Written by Dr. Devinder Singh Sekhon PhD Wednesday, 11 May 2016
USING MEHLA TO IDENTIFY GURU SAHIBAN
ਕੀ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀਆਂ ਪਾਵਨ ਰਚਨਾਵਾਂ ਨਾਲ਼ ਮਹਲੇ ਲਿਖਣਾ ਹਉਮੈਂ ਦਾ ਪ੍ਰਤੀਕ ਹੈ
ਕੁਝ ਦਿਨ ਹੋਏ ਇੱਕ ਪੁਰਾਣੇ ਸੱਜਣ ਨੇ ਇਹ ਸੁਆਲ ਕੀਤਾ ਕਿ ਭਾਵੇਂ ਸਾਰੇ ਗੁਰੂ ਸਾਹਿਬਾਨ ਨੇ ਆਪਣੀਆਂ ਰਚਨਾਵਾਂ ਵਿੱਚ “ਨਾਨਕ” ਨਾਮ ਹੀ ਵਰਤਿਆ ਹੈ, ਪਰ ਉਹਨਾਂ ਨੇ ਨਾਲ਼ ਮਹਲਾ ਲਿਖ ਕੇ ਆਪਣੀ ਨਿਜੀ ਸ਼ਨਾਖ਼ਤ ਦੇ ਦਿੱਤੀ ਹੈ॥ ਕੀ ਇਹ ਸ਼ਨਾਖਤ ਕਿਤੇ ਉਹਨਾਂ ਦੀ ਹਉਮੈਂ ਤਾਂ ਨਹੀਂ॥ ਮੈਨੂੰ ਇਹ ਪ੍ਰਸ਼ਨ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਮੇਰੇ ਵੀਰ ਨੇ ਇਹ ਸੋਚ ਵੀ ਕਿਵੇਂ ਲਿਆ॥ ਪਰ ਮੇਰਾ ਇਹ ਵੀ ਯਕੀਨ ਹੈ ਕਿ ਇਹ ਸੋਚ ਮੇਰੇ ਸੱਜਣ ਦੀ ਆਪਣੀ ਨਹੀਂ ਹੋ ਸਕਦੀ॥ ਜ਼ਰੂਰ ਕਿਸੇ ਹੋਰ ਨੇ ਅਜਿਹਾ ਵਿਚਾਰ ਉਹਨਾਂ ਦੇ ਮਨ ਵਿੱਚ ਪਾਇਆ ਹੋਵੇਗਾ॥ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਹਾਨ ਵਾਰਸਾਂ ਬਾਰੇ ਅਜਿਹਾ ਸੋਚਣਾ ਮੈਨੂੰ ਘੋਰ ਬੇਅਦਬ ਲੱਗਾ॥ ਮਨੁੱਖ ਨੂੰ ਪ੍ਰਮਾਤਮਾ ਤੋਂ ਦੂਰ ਰੱਖਣ ਵਾਲੀ ਸਭ ਤੋਂ ਵੱਡੀ ਬੀਮਾਰੀ ਤਾਂ ਹਉਮੈਂ ਹੀ ਹੈ॥ ਜਿਸ ਮਨੁੱਖ ਵਿੱਚ ਹਉਮੈਂ ਹੈ ਉਹ ਪ੍ਰਭੂ ਨਾਲ਼ ਇੱਕ-ਮਿੱਕ ਹੋ ਹੀ ਨਹੀਂ ਸਕਦਾ॥ ਸੋ ਅਜਿਹੀ ਨੀਵੀਂ ਸੋਚ ਸਾਡੇ ਅੰਦਰ ਸ਼ੱਕ ਦਾ ਇਹ ਬੀਜ ਬੀਜਦੀ ਹੈ ਕਿ ਗੁਰੂ ਸਾਹਿਬਾਨ ਪ੍ਰਭੂ ਨਾਲ਼ ਜੁੜੇ ਹੋਏ ਹੀ ਨਹੀਂ ਸਨ॥ ਮਹਾਨ ਗੁਰੂ ਸਾਹਿਬਾਨ ਬਾਰੇ ਅਜਿਹਾ ਸੋਚਣਾ ਕੀ ਇੱਕ ਸਿੱਖ ਲਈ ਵੱਡਾ ਪਾਪ ਨਹੀਂ? ਕਿਉਂਕਿ ਇਸ ਸੰਸਾਰ ਵਿੱਚ ਕੋਈ ਵੀ ਸੋਚ ਕਿਸੇ ਇਕੱਲੇ ਮਨੁੱਖ ਦੀ ਨਹੀਂ ਹੋ ਸਕਦੀ ਜ਼ਰੂਰੀ ਹੈ ਕਿ ਕੁਝ ਹੋਰ ਲੋਕ ਵੀ ਅਜਿਹਾ ਸੋਚ ਸਕਦੇ ਹਨ॥ ਸੋ ਇਸ ਸੁਆਲ ਦਾ ਉੱਤਰ ਦੇਣ ਲਈ ਮੈਂ ਇਹ ਜ਼ਰੂਰੀ ਸਮਝਿਆ ਕਿ ਕਿਉਂ ਨਾਂ ਇਸ ਦਾ ਉੱਤਰ ਦੇਣ ਲਈ ਇਸਨੂੰ ਇੱਕ ਲੇਖ ਦੇ ਰੂਪ ਵਿੱਚ ਲਿਖਿਆ ਜਾਵੇ ਤਾਂ ਜੁ ਦਿਲਚਸਪੀ ਰੱਖਣ ਵਾਲ਼ੇ ਕੁਝ ਹੋਰ ਪਾਠਕਾਂ ਨਾਲ਼ ਵੀ ਸਾਂਝਾ ਕੀਤਾ ਜਾ ਸਕੇ॥
ਹੳੇੁਮੈਂ ਕੀ ਹੈ ਅਤੇ ਇਸਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਹੈ
ਹਉਮੈਂ ਮਾਇਆ ਦਾ ਹੀ ਇੱਕ ਰੂਪ ਹੈ ਅਤੇ ਇਹ ਦੋ ਵੱਖ ਵੱਖ ਸ਼ਬਦਾਂ -ਹਉਂ ਅਤੇ ਮੈਂ- ਦੇ ਸੰਜੋਗ ਤੋਂ ਬਣਿਆ ਹੈ॥ ਹਉਂ ਦਾ ਭਾਵ ਵੀ ਮੈਂ ਹੀ ਹੈ, ਸੋ ਹਉਮੈਂ ਦਾ ਅਰਥ ਹੈ ਮੈਂ ਹੀ ਮੈਂ ਭਾਵ ਜਿੱਥੇ ਮੈਂ, ਮੈਂ ਹੀ ਪ੍ਰਧਾਨ ਹੋਵੇ॥ ਇਸ ਵਿੱਚ ਹੰਕਾਰ ਅਤੇ ਸੁਆਰਥ ਦੋਵੇਂ ਆ ਜਾਂਦੇ ਹਨ॥ ਗੁਰੂ ਗਰੰਥ ਸਾਹਿਬ ਅਨੁਸਾਰ ਮਨੁੱਖ ਦਾ ਰੱਬ ਤੋਂ ਦੂਰੀ ਦਾ ਕਾਰਨ ਮਨੁੱਖ ਦੀ ਹਉਮੈਂ ਹੀ ਹੈ॥ ਭਾਵੇਂ ਰੱਬ ਸਾਡੇ ਦਿਲਾਂ ਵਿੱਚ ਵੱਸਦਾ ਹੈ, ਪਰ ਹਉਮੈਂ ਕਰਕੇ ਅਸੀਂ ਉਸ ਨੂੰ ਬਹੁਤ ਦੂਰ ਵੱਸਦਾ ਸਮਝਦੇ ਹਾਂ ਅਤੇ ਸਾਡਾ ਉਸ ਨਾਲ਼ ਕਦੇ ਮਿਲਾਪ ਨਹੀਂ ਹੋ ਸਕਦਾ॥ ਜਦ ਅਸੀਂ ਕਿਸੇ ਕਿਸੇ ਦੂਸਰੇ ਮਨੁੱਖ ਵਿੱਚ ਕੋਈ ਨੁਕਸ ਜਾਂ ਊਣਤਾਈ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਡਾ ਆਪਣਾ ਹੰਕਾਰ ਜਾਂ ਹਉਮੈਂ ਹੀ ਹੈ ਕਿ ਵੇਖੋ ਫ਼ਲਾਣੇ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਹੈ ਪਰ ਉਸ ਵਿੱਚ ਵੀ ਨੁਕਸ ਹਨ॥ ਸੋ ਇਸ ਸੁਆਲ ਵਿੱਚ ਵੀ ਹਉਮੈਂ ਹੈ ਜਿਸ ਨੂੰ ਮਨੁੱਖ ਸਮਝਦਾ ਨਹੀਂ ॥ ਆੳੇੁ ਪਾਵਨ ਗੁਰਬਾਣੀ ਵਿੱਚੋਂ ਹਉਮੈਂ ਬਾਰੇ ਕੁਝ ਪਾਵਨ ਸ਼ਬਦ ਸਾਂਝੇ ਕਰੀਏ॥
ਸਲੋਕ ਮ:1 (1092-3)॥ ਹਉਮੈ ਕਰੀ ਤ ਤੂ ਨਾਹੀ ਤੂ ਹੋਵਹਿ ਹਉ ਨਾਹਿ॥ ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ॥ -------
ਅਰਥ: ਹੇ ਗਿਆਨਵਾਨ ਮਨੁੱਖ! ਜਿਸ ਅਕਾਲਪੁਰਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਬਾਰੇ ਇਹ ਸੱਚਾਈ ਚੰਗੀ ਤਰ੍ਹਾਂ ਸਮਝ ਕਿ ਜਿਸ ਹਿਰਦੇ ਵਿੱਚ ਹਉਮੈ ਦਾ ਨਿਵਾਸ ਹੈ ਉਥੇ ਵਾਹਿਗੁਰੂ ਕਦੇ ਪਰਗਟ ਨਹੀਂ ਹੋ ਸਕਦਾ ਅਤੇ ਜਿੱਥੇ ਵਾਹਿਗੁਰੂ ਦਾ ਪ੍ਰਕਾਸ਼ ਹੈ ਉਥੇ ਹਉਮੈ ਨਹੀਂ ਹੋ ਸਕਦੀ॥ ----
ਵਡਹੰਸੁ ਮ:3 (560)॥ ਹਉਮੈ ਨਾਵੈ ਨਾਲਿ ਵਿਰੋਧ ਹੈ ਦੁਇ ਨ ਵਸਹਿ ਇਕ ਠਾਇ॥ ----- ਹੁਕਮੁ ਮੰਨਹਿ ਤਾ ਹਰਿ ਮਿਲੈ ਵਿਚਹੁ ਹਉਮੈ ਤਾ ਵਿਚਹੁ ਹਉਮੈ ਜਾਇ॥ -----
ਅਰਥ: ਹੇ ਭਾਈ! ਹਉਮੈ ਦਾ ਪ੍ਰਭੂ ਨਾਮ ਨਾਲ਼ ਵਿਰੋਧ ਹੈ ਇਹ ਦੋਵੇਂ ਇੱਕੋ ਹਿਰਦੇ ਵਿੱਚ ਇਕੱਠੇ ਨਹੀਂ ਵੱਸ ਸਕਦੇ ਭਾਵ ਜਿਸ ਹਿਰਦੇ ਵਿੱਚ ਹਉਮੈਂ ਹੈ ਉਥੇ ਵਾਹਿਗੁਰੂ ਦਾ ਨਿਵਾਸ ਨਹੀਂ ਹੋ ਸਕਦਾ॥ ------ ਹਾਂ ਜਦੋਂ ਮਨੁੱਖ ਵਾਹਿਗੁਰੂ ਦਾ ਹੁਕਮ (ਭਾਣਾ) ਮੰਨਦਾ ਹੈ ਤਾਂ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ॥
ਮਲਾਰ ਮ:4 (1262)॥ ਅਨਦਿਨੁ ਹਰਿ ਹਰਿ ਧਿਆਇਉ ਹਿਰਦੈ ਸਤਿਗੁਰ ਮਤਿ ਦੂਖ ਵਿਸਾਰੀ॥ ------ ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥
ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਮਤਿ ਨੂੰ ਹਿਰਦੇ ਵਿੱਚ ਵਸਾ ਕੇ ਸਦਾ ਵਾਹਿਗੁਰੂ ਦਾ ਨਾਮ ਧਿਆਇਆ ਹੈ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ॥ ------ ਪਰ ਭਾਵੇਂ ਹਰ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੈ ਪ੍ਰਭੂ ਮਿਲਾਪ ਵਿੱਚ ਹਉਮੈ ਦੀ ਸ਼ਕਤੀਸ਼ਾਲੀ ਕੰਧ ਹੈ॥ ਭਾਵ ਜਿੰਨਾ ਚਿਰ ਮਨੁੱਖੀ ਹਿਰਦੇ ਵਿੱਚ ਹਉਮੈਂ ਵੱਸਦੀ ਹੈ ਉਸਦਾ ਕਦੇ ਵੀ ਪ੍ਰਭੂ ਨਾਲ਼ ਮਿਲਾਪ ਨਹੀਂ ਹੋ ਸਕਦਾ॥
ਸਲੋਕ ਮ:3 (594)॥ ਸਤਿਗੁਰ ਨੂੰ ਸਭ ਕੋਈ ਵੇਖਦਾ ਜੇਤਾ ਜਗਤ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥
ਅਰਥ: ਹੇ ਭਾਈ! ਉਂਞ ਅੱਖਾਂ ਨਾਲ਼ ਤਾ ਸਾਰਾ ਜਗਤ ਗੁਰੂ ਦੇ ਦਰਸ਼ਨ ਕਰਦਾ ਹੈ ਪਰ ਉਨਾਂ ਚਿਰ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਜਿੰਨਾ ਚਿਰ ਜਿੰਨਾ ਚਿਰ ਤੁਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਨਹੀਂ ਟਿਕਾਉਂਦੇ॥ ਨਾਲ਼ ਹੀ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਮਨੁੱਖ ਦੀ ਹਉਮੈਂ ਦੀ ਮੈਲ਼ ਨਹੀਂ ਉੱਤਰਦੀ ਅਤੇ ਵਾਹਿਗੁਰੂ ਨਾਮ ਨਾਲ਼ ਪਿਆਰ ਨਹੀਂ ਬਣਦਾ॥
ਹਉਮੈਂ ਦਾ ਰੋਗ ਲਾਉਂਦਾ ਵੀ ਪ੍ਰਭੂ ਆਪ ਹੀ ਹੈ
ਉੱਪਰ ਦਿੱਤੇ ਕੁਝ ਕੁ ਪਾਵਨ ਸ਼ਬਦਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਜਿੰਨਾ ਚਿਰ ਮਨੁੱਖ ਦੀ ਹਉਮੈਂ ਦੂਰ ਨਹੀਂ ਹੁੰਦੀ ਉਨਾਂ ਚਿਰ ਉਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਸੰਭਵ ਨਹੀਂ ਅਤੇ ਜਦੋਂ ਮਨੁੱਖੀ ਹਿਰਦੇ ਵਿੱਚ ਵਾਹਿਗੁਰੂ ਜੀ ਪਰਗਟ ਹੋ ਜਾਂਦੇ ਹਨ ਉਦੋਂ ਉਸਦੀ ਹਉਮੈਂ ਦਾ ਵੀ ਨਾਸ ਹੋ ਜਾਂਦਾ ਹੈ॥ ਹੁਣ ਅਸੀਂ ਥੋੜ੍ਹੇ ਜਿਹੇ ਹੀ ਸ਼ਬਦ ਵੀਚਾਰਾਂਗੇ ਜਿਹਨਾਂ ਨਾਲ਼ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਹਉਮੈਂ ਦਾ ਰੋਗ ਵੀ ਪ੍ਰਭੂ ਆਪ ਹੀ ਲਾਉਂਦੇ ਹਨ॥
ਮਾਝ ਕੀ ਵਾਰ ਮ:1, ਪਉੜੀ (139)॥ ਸਦਾ ਸਦਾ ਤੂ ਏਕ ਹੈ ਤੁਧੁ ਦੂਜਾ ਖੇਲ ਰਚਾਇਆ॥ ਹਉਮੈ ਗਰਬੁ ਉਪਾਇਕੈ ਲੋਭੁ ਅੰਤਰਿ ਜੰਤਾ ਪਾਇਆ॥ ----- ॥3॥
ਅਰਥ: ਹੇ ਪ੍ਰਭੂ! ਤੂੰ ਸਦਾ ਹੀ ਕਾਇਮ ਰਹਿਣ ਵਾਲ਼ਾ ਹੈਂ ਪਰ ਤੂੰ ਨਾਲ਼ ਹੀ ਮਾਇਆ ਦੀ ਦੂਜੀ ਖੇਡ ਵੀ ਵਰਤਾ ਦਿੱਤੀ ਹੈ ਅਤੇ ਜੀਆਂ ਅੰਦਰ ਹਉਮੈਂ, ਹੰਕਾਰ ਅਤੇ ਲੋਭ ਪੈਦਾ ਕਰ ਦਿੱਤਾ ਹੈ॥ -----
ਮਾਰੂ ਕੀ ਵਾਰ ਮ:5, ਪਉੜੀ (1096)॥ ਤੁਧ ਜਗ ਮਹਿ ਖੇਲ ਰਚਾਇਆ ਵਿਚਿ ਹਉਮੈ ਪਾਈਆ॥ ਇਕ ਮੰਦਰ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ॥ -------॥6॥
ਅਰਥ: ਹੇ ਪ੍ਰਭੂ! ਤੂੰ ਜੀਆਂ ਵਿੱਚ ਹਉਮੈ ਪੈਦਾ ਕਰਕੇ ਇੱਕ ਖੇਡ ਰਚ ਦਿੱਤੀ ਹੈ ਅਤੇ ਇਸ ਸਰੀਰ-ਰੂਪੀ ਮਹਲ ਵਿੱਚ ਪੰਜ ਚੋਰ (ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ) ਪੈਦਾ ਕਰ ਦਿੱਤੇ ਹਨ ਜਿਹੜੇ ਸਦਾ ਬੁਰੇ ਕੰਮ ਹੀ ਕਰਦੇ (ਜਾਂ ਸੋਚਦੇ) ਰਹਿੰਦੇ ਹਨ॥ ------
ਗਉੜੀ ਕਬੀਰ ਜੀ (329)॥ ਆਪੇ ਪਾਵਕੁ ਆਪੇ ਪਵਨਾ॥ ਜਾਰੇ ਖਸਮੁ ਤਾ ਰਾਖੈ ਕਵਨਾ॥ ਰਾਮ ਜਪਤੁ ਤਨ ਤਨੁ ਜਰਿ ਕੀ ਨ ਜਾਇ॥ ਰਾਮ ਨਾਮ ਚਿਤ ਰਹਿਆ ਸਮਾਇ॥ ----
ਅਰਥ: ਹੇ ਭਾਈ! ਪ੍ਰਭੂ ਨੇ ਆਪ ਹੀ ਜੀਆਂ ਵਿੱਚ ਤ੍ਰਿਸ਼ਨਾ ਦੀ ਅੱਗ (ਹਉਮੈ) ਪੈਦਾ ਕਰ ਦਿੱਤੀ ਹੈ ਅਤੇ ਆਪ ਹੀ ਹਵਾ ਦੇ ਕੇ ਇਸ ਭਾਂਬੜ ਨੂੰ ਹੋਰ ਵੀ ਮਚਾਉਂਦਾ ਹੈ॥ ਜੇ ਮਾਲਕ ਆਪ ਹੀ ਮਨੁੱਖ ਨੂੰ ਤ੍ਰਿਸ਼ਨਾਂ ਦੀ ਅੱਗ ਵਿੱਚ ਸਾੜਦਾ ਹੈ ਤਾਂ ਉਸ ਦਾ ਬਚਾਅ ਕਿਵੇਂ ਹੋ ਸਕਦਾ ਹੈ? ਹੇ ਭਾਈ! (ਇਸ ਦਾ ਇਲਾਜ ਇੱਕ ਹੀ ਹੈ ਕਿ ਪ੍ਰਭੂ ਦਾ ਨਾਮ ਜਪੋ) ਬੇਸ਼ੱਕ ਮੇਰਾ ਤਨ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ, ਮੈਂ ਤਾਂ ਪ੍ਰਭੂ ਦਾ ਨਾਮ ਹੀ ਆਪਣੇ ਹਿਰਦੇ ਵਿੱਚ ਵਸਾ ਰੱਖਿਆ ਹੈ ਅਤੇ ਉਸਦੇ ਨਾਮ ਦਾ ਹੀ ਜਾਪ ਕਰਦਾ ਰਹਾਂਗਾ (ਕਿਉਂਕਿ ਇਸ ਅੱਗ ਤੋਂ ਬਚਣ ਦੀ ਕੇਵਲ ਇਹੋ ਹੀ ਇੱਕ ਵਿਧੀ ਹੈ)॥
ਭਾਵੇਂ ਅਜਿਹੇ ਅਨੇਕਾਂ ਸ਼ਬਦ ਹਨ ਪਰ ਇਹਨਾਂ ਕੁਝ ਕੁ ਪਾਵਨ ਸ਼ਬਦਾਂ ਤੋਂ ਹੀ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਵੇਂ ਹਉਮੈਂ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਪਰ ਜਿੰਨਾ ਚਿਰ ਮਨੁੱਖ ਦੇ ਹਿਰਦੇ ਵਿੱਚ ਹਉਮੈਂ ਟਿਕੀ ਹੈ ਉਨਾਂ ਚਿਰ ਉਸ ਦਾ ਪ੍ਰਭੂ ਨਾਲ਼ ਮਿਲਾਪ ਸੰਭਵ ਨਹੀਂ ਅਤੇ ਇਸ ਦੇ ਉਲਟ ਜਦੋਂ ਮਨੁੱਖ ਦਾ ਪ੍ਰਭੂ ਨਾਲ਼ ਮਿਲਾਪ ਹੋ ਜਾਂਦਾ ਹੈ ਤਾਂ ਉਸਦੀ ਹਉਮੈਂ ਕਾਫ਼ੂਰ ਹੋ ਜਾਂਦੀ ਹੈ ਭਾਵ ਉੱਡ ਜਾਂਦੀ ਹੈ॥
ਸੋ ਜੇਕਰ ਅਸੀਂ ਇਹ ਸੋਚੀਏ ਕਿ ਅਪਣੀਆਂ ਰਚਨਾਵਾਂ ਨਾਲ਼ ਮਹਲਾ ਲਿਖਣਾ ਗੁਰੂ ਸਾਹਿਬਾਨ ਦੀ ਹਉਮੈਂ ਦਾ ਪ੍ਰਤੀਕ ਹੈ ਤਾਂ ਅਸੀਂ ਇਸ ਤੋਂ ਵੱਡੀ ਹੋਰ ਕਿਹੜੀ ਅਸ਼ਰਧਕ ਗੱਲ ਸੋਚ ਸਕਦੇ ਹਾਂ ਅਤੇ ਸਾਡੇ ਵਰਗਾ ਪਾਪੀ ਹੋਰ ਕੌਣ ਹੋ ਸਕਦਾ ਹੈ ਕਿਉਂਕਿ ਅਜਿਹਾ ਸੋਚਕੇ ਅਸੀਂ ਇਹ ਕਹਿ ਰਹੇ ਹਾਂ ਕਿ ਗੁਰੂ ਸਾਹਿਬਾਨ ਦਾ ਪ੍ਰਭੂ ਨਾਲ਼ ਕੋਈ ਮਿਲਾਪ ਨਹੀਂ ਸੀ ਕਿਉਂਕਿ ਜਿਵੇਂ ਅਸੀਂ ਕੁਝ ਕੁ ਪਾਵਨ ਸ਼ਬਦਾਂ ਦੇ ਪ੍ਰਕਾਸ਼ ਵਿੱਚ ਇਹ ਵੀਚਾਰ ਕਰ ਚੁੱਕੇ ਹਾਂ ਕਿ ਜਿਸ ਹਿਰਦੇ ਵਿੱਚ ਹਉਮੈਂ ਹੈ ਉਥੇ ਵਾਹਿਗੁਰੂ ਦਾ ਪ੍ਰਕਾਸ਼ ਨਹੀਂ ਹੋ ਸਕਦਾ॥ ਸੋ, ਜੇਕਰ ਅਸੀਂ ਪ੍ਰਮਾਤਮਾ-ਰੂਪ ਗੁਰੂ ਸਾਹਿਬਾਨ ਤੇ ਹਉਮੈਂ ਦਾ ਦੋਸ਼ ਲਾਉਂਦੇ ਹਾਂ ਤਾਂ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਗੁਰੂ ਸਾਹਿਬਾਨ ਪ੍ਰਭੂ ਨਾਲ਼ ਅਭੇਦ ਨਹੀਂ ਸਨ ਜਿਹੜਾ ਕਿ ਗੁਰਮਤਿ ਦੇ ਮੁੱਢਲੇ ਸਿਧਾਂਤ ਅਥਵਾ ਵਿਸ਼ਵਾਸ ਤੇ ਹੀ ਵੱਡੀ ਚੋਟ ਹੈ॥ ਅਸਲ ਵਿੱਚ ਸਾਡੀ ਅਜਿਹੀ ਸੋਚ ਸਾਡੀ ਹੀ ਹਉਮੈਂ ਹੈ ਕਿ ਅਸੀਂ ਇੰਨੇ ਸਮਝਦਾਰ ਜਾਂ ਗਿਆਨਵਾਨ ਹਾਂ ਕਿ ਅਸੀਂ ਪ੍ਰਭੂ-ਰੂਪ ਗੁਰੂ ਸਾਹਿਬਾਨ ਤੇ ਵੀ ਦੋਸ਼ ਲਾ ਸਕਦੇ ਹਾਂ॥ ਅਜਿਹਾ ਦੋਸ਼ ਤਾਂ ਅਸੀਂ ਪ੍ਰਭੂ ਤੇ ਵੀ ਲਾ ਸਕਦੇ ਹਾਂ ਜਿਸਦਾ ਇਹ ਅਟੱਲ ਨਿਯਮ ਹੈ ਕਿ ਉਸ ਦੀ ਭਗਤੀ ਤੋਂ ਬਿਨਾਂ ਸਾਨੂੰ ਮੁਕਤੀ ਨਹੀਂ ਮਿਲ਼ ਸਕਦੀ॥ ਇਹ ਮਨੁੱਖ ਦਾ ਸ਼ੈਤਾਨੀ ਮਨ ਹੀ ਹੈ ਜੁ ਉਸਨੂੰ ਸਦਾ ਪੁੱਠੇ ਪਾਸੇ ਸੋਚਣ ਲਈ ਹੀ ਪ੍ਰੇਰਦਾ ਹੈ॥
ਫ਼ਿਰ ਆਪਣੀਆਂ ਰਚਨਾਵਾਂ ਨਾਲ਼ “ਮਹਲਾ” ਸ਼ਬਦ ਕਿਉਂ ਵਰਤਿਆ ਗਿਆ
ਅਸੀਂ ਹੁਣ ਤੱਕ ਇਹ ਤਾਂ ਵੀਚਾਰ ਕਰ ਚੁੱਕੇ ਹਾਂ ਕਿ ਗੁਰੂ ਸਾਹਿਬਾਨ ਨਾਲ਼ ਹਉਮੈ ਜੋੜਨਾ ਘੋਰ ਪਾਪ ਹੈ, ਪਰ ਇਹ ਵੀਚਾਰ ਇਹਨਾਂ ਜਗਿਆਸੂਆਂ ਦੇ ਸੁਆਲ ਦਾ ਪੂਰਾ ਉੱਤਰ ਵੀ ਨਹੀਂ ਹੈ॥ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀ ਸ਼ੰਕਾ ਵੀ ਦੂਰ ਕਰੀਏ॥ ਜਿਵੇਂ ਅਸੀਂ ਅੱਗੇ ਵੀਚਾਰ ਕਰਾਂਗੇ ਕਿ ਨਾਂ ਕੇਵਲ “ਮਹਲਾ” ਸ਼ਬਦ ਦੀ ਵਰਤੋਂ ਦਾ ਹਉਮੈਂ ਨਾਲ਼ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਸਗੋਂ ਵੱਖ ਵੱਖ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਨਾਲ਼ ਗੁਰੂ ਵਿਅੱਕਤੀ ਦੀ ਸ਼ਨਾਖਤ ਵੀ ਜ਼ਰੂਰੀ ਸੀ ਜਿਸੇ ਦੇ ਕਈ ਕਾਰਨ ਹਨ॥
