨ ਮਹੀਨੇ ਸੀ ਅਤੇ ਗੁਰੂ ਹਰਿ ਰਾਇ ਸਾਹਿਬ ਆਪ ਕੇਵਲ 31 ਸਾਲ ਦੇ ਸਨ॥ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪ ਕੇ ਗੁਰੂ ਹਰਿ ਰਾਇ ਸਾਹਿਬ ਭਰਪੂਰ ਜੁਆਨੀ ਦੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ॥” ਇਹ ਕਹਿ ਕੇ ਭਾਈ ਸਾਹਿਬ ਕੁਝ ਦੇਰ ਚੁੱਪ ਰਹੇ॥ ਉਹਨਾਂ ਦੇ ਚਿਹਰੇ ਤੇ ਉਦਾਸੀ ਦੇ ਚਿੰਨ੍ਹ ਵਿਖਾਈ ਦੇਣ ਲੱਗੇ॥ਸੰਗਤ ਵੀ ਕੁਝ ਦੇਰ ਲਈ ਬਿਲਕੁਲ ਕੁਝ ਨਾਂ ਬੋਲ ਸਕੀ॥ ਸੰਗਤ ਵੀ ਉਦਾਸ ਲਗਦੀ ਸੀ॥

ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਇੰਨੀ ਛੋਟੀ ਉਮਰ ਵਿੱਚ ਕਿਉਂ

ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਭਾਈ ਸਾਹਿਬ ਨੇ ਫ਼ਿਰ ਸ਼ੁਰੂ ਕੀਤਾ, “ਕਿਸੇ ਵੀਰ ਜਾਂ ਭੈਣ ਦਾ ਅਜੇ ਤੱਕ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਰੁਮਾਲ ਨਾਲ਼ ਆਪਣਾ ਚਿਹਰਾ ਸਾਫ਼ ਕੀਤਾ॥
“ਜੀ, ਭਾਈ ਸਾਹਿਬ॥ ਮੈਨੂੰ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਗੁਰਗੱਦੀ ਲਈ ਅਜੇ ਬਹੁਤ ਛੋਟੀ ਉਮਰ ਦੇ ਸਨ ਕਿਉਂਕਿ ਤੁਸੀਂ ਕਈ ਵਾਰ ਸਮਝਾ ਚੁੱਕੇ ਹੋ ਕਿ ਰੂਹਾਨੀ ਗਿਆਨ ਦਾ ਉਮਰ ਨਾਲ਼ ਕੋਈ ਸਬੰਧ ਨਹੀਂ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਸ ਗੁਰੂ ਨਾਨਕ ਪਾਤਸ਼ਾਹ ਦੇ ਬਖ਼ਸ਼ੇ ਗਿਆਨ ਦੀ ਕੋਈ ਘਾਟ ਨਹੀਂ ਸੀ, ਸੋ ਆਪ ਪੂਰੀ ਤਰ੍ਹਾਂ ਗੁਰਗੱਦੀ ਦੇ ਯੋਗ ਸਨ॥ ਪਰ ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਦ ਗੁਰੂ ਹਰਿ ਰਾਇ ਸਾਹਿਬ ਅਜੇ ਭਰ ਜੁਆਨ ਸਨ ਅਤੇ ਉਹਨਾਂ ਦੀ ਸਿਹਤ ਵੀ ਬਿਲਕੁਲ ਠੀਕ ਸੀ, ਉਹਨਾਂ ਨੇ ਗੁਰਗੱਦੀ ਦੇਣ ਲਈ ਇੰਨੀ ਕਾਹਲ਼ੀ ਕਿਉਂ ਕੀਤੀ?” ਨੌਜੁਆਨ ਪ੍ਰੀਤ ਪਾਲ ਸਿੰਘ ਸਚਮੁੱਚ ਬਹੁਤ ਹੈਰਾਨ ਸੀ॥
“ਬੇਟਾ ਜੀ ਆਪ ਦਾ ਪ੍ਰਸ਼ਨ ਬਹੁਤ ਹੀ ਢੁੱਕਵਾਂ ਹੈ ਅਤੇ ਆਪ ਦੀ ਤੀਖਣ ਬੁੱਧੀ ਦਾ ਸੂਚਕ ਐ॥ ਇਸ ਬਾਰੇ ਇਤਿਹਾਸ ਵਿੱਚ ਕਿਧਰੇ ਵੀ ਕੁਝ ਲਿਖਿਆ ਨਹੀਂ ਮਿਲ਼ਦਾ, ਸੋ ਸਾਨੂੰ ਅਨੁਮਾਨ ਹੀ ਲਾਉਣਾ ਪਵੇਗਾ॥ਉਂਞ ਤਾਂ ਜੋ ਵੀ ਵਾਪਰਦਾ ਹੈ ਸਭ ਵਾਹਿਗੁਰੂ ਦੇ ਹੁਕਮ ਨਾਲ਼ ਹੀ ਹੁੰਦਾ ਹੈ ਪਰ ਬਹਾਨੇ ਜ਼ਰੂਰ ਬਣਦੇ ਹਨ॥ ਮੇਰਾ ਪੂਰਾ ਨਿਸਚਾ ਹੈ ਕਿ ਜੋ ਵੀਚਾਰ ਅਸੀਂ ਕਰਨ ਜਾ ਰਹੇ ਹਾਂ ਉਹ ਠੀਕ ਹੀ ਹੈ॥ ਹਰਿ ਕ੍ਰਿਸ਼ਨ ਸਹਿਬ ਜੀ ਨੂੰ ਤੁਰੰਤ ਗੁਰਗੱਦੀ ਦੇਣ ਦਾ ਜੋ ਫ਼ੈਸਲਾ ਗੁਰੂ ਹਰਿ ਰਾਇ ਸਾਹਿਬ ਨੇ ਲਿਆ ਉਸ ਦਾ ਮੂਲ਼ ਕਾਰਨ ਬਾਬਾ ਰਾਮ ਰਾਇ ਦੀ ਔਰੰਗਜ਼ੇਬ ਨਾਲ ਮਿਲਣੀ ਦਾ ਸਿੱਟਾ ਹੀ ਜਾਪਦਾ ਹੈ॥ਜਿਵੇਂ ਅਸੀਂ ਥੋੜ੍ਹਾ ਚਿਰ ਹੀ ਪਹਿਲੇ ਵੀਚਾਰ ਕੀਤੀ ਸੀ, ਬਾਬਾ ਰਾਮ ਰਾਇ ਨੇ ਔਰੰਗਜ਼ੇਬ ਨੂੰ ਹਰ ਪ੍ਰਕਾਰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ; ਇਥੋਂ ਤੱਕ ਕਿ ਉਸਨੇ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਸ਼ਬਦ ਵੀ ਬਦਲ ਦਿੱਤੇ॥ ਔਰੰਗਜ਼ੇਬ, ਜਿਹੜਾ ਕਿ ਬਹੁਤ ਹੀ ਸਮਝਦਾਰ ਪਰ ਅਤਿਅੰਤ ਚਲਾਕ ਸੀ, ਤੁਰੰਤ ਹੀ ਤਾੜ ਗਿਆ ਹੋਣੈਂ ਕਿ ਰਾਮ ਰਾਇ ਉਸਨੂੰ ਖ਼ੁਸ਼ ਕਰਨ ਲਈ ਕਿੰਨਾ ਉਤਾਵਲਾ ਸੀ॥ ਉਸਨੂੰ ਇਹ ਵੀ ਪੂਰਾ ਪਤਾ ਸੀ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਦੀ ਉੱਚੀ ਸਿੱਖਿਆ ਦਾ ਪ੍ਰਭਾਵ ਲੋਕਾਈ ਤੇ ਪੈ ਰਿਹਾ ਸੀ ਅਤੇ ਕਿਵੇਂ ਲੋਕ ਗੁਰੂ ਸਾਹਿਬਾਨ ਤੋਂ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਸਨ ਅਤੇ ਅਜਿਹੇ ਪਰਵਾਨਿਆਂ ਦੀ ਗਿਣਤੀ ਵੀ ਕਿੰਨੀ ਤੇਜ਼ੀ ਨਾਲ਼ ਵਧ ਰਹੀ ਸੀ॥ ਸਿੱਖਾਂ ਵਿੱਚ ਆਪਣੇ ਗੁਰੂ ਲਈ ਕੁਰਬਾਨੀ ਦਾ ਜਜ਼ਬਾ ਅਤੇ ਗੁਰੂ ਹਰ ਗੋਬਿੰਦ ਸਾਹਿਬ ਵੇਲ਼ੇ ਉਹਨਾਂ ਦੀ ਬਹਾਦਰੀ ਤੋਂ ਵੀ ਔਰੰਗਜ਼ੇਬ ਭਲੀ ਭਾਂਤੀ ਜਾਣੂੰ ਸੀ॥ ਉਸਨੇ ਸਮਝ ਲਿਆ ਸੀ ਕਿ ਜੇ ਬਾਬਾ ਰਾਮ ਰਾਇ ਅਗਲਾ ਗੁਰੂ ਬਣ ਜਾਵੇ ਤਾਂ ਉਹ ਅਤੇ ਉਸ ਦੇ ਸਾਰੇ ਸਿੱਖ ਉਸ ਦੀ ਮੁੱਠੀ ਵਿੱਚ ਹੋਣਗੇ॥ ਉਂਞ ਵੀ ਰਾਮ ਰਾਇ ਸਤਵੇਂ ਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਨ, ਸੋ, ਸਾਧਾਰਣ ਤੌਰ ਤੇ ਗੁਰਗੱਦੀ ਤੇ ਹੱਕ ਵੀ ਉਹਨਾਂ ਦਾ ਹੀ ਸੀ॥ ਇਹਨਾਂ ਸਾਰੇ ਤੱਤਾਂ ਨੂੰ ਮੁੱਖ ਰੱਖਦਿਆਂ, ਮੇਰਾ ਇਹ ਪੂਰਾ ਨਿਸਚਾ ਹੈ ਕਿ ਔਰੰਗਜ਼ੇਬ ਨੇ ਜ਼ਰੂਰ ਬਾਬਾ ਰਾਮ ਰਾਇ ਨੂੰ ਗੁਰਗੱਦੀ ਦਿਵਾਉਣ ਦਾ ਵਾਅਦਾ ਕੀਤਾ ਹੋਵੇਗਾ ਅਤੇ ਇਥੋਂ ਤੱਕ ਵੀ ਕਿਹਾ ਹੋਵੇਗਾ ਕਿ ਲੋੜ ਪੈਣ ਤੇ ਉਹ (ਔਰੰਗਜ਼ੇਬ) ਰਾਮ ਰਾਇ ਦੀ ਸੈਨਿਕ ਸਹਾਇਤਾ ਵੀ ਕਰੇਗਾ॥ ਇਹ ਸੋਚ ਹੋਰ ਵੀ ਯਕੀਨੀ ਬਣ ਜਾਂਦੀ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਕੀਰਤ ਪੁਰ ਸਾਹਿਬ ਤੋਂ ਵਾਪਸ ਪਰਤਣ ਤੇ ਔਰੰਗਜ਼ੇਬ ਨੇ ਰਾਮ ਰਾਇ ਜੀ ਨੂੰ ਡੇਹਰਾਦੂਨ ਵਿਖੇ ਇੱਕ ਵੱਡੀ ਜਾਗੀਰ ਦਿੱਤੀ ਸੀ॥
ਜੇ ਮੇਰੇ ਵਰਗੀ ਤੁੱਛ ਬੁੱਧੀ ਵਾਲ਼ਾ ਮਨੁੱਖ ਔਰੰਗਜ਼ੇਬ ਦੀ ਇਹ ਡੂੰਘੀ ਚਾਲ ਸਮਝ ਸਕਦਾ ਹੈ ਤਾਂ ਸਰਬੱਗ ਸਤਿਗੁਰੂ ਹਰਿ ਰਾਇ ਸਾਹਿਬ ਇਸ ਚਾਲ ਨੂੰ ਕਿਉਂ ਨਾਂ ਸਮਝੇ ਹੋਣਗੇ! ਸਤਿਗੁਰੂ ਜੀ ਨੂੰ ਪਤਾ ਸੀ ਕਿ ਕੀਰਤ ਪੁਰ ‘ਚੋਂ ਕੱਢੇ ਜਾਣ ਤੋਂ ਬਾਅਦ ਰਾਮ ਰਾਇ ਸਿੱਧਾ ਔਰੰਗਜ਼ੇਬ ਕੋਲ ਜਾਵੇਗਾ ਅਤੇ ਉਸਦੀ ਸਹਾਇਤਾ ਮੰਗੇਗਾ॥ ਸੋ, ਸਤਿਗੁਰ ਜੀ ਨੇ ਇਹੀ ਸੋਚਿਆ ਹੋਵੇਗਾ ਕਿ ਇਸ ਤੋਂ ਪਹਿਲਾਂ ਕਿ ਔਰੰਗਜ਼ੇਬ ਗੁਰੂ ਘਰ ਦੇ ਮੁਆਮਲਿਆਂ ਵਿੱਚ ਕੋਈ ਕੋਝੀ ਦਖ਼ਲ-ਅੰਦਾਜ਼ੀ ਕਰੇ, ਗੁਰਗੱਦੀ ਦਾ ਫ਼ੈਸਲਾ ਤੁਰੰਤ ਕਰ ਦਿੱਤਾ ਜਾਵੇ॥ ਗੁਰੂ ਸਾਹਿਬ ਨੂੰ ਇਸ ਗੱਲ ਦਾ ਵੀ ਪੂਰਾ ਯਕੀਨ ਸੀ ਕਿ ਸ੍ਰੀ ਹਰਿ ਕ੍ਰਿਸ਼ਨ ਜੀ ਗੁਰਗੱਦੀ ਦੇ ਪੂਰੀ ਤਰ੍ਹਾਂ ਯੋਗ ਸਨ॥ਸੋ, ਉਹਨਾਂ ਨੂੰ ਇਹ ਇਤਿਹਾਸਕ ਫ਼ੈਸਲਾ ਲੈਣਾ ਪਿਆ॥ਕਿਉਂਕਿ ਮਨੁੱਖੀ ਜਾਮੇ ਵਿੱਚ ਦੋ ਗੁਰੂ ਨਹੀਂ ਰਹਿ ਸਕਦੇ, ਇਸ ਫ਼ੈਸਲੇ ਦਾ ਦੁਖਦਾਈ ਪੱਖ ਇਹ ਸੀ ਕਿ ਸਤਿਗੁਰੂ ਹਰਿ ਰਾਇ ਸਾਹਿਬ ਭਰ ਜੁਆਨੀ ਵਿੱਚ ਹੀ ਜੋਤੀ ਜੋਤ ਸਮਾ ਗਏ॥ ਕਿਉਂਕਿ ਸਤਿਗੁਰੂ ਜੀ ਔਰੰਗਜ਼ੇਬ ਦੀ ਕੁਟਿਲ ਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਇਹ ਨਾਸਵਾਨ ਸੰਸਾਰ ਛੱਡਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਉਸ ਤੋਂ ਦੂਰ ਹੀ ਰਹਿਣ ਲਈ ਸਿੱਖਿਆ ਦਿੱਤੀ॥”  ਇਹ ਕਹਿ ਕੇ ਭਾਈ ਸਾਹਿਬ ਫ਼ਿਰ ਕੁਝ ਚਿਰ ਲਈ ਚੁੱਪ ਹੋ ਗਏ॥
ਸੰਗਤ ਨੇ ਇੱਕ ਵਾਰ ਫ਼ਿਰ “ਧੰਨ ਗੁਰੂ ਹਰਿ ਰਾਇ ਸਾਹਿਬ” ਅਤੇ “ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ” ਦੇ ਨਾਅਰਿਆਂ ਨਾਲ਼ ਵਾਤਾਵਰਣ ਵਿੱਚ ਅੰਮ੍ਰਿਤ ਘੋਲ ਦਿੱਤਾ॥

ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਦਿੱਲੀ ਯਾਤਰਾ

“ਕੋਈ ਪ੍ਰਸ਼ਨ?” ਜਦ ਨਾਅਰਿਆਂ ਦੀ ਗੂੰਜ ਕੁਝ ਮੱਧਮ ਪਈ ਤਾਂ ਭਾਈ ਦਲੀਪ ਸਿੰਘ ਨੇ ਸਾਰੀ ਸੰਗਤ ਤੇ ਮਿਠਾਸ ਭਰੀ ਨਜ਼ਰ ਪਾਉਂਦਿਆਂ ਇਹ ਸੰਖੇਪ ਜਿਹਾ ਸੁਆਲ ਕੀਤਾ॥
“ਭਾਈ ਸਾਹਿਬ ਅਸੀਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਅਗਲੇ ਜੀਵਨ ਬਾਰੇ ਕੁਝ ਜਾਨਣ ਲਈ ਕਾਹਲ਼ੇ ਹਾਂ॥” ਇੱਕ ਅਧਖੜ ਉਮਰ ਦੇ ਭਾਈ ਸੌਦਾਗਰ ਸਿੰਘ ਨੇ ਸ਼ਰਧਾ ਵਿਖਾਉਂਦੇ ਆਖਿਆ॥
“ਜ਼ਰੂਰ ਭਾਈ ਸਾਹਿਬ॥ਕੁਝ ਸਮੇਂ ਲਈ ਸਿੱਖਾਂ ਨੇ ਗੁਰੂ ਹਰਿ ਰਾਇ ਸਾਹਿਬ ਦੀ ਅਣਹੋਂਦ ਨੂੰ ਮਹਿਸੂਸ ਕੀਤਾ ਪਰ ਜਿਉਂ ਜਿਉਂ ਉਹਨਾਂ ਨੇ ਬਾਲਕ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਰੂਹਾਨੀ ਗਿਆਨ ਨੂੰ ਸੁਣਿਆਂ ਅਤੇ ਮਾਣਿਆਂ ਉਹਨਾਂ ਨੂੰ ਬਾਲਕ ਗੁਰੂ ਵਿੱਚ ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ, ਉਹਨਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਪਹਿਲੇ ਗੁਰੂ ਸਾਹਿਬਾਨ ਵਾਂਙ ਹੀ ਦ੍ਰਿੜ ਹੋ ਗਏ॥ ਕੀਰਤ ਪੁਰ ਵਿੱਚ ਰੌਣਕਾਂ ਹੋਰ ਵੀ ਵਧ ਗਈਆਂ ਅਤੇ ਪਹਿਲਾਂ ਵਾਂਙ ਹੀ ਸਿੱਖ ਸੰਗਤਾਂ ਦੂਰੋਂ ਦੂਰੋਂ ਗੁਰੂ ਦਰਸ਼ਨਾਂ ਲਈ ਆਉਣ ਲਗ ਪਈਆਂ ਅਤੇ ਸਿੱਖੀ ਹੋਰ ਵੀ ਪ੍ਰਫ਼ੁਲਤ ਹੋਣ ਲੱਗੀ॥ ਔਰੰਗਜ਼ੇਬ ਤੱਕ ਵੀ ਇਹ ਖ਼ਬਰਾਂ ਪਹੁੰਚਦੀਆਂ ਰਹੀਆਂ ਜੁ ਕਿ ਉਹਨੀਂ ਦਿਨੀਂ ਕਸ਼ਮੀਰ ਵਿੱਚ ਸੀ॥ ਜਦ ਉਹ ਦਸੰਬਰ 1663 ਵਿੱਚ ਕਸ਼ਮੀਰੋਂ ਪਰਤਿਆ ਤਾਂ ਉਹ ਕੁਝ ਦਿਨ ਲਾਹੌਰ ਰੁਕਿਆ॥ ਇਥੇ ਉਸ ਨੂੰ ਗੁਰੂ ਸਾਹਿਬ ਦੇ ਹਰਮਨ ਪਿਆਰੇ ਹੋਣ ਦੀਆਂ ਪੱਕੀਆਂ ਖ਼ਬਰਾਂ ਮਿਲੀਆਂ॥ ਜਿਵੇਂ ਇਹ ਉਸਦਾ ਚਰਿੱਤਰ ਹੀ ਸੀ, ਉਸਨੂੰ ਇਸ ਗੱਲ ਦੀ ਬਹੁਤ ਉਤਸੁਕਤਾ ਹੋ ਰਹੀ ਸੀ ਕਿ ਉਹ ਤੁਰੰਤ ਇਹ ਵੇਖੇ ਕਿ ਬਾਲਕ ਗੁਰੂ ਵਿੱਚ ਉਹ ਕਿਹੜੇ ਅਨੋਖੇ ਗੁਣ ਸਨ ਜਿਹਨਾਂ ਕਰਕੇ ਉਹ ਇੰਨੇ ਹਰਮਨ ਪਿਆਰੇ ਸਨ॥ ਔਰੰਗਜ਼ੇਬ ਦੇ ਕਰਾਮਾਤਾਂ ਬਾਰੇ ਸ਼ੌਕ ਬਾਰੇ ਤਾਂ ਅਸੀਂ ਪਹਿਲਾਂ ਹੀ ਵੀਚਾਰ ਕਰ ਚੁੱਕੇ ਹਾਂ॥ ਉਸਨੂੰ ਇਹ ਯਕੀਨ ਸੀ ਕਿ ਜੇ ਕਰ ਬਾਲਕ ਰਾਮ ਰਾਇ ਅਜੀਬ ਕਰਾਮਾਤਾਂ ਵਿਖਾ ਸਕਦਾ ਹੈ ਤਾਂ, ਬਾਲਕ ਹਰਿ ਕ੍ਰਿਸ਼ਨ ਜੋ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਸਸ਼ੋਭਿਤ ਸਨ ਜ਼ਰੂਰ ਕੋਈ ਬਹੁਤ ਹੀ ਵੱਡੀਆਂ ਕਰਾਮਾਤਾਂ ਕਰ ਸਕਦੇ ਸਨ॥ ਸੋ ਉਸਨੇ ਜਨਵਰੀ 1664 ਵਿੱਚ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਭੇਜਿਆ॥
ਜਿਵੇਂ ਗੁਰੂ ਪਿਤਾ ਜੀ ਨੇ ਸਿੱਖਿਆ ਦਿੱਤੀ ਸੀ, ਪਹਿਲਾਂ ਗੁਰੂ ਸਾਹਿਬ ਨੇ ਜਾਣ ਤੋਂ ਨਾਂਹ ਕਰ ਦਿੱਤੀ, ਪਰ ਰਾਜਪੂਤ ਰਾਜਾ ਜੈ ਸਿੰਘ ਜੋ ਕਿ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਵਜ਼ੀਰ ਸੀ, ਦੇ ਘੜੀ-ਮੁੜੀ ਬੇਨਤੀ ਕਰਨ ਤੇ ਗੁਰੂ ਸਾਹਿਬ ਦਿੱਲੀ ਜਾਣ ਲਈ ਤਿਆਰ ਹੋ ਪਏ॥ਆਪ ਨਾਲ਼ ਬਹੁਤ ਸਾਰੇ ਸਿੱਖ ਵੀ ਚੱਲ ਪਏ॥ ਰਸਤੇ ਵਿੱਚ ਲੋਕਾਂ ਨੂੰ ਤਾਰਦੇ ਸਤਿਗੁਰੂ ਕੁਝ ਦਿਨਾਂ ਬਾਅਦ ਅੰਬਾਲੇ ਦੇ ਨੇੜੇ ਇੱਕ ਪਿੰਡ ਪੰਜੋਖੜੇ ਰੁਕੇ ਜਿਥੇ ਕਿ ਲਾਲ ਚੰਦ ਨਾਮੀ ਇੱਕ ਪੰਡਿਤ ਰਹਿੰਦਾ ਸੀ ਜਿਸ ਨੂੰ ਆਪਣੀ ਵੇਦ-ਵਿੱਦਿਆ ਦਾ ਬਹੁਤ ਹੰਕਾਰ ਸੀ॥ ਸਤਿਗੁਰੂ ਦਾ ਆਉਣਾ ਸੁਣ ਕੇ ਲਾਲ ਚੰਦ ਤੁਰੰਤ ਗੁਰੂ ਸਾਹਿਬ ਸਾਹਮਣੇ ਆਪਣੇ ਗਿਆਨ ਦੇ ਹੰਕਾਰ ਦਾ ਪ੍ਰਦਰਸ਼ਨ ਕਰਨ ਪਹੁੰਚ ਗਿਆ॥ ਉਸਨੇ ਗੁਰੂ ਸਾਹਿਬ ਦੀ ਉਮਰ ਵੇਖ ਕੇ ਉਹਨਾਂ ਪ੍ਰਤੀ ਕਿਸੇ ਕਿਸਮ ਦਾ ਸਤਿਕਾਰ ਤਾਂ ਕੀ ਵਿਖਾਉਣਾ ਸੀ, ਜਾਂਦਿਆਂ ਸਾਰ ਹੀ  ਬੜੇ ਵਿਅੰਗ ਨਾਲ਼ ਕਹਿਣ ਲੱਗਾ, “ਬੈਠੇ ਵੀ ਗੁਰੂ ਨਾਨਕ ਦੀ ਗੱਦੀ ਤੇ ਹੋ ਤੇ ਨਾਮ ਵੀ ਭਗਵਾਨ ਕ੍ਰਿਸ਼ਨ ਜੀ ਵਾਲ਼ਾ ਰਖਵਾ ਲਿਆ ਹੈ, ਕੁਝ ਉਹਨਾਂ ਵੱਲੋਂ ਉਚਾਰੀ ਗੀਤਾ ਦਾ ਗਿਆਨ ਵੀ ਹੈ?” ਇਹ ਸੁਣ ਕੇ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਤਾਂ ਸ਼ਾਂਤ ਰਹੇ ਪਰ ਸਿੱਖਾਂ ਨੂ ਬਹੁਤ ਬੁਰਾ ਲੱਗਾ॥ ਉਸ ਵੇਲ਼ੇ ਉਸ ਪਿੰਡ ਦਾ ਝੀਊਰ (ਪਾਣੀ ਦੀ ਸੇਵਾ ਕਰਨ ਵਾਲ਼ਾ) ਛੱਜੂ ਰਾਮ ਕੋਲ਼ੋਂ ਦੀ ਲੰਘ ਰਿਹਾ ਸੀ॥ ਕੁਝ ਵਿਦਵਾਨ ਤਾਂ ਇਹ ਵੀ ਲਿਖਦੇ ਹਨ ਕਿ ਛੱਜੂ ਰਾਮ ਗੁੰਗਾ ਸੀ, ਪਰ ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ॥ ਕੁਝ ਵੀ ਹੋਵੇ, ਛੱਜੂ ਰਾਮ ਨੂੰ ਵੇਖ ਕੇ ਇੱਕ ਸਿੱਖ ਨੇ ਮਾਣ ਨਾਲ਼ ਕਿਹਾ, ਪੰਡਿਤ ਜੀ, ਗੁਰੂ ਸਾਹਿਬ ਦੀ ਗੱਲ ਤਾਂ ਬਹੁਤ ਦੂਰ ਦੀ ਐ, ਜੇ ਕਹੋ ਤਾਂ ਸਤਿਗੁਰੂ ਦੀ ਕਿਰਪਾ ਨਾਲ਼ ਇਹ ਝੀਊਰ ਵੀ ਗੀਤਾ ਦੇ ਅਰਥ ਕਰ ਸਕਦੈ॥ ਲਾਲ ਚੰਦ ਸੁਣ ਕੇ ਹੱਸ ਪਿਆ ਤੇ ਬੜੇ ਮਜ਼ਾਕ ਨਾਲ਼ ਕਹਿਣ ਲੱਗਾ, “ਕੌਣ? ਇਹ ਅਨਪੜ੍ਹ ਗਵਾਰ ਗੀਤਾ ਦੇ ਅਰਥ ਕਰੇਗਾ ਜਿਹੜਾ ਬੋਲ ਵੀ ਨਹੀਂ ਸਕਦਾ!!”
“ਪੰਡਿਤ ਜੀ ਜੇ ਗੁਰੂ ਚਾਹੇ ਤਾਂ ਮੂਰਖ ਮਨੁੱਖ ਵੀ ਸੁਹਣਾ ਵਕਤਾ (ਵਿਆਖਿਆ ਕਰਨ ਵਾਲ਼ਾ) ਬਣ ਸਕਦੈ॥ ਕਦੇ ਪੰਚਮ ਪਾਤਸ਼ਾਹ ਦਾ ਇਹ ਪਾਵਨ ਬਚਨ ਸੁਣਿਐਂ:

