gototopgototop
  1. Skip to Menu
  2. Skip to Content
  3. Skip to Footer>

PDFPrintE-mail

GURU GOBIND SINGH JI

ਤੇਜੱਸਵੀ ਗੁਰੂ ਗੋਬਿੰਦ ਸਿੰਘ ਜੀ

ਆਪ ਦੇ 350ਵੇਂ ਪਰਕਾਸ਼ ਉੱਤਸਵਤੇ

ਡਾ: ਦੇਵਿੰਦਰ ਸਿੰਘ ਸੇਖੋਂ, ਕੈਨੇਡਾ

 

ਇਸ ਸਾਲ ਸਾਰੇ ਸੰਸਾਰਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਉਹਨਾਂ ਦਾ 350ਵਾਂ ਪ੍ਰਕਾਸ਼ ਉੱਤਸਵ ਅਤਿਅੰਤ ਸ਼ਰਧਾਭਾਵ ਅਤੇ ਉਤਸ਼ਾਹ ਨਾਲ਼ ਮਨਾ ਰਹੇ ਹਨ॥ ਮਨਾਉਣ ਵੀ ਕਿਉਂ ਨਾਂ? ਗੁਰੂ ਸਾਹਿਬਾਨ ਨੇ ਸਮੁੱਚੇ ਸੰਸਾਰ ਦੇ ਕਲਿਆਣ ਲਈ ਜੋ ਘਾਲਣਾਂ ਘਾਲੀਆਂ ਅਤੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲ਼ਦੀ॥ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਤਾਂ ਹੋਰ ਵੀ ਬੇਮਿਸਾਲ ਹਨ॥ ਉਹਨਾਂ ਨੇ ਆਪਣੇ ਪਿਤਾ, ਮਾਤਾ ਅਤੇ ਲਾਲਾਂ ਦੀਆਂ ਜਾਨਾਂ ਹੱਸ ਹੱਸ ਵਾਰੀਆਂ॥ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਕਰਕੇ ਦੁਸ਼ਮਣਾਂ ਦੀ ਲੱਖਾਂ ਦੀ ਫੌਜ ਨਾਲ ਲੋਹਾ ਲੈਣ ਲਈ ਭੇਜਿਆ ਅਤੇ ਉਹਨਾਂ ਦੀ ਬਹਾਦਰੀ ਵੇਖ ਵੇਖ ਕੇ ਅਤਿ ਪ੍ਰਸੰਨ ਹੋਏ॥ ਦੋਹਾਂ ਦੀ ਸ਼ਹੀਦੀ ਤੇ ਰੱਬ ਦਾ ਧੰਨਵਾਦ ਕੀਤਾ॥ ਜਿਵੇਂ ਤੁਸੀਂ ਅੱਗੇ ਪੜ੍ਹੋਗੇ, ਦੋਲ਼ਤ ਰਾਇ ਜੀ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਤੋਂ ਕੁਝ ਨਹੀਂ ਸੀ ਲੁਕਾਇਆ॥ ਆਪਣਾ ਤਨ, ਮਨ ਤੇ ਧਨ, ਹਰ ਇੱਕ ਚੀਜ਼ ਕੌਮ ਦੇ ਲੇਖੇ ਲਾ ਦਿੱਤੀ॥ ਉਹ ਰੋਸ਼ਨੀ ਦੇ ਉਹ ਸੂਰਜ ਸਨ ਜਿਹਨਾਂ ਨੇ ਦੁਨੀਆਂ ਦੇ ਘੁੱਪ ਹਨੇਰੇ ਜੀਵਨ ਵਿੱਚ ਰੋਸ਼ਨੀ ਤਾਂ ਕੀਤੀ ਹੀ, ਪਰ ਸੂਰਜ ਵਾਂਙ ਤਪਸ਼ ਦੇਣ ਦੀ ਬਜਾਇ ਲੋਕਾਂ ਦੇ ਤਪਦੇ ਮਨਾਂ ਨੂੰ ਠੰਢਕ ਪੁਚਾਈ॥

ਸੰਸਾਰ ਨੂੰ ਦੁੱਖਾਂ ਦੀ ਅੱਗ ਵਿੱਚ ਸੜਦਾ ਵੇਖ ਕੇ ਗੁਰੂ ਅਮਰਦਾਸ ਜੀ ਦਾ ਮਨ ਪਸੀਜਿਆ ਜਿਸ ਕਰੇ ਉਹਨਾਂ ਵਾਹਿਗੁਰੂ ਪਾਸ ਇਹ ਬੇਨਤੀ ਕੀਤੀ॥

ਸਲੋਕ :3 (853) ਜਗਤੁ ਜਲੰਦਾ ਰਖਿ ਲੈ, ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ॥

ਜਿਵੇਂ ਗੁਰੂ ਅਰਜੁਨ ਦੇਵ ਜੀ ਦਾ ਫ਼ੁਰਮਾਨ ਹੈ, ਸੰਸਾਰ ਦੇ ਜ਼ਖ਼ਮਾਂ ਤੇ ਮਰ੍ਹਮ ਲਾਉਣ ਲਈ ਹੀ ਗੁਰੂ ਸਾਹਿਬਾਨ ਇਸ ਧਰਤੀ ਤੇ ਆਏ॥

ਸੂਹੀ :5 (748-49) ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥

ਅਧਿਆਤਮਕ ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਰੋਸ਼ਨੀ ਦੇਣ ਵਾਲ਼ੇ ਉਸ ਚਰਾਗ਼ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਸਨ ਜਿਹਨਾਂ ਬਾਰੇ ਗੁਰੂ ਅਰਜੁਨ ਸਾਹਿਬ ਨੇ ਉਚਾਰਿਆ ਹੈ॥

ਸਵਯੇ ਸ੍ਰੀ ਮੁਖ ਬਾਕ੍ਹ :5 (1387) ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥

ਗੁਰੂ ਸਾਹਿਬ ਤੇ ਬਹੁਤ ਸਾਰੀਆਂ ਲੜਾਈਆਂ ਠੋਸੀਆਂ ਗਈਆਂ ਜਿਹਨਾਂ ਵਿੱਚ ਆਪ ਨੂੰ ਲਗਭੱਗ ਜਿੱਤਾਂ ਹੀ ਪ੍ਰਾਪਤ ਹੋਈਆਂ॥ ਪਰ ਗੁਰੂ ਸਾਹਿਬ ਨੇ ਕਿਸੇ ਦੀ ਇੱਕ ਇੰਚ ਥਾਂ ਤੇ ਵੀ ਕਬਜ਼ਾ ਨਹੀਂ ਕੀਤਾ ਅਤੇ ਨਾਂ ਹੀ ਆਪਣੇ ਸਿੱਖਾਂ ਨੂੰ ਕਿਸੇ ਲੁੱਟ ਮਾਰ ਦੀ ਇਜਾਜ਼ਤ ਦਿੱਤੀ॥ ਅੰਗਰੇਜ਼ੀ ਦੀ ਇੱਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਪਿਆਰ ਅਤੇ ਲੜਾਈ ਵਿੱਚ ਸਭ ਕੁਝ ਜਾਇਜ਼ ਹੈ॥ ਪਰ ਗੁਰੂ ਸਾਹਿਬ ਨੇ ਕਿਸੇ ਵੀ ਲੜਾਈ ਵਿੱਚ ਅਜਿਹਾ ਕੋਈ ਵੀ ਢੰਗ ਵਰਤਣ ਦੀ ਮੰਨਜ਼ੂਰੀ ਨਾਂ ਦਿੱਤੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਉਹਨਾਂ ਦੇ ਉੱਚੇ ਆਚਰਣ ਤੇ ਕੋਈ ਉਂਗਲੀ ਉਠਾ ਸਕੇ॥ ਉਹਨਾਂ ਦਾ ਸਿਧਾਂਤ ਸੀ ਕਿ ਕੇਵਲ ਜਾਇਜ਼ ਹੀ ਜਾਇਜ਼ ਹੈ॥ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਦੁਸ਼ਮਣ ਤੇ ਪਹਿਲਾਂ ਵਾਰ ਨਹੀਂ ਕੀਤਾ ਸੀ ਅਤੇ ਸਦਾ ਹੀ ਦੁਸ਼ਮਣ ਨੂੰ ਪਹਿਲਾਂ ਵਾਰ ਕਰਨ ਦਾ ਮੌਕਾ ਦਿੰਦੇ ਸਨ॥ ਲੜਾਈ ਦੇ ਮੈਦਾਨ ਵਿੱਚ ਬਿਨਾਂ ਕਿਸੇ ਭਿੰਨ-ਭਾਵ ਦੇ ਹਰ ਜ਼ਖ਼ਮੀ ਦੀ ਵੇਖ ਭਾਲ਼ ਕੀਤੀ ਗਈ ਅਤੇ ਲਾਸ਼ਾਂ ਦਾ ਸਤਿਕਾਰ ਸਹਿਤ ਉਹਨਾਂ ਦੇ ਧਰਮ ਵਿਸ਼ਵਾਸਾਂ ਅਨੁਸਾਰ ਦਫ਼ਨ ਜਾਂ ਸਸਕਾਰ ਕੀਤਾ ਗਿਆ॥ ਯੋਧਿਆਂ ਦਾ ਵੀ ਸਤਿਕਾਰ ਕੀਤਾ ਗਿਆ ਭਾਵੇਂ ਉਹ ਵੈਰੀ ਫੌਜ ਦਾ ਹੀ ਕਿਉਂ ਨਾਂ ਹੋਵੇ॥ ਭੰਗਾਣੀ ਦੇ ਯੁੱਧ ਵਿੱਚ ਦੁਸ਼ਮਨ ਸੈਨਾ ਦਾ ਇੱਕ ਬੜਾ ਵੱਡਾ ਯੋਧਾ ਰਾਜਾ ਹਰੀ ਚੰਦ ਸੀ ਜੋ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ॥ ਹਰੀ ਚੰਦ ਦਾ ਨਿਜੀ ਤੌਰ ਤੇ ਗੁਰੂ ਸਾਹਿਬ ਨਾਲ਼ ਕੋਈ ਵੈਰ ਨਹੀਂ ਸੀ॥ ਉਹ ਕੇਵਲ ਕਹਿਲੂਰ ਦੇ ਰਾਜੇ ਭੀਮ ਚੰਦ ਦੀ ਹੀ ਮਦਦ ਕਰ ਰਿਹਾ ਸੀ॥ ਪਰ ਉਸਦੇ ਆਚਰਣ ਦੀ ਇਹ ਗੱਲ ਸੀ ਕਿ ਜਦ ਭੀਮ ਚੰਦ ਆਪ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਹਰੀ ਚੰਦ ਤਾਂ ਵੀ ਡੱਟਿਆ ਰਿਹਾ॥ ਉਸਦੀ ਇਸ ਬਹਾਦਰੀ ਕਾਰਨ ਯੋਧੇ ਗੁਰੂ ਸਾਹਿਬ ਨੇ ਉਸਦੇ ਸਨਮਾਨ ਵਿੱਚ ਉਸਦੀ ਯਾਦਗਾਰ ਬਣਾਈ॥ ਇਹੋ ਜਿਹੇ ਉੱਚੇ ਆਚਰਣ ਦੀਆਂ ਉਦਾਹਰਣਾਂ ਹੋਰ ਕਿਤੇ ਨਹੀਂ ਮਿਲਣਗੀਆਂ॥

ਕੌਮ ਦੀ ਖ਼ਾਤਰ ਸ਼ਹੀਦ ਹੋਏ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਤੇ ਗੁਰੂ ਜੀ ਨੇ ਇੱਕ ਹੰਝੂ ਤੱਕ ਨਹੀਂ ਵਹਾਇਆ॥ ਬਹਾਦਰੀ ਦੇ ਨਾਲ਼ ਨਾਲ਼ ਗੁਰੂ ਸਾਹਿਬ ਬਹੁਤ ਵਧੀਆ ਪ੍ਰਬੰਧਕ, ਮਹਾਂ ਦਾਨੀ, ਉੱਚ ਕੋਟੀ ਦੇ ਕਵੀ, ਅਤੇ ਵਿਦਵਾਨਾਂ ਦੇ ਕਦਰਵਾਨ ਸਨ॥ ਆਪ ਦੀਆਂ ਸੰਭਵ ਰਚਨਾਵਾਂ ਜਾਪੁ ਸਾਹਿਬ, ਸਬਦ ਹਜ਼ਾਰੇ, ਅਤੇ 33 ਸਵੱਈਏ ਦਸਮ ਗਰੰਥ ਵਿੱਚ ਸਸ਼ੋਭਤ ਹਨ॥

ਆਪ ਮਨੁੱਖੀ ਪਿਆਰ ਅਤੇ ਹਮਦਰਦੀ ਨਾਲ਼ ਪੂਰੀ ਤਰ੍ਹਾਂ ਲਬਰੇਜ਼ ਸਨ॥

ਜਿਵੇਂ ਸੂਹੀ ਰਾਗ ਵਿੱਚ ਗੁਰੂ ਅਰਜੁਨ ਸਾਹਿਬ ਦੇ ਫ਼ੁਰਮਾਣ ਹੈ: ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨਾਂ ਬੋਲੈ ਕਉੜਾ॥ ਆਪ ਦੀ ਬੋਲੀ ਵਿੱਚ ਖ਼ਾਸ ਮਿਠਾਸ ਸੀ ਅਤੇ ਆਪਣੀ ਮਿਠਾਸ ਨਾਲ਼ ਹਰੇਕ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ॥

ਹੋਰ ਧਰਮਾਂ ਦੇ ਕਈ ਲਿਖਾਰੀਆਂ ਨੇ ਈਰਖਾ ਕਾਰਨ ਗੁਰੂ ਸਾਹਿਬ ਬਾਰੇ ਕਈ ਬਹੁਤ ਨੀਚ ਗੱਲਾਂ ਲਿਖੀਆਂ ਹਨ॥ ਜਿਵੇਂ ਕਿ ਇਹ ਕਹਿਣਾ ਕਿ ਸਾਰੇ ਪ੍ਰੀਵਾਰ ਦੇ ਸ਼ਹੀਦ ਹੋ ਜਾਣ ਪਿੱਛੋਂ ਗੁਰੂ ਸਾਹਿਬ ਆਪਣਾ ਮਾਨਸਿਕ ਸੰਤੁਲਣ ਖੋਹ ਬੈਠੈ ਸਨ ਜਾਂ ਕਿ ਆਪ ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਵਿੱਚ ਕਿਸੇ ਉੱਚੇ ਅਹੁਦੇ ਤੇ ਨੌਕਰੀ ਕਰਨ ਲੱਗ ਪਏ ਸਨ॥ ਇਹ ਸਭ ਗੱਲਾਂ ਬਿਲਕੁੱਲ ਬੇਹੂਦਾ ਸਾਬਤ ਹੋ ਜਾਂਦੀਆਂ ਹਨ ਜਦ ਕਿ ਸੱਚਾਈ ਇਹ ਹੈ ਕਿ ਤਲਵੰਡੀ ਸਾਬੋ (ਅੱਜ ਕੱਲ੍ਹ ਦਮਦਮਾ ਸਾਹਿਬ) ਵਿਖੇ ਆਪ ਨੇ ਪੂਰਾ ਗੁਰੂ ਗਰੰਥ ਸਾਹਿਬ ਆਪਣੀ ਯਾਦ ਸ਼ਕਤੀ ਨਾਲ਼ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ॥ ਕੀ ਮਾਨਸਿਕ ਸੰਤੁਲਣ ਖੋਹ ਜਾਣ ਨਾਲ਼ ਕੋਈ ਅਜਿਹਾ ਕਰ ਸਕਦਾ ਹੈ?

ਹਾਂ ਉਸਨੂੰ ਇੱਕ ਨੇਕ ਤੇ ਪਰਜਾ ਦੇ ਹਿਤਾਂ ਲਈ ਕੰਮ ਕਰਨ ਵਾਲ਼ਾ ਸਮਝ ਕੇ ਬਹਾਦਰ ਸ਼ਾਹ ਦੀ ਬੇਨਤੀ ਤੇ ਆਪ ਜੀ ਨੇ ਬਾਦਸ਼ਾਹੀ ਗੱਦੀ ਪ੍ਰਾਪਤ ਕਰਨ ਵਿੱਚ ਉਸਦੀ ਮਦਦ ਜ਼ਰੂਰ ਕੀਤੀ ਸੀ, ਪਰ ਜਦ ਉਸ ਕੋਲ਼ੋਂ ਵੀ ਕਿਸੇ ਅਜਿਹੇ ਨੇਕ ਕਾਰਜ ਦੀ ਆਸ ਨਾਂ ਰਹੀ ਤਾਂ ਗੁਰੂ ਸਾਹਿਬ ਉਸਦਾ ਵੀ ਸਾਥ ਛੱਡ ਗਏ॥

ਦੁਨੀਆਂ ਦੇ ਇਤਿਹਾਸ ਵਿੱਚ ਲਗਭੱਗ ਹਰ ਮਹਾਂਪੁਰਖ ਨਾਲ਼ ਕੁਝ ਕਰਾਮਾਤਾਂ ਜ਼ਰੂਰ ਜੁੜੀਆਂ ਹਨ॥ ਗੁਰੂ ਸਾਹਿਬ ਨੇ ਵੀ ਦੋ ਬਹੁਤ ਵੱਡੀਆਂ ਕਰਾਮਾਤਾਂ ਵਿਖਾਈਆਂ ਜਿਹਨਾਂ ਦਾ ਕੋਈ ਮੁਕਾਬਲਾ ਨਹੀਂ॥