1. ਅਧਿਆਤਮਿਕ ਪੱਧਰ ਵਿੱਚ ਸਿਖਰ ਦੀ ਉੱਨਤੀ:
ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਅਗਲੇ ਗੁਰ ਵਿਅੱਕਤੀ ਸਾਧਾਰਣ ਜੀਵਨ ਹੀ ਬਤੀਤ ਕਰ ਰਹੇ ਸਨ॥ ਗੁਰੂ ਅੰਗਦ ਦੇਵ ਜੀ ਤਾਂ ਪਹਿਲਾਂ ਵੈਸ਼ਨੋ ਦੇਵੀ ਦੇ ਬਹੁਤ ਸ਼ਰਧਾਲੂ ਸਨ ਅਤੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਬਾਬਾ ਅਮਰ ਦਾਸ ਜੀ ਵੀਹ ਸਾਲ ਲਈ ਲਗਾਤਾਰ ਹਰ ਸਾਲ ਗੰਗਾ ਇਸ਼ਨਾਨ ਲਈ ਜਾਂਦੇ ਰਹੇ ਸਨ॥ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਭਾਈ ਜੇਠਾ ਜੀ (ਪਿੱਛੋਂ ਗੁਰੂ ਰਾਮਦਾਸ ਜੀ) ਇੱਕ ਯਤੀਮ ਬਾਲਕ ਸਨ ਅਤੇ ਗੋਇੰਦਵਾਲ਼ ਵਿਖੇ ਘੁੰਗਣੀਆਂ ਵੇਚਦੇ ਰਹੇ ਸਨ॥ ਜਦੋਂ ਗੁਰੂ ਅੰਗਦ ਦੇਵ ਜੀ ਤੋਂ ਪਿੱਛੋਂ 73 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਗੁਰ ਨਾਨਕ ਦੀ ਗੱਦੀ ਦੇ ਵਾਰਸ ਬਣੇ ਤਾਂ ਉਹਨਾਂ ਨੇ ਅਜਿਹੇ ਪੱਧਰ ਦੀ ਗੁਰਬਾਣੀ ਰਚੀ ਕਿ ਅਕਲ ਹੈਰਾਨ ਰਹਿ ਜਾਂਦੀ ਹੈ॥ ਜੇਕਰ ਉਹਨਾਂ ਦੀਆਂ ਰਚਨਾਵਾਂ ਨਾਲ਼ ਮਹਲਾ ਤੀਜਾ ਨਾਂ ਲਿਖਿਆ ਹੁੰਦਾ ਤਾਂ ਉਹਨਾਂ ਦੇ ਇਸ ਉੱਚੇ ਅਧਿਆਤਮਿਕ ਪੱਧਰ ਦਾ ਪਤਾ ਕਿਵੇਂ ਲਗਦਾ ਜਿਹੜਾ ਉਹਨਾਂ ਨੂੰ ਕੇਵਲ ਗੁਰੂ ਅੰਗਦ ਦੇਵ ਜੀ (ਅਤੇ ਗੁਰੂ ਨਾਨਕ ਦੇਵ ਜੀ ) ਦੀ ਸ਼ਰਨ ਵਿੱਚ ਆਉਣ ਕਰਕੇ ਪ੍ਰਾਪਤ ਹੋਇਆ ਸੀ॥ ਜਿਵੇਂ ਰਾਮਕਲੀ ਦੀ ਵਾਰ ਵਿੱਚ ਗੁਰੂ ਅਮਰ ਦਾਸ ਜੀ ਬਾਰੇ ਸੱਤਾ ਅਤੇ ਬਲਵੰਡ ਲਿਖਦੇ ਹਨ:
ਰਾਮਕਲੀ ਦੀ ਵਾਰ (967)॥ ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥ ------ ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ॥ ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥ ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ॥ ਕਿਆ ਸਾਲਾਹੀ ਸਚੇ ਪਾਤਿਸਾਹ ਜਾ ਤੂ ਸੁਘੜੁ ਸੁਜਾਣੁ॥ -----
ਅਰਥ: ਹੇ ਭਾਈ! (ਪੋਤ੍ਰਾ) ਗੁਰੂ ਅਮਰਦਾਸ ਵੀ ਆਪਣੇ ਪਿਤਾ (ਗੁਰੂ ਅੰਗਦ ਦੇਵ ਜੀ) ਅਤੇ ਆਪਣੇ ਦਾਦਾ ਜੀ (ਗੁਰੂ ਨਾਨਕ ਦੇਵ ਜੀ) ਤੁਲ ਹੀ ਮੰਨਿਆ ਪ੍ਰਮੰਨਿਆ ਹੈ ਕਿਉਂਕਿ ਉਹਨਾ ਦੇ ਮੱਥੇ ਦਾ ਨੂਰ (ਟਿੱਕਾ) ਵੀ ਆਪਣੇ ਪਿਤਾ ਅਤੇ ਦਾਦੇ ਵਰਗਾ ਹੈ ਅਤੇ ਉਹਨਾਂ ਦਾ ਤਖਤ ਅਤੇ ਦਰਬਾਰ ਵੀ ਉਹੀ ਹੈ॥ ----- ਉਹ ਸੁਜਾਣ ਪੁਰਖ (ਅਕਾਲਪੁਰਖ) ਆਪ ਹੀ ਗੁਰੂ ਅਮਰਦਾਸ ਜੀ ਦਾ ਅਵਤਾਰ ਧਾਰ ਕੇ ਸੰਸਾਰ ਵਿੱਚ ਆਇਆ ਹੈ॥ ਗੁਰੂ ਅਮਰਦਾਸ ਜੀ ਉਹ ਸੁਮੇਰ ਪਰਬਤ ਹੈ ਜਿਹੜਾ ਕਿਸੇ ਵੀ ਵਿਕਾਰ ਜਾਂ ਸੰਸਾਰੀ ਮੁਸੀਬਤ ਦੇ ਝੱਖੜ ਅੱਗੇ ਨਹੀਂ ਡੋਲਿਆ॥ ਹੇ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ, ਮੈਂ (ਨਾ ਚੀਜ਼) ਤੇਰੀ ਕੀ ਸਿਫ਼ਤ ਕਰ ਸਕਦਾ ਹਾਂ ਕਿਉਂਕਿ ਤੂੰ ਤਾਂ ਸੁਹਣੀ ਘਾੜਤ ਵਾਲ਼ਾ ਸੂਝਵਾਨ ਮਹਾਨ ਆਤਮਾ ਹੈਂ ਅਤੇ ਦਿਲਾਂ ਦੇ ਸਾਰੇ ਭੇਦ ਜਾਣਦਾ ਹੈ॥------
ਜੇਕਰ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਦਾ ਨਾਲ਼ ਮਹਲਾ ਤੀਜਾ ਨਾਂ ਲਿਖਿਆ ਹੁੰਦਾ ਤਾਂ ਸਾਨੂੰ ਉਹਨਾਂ ਦੀਆਂ ਰਚਨਾਵਾਂ ਵਿੱਚ ਉੱਚੀਆਂ ਆਤਮਿਕ ਉਡਾਰੀਆਂ ਬਾਰੇ ਕੁਝ ਗਿਆਨ ਨਾਂ ਹੁੰਦਾ॥ ਬਹੁਤ ਛੋਟੀ ਉਮਰੇ ਹੀ ਯਤੀਮ ਹੋ ਜਾਣ ਕਾਰਨ ਗੁਰੂ ਰਾਮਦਾਸ ਜੀ ਕੋਈ ਬਹੁਤੀ ਉੱਚੀ ਵਿਉਹਾਰਕ ਵਿੱਦਿਆ ਨਹੀਂ ਪ੍ਰਾਪਤ ਕਰ ਸਕੇ ਸਨ॥ ਪਰ ਜਦ ਉਹ ਗੁਰ ਗੱਦੀ ਤੇ ਬੈਠੇ ਤਾਂ ਮਨੁੱਖੀ ਅਕਲ ਹੈਰਾਨ ਰਹਿ ਜਾਂਦੀ ਹੈ ਕਿ ਉਹਨਾਂ ਨੇ 30 ਰਾਗਾਂ ਵਿੱਚ ਬਾਣੀ ਰਚੀ ਜਿਹਨਾਂ ਵਿੱਚੋਂ ਭਗਤਾਂ ਨੇ ਕੇਵਲ 22 ਰਾਗ ਵਰਤੇ ਸਨ ਅਤੇ ਗੁਰੂ ਨਾਨਕ ਸਾਹਿਬ ਨੇ 19॥ ਰਾਗਾਂ ਦੀ ਇੰਨੀ ਸੂਝ ਗੁਰੂ ਰਾਮਦਾਸ ਨੇ ਕਿਸ ਸਕੂਲ ਤੋਂ ਪ੍ਰਾਪਤ ਕੀਤੀ॥ ਕੇਵਲ ਰਾਗ ਹੀ ਨਹੀਂ ਗੁਰੂ ਸਾਹਿਬ ਨੂੰ ਸਗੋਂ ਉਹਨਾਂ ਦੀਆਂ ਕਈ ਕਈ ਰਾਗਣੀਆਂ ਅਤੇ ਘਰਾਂ ਦੀ ਵੀ ਹੈਰਾਨੀਜਨਕ ਸੂਝ ਸੀ॥ ਇਸ ਅਦਭੁਤ ਗਿਆਨ ਦਾ ਵੀ ਸਾਰਾ ਸਨਮਾਨ ਗੁਰੂ ਨਾਨਕ ਪਾਤਸ਼ਾਹ ਦੀ ਰੂਹਾਨੀਅਤ ਦੀ ਗੱਦੀ ਨੂੰ ਹੀ ਜਾਂਦਾ ਹੈ॥ ਕੀ ਮਹਲੇ ਦੀ ਵਰਤੋਂ ਕਰਕੇ ਗੁਰੂ ਰਾਮਦਾਸ ਜੀ ਦੀ ਹਉਮੈਂ ਉੱਭਰਦੀ ਹੈ ਜਾਂ ਕਿ ਉਹਨਾਂ ਦਾ ਗੁਰੂ ਨਾਨਕ ਸਾਹਿਬ ਪ੍ਰਤੀ ਸਤਿਕਾਰ ਠਾਠਾਂ ਮਾਰ ਰਿਹਾ ਹੈ ਜਿਹਨਾਂ ਦੀ ਮਿਹਰ ਸਦਕਾ ਉਹਨਾਂ ਨੇ ਇੰਨਾ ਕਮਾਲ ਵਿਖਾਇਆ? ਸਤਿਗੁਰੂ ਜੀ ਤਾਂ ਆਪ ਆਪਣੀ ਗਰੀਬੀ ਬਾਰੇ ਅਤੇ ਗੁਰੂ ਅਮਰਦਾਸ ਜੀ (ਜਾਂ ਗੁਰ ਨਾਨਕ ਪਾਤਸ਼ਾਹ ਦੀ ਰੂਹਾਨੀਅਤ ਗੱਦੀ) ਦੀ ਵਡਿਆਈ ਵਿੱਚ ਆਪਣੇ ਕਰ ਕਮਲਾਂ ਨਾਲ਼ ਇਉਂ ਲਿਖਦੇ ਹਨ॥ ਇਥੋਂ ਤੱਕ ਕਿ ਆਪਣੇ ਆਪ ਨੁੰ ਅਪਰਾਧੀ ਲਿਖਦੇ ਹਨ॥
ਗਉੜੀ ਮ:4 (167)॥ ------- ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹਿ ਤਬ ਬਿਸਮੁ ਹੋਇ ਜਾਇ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ॥ ਤੂੰ ਗੁਰੁ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥3॥ ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥4॥5॥11॥
ਅਰਥ: ਇਸ ਪਾਵਨ ਸ਼ਬਦ ਦੇ ਅਰਥ ਬਹੁਤ ਸਪੱਸ਼ਟ ਹਨ, ਬਹੁਤੇ ਵਿਖਿਆਨ ਦੀ ਲੋੜ ਨਹੀਂ॥