ਬਿਲਾਵਲੁ ਮ:5 (809)ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰਿ ਭੇਟਿ ਪੁਨੀਤਾ॥1॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥-

“ਅੱਛਾ? ਚਲੋ ਅੱਜ ਇਹ ਵੀ ਵੇਖ ਲੈਨੇਂ ਆਂ॥” ਹੰਕਾਰੀ ਲਾਲ ਚੰਦ ਨੂੰ ਗੁਰੂ ਮਹਿਮਾ ਦਾ ਕੀ ਗਿਆਨ ਹੋ ਸਕਦਾ ਸੀ?
ਇੱਕ ਸਿੱਖ ਛੱਜੂ ਰਾਮ ਨੂੰ ਸੱਦ ਲਿਆਇਆ ਅਤੇ ਬਾਕੀ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਛੱਜੂ ਤੇ ਮਿਹਰ ਕਰਨ ਤਾਂ ਜੁ ਉਹ ਗੀਤਾ ਦੇ ਅਰਥ ਕਰ ਸਕੇ॥ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦਾ ਸਤਿਕਾਰ ਰੱਖਣ ਲਈ ਸਤਿਗੁਰੂ ਮੰਨ ਗਏ ਅਤੇ ਉਹਨਾਂ ਨੇ ਛੱਜੂ ਦੇ ਸਿਰ ਤੇ ਆਪਣੀ ਸੋਟੀ ਰੱਖ ਦਿੱਤੀ॥ ਫ਼ਿਰ ਲਾਲ ਚੰਦ ਨੂੰ ਕਹਿਣ ਲੱਗੇ, “ਪੰਡਿਤ ਜੀ, ਗੀਤਾ ਦਾ ਸਭ ਤੋਂ ਔਖਾ ਸਲੋਕ ਬੋਲੋ ਜਿਸ ਦੇ ਅਰਥ ਤੁਹਾਨੂੰ ਆਪ ਸਪੱਸ਼ਟ ਨਹੀਂ॥”
ਲਾਲ ਚੰਦ ਨੇ ਔਖੇ ਤੋਂ ਔਖਾ ਸਲੋਕ ਯਾਦ ਕਰਕੇ ਛੱਜੂ ਨੂੰ ਸੁਣਾਇਆ ਜਿਸ ਦੇ ਛੱਜੂ ਰਾਮ ਨੇ ਅਜਿਹੇ ਸਪੱਸ਼ਟ ਅਰਥ ਕੀਤੇ ਕਿ ਪੰਡਿਤ ਤੇ ਵਿਸਮਾਦ ਛਾ ਗਿਆ॥ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇੱਕ ਕੋਰਾ ਅਨਪੜ੍ਹ (ਅਤੇ ਸ਼ਾਇਦ ਗੁੰਗਾ ਵੀ) ਝੀਊਰ ਗੀਤਾ ਦੇ ਅਰਥ ਕਰ ਸਕਦਾ ਹੈ॥ ਉਸਦੀ ਸਾਰੀ ਸੱਤਿਆ ਜਾਂਦੀ ਰਹੀ ਸੀ॥ ਉਹ ਨਿਢਾਲ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਅਤੇ ਖਿਮਾ ਦੀ ਜਾਚਨਾ ਕਰਨ ਲੱਗਾ॥ ਸਤਿਗੁਰਾਂ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖਿਆ ਜਿਸ ਨਾਲ਼ ਲ਼ਾਲ ਚੰਦ ਦੇ ਸਰੀਰ ਵਿੱਚ ਕੋਈ ਕੰਬਣੀ ਛਿੜ ਪਈ॥ ਉਸ ਦਾ ਸਤਿਗੁਰੂ ਜੀ ਦੇ ਚਰਨ ਛੱਡਣ ਨੂੰ ਜੀ ਨਹੀਂ ਕਰਦਾ ਸੀ ਜਿਵੇਂ ਉਹ ਸਵਰਗ ਵਿੱਚ ਪਿਆ ਹੋਵੇ॥ ਪਰ ਸਤਿਗੁਰਾਂ ਉਸ ਨੂੰ ਸਾਵਧਾਨ ਹੋਣ ਲਈ ਕਿਹਾ॥ ਲਾਲ ਚੰਦ ਦਾ ਸਾਰਾ ਹੰਕਾਰ ਅਤੇ ਅਗਿਆਨਤਾ ਦੂਰ ਹੋ ਗਈ, ਅਤੇ ਉਹ ਸਤਿਗੁਰੂ ਜੀ ਦਾ ਸੁਹਣਾ ਸਿੱਖ ਬਣਿਆ॥ ਸਤਿਗੁਰੂ ਜੀ ਨੇ ਛੱਜੂ ਰਾਮ ਤੇ ਵੀ ਮਿਹਰ ਕੀਤੀ ਅਤੇ ਉਹ ਵੀ ਸਿੱਖ ਸੱਜਿਆ॥ਪੰਡਿਤ ਲਾਲ ਚੰਦ ਕੁਰੂਕਸ਼ੇਤਰ ਤੱਕ ਸਤਿਗੁਰੂ ਜੀ ਦੇ ਨਾਲ਼ ਗਿਆ॥ ਉਥੋਂ ਸਤਿਗੁਰਾਂ ਉਸਨੂੰ ਵਾਪਸ ਮੋੜ ਦਿੱਤਾ॥ਸਤਿਗੁਰੂ ਜੀ ਦੇ ਸਫ਼ਰ ਦੀਆਂ ਸਾਰੀਆਂ ਖ਼ਬਰਾਂ ਔਰੰਗਜ਼ੇਬ ਨੂੰ ਪਹੁੰਚਦੀਆਂ ਰਹੀਆਂ॥ਪੰਡਿਤ ਲਾਲ ਚੰਦ ਦੀ ਖ਼ਬਰ ਨੇ ਤਾਂ ਔਰੰਗਜ਼ੇਬ ਦੇ ਦਿਲ ਵਿੱਚ ਸਤਿਗੁਰਾਂ ਲਈ ਸਹਿਮ (ਅਤੇ ਸ਼ਾਇਦ ਸਤਿਕਾਰ ਵੀ) ਪੈਦਾ ਕਰ ਦਿੱਤਾ ਕਿ ਉਹ ਇੰਨੀ ਉੱਚੀ ਰੂਹਾਨੀਅਤ ਦੇ ਮਾਲਕ ਹਨ॥
ਇਸ ਤਰ੍ਹਾਂ ਕਰਨਾਲ ਪਾਣੀਪੱਤ ਆਦਿਕ ਥਾਵਾਂ ਤੇ ਰੁਕਦੇ ਹੋਏ ਆਖ਼ੀਰ ਸਤਿਗੁਰੂ ਜੀ ਫ਼ਰਵਰੀ 1664 ਵਿੱਚ ਦਿੱਲੀ ਪਹੁੰਚ ਗਏ॥ਦਿੱਲੀ ਪਹੁੰਚਣ ਤੇ ਰਾਜਾ ਜੈ ਸਿੰਘ ਨੇ ਸਤਿਗੁਰੂ ਜੀ ਦਾ ਸ਼ਾਨਦਾਰ ਸੁਆਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਬੰਗਲੇ ਵਿੱਚ ਠਹਿਰਾਇਆ॥ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸਤਿਗੁਰਾਂ ਦੇ ਰੂਹਾਨੀ ਪੱਧਰ ਦੀ ਪਰਖ ਕਰਨ ਲਈ ਆਦੇਸ਼ ਦੇ ਰੱਖਿਆ ਸੀ ਜਿਸ ਦੇ ਕਾਰਨ ਰਾਜਾ ਜੈ ਸਿੰਘ ਨੇ ਸਤਿਗੁਰੂ ਜੀ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਬਹੁਤ ਸਾਰੀਆਂ ਰਾਣੀਆਂ ਅਤੇ ਗੋਲੀਆਂ ਵਿੱਚੋਂ ਉਸ ਦੀ ਪਟਰਾਣੀ ਨੂੰ ਪਛਾਨਣ ਜੁ ਕਿ ਇੱਕ ਗੋਲੀ ਦੇ ਭੇਸ ਵਿੱਚ ਬੈਠੀ ਸੀ॥ ਸਤਿਗੁਰੂ ਜੀ ਤੁਰੰਤ ਜਾ ਕੇ ਪਟਰਾਣੀ ਦੀ ਗੋਦ ਵਿੱਚ ਬੈਠ ਗਏ॥ ਇਸ ਪਰਖ ਨੇ ਰਾਜਾ ਜੈ ਸਿੰਘ ਦਾ ਮਨ ਤਾਂ ਜਿੱਤਣਾ ਹੀ ਸੀ, ਨਾਲ਼ ਹੀ ਔਰੰਗਜ਼ੇਬ ਦੇ ਸਾਰੇ ਸ਼ੰਕੇ ਵੀ ਦੂਰ ਕਰ ਦਿੱਤੇ ਅਤੇ ਉਸ ਦੀ ਸਤਿਗੁਰਾਂ ਪ੍ਰਤੀ ਸ਼ਰਧਾ ਵੀ ਦ੍ਰਿੜ ਹੋ ਗਈ॥ਔਰੰਗਜ਼ੇਬ ਨੇ ਬਹੁਤ ਵਾਰ ਰਾਜਾ ਜੈ ਸਿੰਘ ਅੱਗੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ, ਪਰ ਇਤਿਹਾਸਕਾਰ ਲਿਖਦੇ ਹਨ ਕਿ ਪਿਤਾ ਜੀ ਦੇ ਆਦੇਸ਼ ਕਾਰਨ ਸਤਿਗੁਰ ਜੀ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ॥ਪਰ ਮੈਨੂੰ ਇਹ ਗੱਲ ਕੁਝ ਠੀਕ ਨਹੀਂ ਲਗਦੀ॥ ਸਤਵੇਂ ਸਤਿਗੁਰਾਂ ਕੇਵਲ ਔਰੰਗਜ਼ੇਬ ਨਾਲ਼ ਨੇੜਤਾ ਰੱਖਣ ਵੱਲੋਂ ਹੀ ਆਗਿਆ ਕੀਤੀ ਸੀ, ਦਰਸ਼ਨ ਦੇਣ ਤੋਂ ਨਹੀਂ ਵਰਜਿਆ ਸੀ ਕਿਉਂਕਿ ਸਤਿਗੁਰੂ ਸਭ ਦਾ ਸਾਂਝਾ ਹੈ ਅਤੇ ਜਿੰਨਾ ਚਿਰ ਕਿਸੇ ਦੋਖੀ ਨੇ ਗੁਰੂ ਘਰ ਜਾਂ ਵਾਹਿਗੁਰੂ ਦੀ ਘੋਰ ਬੇਅਦਬੀ ਨਾਂ ਕੀਤੀ ਹੋਵੇ, ਸਤਿਗੁਰੂ ਮਿਲਣ ਤੋਂ ਨਾਂਹ ਨਹੀਂ ਕਰਦੇ॥ ਕੇਵਲ ਇੱਕ ਵਾਰ ਗੁਰੂ ਅਰਜਨ ਸਾਹਿਬ ਨੇ ਸੱਤੇ ਅਤੇ ਬਲਵੰਡ ਨੂੰ ਦਰਸ਼ਨ ਦੇਣ ਤੋਂ ਨਾਂਹ ਕੀਤੀ ਸੀ ਕਿਉਂਕਿ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਅਪਮਾਨਜਨਕ ਬੋਲ ਬੋਲੇ ਸਨ॥ ਉਂਞ ਸਤਿਗੁਰ ਅਰਜਨ ਦੇਵ ਜੀ ਇਉਂ ਫ਼ੁਰਮਾਉਂਦੇ ਹਨ:

ਮਹਲਾ:5 (ਸਲੋਕ ਕਬੀਰ ਜੀ, 210) ਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ॥ ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ॥

ਅਰਥ: ਹੇ ਕਬੀਰ! ਸਤਿਗੁਰ ਦੀ ਸੰਗਤ ਸਭ ਵਾਸਤੇ ਸਾਂਝੀ ਹੈ, ਸੋ ਜੇ ਕੋਈ ਚੋਰ (ਭਾਵ ਵਿਕਾਰੀ ਮਨੁੱਖ) ਵੀ ਆ ਕੇ ਉਸ ਸੰਗਤ ਵਿੱਚ ਬੈਠ ਜਾਣ ਤਾਂ ਸੰਗਤ ਤੇ ਉਹਨਾਂ ਦਾ ਕੋਈ ਮਾੜਾ ਅਸਰ ਨਹੀਂ ਪੈਂਦਾ॥ ਹਾਂ, ਉਹਨਾਂ ਵਿਕਾਰੀਆਂ ਨੂੰ ਜ਼ਰੂਰ ਲਾਭ ਹੋ ਸਕਦਾ ਹੈ॥

ਨੋਟ: ਇਹ ਸ਼ਬਦ ਪੰਚਮ ਪਾਤਸ਼ਾਹ ਨੇ ਕਬੀਰ ਸਾਹਿਬ ਦੇ ਸਲੋਕਾਂ ਦੇ ਸਬੰਧ ਵਿੱਚ ਉਚਾਰਿਆ ਹੈ॥

ਸੋ, ਮੇਰਾ ਆਪਣਾ ਵੀਚਾਰ ਇਹ ਹੈ ਕਿ ਸਤਿਗੁਰਾਂ ਔਰੰਗਜ਼ੇਬ ਨਾਲ਼ ਮੁਲਾਕਾਤ ਜ਼ਰੂਰ ਕੀਤੀ ਹੋਵੇਗੀ ਪਰ ਸੰਭਵਤਾ ਆਪ ਉਸ ਦੇ ਮਹਿਲ ਵਿੱਚ ਨਹੀਂ ਗਏ ਹੋਣਗੇ॥ ਇਸ ਵੀਚਾਰ ਦਾ ਇਹ ਵੀ ਇੱਕ ਠੋਸ ਸਬੂਤ ਹੈ ਕਿ ਜਿੰਨਾ ਚਿਰ ਸਤਿਗੁਰੂ ਜੀ ਦਿੱਲੀ ਵਿੱਚ ਠਹਿਰੇ, ਔਰੰਗਜ਼ੇਬ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਸ਼ਟ ਨਹੀਂ ਪੁਚਾਇਆ॥” ਭਾਈ ਸਾਹਿਬ ਨੇ ਪਾਣੀ ਦੇ ਕੁਝ ਘੁੱਟ ਭਰੇ ਅਤੇ ਮਾਈਕ ਨੂੰ ਸੂਤ ਕੀਤਾ॥
“ਕਿਸੇ ਵੀਰ ਜਾਂ ਭੈਣ ਦਾ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਮਿੱਠੀ ਆਵਾਜ਼ ਵਿੱਚ ਪੁੱਛਿਆ॥
“ਭਾਈ ਸਾਹਿਬ ਸੁਆਲ ਤਾਂ ਕੋਈ ਨਹੀਂ, ਪਰ ਜੋ ਤੁਸਾਂ ਸਿੱਟੇ ਕੱਢੇ ਹਨ ਇਹ ਕੇਵਲ ਠੀਕ ਹੀ ਨਹੀਂ ਲਗਦੇ ਸਗੋਂ ਸੀਨੇ ਵਿੱਚ ਖੁਭਦੇ ਹਨ॥ ਅਸੀਂ ਇਹਨਾਂ ਵਿੱਚੋਂ ਕੁਝ ਗੱਲਾਂ ਸੁਣੀਆਂ ਜ਼ਰੂਰ ਸਨ, ਪਰ ਉਹ ਚੰਗਾ ਪ੍ਰਭਾਵ ਨਹੀਂ ਛੱਡਦੀਆਂ ਸਨ॥ ਪਰ ਆਪ ਜੀ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਈਆਂ ਹਨ, ਇਹ ਦਿਲ ਨੂੰ ਟੁੰਬਦੀਆਂ ਹਨ ਅਤੇ ਗੁਰੂ ਸਾਹਿਬ ਪ੍ਰਤੀ ਸਾਡੀ ਸ਼ਰਧਾ ਅਤੇ ਪਿਆਰ ਨੂੰ ਵਧਾਉਂਦੀਆਂ ਹਨ॥” ਨੌਜੁਆਨ ਬਲਤੇਜ ਸਿੰਘ ਨੇ ਪਿਆਰ ਨਾਲ਼ ਆਖਿਆ॥
“ਤੁਹਾਡਾ ਬਹੁਤ ਧੰਨਵਾਦ, ਬੇਟਾ ਜੀ॥ ਮੇਰੀ ਸੋਚ ਵੀ ਸਤਿਗੁਰੂ ਜੀ ਦੀ ਕਿਰਪਾ ਕਰਕੇ ਹੀ ਹੈ॥ ਉਹ ਆਪ ਹੀ ਮਿਹਰ ਕਰ ਰਿਹਾ ਹੈ॥” ਭਾਈ ਸਾਹਿਬ ਨੇ ਨਿਰਮਾਣਤਾ ਨਾਲ਼ ਆਖਿਆ॥
“ਭਾਈ ਸਾਹਿਬ ਹੁਣ ਸਾਨੂੰ ਸਤਿਗੁਰਾਂ ਦੀ ਸ਼ਹੀਦੀ ਬਾਰੇ ਦੱਸੋ॥” ਮਹਿਤਾਬ ਸਿੰਘ ਕਾਹਲ਼ਾ ਪੈ ਗਿਆ