ਪਹਿਲੀ ਤਾਂ ਇਹ ਕਿ ਬਹੁਤ ਸੀਮਤ ਵਸੀਲਿਆਂ ਦੇ ਉਪ੍ਰੰਤ ਵੀ ਆਪ ਨੇ ਕਿ ਸਦੀਆਂ ਤੋਂ ਕੁਚਲੀ ਹੋਈ ਬੇਜਾਨ ਕੌਮ ਵਿੱਚ, ਜਿਸਨੇ ਕਦੇ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਸੀ, ਅਜਿਹਾ ਬੱਲ ਭਰਿਆ ਕਿ ਉਸਨੂੰ ਇੱਕ ਅਜਿਹੀ ਤਾਕਤ ਨਾਲ਼ ਲੋਹਾ ਲੈਣ ਦੇ ਸਮਰੱਥ ਬਣਾ ਦਿੱਤਾ ਜਿਸਦੀ ਸ਼ਕਤੀ ਦਾ ਸੂਰਜ ਸਿਖਰਾਂ ਤੇ ਸੀ ਅਤੇ ਜਿਸ ਨਾਲ਼ ਲੜਨਾ ਤਾਂ ਦੂਰ ਦੀ ਗੱਲ ਕੋਈ ਕਿਸੇ ਮਾੜੇ ਤੋਂ ਮਾੜੇ ਅਤੇ ਜ਼ਾਲਮ ਅਹਿਲਕਾਰ ਅੱਗੇ ਸਿਰ ਵੀ ਨਹੀਂ ਚੁੱਕ ਸਕਦਾ ਸੀ॥ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਸੀ ਕਿ ਔਰੰਗਜ਼ੇਬ ਵਰਗੇ ਸ਼ਕਤੀਸ਼ਾਲੀ ਅਤੇ ਜ਼ਾਲਮ ਬਾਦਸ਼ਾਹ ਦਾ ਰਾਜ ਕਦੇ ਖ਼ਤਮ ਵੀ ਹੋ ਸਕੇਗਾ॥ ਪਰ ਗੁਰੂ ਸਾਹਿਬ ਨੇ ਇਹ ਅਸੰਭਵ ਕੰਮ ਕਰ ਕੇ ਵਿਖਾ ਦਿੱਤਾ॥ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਦੋ-ਤਿੰਨ ਸਾਲ ਦੇ ਅੰਦਰ ਹੀ ਪੰਜਾਬ ਵਿੱਚ ਸਿੱਖਾਂ ਦਾ ਰਾਜ ਸਥਾਪਤ ਹੋ ਗਿਆ॥

ਦੂਜੀ ਵੱਡੀ ਕਰਾਮਾਤ ਇਹ ਸੀ ਕਿ ਪੂਰਨ ਤੌਰ ਤੇ ਇੱਕ ਬੈਰਾਗੀ ਸਾਧੂ ਜਿਹੜਾ ਇੱਕ ਕੀੜੀ ਮਾਰਨ ਦੇ ਵੀ ਵਿਰੁੱਧ ਸੀ, ਨੂੰ ਬਾਬਾ ਬੰਦਾ ਸਿੰਘ ਦੇ ਰੂਪ ਵਿੱਚ ਇੱਕ ਬਹਾਦਰ ਯੋਧਾ ਬਣਾ ਦਿੱਤਾ ਜਿਸਨੇ ਆਕੇ ਮੁਗ਼ਲ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸਰਹਿੰਦ ਦੇ ਸ਼ਕਤੀਸ਼ਾਲੀ ਨਵਾਬ ਨੂੰ ਕਰਾਰੀ ਹਾਰ ਦੇ ਕੇ ਉਸਦੀ ਜ਼ੁਲਮ ਦੀ ਰਾਜਧਾਨੀ ਨੂੰ ਮਿੱਟੀ ਵਿੱਚ ਮਿਲ਼ਾ ਦਿੱਤਾ॥ ਗੁਰੂ ਸਾਹਿਬ ਦੀ ਬੈਰਾਗ਼ੀ ਸਾਧੂ ਦੀ ਚੋਣ ਅਤੇ ਉਸ ਵਿੱਚ ਅਜਿਹੀ ਨਵੀਂ ਰੂਹ ਫੂਕ ਦੇਣੀ ਕਿ ਉਹ ਪਹਾੜ ਵਰਗੇ ਸਾਮਰਾਜ ਦੀਆਂ ਜੜ੍ਹਾਂ ਖੋਖ਼ਲ਼ੀਆਂ ਕਰ ਸਕੇ ਕਿਸੇ ਵੱਡੀ ਤੋਂ ਵੱਡੀ ਕਰਾਮਾਤ ਤੋਂ ਘੱਟ ਨਹੀਂ ||

ਗੁਰੂ ਸਾਹਿਬ ਦਾ ਸੰਪੂਰਨ ਜੀਵਨ ਵਿਰਤਾਂਤ ਕਰਨ ਵਿੱਚ ਤਾਂ ਕਈ ਪੁਸਤਕਾਂ ਦੀ ਲੋੜ ਹੈ ਅਤੇ ਮੇਰਾ ਹਰਗਿਜ਼ ਦਿਲ ਨਹੀਂ ਕਰਦਾ ਕਿ ਆਪਣੇ ਵਿਚਾਰ ਆਪ ਨਾਲ਼ ਸਾਂਝੇ ਕਰਨ ਤੋਂ ਰੁਕ ਜਾਵਾਂ, ਪਰ ਇਸ ਲੇਖ ਵਿੱਚ ਮੈਂ ਗੁਰੂ ਸਾਹਿਬ ਦੀ ਮਹਾਨਤਾ ਬਾਰੇ ਮੈਂ ਕੁਝ ਗ਼ੈਰ-ਸਿੱਖ ਵਿਦਵਾਨਾਂ, ਜਿਵੇਂ ਕਿ ਜੋਗੀ ਅੱਲਾ ਯਾਰ ਖ਼ਾਨ, ਦੌਲਤ ਰਾਇ ਜੀ, ਜੇ.ਡੀ. ਕਨਿੰਗਹੈਮ ਅਤੇ ਮੈਕਸ ਮੈਕਾਲਿਫ਼ ਆਦਿ ਦੀਆਂ ਰਚਨਾਵਾਂ ਆਪ ਨਾਲ਼ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ॥ ਇਹਨਾਂ ਤੋਂ ਛੁੱਟ ਗੁਰੂ ਸਾਹਿਬ ਪ੍ਰਤੀ ਭਾਈ ਨੰਦ ਲਾਲ ਜੀ ਦਾ ਪਿਆਰ ਅਤੇ ਸਤਿਕਾਰ ਵੀ ਆਪ ਜੀ ਨਾਲ਼ ਸਾਂਝਾ ਕੀਤਾ ਜਾਵੇਗਾ॥ ਭਾਈ ਨੰਦ ਲਾਲ ਜੀ ਬਹੁਤ ਸਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹੇ ਹਨ॥ ਉਹਨਾ ਨਾਲੋਂ ਵੱਧ ਗੁਰੂ ਸਾਹਿਬ ਨੁੰ ਹੋਰ ਕੌਣ ਜਾਣ ਸਕਦਾ ਹੈ?

ਨੋਟ: ਇਹ ਸਾਰੇ ਵਿਦਵਾਨ ਸਾਡੇ ਨਾਲੋਂ ਕਿਤੇ ਉੱਚੇ ਸਿੱਖ ਸਨ॥ ਮੈਂ ਗ਼ੈਰ-ਸਿੱਖ ਕੇਵਲ ਇਸ ਕਰਕੇ ਲਿਖ ਰਿਹਾ ਹਾਂ ਕਿ ਇਹਨਾਂ ਦੇ ਨਾਮ ਨਾਲ਼ ਸਿੰਘ ਨਹੀਂ ਲੱਗਾ ਹੋਇਆ ਸੀ ਅਤੇ ਇਹ ਸਿੱਖ ਧਰਮ ਵਿੱਚ ਪੈਦਾ ਵੀ ਨਹੀਂ ਹੋਏ ਸਨ॥

1 ਹਕੀਮ ਮਿਰਜ਼ਾ ਅੱਲਾ ਯਾਰ ਖ਼ਾਨ ਜੋਗੀ (ਗੰਜ- ਸ਼ਹੀਦਾਂ)

ਜੋਗੀ ਜੀ ਇੱਕ ਨਿਰਪੱਖ ਮਹਾਨ ਕਵੀ ਹੋਏ ਹਨ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦੀਆਂ ਕੌਮ ਹੇਤ ਕੁਰਬਾਨੀਆਂ ਅਤੇ ਤਿਆਗ ਵੇਖ ਕੇ ਉਹਨਾਂ ਦੇ ਇੰਨੇ ਵੱਡੇ ਸ਼ਰਧਾਲੂ ਬਣ ਕਿ ਕਿ ਉਹਨਾਂ ਪਿੱਛੇ ਆਪਣੇ ਮੁਸਲਿਮ ਧਰਮ ਦਾ ਵੀ ਤਿਆਗ ਕਰ ਗਏ॥ ਉਹਨਾਂ ਨੇ 1913 ਵਿੱਚ ਦੋ ਲੰਮੀਆਂ ਕਵਿਤਾਵਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਗੰਜ- ਸ਼ਹੀਦਾਂ) ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਸ਼ਹੀਦਾਂ- ਵਫ਼ਾ) ਮਰਸੀਆਂ ਦੇ ਰੂਪ ਵਿੱਚ ਲਿਖੀਆਂ ਜਿਹਨਾਂ ਵਿੱਚ ਗੁਰੂ ਸਾਹਿਬ ਦੀ ਮਹਾਨਤਾ ਵੀ ਦਰਸਾਈ ਗਈ ਹੈ॥ ਇਸ ਲੇਖ ਵਿੱਚ ਗੰਜ- ਸ਼ਹੀਦਾਂ ਵਿੱਚੋਂ ਹੀ ਕੁਝ ਪਦੇ ਆਪ ਨਾਲ਼ ਸਾਂਝੇ ਕੀਤੇ ਜਾਣਗੇ॥ ਇਹਨਾਂ ਦੋਵਾਂ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਵੀ ਕਵਿਤਾਵਾਂ ਰਾਹੀਂ ਜੋਗੀ ਜੀ ਨੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ॥ ਚਮਕੌਰ ਸਾਹਿਬ, ਜਿੱਥੇ ਕਿ ਵੱਡੇ ਸਾਹਿਬਜ਼ਾਦੇਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ - ਸ਼ਹੀਦ ਹੋਏ ਦੀ ਮਹਾਨਤਾ ਬਿਆਨ ਕਰਦੇ ਹੋਏ ਲਿਖਦੇ ਹਨ॥

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ॥ ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ॥

ਗੁਰੂ ਸਾਹਿਬ ਦੇ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਜੋ ਕਿ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾ ਰਿਹਾ ਸੀ॥ ਔਰੰਗਜ਼ੇਬ ਦੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਆਪਣਾ ਪਵਿੱਤਰ ਸੀਸ ਕਟਵਾਇਆ ਅਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਹਾਦਰੀ ਨਾਲ਼ ਔਰੰਗਜ਼ੇਬ ਦੇ ਜ਼ੁਲਮ ਦੇ ਹੜ੍ਹ ਨੂੰ ਰੋਕਿਆ॥ ਕਲਗ਼ੀਧਰ ਪਿਤਾ ਦੀ ਇਹ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਜੋਗੀ ਜੀ ਲਿਖਦੇ ਹਨ॥

ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ॥ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬ ਕੀ॥

ਸਿੱਖੀ-ਵਿਕੀ ਅਨੁਸਾਰ ਜੋਗੀ ਜੀ ਦੀ ਗੁਰੂ ਪ੍ਰਤੀ ਇੰਨੀ ਸ਼ਰਧਾ ਵੇਖ ਕੇ ਬਹੁਤ ਸਾਰੇ ਮੁਸਲਮਾਨ ਉਹਨਾਂ ਦੇ ਖ਼ਿਲਾਫ਼ ਹੋ ਗਏ॥ ਇੱਕ ਵਾਰ ਇੱਕ ਕਾਜ਼ੀ ਜੋਗੀ ਜੀ ਕੋਲ਼ ਆਇਆ ਤੇ ਉਹਨਾਂ ਨੂੰ ਆਖਿਆਕਿ ਆਉ ਮੇਰੇ ਨਾਲ਼, ਤੁਹਾਨੂੰ ਮੁਆਫ਼ ਕਰ ਦੇਵਾਂਗੇ ਤਾ ਜੁ ਤੁਸੀਂ ਮਰਨ ਤੋਂ ਪਹਿਲਾਂ ਆਪਣੇ ਧਰਮ ਵਿੱਚ ਵਾਪਸ ਜਾਉ॥ ਜੋਗੀ ਸਾਹਿਬ ਕਹਿਣ ਲੱਗੇ ਕਿ ਉਹਨਾਂ ਨੇ ਕੋਈ ਗ਼ਲਤ ਗੱਲ ਕੀਤੀ ਹੀ ਨਹੀਂ ਅਤੇ ਉਹੋ ਹੀ ਲਿਖਿਆ ਹੈ ਜੋ ਪੂਰਨ ਸੱਚਾਈ ਹੈ; ਸੋ ਮੁਆਫ਼ੀ ਕਿਸ ਗੱਲ ਦੀ? ਇਸ ਤੇ ਕਾਜ਼ੀ ਕਹਿਣ ਲੱਗਾ ਕਿਕੀ ਤੁਸੀਂ ਕਾਫ਼ਿਰ ਹੀ ਮਰੋਗੇ ਅਤੇ ਮੁਹੰਮਦ ਸਾਹਿਬ ਦੇ ਬਹਿਸ਼ਤ ਵਿੱਚ ਜਾਣਾ ਨਹੀਂ ਚਾਹੋਗੇ?” ਜੋਗੀ ਸਾਹਿਬ ਨੇ ਫ਼ਿਰ ਉੱਤਰ ਦਿੱਤਾ, “ਜੇ ਮੈਂ ਕਾਫ਼ਿਰ ਹਾਂ ਤਾਂ ਮੁਹੰਮਦ ਸਾਹਿਬ ਤੋਂ ਹਾਂ, ਗੁਰੂ ਗੋਬਿੰਦ ਸਿੰਘ ਤੋਂ ਨਹੀਂ॥ ਮੈਂ ਵੇਖ ਰਿਹਾ ਹਾਂ ਕਿ ਗੁਰੂ ਗੋਬਿੰਦ ਸਿੰਘ ਬਹਿਸ਼ਤ ਵਿੱਚ ਆਪਣੀਆਂ ਬਾਹਵਾਂ ਖੋਲ੍ਹੇ ਮੈਂਨੂੰ ਉਡੀਕ ਰਹੇ ਹਨ॥

ਇਸ ਤੇ ਕਾਜ਼ੀ ਗੁੱਸੇ ਦਾ ਭਰਿਆ ਮੁੜ ਗਿਆ॥ ਜੋਗੀ ਸਾਹਿਬ ਨੇ ਆਪਣੀ ਰਹਿੰਦੀ ਉਮਰ ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਵਿੱਚ ਬਿਤਾਈ॥ ਹੇਠਾਂ ਜੋਗੀ ਸਾਹਿਬ ਦੀ ਰਚਨਾ ਗੰਜ- ਸ਼ਹੀਦਾਂ ਦੇ ਕੁਝ ਪਦੇ ਆਪ ਨਾਲ਼ ਸਾਂਝੇ ਕੀਤੇ ਜਾ ਰਹੇ ਹਨ ਜਿਹਨਾਂ ਤੋਂ ਜੋਗੀ ਜੀ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਡੁੱਲ੍ਹ ਡੁੱਲ੍ਹ ਪੈਂਦੀ ਵੇਖੋ ਗੇ॥

ਗੰਜ- ਸ਼ਹੀਦਾਂ

ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ॥ ਝਿੱਲਾਏ ਹੂਏ ਸ਼ੇਰ ਥੇ ਸਬ ਗੈਜ਼ (ਗੁੱਸਾ) ਕੇ ਮਾਰੇ॥

ਆਂਖੋਂ ਸੇ ਨਿਕਲਤੇ ਥੇ ਦਲੇਰੋਂ ਕੇ ਸ਼ਰਾਰੇ॥ ਸਤਿਗੁਰ ਕੇ ਸਿਵਾ ਔਰ ਗਜ਼ਬਨਾਕ ਥੇ ਸਾਰੇ॥

ਗੁੱਸੇ ਮੇਂ ਨਜ਼ਰ ਆਤੀ ਥੀ ਅਫ਼ਵਾਜਿ (ਫੌਜਾਂ) ਉਦੂ (ਵੈਰੀ) ਪਰ॥

ਤੇਗ਼ੇ ਸੇ ਨਿਗਹ ਪੜਤੀ ਥੀ ਦੁਸ਼ਮਨ ਕੇ ਗੁਲੂ (ਗਲ਼) ਪਰ (1)

ਧੋਖਾ ਦੀਯਾ ਹਰ ਸਿੰਘ ਕੋ ਪੈਮਾਂ-ਸ਼ਿਕਨੋਂ ਨੇ॥ਬੇ-ਮਿਹਰੋਂ ਨੇ ਬੇ-ਧਰਮੋਂ ਨੇ ਈਮਾਂ-ਸ਼ਿਕਨੋਂ ਨੇ॥

ਜਬ ਇਤਨਾ ਕਹਾ ਜੁਲ (ਦਗ਼ਾ) ਏਹਸਾਂ-ਸ਼ਿਕਨੋਂ ਨੇ॥ਪੇਸ਼ਾਨੀ ਪਰ ਬਲ ਡਾਲੇ ਪਰੀਸ਼ਾਂ-ਸ਼ਿਕਨੋਂ ਨੇ॥

ਥੇ ਚੀਂ-ਬਜ਼ਬੀਂ (ਮੱਥੇ ਤਿਊੜੀ) ਲਹਰ ਯਾ ਸ਼ੀਸ਼ੋਂ ਮੇਂ ਪੜੀ ਥੀ॥

ਮਾਥੇ ਪਰ ਪਸੀਨਾ ਯਾ ਅਫ਼ਸ਼ਾਂ ਸੀ ਜੜੀ ਥੀ॥ (4)

ਇਤਨੇ ਮੇਂ ਮੁਖ਼ਾਤਿਬ ਹੂਏ ਸਤਿਗੁਰ ਗੁਰੂ ਗੋਬਿੰਦ॥ ਵੁਹ ਸਾਬਰ--ਸ਼ਾਕਿਰ ਵੁਹ ਬਹਾਦੁਰ ਗੁਰੂ ਗੋਬਿੰਦ॥ ਰਸਤੇ ਮੇਂ ਗੰਵਾ ਆਏ ਥੇ ਦੋ ਦੁਰ (ਲਾਲ) ਗੁਰੂ ਗੋਬਿੰਦ॥ ਥੇ ਗ਼ਮ ਕੀ ਜਗਹ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ॥