ਇਸ ਪਾਵਨ ਸ਼ਬਦ ਨਾਲ਼ ਲਿਖੇ ਮਹਲੇ ਚੌਥੇ ਤੋਂ ਪਤਾ ਲਗ ਜਾਂਦਾ ਹੈ ਕਿ ਇਹ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹੈ ਨਹੀਂ ਤਾਂ ਸਾਨੂੰ ਗਿਆਨ-ਵਿਹੂਣਿਆਂ ਨੂੰ ਇਹ ਸਮਝ ਨਹੀਂ ਸੀ ਆਉਣੀ ਅਤੇ ਸ਼ਾਇਦ ਇਹ ਸਮਝ ਲੈਂਦੇ ਕਿ ਗੁਰੂ ਨਾਨਕ ਸਾਹਿਬ ਦਾ ਵੀ ਕੋਈ ਦੇਹਧਾਰੀ ਗੁਰੂ ਸੀ ਜਿਸ ਦੀ ਵਡਿਆਈ ਵਿੱਚ ਉਹਨਾਂ ਨੇ ਇਹ ਸ਼ਬਦ ਰਚਿਆ ਹੋਵੇਗਾ॥ “ਮਹਲੇ” ਦੀ ਗ਼ੈਰ ਹਾਜ਼ਰੀ ਵਿੱਚ ਸਾਡੀ ਅਜਿਹੀ ਸੋਚ ਕਿੰਨੀ ਘਟੀਆ ਅਤੇ ਗੁੰਮਰਾਹ ਕਰਨ ਵਾਲ਼ੀ ਹੋ ਸਕਦੀ ਸੀ!! ਇਸ ਸ਼ਬਦ ਤੋਂ ਇਹ ਵੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਰਾਮਦਾਸ ਜੀ ਕਿੰਨੇ ਨਿਰਮਾਣ ਸਨ॥ ਅਜਿਹੇ ਨਿਮਾਣ ਅਤੇ ਮਹਾਨ ਸਤਿਗੁਰੂ ਵਿੱਚ ਹਉਮੈਂ ਦੀ ਲੇਸ ਕਿਵੇਂ ਹੋ ਸਕਦੀ ਹੈ? ਂ
2. ਗੁਰੂ ਨਾਨਕ ਪਾਤਸ਼ਾਹ ਪ੍ਰਤੀ ਸ਼ਰਧਾ॥
ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜੁਨ ਦੇਵ ਜੀ ਨੇ ਬਹੁਤ ਸਾਰੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਵਿੱਚ ਲਿਖੇ ਹਨ ਜੋ ਪਾਵਨ ਗੁਰੂ ਗਰੰਥ ਸਾਹਿਬ ਵਿੱਚ ਸਸ਼ੋਭਤ ਹਨ॥ ਵੰਨਗੀ ਵਜੋਂ ਕੁਝ ਕੁ ਹੇਠਾਂ ਦਿੱਤੇ ਜਾਂਦੇ ਹਨ॥
ਆਸਾ ਮ:4 ਛੰਤ (452)॥ ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ॥ ਪਿਰ ਬਾਝੜਿਅਹੁ ਮੇਰੇ ਪਿਆਰੇ ਆਗਣਿ ਧੂੜਿ ਲੁਤੇ॥ ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ॥ ਗੁਰੁ ਨਾਨਕੁ ਦੇਖਿ ਬਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ॥
ਅਰਥ: ਹੇ ਭਾਈ ਚੇਤ ਦਾ ਮਹੀਨਾ ਆਉਣ ਨਾਲ਼ ਬਸੰਤ ਦੀ ਸੁਹਾਵੀ ਰੁੱਤ ਆ ਜਾਂਦੀ ਹੈ, ਪਰ ਆਪਣੇ ਪਿਆਰੇ ਗੁਰੂ ਬਾਝੋਂ ਮੇਰੇ ਹਿਰਦੇ ਘਰ ਵਿੱਚ ਧੂੜ ਜੰਮੀ ਹੋਈ ਹੈ (ਮੇਰਾ ਹਿਰਦਾ ਸਾਫ਼ ਨਹੀਂ ਭਾਵ ਮੇਰੇ ਮਨ ਵਿੱਚ ਖ਼ੁਸ਼ੀ ਨਹੀਂ)॥ ਮੈਂ ਆਪਣੇ ਪਿਆਰੇ ਗੁਰੂ ਦੀ ਉਡੀਕ ਵਿੱਚ ਉਦਾਸ ਹਾਂ ਅਤੇ ਮੇਰੇ ਨੈਣ ਉਸਦਾ ਰਾਹ ਤੱਕ ਰਹੇ ਹਨ॥ ਜਦੋਂ ਮੈਨੂੰ ਮੇਰਾ ਪਿਆਰਾ ਗੁਰੂ ਨਾਨਕ ਦਿਸ ਪਿਆ (ਹਿਰਦੇ ਵਿੱਚ ਦਰਸ਼ਨ ਹੋ ਗਏ) ਤਾਂ ਮੇਰਾ ਮਨ ਇਉਂ ਖਿੜ ਉੱਠਿਆ ਜਿਵੇਂ ਮਾਂ ਦਾ ਮਨ ਆਪਣੇ ਪੁੱਤਰ ਨੂੰ ਵੇਖ ਕੇ॥
ਸੂਹੀ ਮ:4 (732)॥ ਗੁਰਮਤਿ ਨਗਰੀ ਖੋਜਿ ਖੋਜਾਈ॥ ----- ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ॥
ਅਰਥ: ਹੇ ਭਾਈ! ਮੈਂ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਹਿਰਦੇ ਵਿੱਚ ਪਿਆਰੇ ਪ੍ਰਭੂ ਦੀ ਖੋਜ ਕੀਤੀ॥ ਮੇਰੀ ਇਸ ਘਾਲਣਾ ਸਦਕੇ ਮੇਰੇ ਤੇ ਗੁਰੂ ਨਾਨਕ ਜੀ ਮਿਹਰਵਾਨ ਹੋ ਗਏ ਤੇ ਮੈਨੂੰ ਗੁਰਮੁਖਾਂ ਦੀ ਸੰਗਤਿ ਪ੍ਰਾਪਤ ਹੋ ਗਈ (ਜਿਹਨਾਂ ਦੀ ਸੰਗਤਿ ਕਰਕੇ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ)॥
ਸਲੋਕ ਮ:5 (322)॥ ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ॥ ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰ ਤੁਠਾ॥
ਅਰਥ: ਹੇ ਭਾਈ! ਜਦੋਂ ਗੁਰੂ ਨਾਨਕ ਕਿਸੇ ਮਨੁੱਖ ਤੇ ਮਿਹਰਵਾਨ ਹੋ ਜਾਂਦੇ ਹਨ ਤਾਂ ਉਸ ਦੇ ਸਾਰੇ ਕਾਰਜ ਸੁਹਾਵਣੇ ਬਣ ਜਾਂਦੇ ਹਨ॥ ਉਸ ਸਤਿਗੁਰੂ ਦੀ ਕਿਰਪਾ ਨਾਲ ਹੁਣ ਪਿਆਰ ਕਰਨ ਵਾਲ਼ਾ ਵਾਹਿਗੁਰੂ ਮੇਰੇ ਹਿਰਦੇ ਵਿੱਚ ਆ ਵੱਸਿਆ ਹੈ ਅਤੇ ਮੇਰਾ ਹਿਰਦੇ ਦੀ ਧਰਤੀ ਹੁਣ ਇਉਂ ਦਿਲ-ਖਿੱਚਵੀਂ ਹੋ ਗਈ ਹੈ ਜਿਵੇਂ ਹਰੇ ਹਰੇ ਘਾਹ ਤੇ ਤ੍ਰੇਲ ਦੀਆਂ ਬੂੰਦਾਂ ਰਤਨਾਂ ਵਾਂਙ ਫੱਬਦੀਆਂ ਹਨ॥
ਸੋਰਠਿ ਮ:5 (612)॥ ਕੋਟਿ ਬ੍ਰਹਿਮੰਡ ਕੋ ਠਾਕੁਰ ਸੁਆਮੀ -----॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ॥
ਅਰਥ: ----- ਹੇ ਭਾਈ! ਮੈਂ ਤਾਂ ਬੇਸਮਝ ਅਤੇ ਅਨਜਾਣ ਸੀ ਪਰ ਹੁਣ ਮੇਰੀ ਬਰਾਬਰੀ ਕੌਣ ਕਰ ਸਕਦਾ ਹੈ ਜੋ ਲੱਖ ਅਵਗੁਣਾਂ ਦੇ ਉਪ੍ਰੰਤ ਵੀ (ਸਤਿਗੁਰ ਨਾਨਕ ਦੀ ਮਿਹਰ ਨਾਲ਼) ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ॥ (ਮੇਰੇ ਵਾਂਙ) ਜਿਸ ਜਿਸ ਨੇ ਵੀ ਗੁਰੂ ਨਾਨਕ ਸਾਹਿਬ ਦੇ ਰੂਹਾਨੀ ਦਰਸ਼ਨ ਕੀਤੇ ਹਨ ਅਤੇ ਉਹਨਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਇਆ ਹੈ ਉਹ ਕਦੇ ਫ਼ਿਰ ਗਰਭ ਜੂਨਾਂ ਵਿੱਚ ਨਹੀਂ ਆਉਂਦਾ॥
ਸੂਹੀ ਮ:5 (749)॥ ਜਿਸ ਕੇ ਸਿਰ ਊਪਰਿ ਤੂ ਸੁਆਮੀ ਸੋ ਦੁਖੁ ਕੈਸਾ ਪਾਵੈ॥ ------ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨਾ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲਿ ਰਾਖੀ ਮੇਰੀ॥
ਅਰਥ: ਹੇ ਪ੍ਰਭੂ! ਜਿਸ ਮਨੁੱਖ ਦਾ ਮਾਲਕ ਤੂੰ ਆਪ ਬਣ ਬੈਠਦਾ ਹੈਂ, ਉਸਨੂੰ ਕੋਈ ਦੁੱਖ ਕਿਉਂ ਪੋਹੇਗਾ? ਨਾਂ ਮੈਂ ਕੋਈ ਗਿਆਨਵਾਨ ਨਹੀਂ ਅਤੇ ਨਾਂ ਹੀ ਮੇਰੀ ਸੁਰਤ ਤੇਰੇ ਵਿੱਚ ਜੁੜਦੀ ਹੈ॥ ਮੈਂ ਕੋਈ ਮਿਥੇ ਹੋਏ ਧਾਰਮਿਕ ਕਰਮ ਕਾਂਡ ਵੀ ਨਹੀਂ ਜਾਣਦਾ ਅਤੇ ਨਾਂ ਹੀ ਮੈਨੂੰ ਤੇਰੀ ਕੋਈ ਸਮਝ ਹੈ॥ ਇਹ ਤਾਂ ਬ੍ਰਹਿਮੰਡ ਦੇ ਸਭ ਤੋਂ ਮਹਾਨ ਸਤਿਗੁਰੂ ਨਾਨਕ ਨੇ ਮੇਰੇ ਤੇ ਮਿਹਰ ਕੀਤੀ ਹੈ ਜਿਸ ਨੇ ਇਸ ਕਲੇਸ਼ਾਂ ਭਰੇ ਸੰਸਾਰ ਵਿੱਚ ਮੇਰੀ ਲਾਜ ਰੱਖ ਲਈ ਹੈ (ਭਾਵ ਮੈਨੂੰ ਵਿਕਾਰਾਂ ਤੋਂ ਬਚਾ ਲਿਆ ਹੈ ਜਿਸ ਕਾਰਨ ਤੇਰੇ ਦਰਬਾਰ ਵਿੱਚ ਮੇਰੀ ਆਬਰੂ ਰਹਿ ਜਾਵੇਗੀ)॥
ਜੇਕਰ ਇਹਨਾਂ ਅਤੇ ਅਜਿਹੇ ਬਹੁਤ ਸਾਰੇ ਹੋਰ ਸ਼ਬਦਾਂ ਵਿੱਚ “ਮਹਲੇ” ਦੀ ਵਰਤੋਂ ਨਾਂ ਕੀਤੀ ਗਈ ਹੁੰਦੀ ਤਾਂ ਸ਼ਾਇਦ ਪਾਠਕ ਇਹੋ ਸੋਚਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਵਡਿਆਈ ਆਪ ਹੀ ਲਿਖੀ ਹੈ॥
3. ਇੱਕੋ ਵਿਸ਼ੇ ਤੇ ਹੀ ਕਈ ਰਚਨਾਵਾਂ:
ਗੁਰੂ ਗਰੰਥ ਸਾਹਿਬ ਵਿੱਚ ਕਈ ਅਜਿਹੇ ਵਿਸ਼ੇ ਹਨ ਜਿਹਨਾਂ ਬਾਰੇ ਗੁਰੂ ਨਾਨਕ ਸਾਹਿਬ ਤੋਂ ਛੁੱਟ ਹੋਰ ਗੁਰੂ ਸਾਹਿਬਾਨ ਨੇ ਵੀ ਰਚਨਾਵਾਂ ਲਿਖੀਆਂ ਹਨ॥ ਉਦਾਹਰਣ ਵਜੋਂ ਪੱਟੀ “ਥਿਤੀ” ਅਤੇ ਬਾਰਾ-ਮਾਹ ਬਾਰੇ ਰਚਨਾਵਾਂ॥ ਗੁਰੂ ਨਾਨਕ ਸਾਹਿਬ ਦੇ ਨਾਲ਼ ਨਾਲ਼ ਗੁਰੂ ਅਮਰਦਾਸ ਜੀ ਨੇ “ਪੱਟੀ” ਅਤੇ “ਥਿਤੀ” ਉਹਨਾਂ ਹੀ ਰਾਗਾਂ ਵਿੱਚ ਲਿਖੀ ਹੈ ਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਨੇ॥ ਗੁਰੂ ਅਰਜੁਨ ਦੇਵ ਜੀ ਨੇ ਵੀ ਗਉੜੀ ਰਾਗ ਵਿੱਚ “ਥਿਤੀ” ਲਿਖੀ ਹੈ॥ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਅਤੇ ਗੁਰੂ ਅਰਜੁਨ ਦੇਵ ਜੀ ਨੇ ਮਾਝ ਰਾਗ ਵਿੱਚ ਬਾਰਾ-ਮਾਹ ਕਲਮਬੰਦ ਕੀਤੇ ਹਨ॥ ਜੇ ਕਰ ਅਜਿਹੀਆਂ ਇੱਕ ਤੋਂ ਵੱਧ ਰਚਨਾਵਾਂ ਵਿੱਚ “ਮਹਲੇ” ਨਾਂ ਵਰਤੇ ਗਏ ਹੁੰਦੇ ਤਾਂ ਇਹ ਮਸਲਾ ਗੁੰਝਲਦਾਰ ਬਣ ਜਾਂਦਾ ਕਿ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਵਿਸ਼ੇ ਤੇ ਦੋਹਰੀਆਂ- ਤੇਰ੍ਹੀਆਂ ਰਚਨਾਵਾਂ ਕਿਉਂ ਕੀਤੀਆਂ ਹਨ॥ “ਮਹਲੇ” ਦੀ ਗ਼ੈਰਹਾਜ਼ਰੀ ਵਿੱਚ ਇਸ ਹਕੀਕਤ ਨੂੰ ਸਮਝਣਾ ਔਖਾ ਹੋ ਜਾਂਦਾ॥
4. ਵਿਚਾਰਾਂ ਅਤੇ ਸਿਧਾਂਤਾਂ ਦੀ ਪੁਸ਼ਟੀ:
ਭਾਵੇਂ ਸਤਿਗੁਰ ਨਾਨਕ ਦੇਵ ਜੀ ਦੇ ਅਧਿਆਤਮਿਕ ਸਿਧਾਂਤ ਅਤੇ ਵਿਵਾਰ ਕਿਸੇ ਵੀ ਪੁਸ਼ਟੀ ਦੀ ਮੁਥਾਜ ਨਹੀਂ, ਪਰ ਬਾਕੀ ਗੁਰੂ ਸਾਹਿਬਾਨ ਵੱਲੋਂ ਗੁਰੂ ਵੱਖ ਵੱਖ ਭਾਸ਼ਾਵਾਂ ਵਿੱਚ ਲਿਖੇ ਗਏ ਪਾਵਨ ਸ਼ਬਦ ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਹੀ ਪੁਸ਼ਟੀ ਕਰਦੇ ਹਨ, ਕਈ ਲੋਕਾਂ ਦੀ ਤਸੱਲੀ ਲਈ ਜ਼ਰੂਰੀ ਹੁੰਦੇ ਹਨ ਤਾਂ ਜੁ ਉਹਨਾਂ ਨੂੰ ਇਹ ਸਮਝ ਪੈ ਜਾਵੇ ਕਿ ਗੁਰੂ ਗਰੰਥ ਸਾਹਿਬ ਵਿਚਲੇ ਸਿਧਾਂਤ ਕੇਵਲ ਇੱਕ ਹੀ ਮਹਾਂਪੁਰਖ ਦਾ ਕਥਨ ਨਹੀਂ, ਸਗੋਂ ਹੋਰ ਬਹੁਤ ਸਾਰੇ ਮਹਾਂਪੁਰਖ ਵੀ ਉਹਨਾਂ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੇ ਹਨ॥ “ਮਹਲੇ” ਦੀ ਵਰਤੋਂ ਨਾਲ਼ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਕਿਸ ਗੁਰੂ ਸਾਹਿਬ ਨੇ ਹੋਰ ਬਾਣੀ ਰਚਨ ਦੀ ਲੋੜ ਨਹੀਂ ਸਮਝੀ ਸੀ॥ ਨੌਵੀਂ ਪਾਤਸ਼ਾਹੀ, ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਜ਼ਿਆਦਾ ਪਰਚਾਰ ਪੂਰਬੀ ਭਾਰਤ ਵਿੱਚ ਹੀ ਕੀਤਾ, ਤਾਂ ਹੀ ਉਹਨਾਂ ਦੀ ਲਗਭਗ ਸਾਰੀ ਬਾਣੀ ਹੀ ਹਿੰਦੀ ਜਾਂ ਪੂਰਬੀ ਭਾਸ਼ਾ ਵਿੱਚ ਹੈ॥
5. ਨਿਜੀ ਜੀਵਨ ਨਾਲ਼ ਸਬੰਧਤ ਸ਼ਬਦ:
ਪਾਵਨ ਗੁਰੂ ਗਰੰਥ ਸਾਹਿਬ ਵਿੱਚ ਕੁਝ ਅਜਿਹੇ ਸ਼ਬਦ ਹਨ ਜਿਹਨਾਂ ਦਾ ਸਬੰਧ ਕਿਸੇ ਖ਼ਾਸ ਗੁਰੂ ਸਾਹਿਬ ਨਾਲ਼ ਸੀ॥ ਭਾਵੇਂ ਅਜਿਹੇ ਸ਼ਬਦਾਂ ਰਾਹੀਂ ਸਾਰੇ ਜਗਤ ਨੂੰ ਸਿੱਖਿਆ ਦਿੱਤੀ ਗਈ ਹੈ, ਪਰ “ਮਹਲੇ” ਦੀ ਗ਼ੈਰਹਾਜ਼ਰੀ ਵਿੱਚ ਇਹ ਨਿਰਨਾ ਨਹੀਂ ਕਰ ਸਕਦੇ ਸਨ ਕਿ ਸ਼ਬਦ ਵਿੱਚ ਦੱਸੀ ਕਿਸ ਗੁਰੂ ਸਾਹਿਬ ਵੇਲ਼ੇ ਵਾਪਰੀ॥ ਉਦਾਹਰਣ ਵਜੋਂ ਹੇਠਲੇ ਕੁਝ ਪਾਵਨ ਸ਼ਬਦਾਂ ਨੂੰ ਧਿਆਨ ਗੋਚਰ ਕਰੋ॥
ਸਲੋਕ ਮ:4 (306)॥ ਮਲੁ ਜੂਈ ਭਰਿਆ ਨੀਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ॥ ------ ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ॥ ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ॥ ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ॥ ------ ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ॥
ਨੋਟ: ਮੁਗਲ ਰਾਜ ਸਮੇਂ ਜਿਸ ਕਿਸੇ ਨੇ ਰਾਜੇ ਕੋਲ਼ ਸ਼ਕਾਇਤ ਕਰਨੀ ਹੁੰਦੀ ਸੀ ਉਹ ਬਹੁਤ ਮੈਲ਼ੇ ਕੁਚੈਲ਼ੇ ਚੀਥੜੇ ਪਾ ਕੇ ਕਚਹਿਰੀ ਜਾਂਦਾ ਸੀ॥ ਅਜਿਹੇ ਫ਼ਰਿਆਦੀ ਦੀ ਸ਼ਕਾਇਤ ਛੇਤੀ ਸੁਣੀ ਜਾਂਦੀ ਸੀ॥ ਗੁਰੂ ਅਮਰਦਾਸ ਜੀ ਦੇ ਸਮੇਂ ਗੋਇੰਦਵਾਲ਼ ਵਿੱਚ ਗੇਂਦਾ ਮੱਲ (ਗੋਂਦਾ) ਨਾਂ ਦਾ ਇੱਕ ਖੱਤਰੀ ਰਹਿੰਦਾ ਸੀ ਜੋ ਗੁਰੂ ਸਾਹਿਬ ਨਾਲ਼ ਬਹੁਤ ਖਾਰ ਖਾਂਦਾ ਸੀ॥ ਇੱਕ ਵਾਰ ਜਦ ਅਕਬਰ ਲਾਹੌਰ ਆਇਆ ਹੋਇਆ ਸੀ, ਤਾਂ ਗੋਂਦੇ ਨੇ ਆਪਣੇ ਨੌਕਰ ਨੂੰ ਰਿਵਾਜ ਅਨੁਸਾਰ ਅਤਿ ਗੰਦੇ ਜਿਹੇ ਕੱਪੜੇ ਪੁਆ ਕੇ ਗੁਰੂ ਸਾਹਿਬ ਦੇ ਵਿਰੁੱਧ ਜਾ ਅਕਬਰ ਕੋਲ਼ ਸ਼ਕਾਇਤ ਕੀਤੀ॥ ਅਕਬਰ ਨੇ ਗੁਰੂ ਸਾਹਿਬ ਨੂੰ ਉੱਤਰ ਦੇਣ ਲਈ ਸੱਦ ਘੱਲਿਆ॥ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਪਿੱਛੋਂ ਗੁਰੂ ਰਾਮਦਾਸ ਜੀ) ਨੂੰ ਅਕਬਰ ਪਾਸ ਘੱਲ ਦਿੱਤਾ॥ ਜੇਠਾ ਜੀ ਨੇ ਬੜੀਆਂ ਠੋਸ ਦਲੀਲਾਂ ਦੇ ਕੇ ਅਕਬਰ ਦੀ ਤਸੱਲੀ ਕਰਾ ਦਿੱਤੀ॥ ਅਕਬਰ ਨੇ ਗੋਂਦੇ ਨੂੰ ਬੇਬੁਨਿਆਦ ਸ਼ਕਾਇਤ ਕਰਨ ਤੇ ਬਹੁਤ ਝਾੜ ਪਾਈ ਅਤੇ ਜੇਠਾ ਜੀ ਨੂੰ ਸਤਿਕਾਰ ਸਹਿਤ ਵਿਦਾ ਕੀਤਾ॥ ਗੁਰੂ ਦੀ ਨਿੰਦਿਆ ਕਰਨ ਵਾਲ਼ਿਆਂ ਨੂੰ ਸਦੀਵੀ ਸਿੱਖਿਆ ਦੇਣ ਲਈ ਗੁਰੂ ਰਾਮਦਾਸ ਜੀ ਨੇ ਇਹ ਘਟਨਾ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ॥
ਅਰਥ: ਬੇਮੁਖ ਗੋਂਦੇ ਨੇ ਆਪਣੇ ਬੇਮੁਖ ਨੌਕਰ ਨੂੰ ਮੈਲ਼ੀ ਅਤੇ ਜੂੰਆਂ ਨਾਲ ਭਰੀ ਗੋਦੜੀ ਪੁਆ ਕੇ ਉਸਨੂੰ ਗੁਰੂ ਅਮਰਦਾਸ ਸਾਹਿਬ ਵਿਰੁੱਧ ਚੁਗਲੀ ਕਰਨ ਲਈ (ਅਕਬਰ ਕੋਲ਼) ਭੇਜ ਦਿੱਤਾ ਜਿੱਥੇ ਇਹਨਾਂ ਦੋਵਾਂ ਬੇਮੁਖਾਂ ਦਾ ਮੂੰਹ ਕਾਲ਼ਾ ਕੀਤਾ ਗਿਆ (ਭਾਵ ਝਾੜ ਪਾਈ ਗਈ)॥ ਗੋਂਦਾ ਆਪਣੇ ਨੌਕਰ ਸਮੇਤ ਜੁੱਤੀਆਂ ਖਾ ਕੇ (ਆਪਣੀ ਪੱਤ ਲੁਹਾ ਕੇ) ਥੱਕਾ ਟੁੱਟਾ ਆਪਣੇ ਘਰ ਆ ਗਿਆ ਜਿਸ ਦੀ ਖ਼ਬਰ ਤੁਰੰਤ ਹੀ ਸਾਰੇ ਇਲਾਕੇ ਵਿੱਚ ਫ਼ੈਲ ਗਈ॥ ਅੱਗੇ ਉਸਦੇ ਰਿਸ਼ਤੇਦਾਰਾਂ ਅਤੇ ਸੰਗੀ ਸਾਥੀਆਂ ਨੇ ਉਸਨੂੰ ਮੂੰਹ ਨਾਂ ਲਾਇਆ॥ ਕੇਵਲ ਵਹੁਟੀ ਅਤੇ ਭਤੀਜਿਆਂ ਨੇ ਉਸਨੂੰ ਘਰ ਲੈ ਆਂਦਾ॥ ------ ਹੇ ਭਾਈ! ਉਹ ਕਰਤਾਪੁਰਖ ਮਾਲਕ ਧੰਨਤਾਯੋਗ ਹੈ ਜਿਸ ਨੇ ਆਪ ਵਿੱਚ ਹੋ ਕੇ ਸੱਚਾ ਨਿਆਂ ਕਰਵਾ ਦਿੱਤਾ॥
ਜੇਕਰ ਇਸ ਸ਼ਬਦ ਵਿੱਚ “ਮਹਲਾ ਚੌਥਾ” ਨਾਂ ਹੁੰਦਾ ਤਾਂ ਇਹ ਕਦੇ ਵੀ ਪਤਾ ਨਾਂ ਚੱਲਦਾ ਕਿ ਇਹ ਘਟਨਾ ਕਿਸ ਗੁਰੂ ਸਾਹਿਬ ਵੇਲ਼ੇ ਵਾਪਰੀ ਸੀ ਅਤੇ ਕਿਸ ਪਾਤਸ਼ਾਹੀ ਨੇ ਇਸ ਨੂੰ ਦਰਜ ਕੀਤਾ॥
ਸਾਰਗ ਮ:4 (1200)॥ ੴ ਸਤਿਗੁਰ ਪ੍ਰਸਾਦਿ॥ ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ ਰਹਾਉ॥ ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ॥ ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ॥ -----