ਦਿੱਲੀ ਵਿੱਚ ਸੀਤਲਾ (ਮਾਤਾ) ਦਾ ਕਹਿਰ ਅਤੇ ਸਤਿਗੁਰ ਜੀ ਵੱਲੋਂ ਲੋਕ ਸੇਵਾ

“ਹੁਣੇ ਲਉ ਬੇਟਾ ਜੀ॥ ਤੁਸੀਂ ਪਹਿਲਾਂ ਹੀ ਕਹਿ ਦਿੰਦੇ॥” ਭਾਈ ਸਾਹਿਬ ਥੋੜ੍ਹਾ ਮੁਸਕਰਾਏ॥
“ਇਸ ਤੋਂ ਪਹਿਲਾਂ ਕਿ ਅਸੀਂ ਸਤਿਗੁਰੂ ਜੀ ਦੀ ਸ਼ਹੀਦੀ ਬਾਰੇ ਵੀਚਾਰ ਕਰੀਏ, ਮੈਂ ਇਥੇ ਇਹ ਵੀ ਦੱਸ ਦਿਆਂ ਕਿ ਕਈ ਇਤਿਹਾਸਕਾਰ ਲਿਖਦੇ ਹਨ ਕਿ ਪਾਵਨ ਤੇਗ਼ ਬਹਾਦੁਰ ਸਾਹਿਬ ਜੀ ਵੀ ਆਸਾਮ ਤੋਂ ਵਾਪਸ ਆਉਂਦੇ ਹੋਏ ਸਤਿਗੁਰੂ ਜੀ ਨੂੰ ਇਥੇ ਮਿਲ਼ੇ ਸਨ ਜਿਹਨਾ ਨੂੰ ਸਤਵੇਂ ਗੁਰੂ ਸਾਹਿਬ ਨੇ ਪਰਚਾਰ ਲਈ ਪੂਰਬ ਵੱਲ ਭੇਜਿਆ ਹੋਇਆ ਸੀ॥ ਪਰ ਪਾਵਨ ਤੇਗ਼ ਬਹਾਦਰ ਸਾਹਿਬ ਜੀ ਬਹੁਤੇ ਦਿਨ ਇਥੇ ਟਿਕੇ ਨਹੀਂ ਸਨ ਅਤੇ ਜਲਦੀ ਹੀ ਆਪਣੇ ਨਿਵਾਸ ਅਸਥਾਨ, ਬਕਾਲੇ, ਲਈ ਰਵਾਨਾ ਹੋ ਗਏ ਸਨ॥
ਜਦ ਸਤਿਗੁਰ ਹਰਿ ਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਉਥੇ ਸੀਤਲਾ ਦੀ ਭਿਆਨਕ ਬੀਮਾਰੀ ਤੇਜ਼ੀ ਨਾਲ਼ ਫ਼ੈਲ ਰਹੀ ਸੀ ਅਤੇ ਲੋਕ ਅਤਿ ਕਸ਼ਟ ਵਿੱਚ ਸਨ ਕਿਉਂਕਿ ਉਸ ਵੇਲ਼ੇ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ॥ਸਤਿਗੁਰ ਜੀ ਲੋਕਾਂ ਦਾ ਕਸ਼ਟ ਸਹਾਰ ਨਾਂ ਸਕੇ ਅਤੇ ਉਹਨਾਂ ਨੇ ਤੁਰੰਤ ਲੋਕਾਂ ਦੀ ਵੇਖ ਭਾਲ਼ ਕਰਨੀ ਸ਼ੁਰੁ ਕਰ ਦਿੱਤੀ॥ ਬੀਮਾਰਾਂ ਦੇ ਰਿਸ਼ਤੇਦਾਰ ਵੀ ਉਹਨਾਂ ਕੋਲ਼ ਜਾਣੋਂ ਡਰਦੇ ਸਨ ਕਿਉਂਕਿ ਇਹ ਛੂਤ ਦੀ ਬੀਮਾਰੀ ਹੈ ਅਤੇ ਝੱਟ ਹੀ ਦੂਸਰਿਆਂ ਨੂੰ ਵੀ ਚੰਬੜ ਜਾਂਦੀ ਹੈ॥ ਪਰ ਸਤਿਗੁਰਾਂ ਨੇ ਇਸ ਡਰ ਦੀ ਪ੍ਰਵਾਹ ਨਾਂ ਕਰਦੇ ਹੋਏ ਬੀਮਾਰਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ॥ ਉਹਨਾਂ ਨੇ ਨਾਂ ਭੋਜਨ ਦੀ ਪਰਵਾਹ ਕੀਤੀ ਅਤੇ ਨਾਂ ਹੀ ਆਰਾਮ ਦੀ, ਬੱਸ ਬੀਮਾਰਾਂ ਦੀ ਸੇਵਾ ਹੀ ਉਹਨਾਂ ਲਈ ਸਭ ਤੋਂ ਜ਼ਰੂਰੀ ਵਿਸ਼ਾ ਸੀ॥ ਸਿੱਖਾਂ ਨੇ ਬੜੀ ਵਾਰ ਬੇਨਤੀ ਵੀ ਕੀਤੀ ਕਿ ਸਤਿਗੁਰ ਜੀ ਆਪ ਅਜੇ ਬਹੁਤ ਛੋਟੀ ਉਮਰ ਦੇ ਹੋ ਅਤੇ ਆਪ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਸਾਵਧਾਨ ਰਹਿਣ ਦੀ ਲੋੜ ਹੈ॥ਪਰ ਸਤਿਗੁਰ ਜੀ ਵਾਸਤੇ ਆਪਣੀ ਜਾਨ ਨਾਲੋਂ ਹਜ਼ਾਰਾਂ ਹੋਰ ਜਾਨਾਂ ਜ਼ਰੂਰੀ ਸਨ॥ ਹਰ ਰੋਜ਼ ਸੈਂਕੜੇ ਹੀ ਲੋਕ ਇਸ ਨਾਮੁਰਾਦ ਬੀਮਾਰੀ ਦੀ ਭੇਟ ਚੜ੍ਹ ਰਹੇ ਸਨ॥ ਸਤਿਗੁਰੂ ਜੀ ਦੇ ਉੱਦਮ ਨਾਲ ਅਨਗਿਣਤ ਲੋਕਾਂ ਦੀਆਂ ਜਾਨਾਂ ਬਚ ਗਈਆਂ ਪਰ ਵਾਹਿਗੁਰੂ ਦਾ ਭਾਣਾ, ਇਸ ਚੰਦਰੀ ਬੀਮਾਰੀ ਨੇ ਸਤਿਗੁਰੂ ਜੀ ਉੱਪਰ ਵੀ ਕਰਾਰਾ ਹਮਲਾ ਕਰ ਦਿੱਤਾ ਜਿਸ ਨਾਲ਼ ਬਾਲਕ ਸਤਿਗੁਰੂ ਜੀ ਨੂੰ ਪਹਿਲਾਂ ਤਾਂ ਤੇਜ਼ ਬੁਖ਼ਾਰ ਹੋ ਗਿਆ ਤੇ ਪਿੱਛੋਂ ਸੀਤਲਾ ਦਾ ਕਰੜਾ ਹਮਲਾ ਹੋ ਗਿਆ॥ ਸਿੱਖਾਂ ਨੇ ਸਤਿਗੁਰੂ ਜੀ ਦੀ ਬੜੀ ਵੇਖ ਭਾਲ ਕੀਤੀ, ਪਰ ਲਗਦਾ ਸੀ ਕਿ ਉਹਨਾਂ ਨੂੰ ਵਾਹਿਗੁਰੂ ਵੱਲੋਂ ਸੱਦਾ ਆ ਗਿਆ ਸੀ॥ ਇਸ ਨਾਸਵਾਨ ਸੰਸਾਰ ਤੋਂ ਆਪਣਾ ਅੰਤ ਯਕੀਨੀ ਜਾਣ ਕੇ ਸਤਿਗੁਰੂ ਜੀ ਆਪਣੀ ਮਾਤਾ ਜੀ ਨੂੰ ਆਖ਼ਰੀ ਵਾਰ ਮਿਲ਼ੇ ਤੇ ਗੁਰਗੱਦੀ ਬਾਰੇ ਆਪਣਾ ਹੁਕਮ ਇਉਂ ਦੱਸਿਆ: ਬਾਬਾ ਬਕਾਲੇ॥ ਇਹ ਸੰਕੇਤ ਪਾਵਨ ਤੇਗ਼ ਬਹਾਦੁਰ ਸਾਹਿਬ ਵਾਸਤੇ ਸੀ ਜੁ ਕਿ ਰਿਸ਼ਤੇ ਵਿੱਚ ਆਪ ਦੇ ਦਾਦਾ (ਬਾਬਾ) ਜੀ ਲਗਦੇ ਸਨ ਕਿਉਂਕਿ ਤੇਗ਼ ਬਹਾਦੁਰ ਸਾਹਿਬ ਜੀ ਸਤਿਗੁਰੂ ਜੀ ਦੇ ਆਪਣੇ ਦਾਦਾ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਵੀਰ ਸਨ॥ ਇਹ ਕਹਿ ਕੇ ਸਤਿਗੁਰੂ ਜੀ 30 ਮਾਰਚ ਸੰਨ 1664 ਨੂੰ ਜੋਤੀ ਜੋਤ ਸਮਾ ਗਏ॥ ਜਮਨਾ ਕਿਨਾਰੇ ਜਿੱਥੇ ਗੁਰੂ ਸਾਹਿਬ ਦਾ ਪਾਵਨ ਸਰੀਰ ਅਗਨ ਭੇਟ ਕੀਤਾ ਗਿਆ ਉਥੇ ਹੁਣ ਗੁਰਦੁਆਰਾ ਬਾਲਾ ਪ੍ਰੀਤਮ ਸਾਹਿਬ ਸਸ਼ੋਭਤ ਹੈ॥