ਫ਼ਰਮਾਏ ਵੁਹ ਸਬ ਸੇ ਨਹੀਂ ਮੌਕਾਅ ਯਿਹ ਗ਼ਜ਼ਬ ਕਾ॥ ਪੂਰਾ ਯਹੀਂ ਕਲ ਹੋਗਾ ਇਰਾਦਾ ਮੇਰੇ ਰਬ ਕਾ॥

ਜਬ ਕਿਲਾਅ (ਚਮਕੌਰ) ਮੇਂ ਜਾ ਉਤਰੀ ਥੀ ਸਤਿਗੁਰ ਕੀ ਸਵਾਰੀ॥ ਵਾਹਿਗੁਰੂ ਕੀ ਫ਼ਤਹ ਦਲੇਰੋਂ ਨੇ ਪੁਕਾਰੀ॥

ਵੁਹ ਹਮਹਮਾ ਸ਼ੇਰੋਂ ਕਾ ਵੁਹ ਆਵਾਜ਼ ਥੀ ਭਾਰੀ॥ ਥੱਰਾ ਗਯਾ ਚਮਕੌਰ ਹੂਆ ਜ਼ਲਜ਼ਲਾ ਤਾਰੀ (ਛਾਇਆ ਹੋਇਆ)

ਸਕਤੇ ਮੇਂ ਖ਼ੁਦਾਈ ਥੀ ਤੋ ਹੈਰਤ ਮੇਂ ਜਹਾਂ ਥਾ॥ ਨਾਅਰਾ ਸੇ ਹੂਆ ਚਰਖ਼ (ਅਸਮਾਨ) ਭੀ ਸਾਕਿਨ (ਠਹਿਰਿਆ ਹੋਇਆ) ਯਿਹ ਗੁਮਾਂ ਥਾ॥ (7)

ਖ਼ੇਮੇ ਕੀਏ ਇਸਤਾਦ (ਖੜੇ) ਵਹੀਂ ਉਠ ਕੇ ਕਿਸੀ ਨੇ॥ ਖੋਲ੍ਹੀ ਕਮਰ ਆਰਾਮ ਕੋ ਹਰ ਏਕ ਜਰੀ ਨੇ

ਰਹਿਰਾਸ ਕਾ ਦੀਵਾਨ ਸਜਾਯਾ ਗੁਰੂ ਜੀ ਨੇ॥ ਮਿਲਜੁਲ ਕੇ ਸਰੇ-ਸ਼ਾਮ ਭਜਨ ਗਾਏ ਸਭੀ ਨੇ॥

ਖਾਨਾ ਕਈ ਵਕਤੋਂ ਸੇ ਮੁਯੱਸਰ ਥਾ ਆਯਾ॥ ਇਸ ਸ਼ਾਮ ਬੀ ਸ਼ੇਰੋਂ ਨੇ ਕੜਾਕਾ ਹੀ ਉਠਾਯਾ॥ (8)

(ਪਰ ਗੁਰੂ ਜੀ ਸੌਂ ਨਾ ਸਕੇ) ਸਾਫ਼ੇ ਕਭੀ ਸਿੰਘੋਂ ਕੇ ਉਠਾਤੇ ਥੇ ਜ਼ਮੀਂ ਸੇ॥

ਕੇਸ ਇਸ ਕੇ ਝਾੜੇ ਤੋ ਲੀ ਖ਼ਾਕ ਉਸ ਕੀ ਜ਼ਬੀਂ ਸੇ॥

ਸਰ ਠੀਕ ਕੀਏ ਸਰ ਕੇ ਬਾਲਾਸ਼ਿ-ਜ਼ੀਂ ਸੇ (ਕਾਠੀ ਦਾ ਸਿਰਹਾਣਾ)

ਤਰਕੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ॥

ਹਾਸ਼ਾ (ਹਰਗਿਜ਼) ਕਿਸੀ ਮੁਰਸ਼ਿਦ ਮੇਂ ਯਿਹ ਈਸਾਰ (ਕੁਰਬਾਨੀ) ਨਹੀਂ ਹੈ॥

ਯਿਹ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ (ਬਿਲਕੁਲ) ਨਹੀਂ ਹੈ॥ (13)

ਕਲਗੀਧਰ ਜੀ ਦੀਆਂ ਅਧਿਆਤਮਿਕ ਬੁਲੰਦੀਆਂ

ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ॥

ਕਲ ਸੁਬਹ ਥਾ ਜਿਨ ਖ਼ਾਲਸੋਂ ਨੇ ਜੰਗ ਮੇਂ ਮਰਨਾ॥

ਬਾਲੀ (ਸਿਰਹਾਣੇ ਵੱਲੋਂ) ਸ਼ਹਿਦੋਂ ਕੇ ਹੂਆ ਜਬ ਕਿ ਗੁਜ਼ਰਨਾ॥

ਮੁਸਕਿਲ ਹੂਆ ਇਸ ਜਾ ਸੇ ਕਦਮ ਆਗੇ ਕੋ ਧਰਨਾ॥

ਚੂੰਮਾ ਕਭੀ ਹਲਕੂਨ (ਗਲ਼) ਦਹਨ (ਮੂੰਹ) ਚੂੰਮਨੇ ਬੈਠੇ॥

ਜਬ ਪਾਇਤੀ (ਪਿਆਂਦ ਵੱਲ) ਆਏ ਤੋ ਚਰਨ ਚੂੰਮਨੇ ਬੈਠੇ॥ (15)

ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ॥ ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ॥

ਯਿਹ ਪਿਆਰ ਮੁਰੀਦੋਂ ਸੇ ਯਿਹ ਸ਼ਫ਼ਕਤ ਭੀ ਕਹੀਂ ਹੈ॥

ਭਗਤੀ ਮੇਂ ਗੁਰੂ ਅਰਸ਼ ਹੈ ਸੰਸਾਰ ਜ਼ਮੀਂ ਹੈ॥ ਉਲਫ਼ਤ ਕੇ ਯਿਹ ਜਜ਼ਬੇ ਨਹੀਂ ਦੇਖੇ ਕਹੀਂ ਹਮ ਨੇ॥

ਹੈ ਦੇਖਨਾ ਏਕ ਬਾਤ ਸੁਨੇ ਭੀ ਨਹੀਂ ਹਮ ਨੇ॥ (17)

ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ॥ ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ॥

ਹਰਚੰਦ (ਜਿੰਨੀ ਵੀ) ਮਿਰੇ ਹਾਥ ਮੇਂ ਪੁਰਜ਼ੋਰ ਕਲਮ ਹੈ॥ ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬਿ-ਰਕਮ ਹੈ॥ ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਰ (ਸਾਗਰ) ਕੋ ਦੇਖੇ॥

ਸਾਹਿਲ ਕੋ ਯਾ ਮੰਝਧਾਰ ਕੋ ਯਾ ਲਹਰ ਕੋ ਦੇਖੇ॥ (18)

ਮੱਦਾਹ ਹੂੰ ਨਾਨਕ ਕਾ ਸਨਾ-ਖੂੰ ਹੂੰ ਤੋ ਤੇਰਾ॥

ਪਿਨਹਾਂ (ਗੁਪਤ) ਹੂੰ ਤੋ ਤੇਰਾ ਹੂੰ ਨੁਮਾਯਾਂ (ਪ੍ਰਗਟ) ਹੂੰ ਤੋ ਤੇਰਾ॥

ਸ਼ਾਦਾਂ (ਖ਼ੁਸ਼) ਹੂੰ ਤੋ ਤੇਰਾ ਹੂੰ ਪਰੀਸ਼ਾਂ (ਪ੍ਰੇਸ਼ਾਨ) ਹੂੰ ਤੋ ਤੇਰਾ॥

ਹਿੰਦੂ ਹੂੰ ਤੋ ਤੇਰਾ ਹੂੰ , ਮੁਸਲਮਾਂ ਹੂੰ ਤੋ ਤੇਰਾ॥

ਕੁਰਬਾਨੀਯਾਂ ਕੀ ਤੂ ਨੇ ਬਹੁਤ ਰਾਹੇ-ਖ਼ੁਦਾ ਮੇਂ॥ ਦਰਜਾ ਹੈ ਤਿਰਾ ਖ਼ਾਸ ਹੀ ਖ਼ਾਸਾਨੇ ਖ਼ੁਦਾ ਮੇਂ॥ (19)

ਚਮਕੌਰ ਦੀ ਗੜ੍ਹੀ ਵਿੱਚ ਅਗਲੀ ਸਵੇਰ

ਸਤਿਗੁਰ ਨੇ ਮੌਕਅ ਮੌਕਅ ਸੇ ਸਭ ਕੋ ਬਿਠਾ ਦੀਯਾ॥

ਹਰ ਬੁਰਜ ਪੇ ਹਰ ਫ਼ਸੀਲ ਪੇ ਪਹਰਾ ਲਗਾ ਦੀਯਾ॥

ਯਿਹ ਮੋਰਚਾ ਇਸੇ ਉਸੇ ਵੁਹ ਦਮਦਮਾ ਦੀਯਾ॥ ਸਿੰਘੋਂ ਕਾ ਇਕ ਹਿਸਾਰ ਕਿਲਅ ਮੇਂ ਬਨਾ ਦੀਯਾ॥

ਦੀਵਾਰੋਂ ਦਰ ਪੇ ਪੁਸ਼ਤੋਂ ਪੇ ਜਬ ਸਿੰਘ ਡਟ ਗਏ॥ਡਰ ਕਰ ਮੁਸਾਹਦੀਨ ਸਭੀ ਪੀਛੇ ਹਟ ਗਏ (56)

ਏਕ ਏਕ ਲਾਖ ਲਾਖ ਸੇ ਮੈਦਾਨ ਮੇਂ ਲੜਾ॥ ਜਿਸ ਜਾ ਪੇ ਸਿੰਘ ਅੜ ਗਏ ਝੰਡਾ ਵਹਾਂ ਗੜਾ॥

ਚਸ਼ਮੇਂ ਫ਼ਲਕ ਨੇ ਥਾ ਨਾਂ ਜੁ ਦੇਖਾ ਵੁਹ ਰਨ ਪੜਾ॥ ਘੋੜੇ ਪੇ ਝੂੰਮਤਾ ਇਕ ਅਕਾਲੀ ਜਵਾਂ ਬੜ੍ਹਾ॥

ਗੁਲ ਮਚ ਗਯਾ ਯਿਹ ਪਾਂਚ ਪਿਯਾਰੋਂ ਮੇਂ ਏਕ ਹੈ॥ਬੇ ਸਿਸਲ ਹੈ ਸ਼ੁਜ਼ਾਅ ਹਜ਼ਾਰੋਂ ਮੇਂ ਏਕ ਹੈ॥ (58)

 

ਲਾਖੋਂ ਕੋ ਕਤਲ ਕਰ ਕੇ ਪਿਯਾਰੇ ਗੁਜ਼ਰ ਗਏ॥ ਏਕ ਏਕ ਕਰਕੇ ਖ਼ਾਲਸੇ ਸਾਰੇ ਗੁਜ਼ਰ ਗਏ॥

ਸਦਹਾ (ਸੈਂਕੜੇ) ਫ਼ਨਾ ਕੇ ਘਾਟ ਉਤਾਰੇ ਗੁਜ਼ਰ ਗਏ॥ ਭੂਸ ਮੇਂ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ॥

ਜ਼ਖ਼ਮੋਂ ਸੇ ਸਿੰਘ ਸੂਰਮੇ ਜਬ ਚੂਰ ਹੋ ਗਏ॥ ਸਰਦਾਰ ਸਰ ਕਟਾਨੇ ਪੇ ਮਜਬੂਰ ਹੋ ਗਏ॥ (62)

ਸਾਹਿਬਜ਼ਾਦਾ ਅਜੀਤ ਸਿੰਘ ਜੀ ਮੈਦਾਨੇ-ਜੰਗ ਵਿੱਚ

ਕਹਿਤੇ ਹੈਂ ਉਦੂ (ਵੈਰੀ) ਬਰਕ ਹੈ ਤਲਵਾਰ ਨਹੀਂ ਹੈ॥

ਇਸ ਕਾਟ ਕਾ ਦੇਖਾ ਕਭੀ ਹਥਿਆਰ ਨਹੀਂ ਹੈ॥

ਨੌਮਸ਼ਕ (ਨਵਾਂ ਨਵਾਂ ਸਿੱਖਿਆ) ਜਵਾਂ ਯਿਹ ਕੋਈ ਜ਼ਿਨਹਾਰ (ਬਿਲਕੁਲ) ਨਹੀਂ ਹੈ॥

ਸਤਿਗੁਰ ਹੈ ਯਿਹ (ਪਿਤਾ ਦਾ ਰੂਪ) ਫ਼ਰਜ਼ੰਦ ਵਫ਼ਾਦਾਰ ਨਹੀਂ ਹੈ॥

ਲਲਕਾਰੇ ਅਜੀਤ ਔਰ ਮੁਖ਼ਾਤਿਬ ਹੂਏ ਸਬ ਸੇ॥ ਉਦੂ ਸੇ ਨਾ ਨਿਕਲ ਹੱਦ-ਅਦਬ ਸੇ॥ (81)

ਉਸ ਹਾਥ ਮੇਂ ਥੇ ਬਾਜ਼ੂਏ-ਗੋਬਿੰਦ ਕੇ ਕਸ ਬਲ॥ ਫ਼ਰਜ਼ੰਦ ਕੀ ਤਲਵਾਰ ਸੇ ਥੱਰਾ ਗਏ ਜਲ ਥਲ॥

ਜ਼ਿੰਦੋਂ ਕਾ ਕਿਯਾ ਜ਼ਿਕ੍ਰ ਹੈ ਮੁਰਦੇ ਹੂਏ ਬੇਕਲ॥ ਸ਼ਮਸ਼ਾਨ ਮੇਂ ਥਾ ਸ਼ੋਰ ਮਜ਼ਾਰੇ ਮੇਂ ਥੀ ਹਲਚਲ॥

ਜਮਨਾ ਕੇ ਭੀ ਪਾਨੀ ਮੇਂ ਤਲਾਤਮ ਸਾ ਬਪਾ ਥਾ॥ਗੰਗਾ ਕੇ ਭੀ ਜ਼ੋਰੋਂ ਮੇਂ ਅਜਬ ਜੋਸ਼ ਭਰਾ ਥਾ (83)

ਗੁੰਚੇ ਕੇ ਚਟਖਨੇ ਕੀ ਸਦਾ ਇਸ ਸੇ ਸਿਵਾ ਥੀ॥ (89)

ਸ਼ਹਜ਼ਾਦ--ਜ਼ੀ ਜਾਹ (ਬੇਹੱਦ ਸ਼ਾਨ ਵਾਲ਼ੇ) ਨੇ ਭਾਗੜ ਸੀ ਮਚਾ ਦੀ॥

ਯਿਹ ਫੌਜ ਭਗਾ ਦੀ ਕਭੀ ਵੁਹ ਫੌਜ ਭਗਾ ਦੀ॥

ਬੜ੍ਹ ਚੜ੍ਹ ਕੇ ਤਵੱਕੁਅ ਸੇ ਸ਼ੁਜਾਅਤ (ਬਹਾਦਰੀ) ਜੁ ਦਿਖਾ ਦੀ॥

ਸਤਿਗੁਰ ਨੇ ਵਹੀਂ ਕਿਲਅ ਸੇ ਬੇਟੇ ਕੋ ਨਿਦਾ (ਆਵਾਜ਼) ਦੀ॥

ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ॥ਹਾਂ ਕਿਯੋਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ॥ (94)

ਦਿਲਬੰਦ (ਦਿਲ ਨੂੰ ਢਾਰਸ ਦੇਣ ਵਾਲੇ) ਨੇ ਤਲਵਾਰ ਸੇ ਤਸਲੀਮ ਬਜਾਈ॥

 

ਗਰਦਨ ਪਏ-ਆਦਾਬ (ਸਤਿਕਾਰ ਨਾਲ਼) ਦਿਲਾਵਰ ਨੇ ਝੁਕਾਈ॥

ਇਸ ਵਕਫ਼ਾ ਮੇਂ ਫੌਜੇ-ਸਿਤਮ ਆਰਾ ਉਮੰਡ ਆਈ॥ ਬਰਛੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ

ਤਿਓਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀਂ ਪਰ॥ਰੂਹ ਖ਼ੁਲੂ ਗਈ ਔਰ ਤਨਿ-ਜ਼ਾਰ ਜ਼ਮੀਂ ਪਰ (95)

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮੈਦਾਨੇ-ਜੰਗ ਵਿੱਚ

ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੁ ਪਿਦਰ ਨੇ॥ ਤੂਫ਼ਾਨ ਬਪਾ ਗ਼ਮ ਸੇ ਕੀਯਾ ਦੀਦ--ਤਰ ਨੇ॥

ਇਸ ਵਕਤ ਕਹਾ ਨੰਨ੍ਹੇ ਸੇ ਮਅਸੂਮ ਪਿਸਰ ਨੇ (ਸਾਹਿਬਜ਼ਾਦਾ ਜੁਝਾਰ ਸਿੰਘ)

ਰੁਖ਼ਸਤ ਹਮੇਂ ਦਿਲਵਾਉ ਪਿਤਾ ਜਾਏਂਗੇ ਮਰਨੇ॥

ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ॥ ਸੋਨਾ ਨਹੀਂ ਖਾਨਾ ਨਹੀਂ ਪੀਨਾ ਨਹੀਂ ਭਾਤਾ॥ (96)

ਥੀ ਦੂਸਰੇ ਬੇਟੇ ਕੀ ਸੁਨੀ ਬੇਨਤੀ ਜਿਸ ਦਮ॥ ਸਰ ਕੋ ਦਿਹਨੇ-ਪਾਕ ਕੋ ਬੋਸੇ ਦੀਯੇ ਪੈਹਮ॥

ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜਮ ਜਮ॥ ਰੂਠੋ ਨਾ ਖ਼ੁਦਾਰਾ ਨਹੀਂ ਰੋਕੇਂਗੇ ਕਭੀ ਹਮ॥

ਹਮ ਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ॥

ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੇ ਧਰਮ ਪਰ॥ (97)

ਬੇਟਾ, ਹੋ ਤੁਮ੍ਹੀ ਪੰਥ ਕੇ ਬੇੜੇ ਕੇ ਖਿਵੱਯਾ॥ ਸਰ ਭੇਂਟ ਕਰੋ ਤਾ ਕਿ ਧਰਮ ਕੀ ਚਲੇ ਨੱਯਾ॥

ਲੇ ਦੇ ਕੇ ਤੁਮ੍ਹੀ ਥੇ ਮਿਰੇ ਗੁਲਸ਼ਨ ਕੇ ਬਕੱਯਾ॥ ਲੋ ਜਾਉ ਕਿ ਰਾਹ ਤਕਤੇ ਹੈਂ ਸਬ ਖ਼ੁਲਦ ਮੇਂ ਭੱਯਾ॥

ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ॥ ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ॥ (107)

ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ॥ ਹਰ ਸ਼ੇਰ ਬਘੇਲਾ ਨਜ਼ਰ ਆਨੇ ਲਗਾ ਬਨ ਮੇਂ॥

ਨੰਨ੍ਹੇ ਸੇ ਕਜ਼ਾ ਬੋਲੀ ਮੈਂ ਆਈ ਹੂੰ ਸ਼ਰਨ ਮੇਂ॥ ਦਿਲਵਾਓ ਅਮਾਂ ਗੋਸ਼ਾ--ਦਾਮਾਨਿ ਕਫ਼ਨ ਮੇਂ॥

ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ॥ ਇਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ

ਖੱਨਾਸ (ਸ਼ੈਤਾਨ) ਕੋ ਮਾਰਾ ਕਭੀ ਇਬਲੀਸ (ਸ਼ੈਤਾਨ) ਕੋ ਮਾਰਾ॥

ਗ਼ੁਲ ਮਚ ਗਯਾ ਇਕ ਤਿਫ਼ਲ (ਬੱਚੇ) ਨੇ ਚਾਲੀਸ ਕੋ ਮਾਰਾ॥

ਬਚ ਬਚ ਕੇ ਲੜੋ ਕਲਗ਼ੀਆਂ ਵਾਲੇ ਕੇ ਪਿਸਰ ਸੇ॥

ਯਿਹ ਨੀਮਚਾ (ਛੋਟੀ ਤਲਵਾਰ) ਲਾਏ ਹੈਂ ਗੁਰੂ ਜੀ ਕੀ ਕਮਰ ਸੇ॥ (110)

ਸ਼ਹਜ਼ਾਦੇ ਕੇ ਹਰਬੇ (ਹਥਿਆਰ) ਸੇ ਸ਼ੂਜਾਅ--ਜਰੀ (ਬਹੁਤ ਬਹਾਦਰ) ਹਾਰੇ॥

ਜੀਦਾਰੋਂ (ਜਾਨ ਵਾਲ਼ੇ) ਕੇ ਜੀ ਛੁਟ ਗਏ ਸਬ ਕਵੀ (ਤਾਕਤਵਰ) ਹਾਰੇ॥

ਮਅਸੂਮ ਸੇ ਵੁਹ ਬਾਜ਼ੀ ਸਭੀ ਲਸ਼ਕਰੀ ਹਾਰੇ॥ਕਮਜ਼ੋਰ ਸੇ, ਨਿਰਬਲ ਸੇ, ਹਜ਼ਾਰੋਂ ਬਲੀ ਹਾਰੇ॥

ਮੈਦਾਨ ਮੇਂ ਜਬ ਭਾਈ ਕਾ ਲਾਸ਼ਾ ਨਜ਼ਰ ਆਯਾ॥

ਘੋੜੇ ਸੇ ਵੁਹ ਮਅਸੂਮ ਦਿਲਾਵਰ ਉਤਰ ਆਯਾ॥ (111)

ਸਰ ਗੋਦ ਮੇਂ ਲੇ ਕਰਕੇ ਕਹਾ ਭਾਈ ਸੇ, ਬੋਲੋ॥ ਇਸ ਖ਼ਵਾਬਿ-ਗਿਰਾਂ ਸੇ ਕਹੀਂ ਹੁਸ਼ਿਆਰ ਤੋ ਹੋਲੋ॥

ਹਮ ਕੌਨ ਹੈਂ ਦੇਖੋ ਤੋ ਜ਼ਰਾ ਆਂਖ ਤੋ ਖੋਲੋ॥ ਸੋਨੇ ਕੀ ਹੀ ਠਾਨੀ ਹੈ ਅਗਰ, ਮਿਲ ਕੇ ਤੋ ਸੋ ਲੋ॥

ਭਾਈ ਤਮ੍ਹੇਂ ਜਬ ਗੰਜਿ-ਸ਼ਹੀਦਾਂ ਕੀ ਜ਼ਮੀਂ ਹੈ॥ਠਾਨੀ ਹੂਈ ਹਮ ਨੇ ਭੀ ਬਸੇਰੇ ਕੀ ਯਹੀਂ ਹੈ॥ (112)

ਇਤਨੇ ਮੇਂ ਖ਼ਦੰਗ ਕੇ ਲਗਾ ਹਾਇ ਜਿਗਰ ਮੇਂ॥ ਯਾ ਤੀਰ ਕਲੇਜੇ ਮੇਂ ਕਾਂਟਾ ਗੁਲੇ-ਤਰ ਮੇਂ॥

ਤਾਰੀਕ (ਹਨੇਰ) ਜ਼ਮਾਨਾ ਹੂਆ ਸਤਿਗੁਰ ਕੀ ਨਜ਼ਰ ਮੇਂ॥

ਤੂਫ਼ਾਨ ਉਠਾ ਖ਼ਾਕ ਉੜੀ ਬਹਰ (ਸਾਗਰ) ਮੇਂ ਬਰ (ਧਰਤੀ) ਮੇਂ॥

ਤਿਓਰਾ ਕੇ ਗਿਰਾ ਲਖ਼ਤਿ-ਜਿਗਰ ਲਖ਼ਤਿ-ਜਿਗਰ ਪਰ॥

ਕਿਆ ਗੁਜ਼ਰੀ ਹੈ ਇਸ ਵਕਤ ਕਹੂੰ ਕਿਆ ਮੈਂ ਪਿਦਰ ਪਰ॥ (113)

ਯਅਕੂਬ ਕੋ ਯੂਸਿਫ਼ ਕੇ ਬਿਛੜਨੇ ਨੇ ਰੁਲਾਯਾ॥ ਸਾਬਿਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ॥

ਕਟਵਾ ਕੇ ਪਿਸਰ ਚਾਰ ਇਕ ਆਂਸੂ ਨਾ ਗਿਰਾਯਾ॥ ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ॥

ਡੰਡਕ ਮੇਂ ਫਿਰੇ ਰਾਮ ਤੋ ਸੀਤਾ ਥੀ ਬਗ਼ਲ ਮੇਂ॥

ਵੁਹ ਫ਼ਖ਼ਰਿ-ਜਹਾਂ ਹਿੰਦ ਕੀ ਮਾਤਾ ਥੀ ਬਗ਼ਲ ਮੇਂ॥ (115)

ਲਛਮਨ ਸਾ ਬਿਰਾਦਰ ਪਏ-ਤਸਕੀਨਿ-ਜਿਗਰ (ਦਿਲ ਦੇ ਚੈਨ ਲਈ) ਥਾ॥

ਸੀਤਾ ਸੀ ਪਤੀ-ਬਰਤਾ ਸੇ ਬਨ ਰਾਮ ਕੋ ਘਰ ਥਾ॥

ਬਾਕੀ ਹੈਂ ਕਨ੍ਹੱਯਾ ਤੋ ਨਹੀਂ ਇਨ ਕਾ ਪਿਸਰ ਥਾ॥

ਸਚ ਹੈ ਗੁਰ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ॥

ਕਟਵਾ ਦੀਏ ਸ਼ਿਸ਼ ਸ਼ਾਮ ਨੇ ਗਤਿਾ ਕੋ ਸੁਨਾ ਕਰ॥

ਰੂਹ ਫੂੰਕ ਦੀ ਗੋਬਿੰਦ ਨੇ ਔਲਾਦ ਕਟਾ ਕਰ॥ (116)

2. ਲਾਲਾ ਦੌਲਤ ਰਾਇ ਜੀ (ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ)

ਲਾਲਾ ਦੌਲਤ ਰਾਇ ਇੱਕ ਆਰੀਆ ਸਮਾਜੀ ਅਤੇ ਇੱਕ ਉੱਚ ਕੋਟੀ ਦੇ ਲੇਖਕ ਸਨ ਜੋ ਕਿ ਗੁਰੂ ਗੋਬਿੰਦ ਸਿੰਘ ਦੇ ਬਹੁਤ ਵੱਡੇ ਸ਼ਰਧਾਲੂ ਹੋ ਨਿੱਬੜੇ॥ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਉਹਨਾਂ ਨੇ ਇਹ ਪੁਸਤਕ 1901 ਵਿੱਚ ਉਰਦੂ ਵਿੱਚ ਲਿਖੀ ਜੋ ਸਿੱਖ ਜਗਤ ਵਿੱਚ ਬੇਹੱਦ ਪਿਆਰੀ ਹੋ ਗਈ॥ 1947 ਭਾਰਤ ਦੀ ਵੰਡ ਤੋਂ ਪਿੱਛੋਂ ਕੁਝ ਸ਼ਰਧਾਲੂਆਂ ਵੱਲੋਂ ਇਸ ਪੁਸਤਕ ਨੂੰ ਗੁਰਮੁਖੀ ਵਿੱਚ ਛਾਪਣ ਦੇ ਪ੍ਰਬੰਧ ਕੀਤੇ ਗਏ॥ ਗੁਰਮਤਿ ਸਾਹਿਤ ਚੈਰੀਟੇਬਲ ਟ੍ਰਸਟ ਵੱਲੋਂ ਇਹ ਸ਼ੁਭ ਕਾਰਜ 1978 ਵਿੱਚ ਸੰਪੂਰਨ ਕੀਤਾ ਗਿਆ॥ਸਾਹਿਬੇ ਕਮਾਲਦੇ ਅੰਤ ਵਿੱਚ ਲਾਲਾ ਜੀ ਨੇ ਗੁਰੂ ਸਾਹਿਬ ਦੇ ਵਿਸ਼ੇਸ਼ ਗੁਣ ਪੰਨੇ 202-215 ਤੱਕ ਅੰਕਿਤ ਕੀਤੇ ਹਨ ਜਿਹਨਾਂ ਦੇ ਕੁਝ ਹਿੱਸੇ ਆਪ ਜੀ ਨਾਲ਼ ਸਾਂਝੇ ਕਰ ਰਹੇ ਹਾਂ ਜੋ ਇਸ ਪਰਕਾਰ ਹਨ॥

ਗੁਰੂ ਜੀ ਦੇ ਵਿਸ਼ੇਸ਼ ਗੁਣ (ਪੰਨੇ 202-215)

ਗੁਰੂ ਗੋਬਿੰਦ ਸਿੰਘ ਜੀ ਸੱਚੇ ਤਿਆਗੀ ਸਨ ਤੇ ਨਿਸ਼ਕਾਮ ਦੇਸ਼-ਭਗਤ॥ ਕ੍ਰਿਸ਼ਨ ਤੇ ਭੀਸ਼ਮ ਨੇ ਮਹਾਂਭਾਰਤ ਵਿੱਚ ਉਪਦੇਸ਼ ਕਰਦਿਆਂ ਆਖਿਆ ਹੈ ਕਿ ਸਭ ਤੋਂ ਵੱਡਾ ਤਿਆਗੀ ਪੁਰਸ਼ ਉਹ ਹੁੰਦਾ ਹੈ ਜੋ ਦੂਜਿਆਂ ਦੀ ਭਲਾਈ ਲਈ ਆਪਣੇ ਪ੍ਰਾਣ ਤਿਆਗਦਾ ਹੈ ਤੇ ਗੁਰੂ ਜੀ ਨੇ ਦੂਜਿਆਂ ਦੇ ਲਾਭ ਲਈ ਨਾਂ ਕੇਵਲ ਆਪਣੇ ਪ੍ਰਾਣ ਹੀ ਤਿਆਗੇ, ਸਗੋਂ ਉਹਨਾਂ ਸਭ ਕੁਝ, ਜੋ ਕੁਝ ਵੀ ਉਹਨਾਂ ਦਾ ਇਸ ਸੰਸਾਰ ਵਿੱਚ ਸੀ, ਤੇ ਕਿਸੇ ਇਨਸਾਨ ਕੋਲ ਹੋ ਸਕਦਾ ਹੈ, ਉਹ ਦੇਸ਼-ਭਗਤੀਤੇ ਲਾ ਦਿੱਤਾ॥ ਜੋ ਪਾਈ ਪੈਸਾ ਉਹਨਾਂ ਪਾਸ ਆਇਆ, ਸਾਰਾ ਕੌਮ ਦੇ ਅਰਪਨ ਕੀਤਾ॥ ਆਪਣੀ ਸਾਰੀ ਸੰਤਾਨ ਕੌਮ ਤੋਂ ਘੋਲ ਘੁਮਾਈ॥ ਆਪਣੇ ਪੰਜ ਪਿਆਰੇ ਕੌਮ ਤੋਂ ਵਾਰੇ॥ ਆਪਣੀ ਤਾਕਤ ਤੇ ਭੁਜ-ਬਲ ਨੂੰ ਕੌਮ ਦੇ ਲੇਖੇ ਲਾਇਆ॥ ਆਪਣੀ ਦਿਮਾਗ਼ੀ ਸ਼ਕਤੀ ਕੌਮ ਲਈ ਵਕਫ਼ ਕੀਤੀ॥ ਉਸਾਰੂ ਸਾਹਿਤ ਰਚਿਆ ਤੇ ਕੌਮ ਵਿੱਚ ਨਵਾਂ ਜੀਵਨ ਅਤੇ ਸਾਹਸ ਪੈਦਾ ਕੀਤਾ॥ ਆਪਣੇ ਸੁਖ-ਚੈਨ ਨੂੰ ਕੌਮ ਤੋਂ ਘੋਲ ਘੁਮਾਇਆ॥ ਆਪਣੇ ਸਰੀਰ ਤੇ ਜਿਸਮ ਦੇ ਲਹੂ ਨੂੰ ਕੌਮ ਤੋਂ ਨਿਛਾਵਰ ਕੀਤਾ॥ ਕਿਹੜੀ ਚੀਜ਼ ਸੀ ਜੋ ਕੌਮ ਦੇ ਅਰਪਨ ਨਹੀਂ ਕੀਤੀ? ਕਿਹੜੀ ਚੀਜ਼ ਸੀ ਜੋ ਕੌਮ ਤੋਂ ਛੁਪਾ ਕੇ ਰੱਖੀ? ਇਸ ਵਾਸਤੇ ਹੀ ਭਾਰਤਵਰਸ਼ ਵਿੱਚ ਸਭ ਤੋਂ ਵੱਡੇ ਤਿਆਗੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ॥

ਤਿਆਗ ਉਸਨੂੰ ਆਖਦੇ ਹਨ ਕਿ ਕੁਝ ਪਾਸ ਹੋਵੇ ਤਾਂ ਉਸਨੂੰ ਕੁਰਬਾਨ ਕਰ ਦਿੱਤਾ ਜਾਵੇ॥ ਬੁੱਧ ਦਾ ਤਿਆਗ ਸੀ ਭੀਸ਼ਮ ਦਾ ਤਿਆਗ ਵੀ ਸੀ॥ ਪਰ ਬੁੱਧ ਦਾ ਤਿਆਗ ਦੁੱਖਾਂ ਤਕਲੀਫ਼ਾਂ ਤੋਂ ਉਪਰਾਮ ਹੋ ਕੇ ਸੀ, ਡਰ ਕਾਰਨ ਸੀ॥ ਭੀਸ਼ਮ ਦਾ ਤਿਆਗ ਖ਼ੁਦਗ਼ਰਜ਼ੀ ਕਾਰਨ ਕਾਰਨ ਆਪਣੇ ਪਿਤਾ ਦੀ ਪ੍ਰਸੰਨਤਾ ਹਾਸਲ ਕਰਨ ਵਾਸਤੇ ਸੀ॥ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਤਿਆਗ ਮਹਾਨ ਤਿਆਗ ਸੀ ਤੇ ਨਿਰੋਲ ਕੌਮ ਅਤੇ ਦੇਸ਼ ਲਈ ਸੀ॥ ਇਸ ਨੂੰ ਹੀ ਸੱਚਾ ਤਿਆਗ ਆਖਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਤਿਆਗ ਵਿੱਚ ਕੋਈ ਵੀ ਨਿੱਜੀ ਸੁਆਰਥ ਨਹੀਂ ਸੀ॥ ਸਾਰੀਆਂ ਕੁਰਬਾਨੀਆਂ ਕੇਵਲ ਲਿਤਾੜੀ ਤੇ ਕੁਚਲੀ ਜਾ ਰਹੀ ਹਿੰਦੂ ਜਾਤੀ ਦੇ ਉਧਾਰ, ਸੁਧਾਰ ਅਤੇ ਪ੍ਰਫੁੱਲਤਾ ਲਈ ਹੀ ਸਨ॥

ਜੇ ਗੁਰੂ ਜੀ ਚਾਹੁੰਦੇ ਤਾਂ ਗੁਰੂ ਪਦਤੇ ਬਿਰਾਜਮਾਨ ਹੋ ਕੇ ਹਰ ਤਰ੍ਹਾਂ ਦਾ ਸੁੱਖ, ਆਰਾਮ, ਚੈਨ, ਐਸ਼, ਧਨ, ਮਾਲ ਨਾਲ਼ ਮਾਲ-ਮਾਲ ਹੋ ਕੇ ਖ਼ੁਸ਼ਹਾਲ ਜੀਵਨ ਬਤੀਤ ਕਰਦੇ, ਪਰ ਉਹਨਾਂ ਕਿਸੇ ਚੀਜ਼ ਦੀ ਇੱਛਿਆ ਜਾਂ ਪ੍ਰਵਾਹ ਨਹੀਂ ਕੀਤੀ॥ ਮੁੱਕਦੀ ਗੱਲ ਇਹ ਕਿ ਕਿਸੇ ਚੀਜ਼ ਨੇ ਵੀ ਗੁਰੂ ਜੀ ਦੇ ਦਿਲ ਵਿੱਚ ਉਹ ਥਾਂ ਹਾਸਲ ਨਹੀਂ ਕੀਤੀ ਜੋ ਦੁਖੀ ਹੋ ਰਹੀ ਹਿੰਦੂ ਜਾਤੀ ਤੇ ਹਿੰਦੂ ਧਰਮ ਦੀ ਰੱਖਿਆ ਅਤੇ ਭਾਵਨਾ ਨੇ ਕੀਤੀ॥ ਗੁਰੂ ਜੀ ਅਜਿਹੇ ਨਿਸ਼ਕਾਮ ਦੇਸ਼-ਭਗਤ ਸਨ ਕਿ ਕਿਸੇ ਦੀ ਸ਼ਾਬਾਸ਼ ਤੇ ਪ੍ਰਸੰਸਾ ਦੇ ਮੁਥਾਜ ਨਹੀਂ ਸਨ॥