ਨੋਟ: ਜਦ ਗੁਰੂ ਰਾਮਦਾਸ ਜੀ ਇਸ ਨਾਸਵਾਨ ਸੰਸਾਰ ਨੂੰ ਛੱਡ ਕੇ ਜਾਣ ਵਾਲ਼ੇ ਸਨ ਤਾਂ ਉਹਨਾਂ ਨੇ ਗੁਰਗੱਦੀ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਦੇਣ ਦੀ ਬਜਾਇ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਅਰਜੁਨ ਦੇਵ ਜੀ ਨੂੰ ਦੇਣ ਦਾ ਫ਼ੈਸਲਾ ਕੀਤਾ ਜਿਸ ਤੇ ਪ੍ਰਿਥੀ ਚੰਦ ਬਹੁਤ ਨਾਰਾਜ਼ ਹੋਇਆ ਅਤੇ ਆਪਣੇ ਗੁਰੂ ਪਿਤਾ ਨਾਲ਼ ਝਗੜਾ ਕੀਤਾ॥ ਸਾਨੂੰ ਸਾਰਿਆਂ ਨੂੰ ਮਾਇਆ ਦੀ ਲਾਲਸਾ ਤੋਂ ਰੋਕਣ ਲਈ ਗੁਰੂ ਸਾਹਿਬ ਨੇ ਇਹ ਪਾਵਨ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ॥
ਅਰਥ: ੴ ਸਤਿਗੁਰ ਪ੍ਰਸਾਦਿ॥ ਹੇ ਪੁੱਤਰ ਜੀ! (ਤੁਸੀਂ ਮਾਇਆ ਖ਼ਾਤਰ) ਆਪਣੇ ਪਿਤਾ ਨਾਲ਼ ਝਗੜਾ ਕਿਉਂ ਕਰਦੇ ਹੋ? ਜਿਹਨਾਂ ਨੇ ਤੁਹਾਨੂੰ ਜਨਮ ਦੇ ਕੇ ਵੱਡਿਆਂ ਕੀਤਾ ਹੈ ਉਹਨਾਂ ਨਾਲ਼ ਝਗੜਨਾ ਪਾਪ ਹੈ॥ ਰਹਾਉ॥ ਜਿਸ ਧਨ ਦਾ ਤੁਹਾਨੂੰ ਹੰਕਾਰ ਹੈ ਉਹ ਤਾਂ ਕਦੇ ਵੀ ਸਦਾ ਲਈ ਕਿਸੇ ਦਾ ਨਹੀਂ ਹੋਇਆ॥ ਜਦੋਂ ਜ਼ਹਿਰੀਲੀ ਮਾਇਆ ਦੇ ਰਸ ਇੱਕ ਖਿਨ ਵਿੱਚ ਹੀ ਸਾਥ ਛੱਡ ਜਾਂਦੇ ਹਨ ਤਾਂ ਮਨੁੱਖ ਨੂੰ ਪਛਤਾਵਾ ਹੁੰਦਾ ਹੈ॥ -----
ਪਹਿਲੇ ਸ਼ਬਦਾਂ ਵਾਂਙ ਜੇਕਰ ਇਸ ਸ਼ਬਦ ਵਿੱਚ “ਮਹਲਾ ਚੌਥਾ” ਨਾਂ ਹੁੰਦਾ ਤਾਂ ਕਿਵੇਂ ਪਤਾ ਲਗਦਾ ਕਿ ਸਿੱਖਿਆ-ਭਰਪੂਰ ਇਸ ਪਾਵਨ ਸ਼ਬਦ ਦਾ ਪਿਛੋਕੜ ਕੀ ਹੈ॥ ਕੇਵਲ ਮਹਲੇ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਇਹ ਸ਼ਬਦ ਪ੍ਰਿਥੀ ਚੰਦ ਨੂੰ ਸੰਬੋਧਨ ਕਰ ਕੇ ਲਿਖਿਆ ਗਿਆ ਹੈ॥
ਗਉੜੀ ਮ:5 (199)॥ ਮਹਜਰੁ ਝੂਠਾ ਕੀਤੋਨੁ ਆਪਿ॥ ਪਾਪੀ ਕਉ ਲਾਗਾ ਸੰਤਾਪੁ॥ 1॥ ਜਿਸਹਿ ਸਹਾਈ ਗੋਬਿਦੁ ਮੇਰਾ॥ ਤਿਸ ਕਉ ਜਮੁ ਨਹੀ ਆਵੈ ਨੇਰਾ॥1॥ ਰਹਾਉ॥ ਸਾਚੀ ਦਰਗਹ ਬੋਲੈ ਕੂੜੁ॥ ਸਿਰੁ ਹਾਥ ਪਛੋੜੈ ਅੰਧਾ ਮੂੜ॥2॥ ------ ਨਾਨਕ ਸਰਨਿ ਪਰੇ ਦਰਬਾਰਿ॥ ਰਾਖੀ ਪੈਜ ਮੇਰੈ ਕਰਤਾਰਿ॥ 4॥99॥
ਨੋਟ: ਜਿਵੇਂ ਲਗਭਗ ਸਾਰੇ ਗੁਰੂ ਸਾਹਿਬਾਨ ਨਾਲ਼ ਹੁੰਦਾ ਆਇਆ ਕਿ ਉਹਨਾਂ ਦਾ ਕੋਈ ਨਾਂ ਕੋਈ ਦੋਖੀ ਰਿਹਾ ਹੀ ਸੀ॥ ਗੁਰੂ ਅਰਜੁਨ ਪਾਤਸ਼ਾਹ ਵੇਲੇ ਵੀ ਕਿਸੇ ਦੋਖੀ ਨੇ (ਪ੍ਰਿਥੀ ਚੰਦ ਅਤੇ ਬੀਰਬਲ ਸਮੇਤ) ਉਹਨਾਂ ਬਾਰੇ ਸ਼ਕਾਇਤਾਂ ਦੀ ਇੱਕ ਲੰਮੀ ਲਿਸਟ (ਮੇਜਰ ਨਾਮਾ ਜਾਂ ਮਹਜਰੁ) ਤਿਆਰ ਕਰ ਕੇ ਅਕਬਰ ਅੱਗੇ ਜਾ ਰੱਖੀ॥ ਪਰ ਅਕਬਰ ਨੇ ਗੁਰੂ ਸਾਹਿਬ ਨੂੰ ਬਾਇੱਜ਼ਤ ਵਿਦਾ ਕੀਤਾ॥ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਅਕਾਲਪੁਰਖ ਦਾ ਧੰਨਵਾਦ ਕਰਦੇ ਹਨ॥ “ਮਹਲੇ 5” ਰਾਹੀਂ ਇਹ ਸਪੱਸ਼ਟ ਹੁੰਦਾ ਹੈ ਕਿ ਦੋਖੀ ਵੱਲੋਂ ਇਹ ਨੀਚ ਕਰਮ ਗੁਰੂ ਅਰਜੁਨ ਸਾਹਿਬ ਪ੍ਰਤੀ ਕੀਤਾ ਗਿਆ॥ ------ ਪਾਵਨ ਸ਼ਬਦ ਦੇ ਅਰਥ ਸਰਲ ਹੀ ਹਨ ਬਹੁਤੇ ਵਿਸਥਾਰ ਦੀ ਲੋੜ ਨਹੀਂ॥
ਬਿਲਾਵਲੁ ਮ: (821)॥ ਤਾਪੁ ਲਾਹਿਆ ਗੁਰ ਸਿਰਜਨਹਾਰਿ॥ ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ॥ 1॥ ਰਹਾਉ॥ ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ॥ ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ॥ 1॥ ਦਾਸ ਕੀ ਲਾਜ ਰਖੈ ਮਿਹਰਵਾਨੁ॥ ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ॥ 2॥86॥
ਨੋਟ: ਜਦ ਗੁਰੂ ਗੁਰੂ ਅਰਜੁਨ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਲਕ ਹਰਿਗੋਬਿੰਦ ਅਜੇ ਦੋ ਕੁ ਸਾਲ ਦੇ ਹੀ ਸਨ ਤਾਂ ਉਹਨਾਂ ‘ਤੇ ਚੀਚਕ (ਮਾਤਾ ਜਾਂ ਸੀਤਲਾ) ਦਾ ਬਹੁਤ ਵੱਡਾ ਹਮਲਾ ਹੋ ਗਿਆ॥ ਇਸ ਘਾਤਕ ਬੀਮਾਰੀ ਕਾਰਨ ਮਾਝੇ ਵਿੱਚ ਲੋਕ ਧੜਾ ਧੜ ਮਰਨ ਲੱਗੇ॥ ਉਮਰ ਛੋਟੀ ਹੋਣ ਕਰ ਬਾਲਕ ਹਰਿਗੋਬਿੰਦ ‘ਤੇ ਬਹੁਤ ਭਿਆਨਕ ਅਸਰ ਹੋਇਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਭਾਸਣ ਲੱਗਾ॥ ਬਹੁਤ ਸਾਰੇ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ ਮਾਤਾ “ਸੀਤਲਾ” ਦੀ ਪੂਜਾ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਪਰ ਗੁਰੂ ਸਾਹਿਬ ਨੂੰ ਇਹਨਾਂ ਕਰਮ ਕਾਂਡਾਂ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਅਤੇ ਕੇਵਲ ਆਪਣੇ ਗੁਰੂ ਨਾਨਕ ਸਾਹਿਬ ਅਤੇ ਅਕਾਲਪੁਰਖ ਤੇ ਹੀ ਭਰੋਸਾ ਸੀ॥ ਸੋ ਗੁਰੂ ਸਾਹਿਬ ਅਡੋਲ ਰਹੇ ਅਤੇ ਸਿੱਖਾਂ ਨੂੰ ਵਾਹਿਗੁਰੂ ਤੇ ਹੀ ਭਰੋਸਾ ਰੱਖਣ ਦੀ ਸਿੱਖਿਆ ਦਿੱਤੀ॥ ਕੁਝ ਦੇਰ ਬਾਅਦ ਬਾਲਕ ਹਰਿਗੋਬਿੰਦ ਨੌਂ-ਬਰ-ਨੌਂ ਹੋ ਗਏ॥ ਤਦ ਗੁਰੂ ਸਾਹਿਬ ਨੇ ਗੁਰੂ ਨਾਨਕ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ॥
ਅਰਥ: ਹੇ ਭਾਈ! ਉਸ ਕਰਤਾਪੁਰਖ ਨੇ ਕਿਰਪਾ ਕਰਕੇ ਬਾਲਕ ਹਰਿਗੋਬਿੰਦ ਦਾ ਤਾਪ ਲਾਹ ਦਿੱਤਾ ਹੈ॥ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸਨੇ ਅਜਿਹਾ ਕਰਕੇ ਸਾਰੇ ਸੰਸਾਰ ਵਿੱਚ (ਵਾਹਿਗੁਰੂ ਪ੍ਰਤੀ ਮੇਰੇ ਵਿਸ਼ਵਾਸ ਬਾਰੇ) ਮੇਰੀ ਲਾਜ ਰੱਖ ਲਈ ਹੈ॥ ਰਹਾਉ॥ ਵਾਹਿਗੁਰੂ ਨੇ ਬਾਲਕ ਦੇ ਸਿਰ ਤੇ ਮਿਹਰ-ਭਰਿਆ ਹੱਥ ਰੱਖ ਕੇ ਉਸ ਨੂੰ ਭਿਆਨਕ ਰੋਗ ਤੋਂ ਬਚਾ ਲਿਆ ਹੈ ਅਤੇ ਆਪਣੇ ਨਾਮ-ਅੰਮ੍ਰਿਤ ਦਾ ਮਹਾਨ ਰਸ ਬਖ਼ਸ਼ਿਆ ਹੈ॥1॥ ਹੇ ਭਾਈ! ਗੁਰ ਨਾਨਕ ਜੋ ਬਚਨ ਕਰਦਾ ਹੈ ਉਹ ਪ੍ਰਭੂ ਦੀ ਦਰਗਾਹ ਵਿੱਚ ਪਰਵਾਨ ਹੁੰਦਾ ਹੈ॥ ਅਤੇ ਉਹ ਸਤਿਗੁਰੂ ਆਪਣੇ ਸੇਵਕ (ਦੇ ਵਿਸ਼ਵਾਸ) ਦੀ ਲਾਜ ਰੱਖਦਾ ਹੈ॥
6. ਇਤਿਹਾਸਕ ਮਹਾਨਤਾ - ਜਨਮ ਸਾਖੀਆਂ:
ਨਿਜੀ ਘਟਨਾਵਾਂ ਤੇ ਆਧਾਰਿਤ ਸ਼ਬਦਾਂ ਵਾਂਙ ਪਾਵਨ ਗੁਰੂ ਗਰੰਥ ਸਾਹਿਬ ਵਿੱਚ ਕੁਝ ਅਜਿਹੇ ਸ਼ਬਦ ਵੀ ਹਨ ਜਿਹੜੇ ਇਤਿਹਾਸਕ ਪੱਖ ਤੋਂ ਵੀ ਮਹੱਤਵਪੂਰਨ ਹਨ॥ ਜੇ ਕਰ “ਮਹਲੇ” ਨਾਂ ਵਰਤੇ ਗਏ ਹੁੰਦੇ ਤਾਂ ਨਾਂ ਕੇਵਲ ਇਹ ਹੀ ਪਤਾ ਨਾਂ ਚੱਲਦਾ ਕਿ ਇਹ ਸ਼ਬਦ ਕਿਸ ਗੁਰ ਵਿਅੱਕਤੀ ਨਾਲ਼ ਸਬੰਧਤ ਹਨ ਸਗੋਂ ਇਹ ਵੀ ਪਤਾ ਨਾਂ ਚੱਲਦਾ ਕਿ ਇਹਨਾਂ ਦੀ ਇਤਿਹਾਸ ਵਿੱਚ ਕੀ ਮਹਾਨਤਾ ਹੈ॥ ਉਦਾਹਰਣ ਵਜੋਂ ਕੁਝ ਕੁ ਸ਼ਬਦ ਹੇਠਾਂ ਦਿੱਤੇ ਜਾਂਦੇ ਹਨ॥