ਗੁਰੂ ਹਰਿ ਕ੍ਰਿਸ਼ਨ ਸਾਹਿਬ ਇੱਕ ਮਹਾਨ ਸ਼ਹੀਦ

ਇਹ ਹੈ ਅੱਠਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਕਹਾਣੀ॥ ਹੁਣ ਅਗਲੀ ਵੀਚਾਰ ਇਹ ਕਰਨੀ ਹੈ ਕਿ ਗੁਰੂ ਸਾਹਿਬ ਦਾ ਇਸ ਤਰ੍ਹਾਂ ਜੋਤੀ ਜੋਤ ਸਮਾਉਣਾ ਸ਼ਹੀਦੀ ਹੈ ਕਿ ਨਹੀਂ॥ ਆਉ ਪਹਿਲਾਂ ਸ਼ਹੀਦ ਦੀ ਪ੍ਰੀਭਾਸ਼ਾ ਬਾਰੇ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਹਾਸਲ ਕਰੀਏ॥ਮਜ਼ੇਦਾਰ ਗੱਲ ਇਹ ਹੈ ਕਿ ਅਜੇ ਕੁਝ ਹੀ ਦਿਨ ਪਹਿਲਾਂ ਮੈਂ ਕਿਸੇ ਹੋਰ ਸਬੰਧ ਵਿੱਚ ਸ਼ਹੀਦ ਦੀਆਂ ਪ੍ਰੀਭਾਸ਼ਾਵਾਂ ਪੜ੍ਹੀਆਂ ਸਨ॥

ਸ਼ਹੀਦ ਦੀ ਪ੍ਰੀਭਾਸ਼ਾ

ਹਰ ਸ੍ਰੋਤ ਨੇ ਆਪਣੀ ਪ੍ਰੀਭਾਸ਼ਾ ਦੇ ਨਾਲ਼ ਨਾਲ਼ ਸ਼ਹੀਦ ਨੂੰ ਇੱਕ ਗਵਾਹ (ਖ਼ਾਸ ਕਰਕੇ ਧਰਮ ਨਾਲ਼ ਸਬੰਧਤ) ਦੇ ਤੌਰ ਤੇ ਜ਼ਰੂਰ ਲਿਖਿਆ ਹੈ

ਆਕਸਫ਼ਰਡ ਕੋਸ਼: ਇੱਕ ਮਨੁੱਖ ਜੋ ਕਿਸੇ ਸਿਧਾਂਤ ਜਾਂ ਕਿਸੇ ਸ਼ੁਭ ਕਾਰਜ ਲਈ ਦੁੱਖ ਝੱਲਦਾ ਹੈ॥

ਵੈਬਸਟਰ ਕੋਸ਼: ਇੱਕ ਮਨੁੱਖ ਜੋ ਆਪਣੇ ਵਿਸ਼ਵਾਸਾਂ ਕਰਕੇ ਮੌਤ ਨੂੰ ਗਲ਼ੇ ਲਗਾਉਂਦਾ ਹੈ॥

ਵਿਕੀਪੀਡੀਆ: ਇੱਕ ਮਨੁੱਖ ਜੋ ਆਪਣੇ ਵਿਸ਼ਵਾਸ ਜਾਂ ਸ਼ੁਭ ਕਾਰਜ ਦੇ ਪਸਾਰ ਲਈ ਜਾਂ ਆਪਣਾ ਕੋਈ ਵਿਸ਼ਵਾਸ ਨਾਂ ਤਿਆਗਣ ਕਾਰਨ ਕੋਈ ਦੁੱਖ ਝੱਲਦਾ ਹੈ ਅਤੇ ਮੌਤ ਦਾ ਦੰਡ ਸਹਿੰਦਾ ਹੈ॥

ਮਹਾਨ ਕੋਸ਼ ਭਾਈ ਕਾਹਨ ਸਿੰਘ: 1. ਉਹ ਮਨੁੱਖ ਜੋ ਲੋਕ-ਹਿਤ ਲਈ ਕੋਈ ਅਜਿਹਾ ਮਹਾਨ ਕਾਰਜ ਕਰਦਾ ਹੈ ਜਿਸ ਦੀਆਂ ਲੋਕ ਮਿਸਾਲਾਂ ਦੇ ਸਕਣ॥

2. ਅਜਿਹਾ ਮਨੁੱਖ ਜਿਸ ਨੇ ਕਿਸੇ ਮਹਾਨ (ਜਾਂ ਸ਼ੁਭ) ਕਾਰਜ ਲਈ ਆਪਣਾ ਜੀਵਨ ਅਰਪਿਤ ਕਰ ਦਿੱਤਾ ਹੋਵੇ॥