ਇੱਕੋ ਹੀ ਵਿਅਕਤੀ ਵਿੱਚ ਸਾਰੇ ਗੁਣ ਮਿਲਣੇ ਅਸੰਭਵ ਹਨ॥ ਪਰ ਗੁਰੂ ਜੀ ਹਰ ਪੱਖੋਂ ਕਾਮਿਲ ਸਨ॥ ਉੱਚ ਕੋਟੀ ਦੇ ਕਵੀ, ਧਾਰਮਿਕ ਆਗੂ, ਧਰਮ ਸੁਧਾਰਕ ਤੇ ਦੂਰਦਰਸ਼ਕ ਸਿਪਾਹ ਸਿਲਾਰ ਸਨ॥ ਕਵੀ ਵੀ ਐਸੇ ਸਨ ਕਿ ਕਵਿਤਾ ਵਿੱਚ ਵਿਸ਼ੇ-ਵਸਤੂ ਤੇ ਵਲਵਲੇ ਅਨੇਕ ਪ੍ਰਕਾਰ ਦੇ ਸਨ॥ ਬੜੀ ਸੂਝ ਤੇ ਤੀਖਣ ਬੁੱਧੀ ਵਾਲੇ ਰੀਫ਼ਾਰਮਰ ਸਨ ਜੋ ਬੁਨਿਆਦੀ ਤੇ ਕਮਜ਼ੋਰੀ ਦੀ ਜੜ੍ਹ ਨੂੰ ਹੀ ਪਛਾਣਦੇ ਤੇ ਪਕੜਦੇ ਸਨ ਅਤੇ ਉਸਨੂੰ ਜੜ੍ਹੋਂ ਹੀ ਉਖਾੜਦੇ ਸਨ॥ ਧਾਰਮਿਕ ਆਗੂ ਅਜਿਹੇ ਹਰਮਨ ਪਿਆਰੇ ਕਿ ਉਹਨਾਂ ਦੇ ਅਨੇਕ ਸਿੱਖ ਸੇਵਕ ਉਹਨਾਂ ਤੋਂ ਪ੍ਰਾਣ ਨਿਛਾਵਰ ਕਰ ਗਏ॥ ਰਣ ਖੇਤਰ ਦੇ ਅਦੁੱਤੀ ਤੇ ਨਿਡਰ ਫੌਜੀ ਕਮਾਂਡਰ॥ ਦੂਰ-ਦ੍ਰਿਸ਼ਟੀ ਵਾਲੇ ਸੂਝਵਾਨ॥ ਸੱਚੇ ਸੁੱਚੇ ਦੇਸ਼ ਭਗਤ , ਕੌਮ ਤੋਂ ਆਪਾ ਵਾਰਨ ਵਾਲੇ, ਸਭ ਕੁਝ ਘੋਲ ਘੁਮਾਉਣ ਵਾਲੇ ਸੱਚੇ ਆਸ਼ਕ, ਅਣਥੱਕ ਕੌਮੀ ਉਸਰੱਈਏ, ਸ਼ਹੀਦਾਂ ਵਿੱਚੋਂ ਮੁਖੀ ਸ਼ਹੀਦ॥

ਕ੍ਰਿਸ਼ਨ ਜੀ, ਰਾਮਚੰਦਰ ਜੀ ਤੇ ਸ਼ੰਕਰ (ਸ਼ਿਵ) ਆਪਣੀ ਥਾਂ ਵੱਡੇ ਆਦਮੀ ਸਨ ਤੇ ਉਹਨਾਂ ਵੀ ਆਪਣੀ ਆਪਣੀ ਜਗ੍ਹਾ ਤੇ ਸਮੇਂ ਬਹੁਤ ਉੱਚੇ ਅਤੇ ਵੱਡੇ ਕੰਮ ਕੀਤੇ, ਪਰ ਗੁਰੂ ਜੀ ਦਾ ਅਸਥਾਨ ਉਹਨਾਂ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹੈ॥ ਗੁਰੂ ਜੀ ਨੇ ਇਹਨਾਂ ਸਾਰਿਆਂ ਪਾਸੋਂ ਕੌਮੀ ਖੇਤਰ ਵਿੱਚ ਬਹੁਤ ਅੱਗੇ ਨਿਕਲ ਗਏ॥ ਕ੍ਰਿਸ਼ਨ ਜੀ ਰਾਜਿਆਂ ਤੇ ਰਜਵਾੜਿਆਂ ਦੇ ਮਨਾਂ ਅੰਦਰੋਂ ਕਾਇਰਤਾ ਨੂੰ ਕੱਢਣ ਦਾ ਬੀੜਾ ਚੁੱਕਦੇ ਸਨ, ਪਰ ਗੁਰੂ ਜੀ ਨੇ ਉਹਨਾਂ ਪ੍ਰਾਣੀਆਂ ਨੂੰ ਉੱਚਿਆਂ ਚੁੱਕ ਰਹੇ ਸਨ ਤੇ ਉਹਨਾਂ ਵਿੱਚ ਹਿੰਮਤ ਅਤੇ ਬਲ ਭਰ ਰਹੇ ਸਨ ਜੋ ਸਦੀਆਂ ਤੋਂ ਲਿਤਾੜੇ ਜਾਣ ਕਰ ਕੇ ਮਿੱਟੀ ਵਿੱਚ ਮਿਲ ਕੇ ਮਿੱਟੀ ਹੋ ਚੁੱਕੇ ਸਨ ਅਤੇ ਜਿਹਨਾਂ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਉੱਚਾ ਤੱਕ ਸਕਣਗੇ ਅਤੇ ਸਿਰ ਉੱਚਾ ਕਰ ਕੇ ਤੁਰ ਸਕਣਗੇ, ਜਾਂ ਫਿਰ ਰਣ-ਭੂਮੀ ਵਿੱਚ ਉਹ ਅਜਿਹੇ ਕਰਤਬ ਦਿਖਾਉਣਗੇ ਤੇ ਅਜਿਹੀ ਵੀਰਤਾ ਦਿਖਾ ਕੇ ਮੱਲਾਂ ਮਾਰਨਗੇ ਕਿ ਅਰਜਨ ਦੇ ਕਾਰਨਾਮੇ ਵੀ ਭੁੱਲ ਜਾਣਗੇ॥ ਗੁਰੂ ਜੀ ਨੇ ਫੌਜੀ ਅਸਲੇ ਤੋਂ ਬਿਨਾਂ ਹੀ ਸਾਰੇ ਭਾਰਤਵਰਸ਼ ਦੀ ਮੁਗ਼ਲ ਹਕੂਮਤ ਦਾ ਟਾਕਰਾ ਕਰ ਕੇ ਵਿਖਾਇਆ॥

ਆਪ ਉੱਚੇ ਹੌਸਲੇ ਤੇ ਪੱਕੇ ਇਰਾਦੇ ਵਾਲੇ ਸਨ॥ ਪਿਤਾ ਜੀ ਦੇ ਸ਼ਹੀਦ ਹੋਣ ਤੋਂ ਪਿੱਛੋਂ ਉਹਨਾਂ ਨੇ ਜੋ ਉਦੇਸ਼ ਕਲਪਿਆ ਤੇ ਪ੍ਰਣ ਕੀਤਾ ਉਸਨੂੰ ਆਖ਼ਰੀ ਸਵਾਸਾਂ ਤੱਕ ਨਿਭਾਇਆ॥ ਕੋਈ ਸਮਾਂ ਉਹਨਾਂ ਦੇ ਜੀਵਨ ਦਾ ਅਜਿਹਾ ਦਿਖਾਈ ਨਹੀਂ ਦਿੰਦਾ, ਕੋਈ ਵਕਤ, ਕੋਈ ਮਹੀਨਾ, ਕੋਈ ਹਫ਼ਤਾ ਜਾਂ ਕੋਈ ਦਿਨ ਨਹੀਂ ਜਦ ਉਹਨਾਂ ਆਪਣੇ ਉਦੇਸ਼ ਤੋਂ ਮੁੱਖ ਮੋੜਿਆ ਹੋਵੇ॥ ਕੋਈ ਮੁਸੀਬਤ, ਕੋਈ ਰੰਜ ਫ਼ਿਕਰ, ਕੋਈ ਸਖ਼ਤੀ ਤੇ ਔਕੜ ਜਾਂ ਕਠਿਨਾਈ ਉਹਨਾਂ ਦੀ ਸੋਚ-ਸ਼ਕਤੀਤੇ ਬੋਝਲ ਨਹੀਂ ਬਣ ਸਕੀ॥ ਕਿਸੇ ਵੀ ਖ਼ਿਆਲ, ਥੁੜ ਜਾਂ ਘਾਟ ਨੇ ਕਦੇ ਵੀ ਉਹਨਾਂ ਦੀ ਸਪਿਰਟ ਤੇ ਟੇਕ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪੈਣ ਦਿੱਤਾ॥ ਪੁੱਤਰਾਂ ਦੀ ਸ਼ਹੀਦੀ ਜਿਹੀ ਕੁਰਬਾਨੀ ਵੀ ਉਹਨਾਂ ਨੂੰ ਗ਼ਮਗ਼ੀਨ ਨਾ ਕਰ ਸਕੀ ਤੇ ਨਾਂ ਹੀ ਉਹਨਾਂ ਨੂੰ ਉਦੇਸ਼ ਤੋਂ ਥਿੜਕਾ ਸਕੀ॥ ਮਾਤਾ, ਪਿਤਾ, ਪੁੱਤਰਾਂ ਅਤੇ ਇਸਤ੍ਰੀ ਕਿਸੇ ਦੀ ਵੀ ਜੁਦਾਈ ਨੇ ਉਹਨਾਂ ਦੀ ਹਿੰਮਤ ਨੂੰ ਡੇਗਿਆ ਜਾਂ ਡੁਲਾਇਆ ਨਹੀਂ॥ ਉਹ ਇੱਕ-ਸਾਰਤਾ ਨਾਲ ਪ੍ਰਭੂ ਭਗਤੀ ਵਿੱਚ ਲੀਨ ਤੇ ਮਨੁੱਖਤਾ ਨੂੰ ਉਚਿਆਣ ਦੇ ਨਸ਼ੇ ਵਿੱਚ ਮਖ਼ਮੂਰ ਹੀ ਜੋਤੀ-ਜੋਤਿ ਸਮਾਏ॥ ਆਪ ਹਿਮਾਲਾ ਵਾਂਙ ਅਹਿੱਲ ਤੇ ਅਚੱਲ ਸਨ॥

ਗੁਰੂ ਸਾਹਿਬ ਉਹ ਮਹਾਂਬਲੀ ਸਨ ਜਿਹਨਾਂ ਨੇ ਕਦੇ ਇੱਕ ਕਦਮ ਵੀ ਪਿੱਛੇ ਨਾਂ ਪਾਇਆ॥ ਆਪ ਬੜੇ ਬਹਾਦਰ ਅਤੇ ਉੱਚੇ ਇਰਾਦੇ ਵਾਲੇ ਸਨ॥ ਸਿੱਖਾਂ ਦੇ ਛੋਟੇ ਜਿਹੇ ਜਥੇ, ਜਿਹਨਾਂ ਕੋਲ ਖਾਣ ਲਈ ਨਾਂ ਚੋਖਾ ਰਾਸ਼ਨ ਅਤੇ ਨਾਂ ਹੀ ਪੂਰੇ ਸ਼ਸਤਰ ਸਨ, ਨਾਲ ਹੀ ਸ਼ਾਹੀ ਫੌਜ ਦਾ ਟਾਕਰਾ ਕਰਦੇ ਰਹੇ॥ ਫਿਰ ਹਰ ਸਮੇਂ ਜਥੇ ਦੇ ਮੋਹਰੀ ਰਹੇ॥ ਉਹ ਆਪ ਤਲਵਾਰ ਨਾਲ ਹਰ ਪਾਸੇ ਅਤੇ ਹਰ ਸਮੇਂ ਬਿਜਲੀ ਵਾਂਙ ਚਮਕਦੇ ਤੇ ਗੱਜਦੇ ਸਨ॥ ਬੜੇ ਚੁਸਤ, ਫ਼ੁਰਤੀਲੇ ਤੇ ਜੋਸ਼ੀਲੇ ਸਨ। ਜਿਧਰ ਵੀ ਲੋੜ ਹੁੰਦੀ, ਤੁਰਤ ਅੱਪੜ ਜਾਂਦੇ॥ ਆਪ ਬੜੇ ਮਿਹਨਤੀ, ਪਰਿਸ਼ਰਮੀ ਤੇ ਹੱਦ ਦਰਜੇ ਦੇ ਉੱਦਮੀ ਸਨ॥ ਕਸ਼ਟਾਂ ਅਤੇ ਤਕਲੀਫ਼ਾਂ ਤੋਂ ਸਦਾ ਬੇਨਿਆਜ਼ ਤੇ ਬੇਪਰਵਾਹ ਰਹਿੰਦੇ॥ ਬੜੇ ਖ਼ੁੱਦਾਰ ਅਤੇ ਅਣਖੀ ਯੋਧੇ ਸਨ॥ ਆਪਣੀਆਂ ਅੱਖਾਂ ਦੇ ਸਾਹਮਣੇ ਚਾਰੇ ਪੁੱਤਰਾਂ ਦੀ ਭਾਰਤ ਲਈ ਕੁਰਬਾਨੀ ਦੇ ਅਗਨੀ-ਕੁੰਡ ਵਿੱਚ ਆਹੂਤੀ ਦੇ ਦਿੱਤੀ॥

ਆਪ ਸਮੇਂ ਦੀ ਹਕੂਮਤ ਅੱਗੇ ਕਦੇ ਨਹੀਂ ਸਨ ਝੁਕੇ॥ ਉਹ ਅਜਿਹੇ ਮਰਦੇ-ਮੈਦਾਨ ਸਨ ਕਿ ਕੇਵਲ ਚਾਲੀ ਸਿੰਘਾਂ ਨਾਲ ਹੀ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਲੱਖਾਂ ਦੀ ਗਿਣਤੀ ਵਾਲੀ ਸ਼ਾਹੀ ਫੌਜ ਦੇ ਘੇਰੇ ਵਿੱਚ ਹੁੰਦਿਆਂ ਵੀ ਹਥਿਆਰ ਨਹੀਂ ਸੁੱਟੇ॥ ਆਪ ਡਟੇ ਰਹੇ ਅਤੇ ਆਖ਼ਰੀ ਸਿੰਘ ਦੀ ਸ਼ਹੀਦੀ ਤੱਕ ਟਾਕਰਾ ਕੀਤਾ॥ ਗੁਰੂ ਜੀ ਕਦੇ ਵੀ ਕਿਸੇ ਕੰਮ ਕਰਨ ਵਿੱਚ ਕਾਹਲੀ ਨਹੀਂ ਸਨ ਕਰਦੇ ਤੇ ਹਰ ਕੰਮ ਆਰੰਭ ਕਰਨ ਤੋਂ ਪਹਿਲਾਂ ਹਰ ਪੱਖੋਂ ਚੰਗੀ ਤਰ੍ਹਾਂ ਘੋਖ ਤੇ ਵਿਚਾਰ ਲੈਂਦੇ ਸਨ ਅਤੇ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਮਾਪ-ਤੋਲ ਕਰ ਲੈਂਦੇ ਸਨ॥ ਇਹੋ ਹੀ ਕਾਰਨ ਸੀ ਕਿ ਦੂਰ-ਅੰਦੇਸ਼ੀ ਨਾਲ਼ ਖ਼ਾਲਸਾ ਧਰਮ ਵਿੱਚ ਅਜਿਹੀਆਂ ਊਣਤਾਈਆਂ ਸ਼ਾਮਲ ਨਾਂ ਹੋਣ ਦਿੱਤੀਆਂ ਜਿਹਨਾਂ ਕਾਰਨ ਖ਼ਾਲਸਾ ਢਹਿੰਦੀ ਕਲਾ ਵਿੱਚ ਜਾਵੇ, ਜ਼ਲੀਲ ਤੇ ਖ਼ੁਆਰ ਹੋਵੇ ਜਾਂ ਆਪਣੇ ਉੱਚੇ ਆਦਰਸ਼ ਤੋਂ ਡਿੱਗ ਕੇ ਆਪਣੀ ਬਹਾਦਰੀ ਨੂੰ ਦਾਗ਼ ਲਾਵੇ॥ ਇਹੋ ਹੀ ਵੱਡਾ ਕਾਰਨ ਹੈ ਕਿ ਸਮੇਂ ਦੇ ਗੇੜ ਦੇ ਬਾਵਜੂਦ ਵੀ ਖ਼ਾਲਸੇ ਵਿੱਚ ਅਜੇ ਵੀ ਜੋਸ਼ ਤੇ ਜਾਨ ਬਾਕੀ ਹੈ॥

ਆਪ ਬੜੇ ਹੀ ਯੋਗ ਤੇ ਨੇਮ-ਬੱਧ ਪਰਬੰਧਕ ਸਨ॥ ਉਹ ਸਾਰੇ ਮਾਮਲਿਆਂ ਦਾ ਚੰਗਾ ਤੇ ਉਹ ਪੂਰਾ ਪ੍ਰਬੰਧ ਕਰਨਾ ਜਾਣਦੇ ਸਨ॥ ਆਮਦਨੀ ਦਾ ਅਜਿਹਾ ਸੁਚੱਜਾ ਢੰਗ ਤੇ ਵਰਤੋਂ ਸੀ ਕਿ ਥੋੜ੍ਹੇ ਜਿੰਨੇ ਸਿੱਖਾਂ ਦੀ ਕਾਰ-ਭੇਟਾ ਤੋਂ ਚੰਗੀ ਫੌਜ ਸ਼ਾਹੀ ਟਾਕਰੇ ਤੇ ਦੇਸ਼ ਦੀ ਆਜ਼ਾਦੀ ਲਈ ਤਿਆਰ ਕਰ ਲਈ॥ ਮੁੱਕਦੀ ਗੱਲ ਕਿ ਆਪ ਹਰ ਪੱਖੋਂ ਪੂਰਾ ਤੇ ਸੁਚੱਜਾ ਪ੍ਰਬੰਧ ਰੱਖਦੇ ਸਨ॥