ਭੈਰਉ ਮ:5 (1137)॥ ਲੇਪੁ ਨ ਲਾਗਉ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ 1॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ॥ ਪਾਪੀ ਮੂਆ ਗੁਰ ਪਰਤਾਪਿ॥ ਰਹਾਉ॥ ------ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ॥ 4॥9॥
ਨੋਟ: ਜਦ ਲੱਖ ਹੱਥ-ਪੈਰ ਮਾਰਨ ਦੇ ਉਪ੍ਰੰਤ ਵੀ ਪ੍ਰਿਥੀ ਚੰਦ ਨੂੰ ਗੁਰਗੱਦੀ ਨਾਂ ਮਿਲ਼ੀ ਤਾਂ ਉਸਨੇ ਬਾਲਕ ਹਰਿਗੋਬਿੰਦ ਨੂੰ ਮਰਵਾਉਣ ਦੀ ਹਰਿ ਸੰਭਵ ਕੋਸ਼ਿਸ਼ ਕੀਤੀ॥ ਇੱਕ ਵਾਰ ਉਸਨੇ ਇੱਕ ਬ੍ਰਾਹਮਣ ਨੂੰ ਦਹੀਂ ਵਿੱਚ ਜ਼ਹਿਰ ਮਿਲ਼ਾ ਕੇ ਦਿੱਤਾ ਕਿ ਉਹ ਬਾਲਕ ਹਰਿਗੋਬਿੰਦ ਨੂੰ ਪਿਆ ਦੇਵੇ॥ ਪਰ ਵਾਹਿਗੁਰੂ ਦਾ ਭਾਣਾ, ਜਦ ਬ੍ਰਾਹਮਣ ਬਾਲਕ ਨੂੰ ਦਹੀਂ ਪਿਆਉਣ ਲੱਗਾ ਤਾਂ ਉਸ ਦੇ ਢਿੱਡ ਵਿੱਚ ਅਜਿਹੀ ਪੀੜ ਉੱਠੀ ਕਿ ਉਹ ਦਹੀਂ ਪਿਆਉਣ ਤੋਂ ਪਹਿਲਾਂ ਹੀ ਵਾਹਿਗੁਰੂ ਨੂੰ ਪਿਆਰਾ ਹੋ ਗਿਆ॥ ਗੁਰੂ ਸਾਹਿਬ ਨੇ ਨਿਰਦੋਸ਼ਿਆਂ ਨੂੰ ਕਸ਼ਟ ਦੇਣ ਵਾਲਿਆਂ ਨੂੰ ਰੱਬੀ ਸਜ਼ਾ ਮਿਲਣ ਬਾਰੇ ਅਤੇ ਸਾਰੇ ਜਗਤ ਦੇ ਸੁਧਾਰ ਲਈ ਇਸ ਪਾਵਨ ਸ਼ਬਦ ਦੀ ਰਚਨਾ ਕੀਤੀ॥
ਅਰਥ: ਹੇ ਭਾਈ! ਬਾਲਕ ਹਰਿਗੋਬਿੰਦ ਦਾ ਤਾਂ ਵਾਲ਼ ਵੀ ਵਿੰਗਾ ਨਾਂ ਹੋਇਆ, ਪਰ ਉਹ ਨੀਚ (ਬ੍ਰਾਹਮਣ ਢਿੱਡ ਵਿੱਚ) ਸੂਲ਼ ਉੱਠਣ ਕਾਰਨ ਨਰਕ ਸਧਾਰ ਗਿਆ॥ ਪ੍ਰਭੂ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ ਅਤੇ ਪਾਪੀ ਮਨੁੱਖ ਗੁਰੂ ਦੇ ਪਰਤਾਪ ਨਾਲ਼ ਮਰ ਜਾਂਦਾ ਹੈ॥ ਰਹਾਉ॥ ------ ਵਾਹਿਗੁਰੂ ਨੇ ਆਪਣੇ ਸੇਵਕ ਦੀ ਬੇਨਤੀ ਸੁਣੀ ਅਤੇ ਨੀਚ ਪਾਪੀ ਨੂੰ ਮੌਤ ਕਾਰਨ ਨਿਰਾਸਤੀ ਹੀ ਪੱਲੇ ਪਈ॥
ਬਿਲਾਵਲੁ ਮ:5 (825)॥ ਸੁਲਹੀ ਤੇ ਨਾਰਾਇਣ ਰਾਖੁ॥ ਸੁਲਹੀ ਕਾ ਹਾਥ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ 1॥ ਰਹਾਉ॥ ਕਾਢਿ ਕੁਠਾਰੁ ਖਸਮਿ ਸਿਰ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ------ ॥2॥104॥
ਨੋਟ: ਜਿਵੇਂ ਅਸੀਂ ਉੱਪਰ ਵੀ ਵਿਚਾਰ ਚੁੱਕੇ ਹਾਂ, ਪ੍ਰਿਥੀ ਚੰਦ ਨੇ ਗੁਰੂ ਸਾਹਿਬ ਪ੍ਰਤੀ ਆਪਣਾ ਵੈਰ ਨਾਂ ਛੱਡਿਆ॥ ਇਸ ਵਾਰ ਉਸਨੇ ਲਾਹੌਰ ਦੇ ਫੌਜੀ ਜਰਨੈਲ, ਸੁਲਹੀ ਖਾਨ, ਨੂੰ ਗੁਰੂ ਸਾਹਿਬ ਦੇ ਵਿਰੁੱਧ ਚੁੱਕਿਆ॥ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਇੱਟਾਂ ਦਾ ਭੱਠਾ ਲੁਆਇਆ ਹੋਇਆ ਸੀ॥ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਇਹ ਨੀਚ ਸਲਾਹ ਦਿੱਤੀ ਕਿ ਉਹ ਲਾਹੌਰ ਵਿੱਚ ਬਣ ਰਹੀ ਸ਼ਾਹੀ ਮਸੀਤ ਲਈ ਗੁਰੂ ਸਾਹਿਬ ਪਾਸੋਂ ਇੱਟਾਂ ਦੀ ਮੰਗ ਕਰੇ॥ ਪ੍ਰਿਥੀ ਚੰਦ ਨੂੰ ਭਲੀ ਭਾਂਤ ਪਤਾ ਸੀ ਕਿ ਗੁਰੂ ਸਾਹਿਬ ਇਹ ਇੱਟਾਂ ਸੁਲਹੀ ਖਾਨ ਨੂੰ ਨਹੀਂ ਦੇਣਗੇ, ਅਤੇ ਉਹ ਇਹੋ ਹੀ ਚਾਹੁੰਦਾ ਸੀ ਤਾਂ ਜੁ ਸੁਲਹੀ ਨੂੰ ਗੁਰੂ ਸਾਹਿਬ ਵਿਰੁੱਧ ਕੋਈ ਮਾੜੀ ਕਾਰਵਾਈ ਕਰਨ ਦਾ ਬਹਾਨਾ ਮਿਲ਼ ਸਕੇ॥ ਸੁਲਹੀ ਖਾਨ ਨੇ ਇਹ ਸਲਾਹ ਤੁਰੰਤ ਮੰਨ ਲਈ ਅਤੇ ਆਪਣੇ ਨਾਲ਼ ਇੱਕ ਵੱਡੀ ਕੁਮਕ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ॥ ਭੱਠਾ ਰਾਹ ਵਿੱਚ ਹੀ ਪੈਂਦਾ ਸੀ, ਸੋ ਸੁਲਹੀ ਇੱਟਾਂ ਵੇਖਣ ਦੇ ਇਰਾਦੇ ਨਾਲ਼ ਘੋੜੇ ਤੇ ਸੁਆਰ ਹੀ ਭੱਠੇ ਉੱਤੇ ਚੜ੍ਹ ਗਿਆ॥ ਪਰ ਵਾਹਿਗੁਰੂ ਦਾ ਭਾਣਾ ਵੇਖੋ! ਭੱਠੇ ‘ਚੋਂ ਬਲਦੇ ਭਾਂਬੜ ਵੇਖ ਕੇ ਘੋੜਾ ਤ੍ਰਬਕ ਗਿਆ ਅਤੇ ਸੁਲਹੀ ਸਮੇਤ ਹੀ ਬਲਦੇ ਭੱਠੇ ਵਿੱਚ ਡਿਗ ਕੇ ਮੌਤ ਨੂੰ ਪਿਆਰਾ ਹੋ ਗਿਆ॥ ਸੁਲਹੀ ਦੀ ਬਲ਼ਾ ਟਲ ਜਾਣ ਤੇ ਇਸ ਪਾਵਨ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ॥
ਅਰਥ: ਹੇ ਮਿਹਰਵਾਨ ਅਕਾਲਪੁਰਖ! ਮੈਂ ਤੇ ਤੈਨੂੰ ਕੇਵਲ ਇਹੀ ਬੇਨਤੀ ਕੀਤੀ ਸੀ ਕਿ ਮੈਨੂੰ ਸੁਲਹੀ ਦੇ ਕਹਿਰ ਤੋਂ ਬਚਾ ਲੈ ਅਤੇ ਉਸਦਾ ਹੱਥ ਮੇਰੇ ਤੱਕ ਨਾਂ ਪਹੁੰਚੇ॥ ਪਰ ਸੁਲਹੀ ਤਾਂ ਬਹੁਤ ਬੇਅਦਬ ਹੋ ਕੇ ਮਰ ਗਿਆ (ਮੁਸਲਮਾਨਾਂ ਵਿੱਚ ਸੜ ਕੇ ਮਰਨ ਨੂੰ ਬਹੁਤ ਮਾੜਾ ਸਮਝਦੇ ਹਨ)! ਰਹਾੳੇੁ॥ ਮਾਲਕ ਨੇ ਮੌਤ-ਰੂਪੀ ਕੁਹਾੜੇ ਨਾਲ ਉਸ ਦਾ ਸਿਰ ਵੱਢ ਦਿੱਤਾ ਤੇ ਉਹ ਤੁਰੰਤ ਹੀ ਸੁਆਹ ਬਣ ਗਿਆ॥ ਮੰਦੀ ਭਾਵਨਾ ਵਾਲ਼ੇ ਸੁਲਹੀ ਨੂੰ ਬਹੁਤ ਕਸ਼ਟ ਪਹੁੰਚਾ ਅਤੇ ਜਿਸ ਮਾਲਕ ਨੇ ਉਸਨੂੰ ਬਣਾਇਆ ਸੀ ਉਸਨੇ ਹੀ (ਮੌਤ ਦੇ ਮੂੰਹ) ਧੱਕਾ ਦੇ ਦਿੱਤਾ॥
ਜਨਮ ਸਾਖੀਆਂ: ਦੇ ਕਰਤੇ ਸਾਨੂੰ ਇਹ ਪ੍ਰਭਾਵ ਦਿੰਦੇ ਹਨ ਕਿ ਇਹ ਪੁਸਤਕਾਂ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਛੇਤੀ ਹੀ ਬਾਅਦ ਲਿਖੀਆਂ ਗਈਆਂ ਤਾਂ ਜੁ ਪਾਠਕ ਇਹ ਸਮਝਣ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਬਹੁਤ ਨੇੜਿਉਂ ਦਰਸ਼ਨ ਕੀਤੇ ਸਨ॥ ਪਰ ਲਗਭਗ ਹਰ ਜਨਮ ਸਾਖੀ ਵਿੱਚ ਕਝ ਕੁ ਅਜਿਹੇ ਸ਼ਬਦ ਹਨ ਜਿਹੜੇ ਪੰਜਵੇਂ ਪਾਤਸ਼ਾਹ ਦੇ ਹਨ॥ ਇਸ ਤੱਥ ਦਾ ਪਤਾ ਕੇਵਲ ਇਸ ਗੱਲ ਤੋਂ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਇਹ ਸ਼ਬਦ ਮਹਲੇ ਪੰਜਵੇਂ ਦਾ ਨਾਮ ਹੇਠ ਅੰਕਿਤ ਹਨ॥ ਜਨਮ ਸਾਖੀਆਂ ਵਿੱਚ ਅਜਿਹੇ ਪਾਵਨ ਸ਼ਬਦ ਇਸ ਗੱਲ ਦਾ ਠੋਸ ਸਬੂਤ ਪਰਦਾਨ ਕਰਦੇ ਹਨ ਕਿ ਜਨਮ ਸਾਖੀਆਂ ਗੁਰੂ ਅਰਜੁਨ ਸਾਹਿਬ ਤੋਂ ਵੀ ਪਿੱਛੋਂ ਲਿਖੀਆਂ ਗਈਆਂ॥ ਇਹ ਤੱਥ ਬਾਲੇ ਵਾਲ਼ੇ ਜਨਮ ਸਾਖੀ ਦੇ ਸੰਦਰਭ ਵਿੱਚ ਉਚੇਚੇ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਕਹਾਣੀ ਆਮ ਪ੍ਰਚੱਲਤ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਨੇ ਕਿਸੇ ਅਖਉਤੀ ਭਾਈ ਬਾਲੇ ਕੋਲ਼ੋਂ ਸੁਣ ਕੇ ਲਿਖਵਾਈ ਸੀ॥ ਇੱਥੇ ਮੈਂ ਇਹ ਗੱਲ ਸਪੱਸ਼ਟ ਕਰਨੀਂ ਚਾਹੁੰਦਾ ਹਾਂ ਕਿ ਮੈਂ ਗੁਰੂ ਨਾਨਕ ਸਾਹਿਬ ਬਾਰੇ ਕਿਸੇ ਸਾਖੀ ਦੀ ਸੱਚਾਈ ਤੇ ਪ੍ਰਸ਼ਨ ਚਿੰਨ੍ਹ ਨਹੀਂ ਲਾ ਰਿਹਾ॥ ਮੈਂ ਕੇਵਲ ਇੰਨਾ ਹੀ ਕਹਿ ਰਿਹਾ ਹਾਂ ਕਿ ਪਾਵਨ ਸ਼ਬਦਾਂ ਨਾਲ਼ “ਮਹਲੇ” ਲਿਖਣ ਦੇ ਬਹੁਤ ਲਾਭ ਹਨ ਜੋ ਕਈ ਇਤਿਹਾਸਕ ਤੱਥਾਂ ਨੂੰ ਵੀ ਉਜਾਗਰ ਕਰਦੇ ਹਨ॥