ਜਿਵੇਂ ਤੁਸੀਂ ਵੇਖ ਸਕਦੇ ਹੋ ਭਾਈ ਕਾਹਨ ਸਿੰਘ ਜੀ ਨੇ ਤਾਂ ਸ਼ਹੀਦੀ ਲਈ ਮੌਤ ਦੀ ਸਜ਼ਾ ਦੀ ਕੋਈ ਸ਼ਰਤ ਹੀ ਨਹੀਂ ਰੱਖੀ॥ ਅਸੀਂ ਇਹਨਾਂ ਵਿੱਚੋਂ ਭਾਵੇਂ ਕੋਈ ਵੀ ਪ੍ਰੀਭਾਸ਼ਾ ਵਰਤੀਏ, ਗੁਰੂ ਹਰਿ ਕ੍ਰਿਸ਼ਨ ਜੀ ਦਾ ਬਲੀਦਾਨ ਕਿਸੇ ਵੀ ਸ਼ਹੀਦ ਨਾਲੋਂ ਘੱਟ ਨਹੀਂ ਸੀ॥ ਉਹਨਾਂ ਨੇ ਦੁਖੀ ਲੋਕਾਂ ਦੀ ਸੇਵਾ ਵਿੱਚ  ਆਪਣੀ ਜਾਨ ਦੀ ਆਹੂਤੀ ਆਪਣੀ ਮਰਜ਼ੀ ਨਾਲ਼ ਅਤੇ ਖ਼ੁਸ਼ੀ ਖ਼ੁਸ਼ੀ ਦਿੱਤੀ॥ ਲੋਕ ਸੇਵਾ ਉਹਨਾਂ ਦੀ ਮਜਬੂਰੀ ਨਹੀਂ ਸੀ, ਉਹਨਾਂ ਦੀ ਆਪਣੀ ਚੋਣ ਸੀ ਅਤੇ ਉਹਨਾਂ ਨੂੰ ਇਸ ਸੇਵਾ ਦੇ ਖ਼ਤਰੇ ਦਾ ਪੂਰਾ ਪੂਰਾ ਅਹਿਸਾਸ ਸੀ॥ ਸੋ, ਲੋਕ ਸੇਵਾ ਲਈ ਉਹਨਾਂ ਨੇ ਆਪਣਾ ਜੀਵਨ ਵਾਰਿਆ॥ ਜੇ ਇਹ ਸ਼ਹੀਦੀ ਨਹੀਂ ਸੀ ਤਾਂ ਫ਼ਿਰ ਕਿਸ ਹੋਰ ਕੁਰਬਾਨੀ ਨੂੰ ਸ਼ਹੀਦੀ ਆਖਿਆ ਜਾ ਸਕਦਾ ਹੈ? ਲੋਕ ਸੇਵਾ ਲਈ ਜਾਂ ਕਿਸੇ ਮਹਾਨ ਕਾਰਜ ਲਈ ਕਈ ਤ੍ਰੀਕਿਆਂ ਨਾਲ਼ ਆਪਣਾ ਜੀਵਨ ਅਰਪਿਤ ਕੀਤਾ ਜਾ ਸਕਦਾ ਹੈ॥ ਜਿਸ ਤਰੀਕੇ ਨਾਲ਼ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣਾ ਜੀਵਨ ਵਾਰਿਆ ਇਹ ਕਿਸੇ ਵੀ ਸ਼ਹੀਦੀ ਨਾਲੋਂ ਘੱਟ ਨਹੀਂ॥ ਉਹਨਾਂ ਨੂੰ ਸ਼ਹੀਦ ਕਹਿ ਕੇ ਅਸੀ ਕਿਸੇ ਵੀ ਤਰ੍ਹਾਂ ਉਹਨਾਂ ਦੀ ਕੁਰਬਾਨੀ ਦੀ ਮਹਾਨਤਾ ਨੂੰ ਵਧਾ ਨਹੀਂ ਰਹੇ ਪਰ ਇਹ ਸਾਡਾ ਆਪਣਾ ਫ਼ਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਅਣਗੌਲਿਆ ਨਾਂ ਕਰੀਏ ਤਾਂ ਜੁ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਗੁਰੂ ਸਾਹਿਬ ਦੀ ਕੁਰਬਾਨੀ ਬਾਰੇ ਪੂਰੀ ਜਾਣਕਾਰੀ ਹੋਵੇ ਅਤੇ ਉਹ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਅਨਮੋਲ ਸਿੱਖਿਆ ਲੈ ਸਕਣ॥
ਮੈਂ ਇਥੇ ਇਹ ਵੀ ਕਹਿਣਾ ਚਾਹਾਂਗਾ ਕਿ ਅਸੀਂ ਪਾਵਨ ਮਾਤਾ ਗੁਜਰੀ ਜੀ ਨੂੰ ਸ਼ਹੀਦ ਮੰਨਦੇ ਹਾਂ ਅਤੇ ਮੰਨਣਾ ਵੀ ਚਾਹੀਦਾ ਹੈ, ਪਰ ਇਸੇ ਤਰ੍ਹਾਂ ਸਾਨੂੰ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਵੀ ਸ਼ਹੀਦ ਮੰਨਣਾ ਚਾਹੀਦਾ ਹੈ ਭਾਵੇਂ ਅਜਿਹਾ ਕਰਨ ਨਾਲ਼ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ॥” ਇਹ ਕਹਿ ਕੇ ਭਾਈ ਸਾਹਿਬ ਮਾਈਕ ਤੋਂ ਪਿੱਛੇ ਹਟ ਗਏ॥ਸਾਰੀ ਸੰਗਤ ਚੁੱਪ ਚਾਪ ਬੈਠੀ ਸੁਣ ਰਹੀ ਸੀ॥ ਉਹਨਾਂ ਤੇ ਜਿਵੇਂ ਵਿਸਮਾਦ ਛਾ ਗਿਆ ਹੋਵੇ॥ ਉਹਨਾਂ ਨੂੰ ਪਤਾ ਵੀ ਨਾਂ ਲੱਗਾ ਕਿ ਭਾਈ ਦਲੀਪ ਸਿੰਘ ਆਪਣਾ ਵਿਖਿਆਨ ਮੁਕਾ ਕੇ ਬੈਠ ਚੁੱਕੇ ਸਨ॥ ਉਹਨਾਂ ਦਾ ਧਿਆਨ ਉਦੋਂ ਮੁੜਿਆ ਜਦ ਭਾਈ ਕਸ਼ਮੀਰ ਸਿੰਘ ਨੇ ਮਾਈਕ ਤੇ ਆ ਕੇ ਬੋਲਣਾ ਸ਼ੁਰੂ ਕੀਤਾ:
“ਪਿਆਰੀ ਸਾਧ ਸੰਗਤ ਜੀ, ਅਸੀਂ ਸਾਰੇ ਕਿੰਨੇ ਵਡਭਾਗੀ ਹਾਂ ਕਿ ਭਾਈ ਦਲੀਪ ਸਿੰਘ ਜੀ ਵਰਗੇ ਉੱਚ ਕੋਟੀ ਦੇ ਵਿਦਵਾਨ ਅਤੇ ਉੱਚੇ ਸੁੱਚੇ ਜੀਵਨ ਵਾਲੇ ਮਹਾਂ ਪੁਰਖ ਸਾਨੂੰ ਗਿਆਨ ਦੇ ਛੱਟੇ ਮਾਰ ਕੇ ਜਗਾਉਣ ਵਾਲੇ ਸਾਡੇ ਕੋਲ਼ ਹਨ॥ ਅੱਜ ਗਿਆਨ ਦਾ ਜੋ ਚਾਨਣ ਸਾਨੂੰ ਇਹਨਾਂ ਨੇ ਬਖ਼ਸ਼ਿਆ ਹੈ ਉਹ ਨਿਰਾਲਾ ਹੀ ਹੈ, ਅਤੇ ਸ਼ਾਇਦ ਅਸੀਂ ਪਹਿਲੇ ਹੀ ਵਡਭਾਗੀ ਹਾਂ ਜਿਹਨਾਂ ਨੂੰ ਇਹ ਗਿਆਨ ਪ੍ਰਾਪਤ ਹੋਇਆ ਹੈ॥ਮੈਂ ਇਹਨਾਂ ਦਾ ਸਬਦਾਂ ਰਾਹੀਂ ਪੂਰਾ ਧੰਨਵਾਦ ਨਹੀਂ ਕਰ ਸਕਦਾ॥ ਜੇ ਤੁਸੀਂ ਭਾਈ ਸਾਹਿਬ ਦੇ ਇਸ ਵੀਚਾਰ ਨਾਲ਼ ਪੂਰੀ ਤਰ੍ਹਾਂ ਸਹਿਮਤ ਹੋ ਤਾਂ ਬੁਲੰਦ ਨਾਅਰਿਆਂ ਨਾਲ਼ ਆਪਣੀ ਸਹਿਮਤੀ ਪਰਗਟ ਕਰੋ॥ ਇਸ ਤੋਂ ਬਾਅਦ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ॥”ਇਹ ਕਹਿ ਕੇ ਭਾਈ ਕਸ਼ਮੀਰ ਸਿੰਘ ਪਿੱਛੇ ਹਟ ਗਏ॥
ਸੰਗਤ ਨੇ “ਧੰਨ ਸ਼ਹੀਦ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ” ਅਤੇ
“ਬੋਲੇ ਸੋ ਨਿਹਾਲ  ਸਤਿ ਸ੍ਰੀ ਅਕਾਲ” ਦੇ ਨਾਅਰਿਆਂ ਨਾਲ਼ ਧਰਤੀ ਹਿਲਾ ਦਿੱਤੀ॥ ਬਹੁਤ ਦੇਰ ਤੱਕ ਨਾਅਰਿਆਂ ਦੀ ਬੁਲੰਦ ਆਵਾਜ਼ ਆਸਮਾਨ ਵਿੱਚ ਗੂੰਜਦੀ ਰਹੀ॥ ਫ਼ਿਰ ਸਾਰੀ ਸੰਗਤ ਲੰਗਰ ਵੱਲ ਚੱਲ ਪਈ॥