ਆਪ ਜੀ ਦੀ ਬਾਣੀ ਤੇ ਬੋਲਾਂ ਵਿੱਚ ਚੁੰਬਕਵਾਲੀ ਖਿੱਚ ਤੇ ਮਿਸ਼ਰੀ ਵਾਲੀ ਤਾਸੀਰ ਸੀ॥ ਸਿੱਖਾਂ ਨੂ ਜੋ ਵੀ ਹੁਕਮ ਕਰਦੇ, ਸਿੱਖ ਹਰ ਵੇਲੇ ਸਿਰ-ਮੱਥੇ ਤੇ ਮੰਨਣ ਲਈ ਹਾਜ਼ਰ ਖੜੇ ਰਹਿੰਦੇ ਤੇ ਗੁਰੂ ਜੀ ਦੇ ਬਚਨਾਂ ਤੋਂ ਆਪਣੇ ਪ੍ਰਾਣ ਵਾਰਨ ਲਈ ਸਦਾ ਤਤਪਰ ਰਹਿੰਦੇ॥ ਸਿੱਖਾਂ ਵਿੱਚ ਗੁਰੂ ਜੀ ਦੇ ਬਚਨਾਂ ਪ੍ਰਤੀ ਅਗਾਧ ਸ਼ਰਧਾ ਸੀ॥ ਇਹ ਕਹਿਣ ਮਾਤ੍ਰ ਦੀ ਗੱਲ ਨਹੀਂ ਸਗੋਂ ਇਤਿਹਾਸ ਗਵਾਹ ਹੈ ਕਿ ਉਹ ਸਦਾ ਗੁਰੂ ਜੀ ਦੇ ਹੁਕਮ ਤੋਂ ਜਾਨਾਂ ਵਾਰਦੇ ਰਹੇ ਤੇ ਸਭ ਕੁਝ ਲੁਟਾਉਂਦੇ ਰਹੇ॥ ਗੁਰੂ ਸਾਹਿਬ ਵੀ ਸਿੱਖਾਂ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਕਰਦੇ ਸਨ ਅਤੇ ਸਭ ਨਾਲ ਇੱਕੋ ਜਿਹਾ ਵਰਤਾਉ ਕਰਦੇ ਸਨ॥

ਆਪ ਮਨੁੱਖਤਾ ਦੀਆਂ ਵੰਡੀਆਂ ਤੋਂ ਬਹੁਤ ਉੱਚੇ ਸਨ॥ ਉਹ ਹਰ ਇੱਕ ਪ੍ਰਾਣੀ ਨਾਲ ਕਿਸੇ ਤਰ੍ਹਾਂ ਦੇ ਵਿਤਕਰੇ ਤੋਂ ਬਿਨਾਂ ਪ੍ਰੇਮ ਤੇ ਮੁਹੱਬਤ, ਦਇਆ ਅਤੇ ਉਦਾਰਤਾ ਵਾਲਾ ਵਰਤਾਅ ਕਰਦੇ ਸਨ ਕਿ ਦੁਸ਼ਮਣ ਵੀ ਉਹਨਾਂ ਲਈ ਪਿਆਰ ਦੀ ਭਾਵਨਾ ਨੂੰ ਦਿਲ ਵਿੱਚੋਂ ਕੱਢ ਨਹੀਂ ਸਕੇ॥

ਕੁਝ ਲੋਕਾਂ ਨੇ ਗੁਰੂ ਸਾਹਿਬ ਨੂੰ ਦੇਵੀ ਦਾ ਪੁਜਾਰੀ ਅਤੇ ਦੇਵਤਿਆਂ ਵਿੱਚ ਵਿਸ਼ਵਾਸ ਰੱਖਣ ਵਾਲੇ ਲਿਖਿਆ ਹੈ, ਪਰ ਇਹ ਬਿਲਕੁਲ ਸੱਚ ਨਹੀਂ॥ ਨਾਂ ਆਪ ਕਿਸੇ ਦੇਵੀ ਦੇ ਪੁਜਾਰੀ ਸਨ ਅਤੇ ਨਾਂ ਹੀ ਕਿਸੇ ਦੇਵਤੇ ਵਿੱਚ ਵਿਸ਼ਵਾਸ ਰੱਖਦੇ ਸਨ॥ ਸਗੋਂ ਉਹਨਾਂ ਨੇ ਆਪਣੀ ਬਾਣੀ ਵਿੱਚ ਇਹਨਾਂ ਸਭ ਦਾ ਖੰਡਨ ਕੀਤਾ ਹੈ॥

ਲਾਲਾ ਜੀ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੇ ਇਹ ਕੁਝ ਕੁ ਹੀ ਝਿਲਕਾਰੇ ਹਨ॥ ਉਹਨਾਂ ਦੀ ਲਿਖੀ ਹੋਈ ਪੁਸਤਕ ਤਾਂ ਸਾਰੀ ਗੁਰੂ ਸਾਹਿਬ ਦੇ ਮਹਾਨ ਗੁਣਾਂ ਨਾਲ਼ ਹੀ ਭਰਪੂਰ ਹੈ॥

3. ਭਾਈ ਨੰਦ ਲਾਲ ਜੀ

ਭਾਈ ਵੀਰ ਸਿੰਘ ਜੀ ਅਨੁਸਾਰ ਭਾਈ ਨੰਦ ਲਾਲ ਜੀ ਦਾ ਜਨਮ 1636 ਵਿੱਚ ਗ਼ਜ਼ਨੀ ਵਿੱਚ ਸ੍ਰੀ ਛੱਜੂ ਮੱਲ ਦੇ ਘਰ ਹੋਇਆ॥ ਛੱਜੂ ਮੱਲ ਫ਼ਾਰਸੀ ਦੇ ਵੱਡੇ ਵਿਦਵਾਨ ਸਨ ਅਤੇ ਗ਼ਜ਼ਨੀ ਵਿੱਚ ਹੀ ਉਹ ਉਤੌਂ ਦੇ ਹਾਕਮ ਦੇ ਮੀਰ ਮੁਨਸ਼ੀ ਸਨ॥ ਨੰਦ ਲਾਲ ਜੀ ਵੀ ਫ਼ਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਹਨ॥ ਇਹਨਾਂ ਦੀ ਕਹਾਣੀ ਬਹੁਤ ਲੰਮੀ ਹੈ ਸੋ ਇਥੇ ਸਾਰੀ ਬਿਆਨ ਨਹੀਂ ਹੋ ਸਕਦੀ॥ ਕੇਵਲ ਇੰਨਾ ਹੀ ਕਹਾਂਗੇ ਕਿ 1639 ਵਿੱਚ ਆਪ ਦੇ ਪਿਤਾ ਛੱਜੂ ਮੱਲ ਜੀ ਨੂੰ ਬਾਦਸ਼ਾਹ ਸ਼ਾਹ ਜਹਾਨ ਦਾ ਪੁੱਤਰ, ਦਾਰਾ ਸ਼ੁਕੋਹ ਕੰਧਾਰ ਦੀ ਮੁਹਿੰਮ ਤੋਂ ਪਿੱਛੋਂ ਦਿੱਲੀ ਲੈ ਆਇਆ ਸੀ॥ ਉਥੇ ਹੀ ਛੱਜੂ ਮੱਲ ਜੀ ਦਾ 1652 ਵਿੱਚ ਦਿਹਾਂਤ ਹੋ ਗਿਆ॥ ਨੰਦ ਲਾਲ ਜੀ ਵੀ ਕਿਸੇ ਵੇਲ਼ੇ ਦਿੱਲੀ ਪਹੁੰਚ ਗਏ ਜਿੱਥੇ ਆਪ ਨੂੰ ਔਰੰਗਜ਼ੇਬ ਦੇ ਪੁੱਤ੍ਰ ਮੁਅੱਜ਼ਮ ਨੂੰ ਵਿੱਦਿਆ ਪੜ੍ਹਾਉਣ ਦਾ ਕੰਮ ਮਿਲ਼ ਗਿਆ॥ ਜਦ ਆਪ ਦੀ ਉੱਚੀ ਵਿਦਵਤਾ ਦੀ ਸੋਅ ਔਰੰਗਜ਼ੇਬ ਤੱਕ ਪਹੁੰਚੀ ਉਸਨੇ ਭਾਈ ਸਾਹਿਬ ਦੀ ਕੁਰਾਨ ਦੀਆਂ ਆਇਤਾਂ ਦੇ ਅਰਥ ਕਰਵਾ ਉਹਨਾਂ ਨੂੰ ਪਰਖਿਆ॥ ਭਾਈ ਸਾਹਿਬ ਦੀ ਵਿਦਵਤਾ ਨਾਲ਼ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਤੇ ਉਹਨਾਂ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ॥ ਇਨਕਾਰ ਕਰਨ ਤੇ ਮੌਤ ਦੀ ਸਜ਼ਾ ਹੋਣੀ ਸੀ॥ ਨੰਦ ਲਾਲ ਜੀ ਮੌਕਾ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅਨੰਦਪੁਰ ਪਹੁੰਚ ਗਏ ਜਿੱਥੇ ਉਹ ਗੁਰੂ ਸਾਹਿਬ ਦੀ ਸਰਬਪੱਖੀ ਮਹਾਨਤਾ ਦੇ ਕਾਇਲ ਹੋ ਗਏ ਅਤੇ ਉਹਨਾਂ ਦੇ ਚਰਨਾਂ ਦੇ ਭੌਰੇ ਹੋ ਗਏ॥ ਉਂਞ ਤਾਂ ਨੰਦ ਲਾਲ ਜੀ ਨੇ ਸਾਰੇ ਸਤਿਗੁਰਾਂ ਦੀ ਮਹਿਮਾ ਵਿੱਚ ਬਹੁਤ ਕੁਝ ਲਿਖਿਆ ਹੈ, ਪਰ ਗੁਰੂ ਗੋਬਿੰਦ ਸਿੰਘ ਦੇ ਅੱਖੀਂ ਦਰਸ਼ਨ ਹੋ ਜਾਣ ਤੇ ਉਹਨਾਂ ਤੋਂ ਵਾਰ ਵਾਰ ਸਦਕੇ ਗਏ ਹਨ॥ ਹੇਠਾਂ ਉਹਨਾਂ ਦੀ ਸਿਫ਼ਤ ਦੇ ਕੁਝ ਨਮੂਨੇ ਹਨ॥

ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ॥ ਈਜ਼ਦਿ ਮਨਜ਼ੂਰ ਗੁਰ ਗੋਬਿੰਦ ਸਿੰਘ॥ 105

ਗਰੀਬਾਂ ਦਾ ਰਾਖਾ ਗੁਰੂ ਗੋਬਿੰਦ ਸਿੰਘ॥ ਰੱਬ ਵੱਲੋਂ ਪਰਵਾਨ ਗੁਰ ਗੋਬਿੰਦ ਸਿੰਘ

ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ॥ ਜ਼ੁਮਲਾ ਫ਼ੈਜ਼ਿ ਨੂਰ ਗੁਰ ਗੋਬਿੰਦ ਸਿੰਘ॥ 106

ਗੁਰ ਗੋਬਿੰਦ ਸਿੰਘ ਸੱਚ ਦਾ ਖ਼ਜ਼ਾਨਾ ਹੈ॥ ਸਮੂਹ ਨੂਰ ਦੀ ਮਿਹਰ ਹੈ ਗੁਰ ਗੋਬਿੰਦ ਸਿੰਘ॥

ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ॥ ਖ਼ਸਮ ਰਾ ਜਾਂ-ਕਾਹ ਗੁਰ ਗੋਬਿੰਦ ਸਿੰਘ॥ 108

ਦੋਵਾਂ ਜਹਾਨਾਂ ਦਾ ਬਾਦਸ਼ਾਹ ਹੈ ਗੁਰ ਗੋਬਿੰਦ ਸਿੰਘ॥ ਦੁਸ਼ਮਨ ਦੀ ਜਾਨ ਨੂੰ ਕਬਜ਼ੇ ਕਰਨ ਵਾਲ਼ਾ ਹੈ॥

ਆਲਿਮੁਲ ਅਸਤਾਰ ਗੁਰ ਗੋਬਿੰਦ ਸਿੰਘ॥ ਅਬਰਿ ਰਹਿਮਤ ਬਾਰ ਗੁਰ ਗੋਬਿੰਦ ਸਿੰਘ॥ 110

(ਰੱਬੀ) ਗੁੱਝੇ ਭੇਦਾਂ ਦੇ ਗਿਆਨਵਾਨ ਹਨ। ਬਖ਼ਸ਼ਿਸ਼ਾਂ ਵਰਸਾਉਣ ਵਾਲੇ ਬੱਦਲ ਹਨ ਗੁਰੂ ਜੀ॥

ਜਾਂ-ਫ਼ਰੋਜ਼ਿ ਦਹਿਰ ਗੁਰ ਗੋਬਿੰਦ ਸਿੰਘ॥ ਫ਼ੈਜ਼ਿ ਹੱਕ ਰਾ ਬਹਿਰ ਗੁਰ ਗੋਬਿੰਦ ਸਿੰਘ॥ 112

ਸੰਸਾਰ ਨੂੰ ਜਾਨ ਬਖ਼ਸ਼ਣ ਵਾਲ਼ੇ ਹਨ॥ ਰੱਬ ਦੀ ਮਿਹਰ ਦਾ ਸਮੁੰਦਰ ਹਨ ਗੁਰੂ ਗੋਬਿੰਦ ਸਿੰਘ॥

ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ॥ ਤਾਲਿਬੋ ਮਤਲੂਬ ਗੁਰ ਗੋਬਿੰਦ ਸਿੰਘ॥ 113

ਰੱਬ ਦੇ ਪਿਆਰੇ ਹਨ॥ ਰੱਬ ਦੇ ਚੇਲੇ ਹਨ ਅਤੇ ਲੋਕਾਂ ਦੇ ਚਹੇਤੇ ਹਨ ਗੁਰੂ ਗੋਬਿੰਦ ਸਿੰਘ॥

ਤੇਗ਼ ਰਾ ਫ਼ੱਤਾਹ ਗੁਰ ਗੋਬਿੰਦ ਸਿੰਘ॥ ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ॥ 114

ਆਪ ਤਲਵਾਰ ਦੇ ਧਨੀ ਹਨ॥ ਜਾਨ ਅਤੇ ਦਿਲ ਲਈ ਅੰਮ੍ਰਿਤ ਹਨ ਗੁਰੂ ਗੋਬਿੰਦ ਸਿੰਘ॥

ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ॥ ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ॥ 117

ਦੋਵਾਂ ਜਹਾਨਾਂ ਦੇ ਹਾਕਮ ਹਨ ਗੁਰੂ ਜੀ ਅਤੇ ਇਹਨਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ॥

ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ॥ ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ॥ 118

ਰੱਬ ਆਪ ਗੁਰੂ ਜੀ ਦਾ ਢਾਡੀ ਹੈ॥ਸਰਵੋਤਮ ਗੁਣਾਂ ਦੇ ਧਾਰਨੀ ਹਨ ਗੁਰੂ ਗੋਬਿੰਦ ਸਿੰਘ॥

ਖ਼ਾਦਗਾਂ ਦਰ ਪਾਇ ਗੁਰ ਗੋਬਿੰਦ ਸਿੰਘ॥ ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ॥ 119

ਰੱਬ ਦੇ ਖ਼ਾਸ ਬੰਦੇ ਗੁਰੂ ਜੀ ਦੇ ਚਰਨਾਂ ਵਿੱਚ ਅਤੇ ਪਾਕ ਨਿਕਟਵਰਤੀ ਗੁਰੂ ਦੀ ਆਗਿਆ ਵਿੱਚ ਹਨ

ਲਾ-ਮਕਾਂ ਪਾ-ਬੋਸਿ ਗੁਰ ਗੋਬਿੰਦ ਸਿੰਘ॥ ਬਰ ਦੋ ਆਲਮ ਕੋਸਿ ਗੁਰ ਗੋਬਿੰਦ ਸਿੰਘ॥ 121

ਬੇਘਰ (ਰੱਬ) ਗੁਰੂ ਜੀ ਦੇ ਚਰਨ ਚੁੰਮਦਾ ਹੈ॥ ਦੋਵਾਂ ਜਹਾਨਾਂ ਵਿੱਚ ਆਪ ਦਾ ਨਗਾਰਾ ਗੰਜਦਾ ਹੈ॥

ਸੁਦਸ ਹਲਕਾ ਬਗੋਸ਼ਿ ਗੁਰੁ ਗੋਬਿੰਦ ਸਿੰਘ॥ ਦੁਸ਼ਮਨ-ਅਫ਼ਗਾਨ ਜੋਸ਼ਿ ਗੁਰ ਗੋਬਿੰਦ ਸਿੰਘ॥ 123

ਸਾਰਾ ਜਹਾਨ ਗੁਰੂ ਜੀ ਦਾ ਗੁਲਾਮ ਹੈ॥ ਆਪ ਜੀ ਦਾ ਜੋਸ਼ ਵੈਰੀ ਨੂੰ ਮਾਰ ਮੁਕਾਉਣ ਵਾਲ਼ਾ ਹੈ॥

ਖ਼ਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ॥ ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ॥ 124

ਆਪ ਦਾ ਦਿਲ ਸਾਫ਼ ਅਤੇ ਵੈਰ ਭਾਵ ਤੋਂ ਖਾਲੀ ਹੈ॥ ਆਪ ਜੀ ਸੱਚ ਹਨ ਅਤੇ ਸੱਚ ਦਾ ਸ਼ੀਸ਼ਾ ਹਨ

ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ॥ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ॥ 125