7. ਭਗਤ ਬਾਣੀ ਵਿੱਚ ਗੁਰਬਾਣੀ – ਇਤਿਹਾਸਿਕ ਪੱਖ:
ਤੁਸਾਂ ਨੋਟ ਕੀਤਾ ਹੋਣੈਂ ਕਿ ਕਬੀਰ ਸਾਹਿਬ ਦੇ ਸਲੋਕਾਂ ਵਿੱਚ ਕੁਝ ਸਲੋਕ ਗੁਰੂ ਸਾਹਿਬਾਨ ਦੇ ਹਨ॥ ਫ਼ਰੀਦ ਸਾਹਿਬ ਦੇ ਸਲੋਕਾਂ ਵਿੱਚ ਤਾਂ ਬਹੁਤ ਸਾਰੇ ਸਲੋਕ ਵੱਖ ਵੱਖ ਗੁਰੂ ਸਾਹਿਬਾਨ ਦੇ ਹਨ॥ ਗੁਰੂ ਸਾਹਿਬਾਨ ਵੱਲੋਂ ਇਹ ਸਲੋਕ (ਜਾਂ ਕੁਝ ਸ਼ਬਦ ਵੀ) ਭਗਤ ਬਾਣੀ ਦੇ ਵਿਰੋਧ ਵਿੱਚ ਨਹੀਂ ਸਗੋਂ ਭਗਤਾਂ ਦੇ ਕੁਝ ਸ਼ਬਦਾਂ ਜਾਂ ਸਲੋਕਾਂ ਦੇ ਵਿਸਥਾਰ ਵਾਸਤੇ ਲਿਖੇ ਗਏ ਸਨ॥ ਪਰ ਇਥੇ ਸਾਡਾ ਵਿਸ਼ਾ ਇਹ ਨਹੀਂ॥ ਅਸੀਂ ਇਸ ਗੱਲ ਤੇ ਵੀਚਾਰ ਕਰਨੀਂ ਹੈ ਕਿ ਭਗਤ ਬਾਣੀ ਇੱਕੱਠੀ ਕਿਸ ਨੇ ਕੀਤੀ॥ ਕੁਝ ਵਿਦਵਾਨਾਂ ਦਾ ਵੀਚਾਰ ਸੀ ਕਿ ਸਾਰੀ ਭਗਤ ਬਾਣੀ ਗੁਰੂ ਅਰਜੁਨ ਸਾਹਿਬ ਨੇ ਵੱਖ ਵੱਖ ਸ੍ਰੋਤਾਂ ਤੋਂ ਇਕੱਠੀ ਕੀਤੀ॥ ਪਰ “ਮਹਲਿਆਂ” ਦੀ ਵਰਤੋਂ ਨੂੰ ਆਧਾਰ ਬਣਾ ਕੇ ਡਾਕਟਰ ਸਾਹਿਬ ਸਿੰਘ ਹੁਰਾਂ ਇਹ ਸਿੱਧ ਕਰ ਦਿੱਤਾ ਕਿ ਸਾਰੀ ਭਗਤ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਇਕੱਠੀ ਕੀਤੀ ਅਤੇ ਇਹ ਗੁਰਗੱਦੀ ਦੇ ਨਾਲ਼ ਨਾਲ਼ ਹੀ ਅਗਲੇ ਗੁਰੂ ਸਾਹਿਬ ਨੂੰ ਸੌਂਪੀ ਗਈ॥ ਅਸੀਂ ਇਥੇ ਕੇਵਲ ਦੋ ਕੁ ਹੀ ਸ਼ਬਦ ਦੇ ਕੇ ਡਾ: ਸਾਹਿਬ ਦੇ ਇਸ ਸਿੱਟੇ ਦੀ ਪ੍ਰੋੜ੍ਹਤਾ ਕਰਾਂਗੇ॥
ਸਲੋਕ ਫਰੀਦ ਜੀ (1384)॥ ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ॥ ਪੈਰੀ ਥਕਾ ਸਿਰਿ ਜੁਲਾ ਜੇ ਮੂ ਪਿਰੀ ਮਿਲੰਨ੍ਹਿ॥119॥
ਅਗਲਾ ਸਲੋਕ ਗੁਰੂ ਨਾਨਕ ਪਾਤਸ਼ਾਹ ਦਾ ਹੈ ਜਿਹੜਾ ਕਿ ਸਪੱਸ਼ਟ ਤੌਰ ਤੇ ਫਰੀਦ ਸਾਹਿਬ ਦੇ ਇਸ ਸਲੋਕ ਦੀ ਵਿਆਖਿਆ ਕਰਦਾ ਹੈ॥ ਭਾਵੇਂ ਇਸ ਅਗਲੇ ਸਲੋਕ ਵਿੱਚ “ਮ:1” ਦਰਜ ਨਹੀਂ ਪਰ ਉਹ ਪਾਵਨ ਸਲੋਕ ਪੰਨਾ 1411 ‘ਤੇ ਮਹਲਾ 1 ਹੇਠਾਂ ਦਰਜ ਹੈ॥
ਸਲੋਕ (1384)॥ ਤਨੁ ਨ ਤਪਾਇ ਤਨੂਰ ਜਿੳੇੁ ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥ 120॥
ਇਹੋ ਜਿਹੇ ਕੁਝ ਹੋਰ ਸਲੋਕ ਵੀ ਹਨ ਜਿਹਨਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਕੋਲ਼ ਭਗਤ ਬਾਣੀ ਮੌਜੂਦ ਸੀ॥ ਹੁਣ ਹੋਰ ਲਵੋ
ਸਲੋਕ ਫਰੀਦ ਜੀ (1383)॥ ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥ ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥
ਅਗਲਾ ਹੀ ਸਲੋਕ ਮ:3 ਦਾ ਹੈ ਜਿਹੜਾ ਸਪੱਸ਼ਟ ਤੌਰ ਤੇ ਉਪਰਲੇ ਸਲੋਕ ਦੇ ਸਬੰਧ ਵਿੱਚ ਹੀ ਲਿਖਿਆ ਗਿਆ ਹੈ॥
ਮ:3 (1383)॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥
ਇਸੇ ਤਰ੍ਹਾਂ ਕਬੀਰ ਸਾਬਿ ਦੇ ਸਲੋਕਾਂ ਵਿੱਚ ਵੀ ਮ:3 ਦੇ ਸਲੋਕ ਹਨ॥
ਸਲੋਕ ਕਬੀਰ ਜੀ (1376)॥ ਕਬੀਰ ਜੋ ਮੈ ਚਿਤਵਉ ਨਾ ਕਰੇ ਕਿਆ ਮੇਰੇ ਚਿਤਵੈ ਹੋਇ॥ ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ॥ 219॥
ਮ:3 (1376)॥ ਚਿੰਤਾ ਭੀ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ॥ ਨਾਨਕ ਸੋ ਸਾਲਾਹੀ ਜਿ ਸਭਨਾ ਸਾਰ ਕਰੇਇ॥
ਸਲੋਕ ਕਬੀਰ ਜੀ (1367)॥ ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ॥ ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ॥ 65॥
ਮ:3 (947)॥ ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ॥ ਆਪੇ ਪੀਸੈ ਆਪੈ ਘਸੈ ਆਪੇ ਹੀ ਲਾਇ ਲਏਇ॥ ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥
ਇਹਨਾਂ ਸਲੋਕਾਂ ਤੋਂ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਵੀ ਸੀ॥ ਸਪੱਸ਼ਟ ਹੈ ਕਿ ਭਗਤ ਬਾਣੀ ਦਾ ਸਾਰਾ ਸੰਗ੍ਰਹਿ ਗੁਰੂ ਨਾਨਕ ਸਾਹਿਬ ਪਾਸ ਜੀ ਜੋ ਗੁਰਗੱਦੀ ਦੇ ਨਾਲ਼ ਨਾਲ਼ ਹੀ ਚੱਲਦਾ ਰਿਹਾ॥ ਇਸ ਤਰ੍ਹਾਂ ਗੁਰਬਾਣੀ ਨਾਲ਼ “ਮਹਲੇ” ਦਰਜ ਕਰਨ ਨਾਲ਼ ਸਾਨੂੰ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ॥
ਅੰਤਿਕਾ:
ਸਾਡਾ ਮਨੁੱਖੀ ਮਨ ਹੀ ਸਾਡੀ ਚੰਗੀ ਮੰਦੀ ਸੋਚ ਦਾ ਸੋਮਾ ਹੈ॥ ਜੇ ਮਨੁੱਖੀ ਮਨ ਚਾਹੇ ਤਾਂ ਹਰ ਗੱਲ ਜਾਂ ਘਟਨਾ ਨੂੰ “ਹਉਮੈਂ” ਦਾ ਜਾਂ ਕੋਈ ਵੀ ਹੋਰ ਰੰਗ ਦੇ ਸਕਦਾ ਹੈ॥ ਆਪਣੇ ਆਪ ਨੂੰ ਪ੍ਰਗਤੀਸ਼ੀਲ ਸਮਝਦੇ ਕਈ ਮਨੁੱਖ ਗੁਰੂ ਨਾਨਕ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਵੀ ਕਈ ਨੀਚ ਰੰਗ ਦਿੰਦੇ ਹਨ॥ ਜਦ ਉਹ ਮਨੁੱਖੀ ਕਲਿਆਣ ਲਈ ਭਰ ਜੁਆਨੀ ਵਿੱਚ ਸਾਰੇ ਪਰਿਵਾਰਕ ਸੁੱਖ ਤਿਆਗ ਕੇ ਉਦਾਸੀਆਂ ਤੇ ਨਿਕਲੇ ਅਤੇ ਹਰ ਰੋਜ਼ ਜਾਨ ਲੇਵਾ ਖ਼ਤਰਿਆਂ ਨਾਲ਼ ਖੇਡੇ ਤਾਂ ਕਈ ਘਸੀ ਪਿਟੀ ਸੋਚ ਵਾਲ਼ੇ ਇਹ ਵੀ ਕਹਿੰਦੇ ਸੁਣੇ ਹਨ ਕਿ ਆਪਣੀਆਂ ਘਰੇਲੂ ਜ਼ਿਮੇਂਵਾਰੀਆਂ ਤੋਂ ਕੰਨੀ ਕਤਰਾ ਗਏ ਸਨ॥ ਅਜਿਹੇ ਲੋਕਾਂ ਦਾ ਕੀ ਕਰੀਏ? ਇਥੇ ਕਬੀਰ ਸਾਹਿਬ ਦਾ ਇਹ ਸ਼ਬਦ ਬਹੁਤ ਢੁੱਕਵਾਂ ਹੈ
ਗਉੜੀ ਚੇਤੀ ਕਬੀਰ ਜੀ (332)॥ ------ ਆਪਿ ਨੇ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ 2॥ ------ ਛਾਡਿ ਕੁਚਰਚਾ ਆਨ ਨ ਜਾਨਹਿ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ॥4॥ ------ ਅਵਰਨ ਹਸਤ ਆਪਿ ਹਹਿ ਕਾਨੇ॥ ਤਿਨ ਕਉ ਦੇਖਿ ਕਬੀਰ ਲਜਾਨੈ॥ 6॥44॥
ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਗਰੰਥ ਸਾਹਿਬ ਜਾਂ ਕਿਸੇ ਵੀ ਗੁਰੂ ਸਾਹਿਬ ਬਾਰੇ ਆਪਣੀ ਕੋਈ ਵੀ ਨਿਜੀ ਰਾਇ ਬਣਾਉਣ ਤੋਂ ਪਹਿਲਾਂ ਜਿਹੜੀ ਕਿ ਤੁਹਾਨੂੰ ਆਪ ਨੂੰ ਵੀ ਅਸ਼ਰਧਕ ਭਾਸਦੀ ਹੋਵੇ, ਕੁਝ ਹੋਰ ਸੱਜਣਾਂ ਨਾਲ਼ ਸਲਾਹ ਜ਼ਰੂਰ ਕਰ ਲਉ॥