ਆਪ ਸੱਚ ਦੇ ਸੱਚੇ ਅਨੁਭਵੀ ਹਨ॥ ਬਾਦਸ਼ਾਹ ਗੁਰੂ ਜੀ ਸੰਤ (ਤਿਆਗੀ) ਹਨ॥

ਕਾਰਮੁੱਲ ਕਰਾਮ ਗੁਰ ਗੋਬਿੰਦ ਸਿੰਘ॥ ਰਾਹਮੁੱਲ-ਰਹਾਮ ਗੁਰ ਗੋਬਿੰਦ ਸਿੰਘ॥ 127

ਆਪ ਦਾਨੀਆਂ ਦੇ ਵੱਡੇ ਦਾਨੀ ਹਨ॥ ੳਾਪ ਰਹਿਮ ਕਰਨ ਵਾਲ਼ਿਆਂ ਦੇ ਰਹਿਮੀ ਹਨ॥

ਸਾਮਿਆਨਿ ਨਾਮਿ ਗੁਰ ਗੋਬਿੰਦ ਸਿੰਘ॥ ਹੱਕ-ਬੀਂ ਜ਼ਿ ਇਨਆਮਿ ਗੁਰ ਗੋਬਿੰਦ ਸਿੰਘ॥ 131

ਆਪ ਦਾ ਨਾਮ ਸੁਣਨ ਵਾਲ਼ੇ ਆਪ ਦੀ ਮਿਹਰ ਨਾਲ਼ ਰੱਬ ਦੇ ਦੀਦਾਰ ਕਰਨ ਵਾਲ਼ੇ ਹੋ ਜਾਂਦੇ ਹਨ॥

ਨਾਜ਼ਿਰਾਨਿ ਰੂਇ ਗੁਰ ਗੋਬਿੰਦ ਸਿੰਘ॥ ਮਸਤਿ ਹੱਕ ਦਰ ਕੂਇ ਗੁਰ ਗੋਬਿੰਦ ਸਿੰਘ॥ 134

ਮੁਖੜੇ ਦੇ ਦੀਦਾਰ ਕਰਨ ਵਾਲ਼ੇ ਆਪ ਦੀ ਗਲ਼ੀ ਵਿੱਚ ਆਪ ਦੀ ਪ੍ਰੀਤ ਵਿੱਚ ਮਸਤ ਹੋ ਜਾਂਦੇ ਹਨ॥

ਕਾਦਰਿ ਹਰ ਕਾਰ ਗੁਰ ਗੋਬਿੰਦ ਸਿੰਘ॥ ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ॥ 136

ਗੁਰੂ ਸਾਹਿਬ ਹਰ ਕਾਰਜ ਦੇ ਸਮਰੱਥ ਹਨ॥ ਆਪ ਨਿਆਸਰਿਆਂ ਦੇ ਆਸਰਾ ਹਨ॥

ਸਰਵਰਾਂ ਰਾ ਤਾਜ ਗੁਰ ਗੋਬਿੰਦ ਸਿੰਘ॥ ਬਰ ਤਰੀਂ ਮਿਅਰਾਜ ਗੁਰ ਗੋਬਿੰਦ ਸਿੰਘ॥ 138

ਗੁਰੂ ਸਾਹਿਬ ਸਰਦਾਰਾਂ ਦੇ ਤਾਜ ਹਨ॥ ਪ੍ਰਭੂ ਮਿਲਾਪ ਲਈ ਆਪ ਸਭ ਤੋਂ ਉੱਤਮ ਵਸੀਲਾ ਹਨ॥

ਅਸ਼ਰ ਕੁੱਦਸੀ ਰਾਮਿ ਗੁਰ ਗੋਬਿੰਦ ਸਿੰਘ॥ ਵਾਸਿਫ਼ਿ ਇਕਰਾਮ ਗੁਰ ਗੋਬਿੰਦ ਸਿੰਘ॥ 139

ਸਾਰੇ ਫ਼ਰਿਸ਼ਤੇ ਆਪ ਦੀ ਤਾਬਿਆ ਵਿੱਚ ਹਨ ਅਤੇ ਆਪ ਦੀਆਂ ਬਖ਼ਸ਼ਿਸ਼ਾਂ ਦੀ ਸਿਫ਼ਤ ਕਰਦੇ ਹਨ

ਕਦਰ ਕੁਦਰਤ ਪੇਸ਼ਿ ਗੁਰ ਗੋਬਿੰਦ ਸਿੰਘ॥ ਇਨਕਿਯਾਦ ਅੰਦੇਸ਼ਿ ਗੁਰ ਗੋਬਿੰਦ ਸਿੰਘ॥ 141

ਆਪ ਦੇ ਸਾਹਮਣੇ ਕੁਦਰਤਿ ਦੀ ਕੀ ਕਦਰ ਹੈ? ਉਹ ਆਪ ਦੀ ਬੰਦਗੀ ਦੀ ਚਾਹਵਾਨ ਹੈ॥

ਤਖ਼ਤਿ ਬਾਲਾ ਜ਼ੇਰਿ ਗੁਰ ਗੋਬਿੰਦ ਸਿੰਘ॥ ਲਾ-ਮਕਾਨੇ ਸੈਰ ਗੁਰ ਗੋਬਿੰਦ ਸਿੰਘ॥ 143

ਆਕਾਸ਼ ਦੇ ਉਚੇਰਾ ਤਖ਼ਤ ਆਪ ਜੀ ਦੇ ਹੇਠ ਹੈ॥ ਗੁਰੂ ਸਾਹਿਬ ਅਨੰਤ ਵਿੱਚ ਵਿਚਰਦੇ ਹਨ॥

ਬਰ ਤਰ ਅਜ਼ ਹਰ ਕਦਰ ਗੁਰ ਗੋਬਿੰਦ ਸਿੰਘ॥ ਜਾਵਿਦਾਨੀ ਸਦਰ ਗੁਰ ਗੋਬਿੰਦ ਸਿੰਘ॥ 144

ਆਪ ਜੀ ਦੀ ਕਦਰ ਕੀਮਤ ਸਭ ਤੋਂ ਉਚੇਰੀ ਹੈ॥ ਆਪ ਅਬਿਨਾਸ਼ੀ ਸਿੰਘਾਸਨ ਦੇ ਮਾਲਕ ਹਨ॥

ਆਲਮੇ ਰੌਸ਼ਨ ਜ਼ਿ ਗੁਰ ਗੋਬਿੰਦ ਸਿੰਘ॥ ਜਾਨੋ ਦਿਲ ਗੁਲਸ਼ਨ ਜ਼ਿ ਗੁਰ ਗੋਬਿੰਦ ਸਿੰਘ॥ 145

ਆਪ ਜੀ ਦਾ ਸਦਕਾ ਇਹ ਸੰਸਾਰ ਰੌਸ਼ਨ ਹੈ॥ ਆਪ ਦੇ ਸਦਕੇ ਜਾਨ ਅਤੇ ਦਿਲ ਗੁਲਜ਼ਾਰ ਹਨ॥

ਜੁਮਲਾ ਦਰ ਫ਼ਰਮਾਨਿ ਗੁਰ ਗੋਬਿੰਦ ਸਿੰਘ॥ ਬਰ ਤਰ ਆਮਦ ਸ਼ਾਨਿ ਗੁਰ ਗੋਬਿੰਦ ਸਿੰਘ॥ 148

ਸਾਰਾ ਸੰਸਾਰ ਗੁਰੂ ਜੀ ਦੇ ਹੁਕਮ ਵਿੱਚ ਹੈ॥ ਆਪ ਦੀ ਸਭ ਤੋਂ ਵੱਡੀ ਸ਼ਾਨ ਹੈ॥

ਵਾਹਿਬੋ ਵੱਹਾਬ ਗੁਰ ਗੋਬਿੰਦ ਸਿੰਘ॥ ਫ਼ਾਤਿਹਿ ਹਰ ਬਾਬ ਗੁਰ ਗੋਬਿੰਦ ਸਿੰਘ॥ 150

ਆਪ ਸਾਰੀਆਂ ਬਖ਼ਸ਼ਿਸ਼ਾਂ ਕਰਨ ਵਾਲ਼ੇ ਸਖੀ ਹਨ॥ ਆਪ ਹਰ ਥਾਂ ਵਿਜੇਤਾ ਹਨ॥

ਜੁਮਲਾ ਰੋਜ਼ੀ ਖ਼ਾਰਿ ਗੁਰ ਗੋਬਿੰਦ ਸਿੰਘ॥ ਬੈਜ਼ਿ ਹੱਕ ਇਮਤਾਰ ਗੁਰ ਗੋਬਿੰਦ ਸਿੰਘ॥ 153

ਹਰੇਕ ਨੂੰ ਗੁਰੂ ਜੀ ਦੇ ਦਰ ਤੋਂ ਰੋਜ਼ੀ ਮਿਲ਼ਦੀ ਹੈ॥ ਆਪ ਰੱਬੀ ਮਿਹਰ ਦੇ ਬੱਦਲ ਵਰਸਾਉਣਹਾਰ ਹਨ

ਬਿਸਤੋ ਹਫ਼ਤ ਗਦਾਇ ਗੁਰ ਗੋਬਿੰਦ ਸਿੰਘ॥ ਹਫ਼ਤ ਹਮ ਸ਼ੈਦਾਇ ਗੁਰ ਗੋਬਿੰਦ ਸਿੰਘ॥ 154

ਸੱਤੇ ਭਵਨ ਗੁਰੂ ਜੀ ਦੇ ਭਿਖਾਰੀ ਹਨ॥ ਸੱਤੇ ਹੀ ਸੰਸਾਰ ਗੁਰੂ ਜੀ ਤੋਂ ਕਰਬਾਨ ਹਨ॥

ਬਰ ਦੋ ਆਲਮ ਦਸਤਿ ਗੁਰ ਗੋਬਿੰਦ ਸਿੰਘ॥ ਜੁਮਲਾ ਉਲਵੀ ਪਸਤਿ ਗੁਰ ਗੋਬਿੰਦ ਸਿੰਘ॥ 156

ਦੋਵਾਂ ਜਹਾਨਾਂਤੇ ਆਪ ਦੀ ਮਿਹਰ ਦਾ ਹੱਥ ਹੈ॥ਦੇਵਤੇ ਅਤੇ ਫ਼ਰਿਸ਼ਤੇ ਆਪ ਸਾਹਵੇਂ ਤੁੱਛ ਹਨ॥

ਲਾਅਲ ਸਗੇ ਗ਼ੁਲਾਮਿ ਗੁਰ ਗੋਬਿੰਦ ਸਿੰਘ॥ ਦਾਗ਼ਦਾਰਿ ਨਾਮਿ ਗੁਰ ਗੋਬਿੰਦ ਸਿੰਘ॥ 157

ਨੰਦ ਲਾਲ ਆਪ ਦੇ ਦਰ ਦਾ ਗ਼ੁਲਾਮ ਕੂਕਰ ਹੈ॥ ਉਸ ਉੱਤੇ ਗੁਰੂ ਜੀ ਦੇ ਨਾਮ ਦਾ ਨਿਸ਼ਾਨ ਹੈ॥

ਬਾਦ ਜਾਨਸ਼ ਫ਼ਿਦਾਇ ਗੁਰ ਗੋਬਿੰਦ ਸਿੰਘ॥ ਫ਼ਰਕਿ ਬਰ ਪਾਇ ਗੁਰ ਗੋਬਿੰਦ ਸਿੰਘ॥ 160

(ਰੱਬ ਕਰੇ) ਇਸ ਦਾਸ ਦੀ ਜਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਰਬਾਨ ਹੋਵੇ ਅਤੇ ਉਸ ਦਾ ਸੀਸ ਸਦਾ ਗੁਰੂ ਜੀ ਦੇ ਚਰਨਾਂ ਤੇ ਟਿਕਿਆ ਰਹੇ॥

ਇਹ ਹਨ ਗੁਰੂ ਸਾਹਿਬ ਪ੍ਰਤੀ ਭਾਈ ਸਾਹਿਬ ਦੇ ਕੁਝ ਕੁ ਸ਼ਰਧਾ ਦੇ ਫੁੱਲ

ਨੋਟ: ਫ਼ਾਰਸੀ ਵਿੱਚ ਲਿਖੀ ਇਸ ਕਵਿਤਾ ਦਾ ਪੰਜਾਬੀ ਅਨੁਵਾਦ : ਗੰਡਾ ਸਿੰਘ ਦੀ ਸੰਪਾਦਿਤ ਪੁਸਤਕਭਾਈ ਨੰਦ ਲਾਲ਼ ਗ੍ਰੰਥਾਵਲੀਵਿੱਚੋਂ ਲਿਆ ਗਿਆ ਹੈ॥

4. ਜੋਜ਼ਫ਼ ਡੇਵੀ ਕਨਿੰਗਹੈਮ (ਕਨਿੰਘਮ) : ਸਿੱਖਾਂ ਦਾ ਇਤਿਹਾਸ

ਸਿੱਖਾਂ ਦਾ ਇਤਿਹਾਸ (1848)” ਨਾਮੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਵਿੱਚ ਅੰਗ੍ਰੇਜ਼ੀ ਲੇਖਕ ਜੇ.ਡੀ. ਕਨਿੰਗਹੈਮ (ਕਨਿੰਘਮ) ਨੇ ਵੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਕੁਝ ਲਿਖਿਆ ਹੈ ਜਿਸ ਵਿੱਚ ਬਹੁਤ ਕੁਝ ਤਾਂ ਸੱਚਾਈ ਤੋਂ ਬਹੁਤ ਦੂਰ ਊਟ-ਪਟਾਂਗ ਹੈ॥ ਉਦਾਹਰਣ ਵਜੋਂ ਕਨਿੰਗਹੈਮ ਲਿਖਦਾ ਹੈ ਕਿ ਜਦ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਤਾਂ ਉਸ ਵੇਲ਼ੇ ਗੋਬਿੰਦ ਜੀ ਦੀ ਉਮਰ 15 ਕੁ ਸਾਲ ਸੀ॥ ਉਸਤੋਂ ਪਿੱਛੋਂ ਕੋਈ ਵੀਹ ਕੁ ਸਾਲ (ਗੁਰੂ) ਗੋਬਿੰਦ (ਸਿੰਘ ਜੀ) ਨੇ ਇਕਾਂਤ ਵਿੱਚ ਗੁਜ਼ਾਰੇ॥ ਇਹ ਦੋਵੇਂ ਗੱਲਾਂ ਸਰਾਸਰ ਝੂਠ ਹਨ॥ ਇਸੇਤਰ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਕਾਰਨ ਔਰੰਗਜ਼ੇਬ ਵੱਲੋਂ ਹਿੰਦੂਆਂਤੇ ਅੱਤਿਆਚਾਰ ਅਤੇ ਗੁਰੂ ਸਾਹਿਬ ਵੱਲੋਂ ਆਪ ਦਿੱਲੀ ਜਾ ਕੇ ਸ਼ਹੀਦੀ ਦੇਣਾ ਨਹੀਂ ਲਿਖਦਾ॥ ਇਸ ਦੇ ਉਲਟ ਇਹ ਲਿਖਦਾ ਹੈ ਕਿ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਵਾਂਙ, ਗੁਰੂ ਤੇਗ਼ ਬਹਾਦਰ ਸਾਹਿਬ ਵੀ ਮੁਗ਼ਲਾਂ ਦੇ ਵਿਰੁੱਧ ਜੰਗ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਦੀ ਰਾਜ ਕਰਨ ਦੀ ਇੱਛਿਆ ਸੀ (ਪੰਨੇ 184-212) ਉਸਨੇ ਅਜਿਹੀਆਂ ਹੋਰ ਵੀ ਬਹੁਤ ਝੂਠੀਆਂ ਅਤੇ ਬੇਤੁਕੀਆਂ ਗੱਲਾਂ ਲਿਖੀਆਂ ਹਨ॥ ਹੋ ਸਕਦਾ ਹੈ ਕਿ ਕਨਿੰਗਹੈਮ ਨੇ ਸਾਰਾ ਕੁਝ ਆਪਣੇ ਵੱਲੋਂ ਨਿਰਪੱਖਤਾ ਨਾਲ਼ ਲਿਖਿਆ ਹੋਵੇ, ਪਰ ਉਸਨੇ ਸਿੱਖ ਇਤਿਹਾਸ ਦੇ ਜੋ ਸ੍ਰੋਤ ਵਰਤੇ ਉਹ ਮੁਸਲਮਾਨ ਇਤਿਹਾਸਕਾਰਾਂ ਦੇ ਲਿਖੇ ਹੋਏ ਸਨ ਜਿਹਨਾਂ ਨੇ ਇਤਿਹਾਸ ਨੂੰ ਬਹੁਤ ਤੋੜ-ਮ੍ਰੋੜ ਕੇ ਲਿਖਿਆ ਹੈ ਅਤੇ ਬਹਾਦਰ ਅਤੇ ਅਣਖੀਲੇ ਸਿੱਖਾਂ ਬਾਰੇ ਬਹੁਤ ਜ਼ਹਿਰ ਉਗਲਿਆ ਹੈ॥ ਭਾਵੇਂ ਕੁਝ ਵੀ ਹੋਵੇ, ਕਨਿੰਗਹੈਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾਂ ਬਾਰੇ ਸੱਚ ਕਹਿਣ ਤੋਂ ਰਹਿ ਨਹੀਂ ਸਕਿਆ॥

ਕਨਿੰਗਹੈਮ ਦੀ ਪੁਸਤਕ ਵਿੱਚੋਂ ਹੇਠਾਂ ਦਿੱਤਾ ਸੰਖੇਪ ਜਿਹਾ ਹਵਾਲਾ ਉਸਦੇ ਕਥਨਾਂ ਦਾ ਗੁਰਮੁਖੀ ਅਨੁਵਾਦ ਹੈ:

ਇਸ ਇਕਾਂਤ-ਮਈ ਜੀਵਨ ਵਿੱਚ ਸ਼ਾਇਦ ਗੋਬਿੰਦ (ਜੀ) ਨੇ ਵੀਹ ਸਾਲ ਗੁਜ਼ਾਰੇ, ਪਰ ਉਹਨਾਂ ਦੀ ਹੋਣਹਾਰ ਜੁਆਨੀ ਕਾਰਨ (ਗੁਰੂ) ਨਾਨਕ (ਸਾਹਿਬ) ਦੇ ਬਹੁਤ ਸਾਰੇ ਸਿੱਖ ਉਹਨਾਂ ਦੇ ਦੁਆਲ਼ੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਗੋਬਿੰਦ (ਜੀ) ਨੂੰ ਆਪਣਾ ਨੇਤਾ ਪਰਵਾਨ ਕਰ ਲਿਆ॥ ਇਥੋਂ ਤੱਕ ਕਿ ਰਾਮ ਰਾਇ ਦੇ ਚੇਲੇ ਵੀ ਸਮਝ ਗਏ ਤੇ ਉਹ ਵੀ ਆਪਣੇ ਆਕੀਪੁਣੇ ਵਾਲੇ ਵੱਖਰੇ ਡੇਰੇ ਨੂੰ ਮੰਨਣ ਤੋਂ ਇਨਕਾਰੀ ਹੋ ਕੇ (ਗੁਰੂ ਸਾਹਿਬ ਦੇ ਝੰਡੇ ਹੇਠ ਗਏ) ਆਸ ਪਾਸ ਦੇ ਪਹਾੜੀ ਰਾਜੇ ਵੀ ਉਹਨਾਂ (ਗੁਰੂ ਸਾਹਿਬ) ਦੀ ਸ੍ਰੇਸ਼ਟਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਤੇਜ ਪ੍ਰਤਾਪ ਤੋਂ ਕੁਝ ਡਰ ਵੀ ਗਏ॥ ਪਰ ਗੋਬਿੰਦ (ਜੀ) ਨੇ ਆਪਣੇ ਪਿਤਾ ਦੀ ਸ਼ਹੀਦੀ ਅਤੇ ਔਰੰਗਜ਼ੇਬ ਦੀ ਦਬਾਊ ਕੱਟੜਤਾ ਨੂੰ ਯਾਦ ਰੱਖਿਆ॥ ਆਪਣੇ ਬੀਤੇ ਕਾਲ ਬਾਰੇ ਨਰੀਖਣ ਅਤੇ ਆਸੇ ਪਾਸੇ ਦੇ ਗਿਆਨ ਨੇ ਉਹਨਾਂ ਦੇ ਦਿਲ ਨੂੰ ਬਹੁਤ ਵਿਸ਼ਾਲ ਬਣਾ ਦਿੱਤਾ ਅਤੇ ਦੁਨੀਆਂ ਦੇ ਤਰਜਬੇ ਨੇ ਉਹਨਾਂ ਦੀ ਪਛਾਣ ਅਤੇ ਨਿਰਣਾ-ਸ਼ਕਤੀ ਵਿੱਚ ਬਹੁਤ ਵਾਧਾ ਕੀਤਾ॥ ਆਪਣੇ ਨਾਲ਼ ਅਤੇ ਆਪਣੇ ਦੇਸ ਪ੍ਰਤੀ ਹੋਈਆਂ ਬੇਇਨਸਾਫ਼ੀਆਂ ਨੂੰ ਸੁਧਾਰਨ ਹਿੱਤ ਉਹਨਾਂ ਨੇ ਇਹ ਪ੍ਰਣ ਲਿਆ ਕਿ ਉਹ (ਗੁਰੂ) ਨਾਨਕ (ਸਾਹਿਬ) ਦੇ ਵਿਸ਼ਾਲ ਸਿਧਾਂਤਾਂ ਨੂੰ ਸਮਝਾ ਕੇ ਆਪਣੇ ਸਿੱਖਾਂ ਵਿੱਚ ਜਾਗ੍ਰਿਤੀ ਲਿਆ ਕੇ ਉਹਨਾਂ ਵਿੱਚ ਨਵੀਂ ਰੂਹ ਫੂਕ ਦੇਣਗੇ॥ ਉਹਨਾਂ ਨੇ ਮੁਗ਼ਲਾਂ ਦੀ ਸ਼ਕਤੀਸ਼ਾਲੀ (ਤੇ ਦਬਾਊ) ਤਾਕਤ ਨੂੰ ਖੋਖਲ਼ਾ ਕਰਨ ਦੀ ਠਾਣ ਲਈ ਅਤੇ ਸਮਾਜਿਕ ਅਤੇ ਧਾਰਮਿਕ ਗਿਰਾਵਟ ਵਿੱਚ ਸੁਧਾਰ ਲਿਆਉਣ ਲਈ ਉਹਨਾਂ ਨੇ ਸਾਫ਼-ਸੁਥਰੇ ਸਲੀਕੇ ਵਰਤੇ ਅਤੇ ਇੱਕੋ ਹੀ ਨਿਸ਼ਾਨੇ (ਆਜ਼ਾਦੀ) ਦੀ ਪ੍ਰਾਪਤੀ ਦੇ ਜੋਸ਼ ਲਈ ਆਵਾਜ਼ ਬੁਲੰਦ ਕੀਤੀ॥

ਗੋਬਿੰਦ (ਜੀ) ਬਹੁਤ ਬਹਾਦਰ, ਵਿਉਂਤਬੰਦ ਅਤੇ ਦ੍ਰਿੜ ਨਿਸਚੇ ਵਾਲ਼ੇ ਸਨ॥ ਸੰਸਾਰ ਵਿੱਚ ਵਰਤ ਰਹੀ ਹੇਰਾ-ਫ਼ੇਰੀ ਅਤੇ ਧੋਖੇਬਾਜ਼ੀ ਨੂੰ ਬਹੁਤ ਨਿੰਦਦੇ ਸਨ ਅਤੇ ਜ਼ੁਲਮ ਦੇ ਵਿਰੁੱਧ ਡੱਟਣ ਵਾਲ਼ੇ ਸਨ॥ ਉਹਨਾਂ ਦਾ ਵਿਸ਼ਵਾਸ ਸੀ ਕਿ ਇਨਸਾਨੀ ਮਨਾਂ ਨੂੰ ਕਿਸੇ ਉੱਚੇ ਮਕਸਦ ਲਈ ਢਾਲ਼ਿਆ ਜਾ ਸਕਦਾ ਹੈ॥

ਰੱਬ ਵਿੱਚ ਉਹਨਾਂ ਦਾ ਅਟੱਲ ਵਿਸ਼ਵਾਸ ਸੀ ਅਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ ਕਿ ਉਹ ਪ੍ਰਮਾਤਮਾ ਦੇ ਭੇਜੇ ਹੋਏ (ਗੁਰੂ) ਨਾਨਕ (ਸਾਹਿਬ) ਦੀ ਜੋਤ ਸਨ ਜਿਹੜੇ ਕਿ ਬੁਰਾਈ ਦਾ ਖ਼ਾਤਮਾ ਕਰਨ ਅਤੇ ਸ਼ੁਭ ਗੁਣਾਂ ਨੂੰ ਫ਼ੈਲਾਉਣ ਆਏ ਸਨ॥ ਪਰ ਉਹਨਾਂ ਇਹ ਵੀ ਕਿਹਾ ਕਿ ਉਹ ਇੱਕ ਮਨੁੱਖ ਹਨ ਅਤੇ ਕੋਈ ਵੀ ਉਹਨਾਂ ਨੂੰ ਪ੍ਰਮਾਤਮਾ ਕਹਿਣ ਦਾ ਗੁਨਾਹ ਨਾਂ ਕਰੇ॥ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਕਿਤਾਬਾਂ ਜਾਂ ਕਰਮ-ਕਾਂਡਾਂ ਨਾਲ਼ ਨਹੀਂ ਮਿਲ਼ਦਾ॥ ਉਹ ਕੇਵਲ ਨਿਰਮਾਣਤਾ ਅਤੇ ਸ਼ੁਭ ਭਾਵਨਾਵਾਂ ਨਾਲ਼ ਹੀ ਮਿਲ਼ਦਾ ਹੈ॥ ਇਸ ਕਰਕੇ ਪੁਰਾਣ ਅਤੇ ਕੁਰਾਨ ਆਦਿ ਪੜ੍ਹਨਾ ਨਿਹਫ਼ਲ਼ ਹੈ॥ ਇਸੇ ਤਰ੍ਹਾਂ ਬੁਤਾਂ ਦੀ ਪੂਜਾ ਕਰਨ, ਮੜ੍ਹੀ ਮਸਾਣ ਜਾਂ ਕਬਰਾਂ ਆਦਿ ਨੂੰ ਮੱਥੇ ਟੇਕਣ ਦਾ ਕੋਈ ਲਾਭ ਨਹੀਂ॥

ਸਿੱਖਾਂ ਦੇ ਅਖ਼ੀਰਲੇ ਗੁਰੂ ਆਪਣੇ ਪਿੱਛੋਂ ਹੋਈਆਂ ਪ੍ਰਾਪਤੀਆਂ ਨੂੰ ਨਾਂ ਵੇਖ ਸਕੇ, ਪਰ ਉਹਨਾਂ ਨੇ ਆਪਣੇ ਸਿੱਖਾਂ ਵਿੱਚ ਬੁੱਝੀਆਂ ਹੋਈਆਂ ਸ਼ਕਤੀਆਂ ਨੂੰ ਬੜੀ ਸਫ਼ਲਤਾ ਨਾਲ਼ ਜਗਾਇਆ ਤੇ ਉਹਨਾਂ ਵਿੱਚ ਬਹਾਦਰੀ ਦੀ ਰੂਹ ਭਰ ਦਿੱਤੀ ਜਿਸ ਨਾਲ਼ ਉਹਨਾਂ ਅੰਦਰ ਸਮਾਜਿਕ ਆਜ਼ਾਦੀ ਅਤੇ ਕੌਮੀ ਅਣਖ ਦੀ ਤੜਪ ਪਰਬਲ ਹੋ ਗਈ॥ ਗੁਰੂ ਨਾਨਕ ਦੀ ਸਿੱਖਿਆ ਤੇ ਚਲਾ ਕੇ ਗੋਬਿੰਦ (ਜੀ) ਨੇ ਆਪਣੇ ਸਿੱਖਾਂ ਦੇ ਆਚਰਨ ਨੂੰ ਵੀ ਬਹੁਤ ਉੱਚਾ ਚੁੱਕ ਦਿੱਤਾ॥ ਗੋਬਿੰਦ (ਸਿੰਘ ਜੀ) ਨੇ ਕੇਵਲ ਸਿੱਖਾਂ ਦੇ ਮਾਨਸਿਕ ਪੱਧਰ ਨੂੰ ਹੀ ਉਚਾ ਨਹੀਂ ਚੁੱਕਿਆ ਸਗੋਂ ਉਹਨਾਂ ਦੀ ਬਾਹਰਲੀ ਦਿੱਖ ਅਤੇ ਰਹਿਣੀ-ਬਹਿਣੀ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ॥ ਆਪਣੀ ਉੱਚੀ ਸੋਚ ਅਤੇ ਉੱਚੇ ਮਾਨਸਿਕ ਪੱਧਰ ਕਰਕੇ ਅੱਜ ਹਰ ਸਿੱਖ ਬਹੁਤ ਪ੍ਰਭਾਵਸ਼ਾਲੀ ਰਜਵਾੜਾ ਲਗਦਾ ਹੈ ਜਿਹੜਾ ਉਸਦੀ ਆਤਮਿਕ ਬੁਲੰਦੀਆਂ ਦਾ ਸੂਚਕ ਹੈ ਅਤੇ ਜਿਸਦੇ ਅਟੁੱਟ ਵਿਸ਼ਵਾਸ ਤੋਂ ਇਹ ਨਿਸਚਾ ਬੱਝਦਾ ਹੈ ਕਿ ਪ੍ਰਮਾਤਮਾ ਉਸਤੋਂ ਦੂਰ ਨਹੀਂ॥

ਇਹ ਹਨ ਕਨਿੰਗਹੈਮ ਦੇ ਕਲਗ਼ੀਧਰ ਜੀ ਬਾਰੇ ਉੱਚੇ ਵਿਚਾਰ॥ ਜੇ ਕਿਤੇ ਉਸਨੂੰ ਸਹੀ ਜਾਣਕਾਰੀ ਪ੍ਰਾਪਤ ਹੋ ਸਕਦੀ ਤਾਂ ਹੋ ਸਕਦਾ ਹੈ ਉਹ ਵੀ ਮੈਕਾਲਿਫ਼ ਜੀ ਵਾਂਙ ਇੱਕ ਅਨਿੰਨ ਸਿੱਖ ਹੋ ਨਿੱਬੜਦਾ॥

5. ਮੈਕਸ ਆਰਥਰ ਮੈਕਾਲਿਫ਼ (ਸਿੱਖ ਧਰਮ ਭਾਗ 5)

ਮੈਕਾਲਿਫ਼ ਦਾ ਜਨਮ 10 ਸਤੰਬਰ 1841 ਨੂੰ ਨਿਊ ਕੈਸਲ ਆਇਰਲੈਂਡ ਵਿੱਚ ਹੋਇਆ ਅਤੇ ਉਹ ਅੰਗਰੇਜ਼ ਸਰਕਾਰ ਦਾ ਇੱਕ ਅਧਿਕਾਰੀ ਬਣ ਕੇ 1864 ਵਿੱਚ ਭਾਰਤ ਆਇਆ॥ ਆਈ.ਸੀ.ਐੱਸ. ਦਾ ਇਮਤਿਹਾਨ ਪਾਸ ਕਰਨ ਤੋਂ ਪਿੱਛੋਂ 1882 ਵਿੱਚ ਡਿਪਟੀ ਕਮਿਸ਼ਨਰ ਬਣਕੇ ਉਹ ਪੰਜਾਬ ਆਇਆ॥ ਇਥੇ ਉਸਨੇ ਕਈ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਿੱਖ ਧਰਮ ਵਿੱਚ ਉਸਦੀ ਬਹੁਤ ਦਿਲਚਸਪੀ ਹੋ ਗਈ॥ ਉਸਨੇ ਸਿੱਖ ਧਰਮ ਨੂੰ ਡੂੰਘਾਈ ਵਿੱਚ ਪੜ੍ਹਿਆ ਅਤੇ ਬਹੁਤ ਸਾਰੇ ਪ੍ਰਸਿੱਧ ਸਿੱਖ ਵਿਦਵਾਨਾਂ, ਜਿਵੇਂ ਕਿ ਗਿਆਨੀ ਦਿੱਤ ਸਿੰਘ ਜੀ ਅਤੇ ਭਾਈ ਕਾਹਨ ਸਿੰਘ ਜੀ ਨਾਭਾ, ਪਾਸੋਂ ਹੋਰ ਜਾਣਕਾਰੀ ਲਈ॥ ਸਿੱਖ ਧਰਮ ਵਿੱਚ ਉਸਦਾ ਇੰਨਾ ਪਿਆਰ ਜਾਗ ਪਿਆ ਕਿ ਉਸਨੇ ਆਪਣੇ ਉੱਚੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣਾ ਪੂਰਾ ਸਮਾਂ ਇਸ ਧਰਮ ਦੀ ਖੋਜ ਅਤੇ ਜਾਣਕਾਰੀਤੇ ਲਾ ਦਿੱਤਾ॥ ਮੈਕਾਲਿਫ਼ ਤੋਂ ਪਹਿਲਾਂ ਕੁਝ ਅੰਗ੍ਰੇਜ਼ ਵਿਦਵਾਨਾਂ, ਜਿਵੇਂ ਕਿ ਮੈਲਕਮ, ਕਨਿੰਗਹੈਮ ਅਤੇ ਕੁਝ ਹੋਰ ਨੇ, ਸਿੱਖ ਧਰਮ ਬਾਰੇ ਬਹੁਤ ਕੁਝ ਲਿਖਿਆ ਪਰ ਉਹਨਾਂ ਦੀਆਂ, ਖ਼ਾਸ ਤੌਰ ਤੇ ਮੈਲਕਮ ਦੀਆਂ, ਲਿਖਤਾਂ ਪੱਖਪਾਤੀ ਅਤੇ ਸਿੱਖ ਧਰਮ ਵਿਰੋਧੀ ਸਨ ਜਿਹਨਾਂ ਤੋਂ ਸਿੱਖ ਨਾਰਾਜ਼ ਸਨ॥ ਮੈਕਾਲਿਫ਼ ਨੇ ਇਸ ਗੱਲ ਨੂੰ ਬਹੁਤ ਧਿਆਨ ਵਿੱਚ ਰੱਖਿਆ ਅਤੇ ਪੂਰੀ ਕੋਸ਼ਿਸ਼ ਕੀਤੀ ਕਿ ਉਸਦੀਆਂ ਲਿਖਤਾਂ ਪੂਰੀ ਤਰ੍ਹਾਂ ਨਿਰਪੱਖ ਹੋਣ॥ ਇਸੇ ਕਰਕੇ ਹੀ ਉਸਨੇ ਸਮੇਂ ਦੇ ਚੋਟੀ ਦੇ ਸਿੱਖਾਂ ਨੂੰ ਆਪਣਾ ਸਾਲਾਹਕਾਰ ਬਣਾਇਆ॥

ਜਿਉਂ ਜਿਉਂ ਉਸਨੇ ਸਿੱਖ ਇਤਿਹਾਸ ਅਤੇ ਗੁਰੂ ਗਰੰਥ ਸਾਹਿਬ ਨੂੰ ਪੜ੍ਹਿਆ ਅਤੇ ਵਿਚਾਰਿਆ, ਤਿਉਂ ਤਿਉਂ ਉਸਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਪਿਆਰ ਵਧਦਾ ਗਿਆ ਅਤੇ ਉਹ ਇੱਕ ਬੜਾ ਸ਼ਰਧਾਲੂ ਸਿੱਖ ਬਣ ਗਿਆ॥ ਉਹ ਆਪਣੇ ਵਤਨ ਪਰਤ ਗਿਆ ਅਤੇ ਸਿੱਖ ਇਤਿਹਾਸ ਨੂੰ ਅੰਗ੍ਰੇਜ਼ੀ ਵਿੱਚ ਲਿਖਣਾ ਆਰੰਭ ਕਰ ਦਿੱਤਾ॥ ਇਸ ਸਮੇਂ ਭਾਈ ਕਾਹਨ ਸਿੰਘ ਨਾਭਾ ਉਸਦੇ ਕੋਲ਼ ਹੀ ਰਹੇ॥ ਕਈ ਸਾਲਾਂ ਦੀ ਕਰੜੀ ਘਾਲਣਾ ਕਰਕੇ ਉਸਨੇ 6 ਭਾਗਾਂ ਵਿੱਚ ਸਾਰਾ ਗੁਰ ਅਤੇ ਸਿੱਖ ਇਤਿਹਾਸ ਲਿਖਿਆ ਜਿਹੜਾ ਕਿ 1909 ਵਿੱਚ ਛਪ ਗਿਆ॥ ਪੰਜਵੇਂ ਭਾਗ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਹੁਤ ਵਿਸਥਾਰ ਸਹਿਤ ਲਿਖਿਆ ਹੈ॥ ਗੁਰੂ ਸਾਹਿਬ ਦੇ ਉੱਚੇ ਚਰਿੱਤ੍ਰ ਬਾਰੇ ਭਾਵੇਂ ਉਸਨੇ ਆਪਣੇ ਵੱਲੋਂ ਕੁਝ ਉਚੇਚਾ ਨਹੀਂ ਲਿਖਿਆ, ਪਰ ਪੂਰੀ ਲਿਖਤ ਵਿੱਚ ਉਸਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਉੱਘੜ ਕੇ ਸਾਹਮਣੇ ਆਉਂਦੀ ਹੈ॥ ਪੁਸਤਕ ਦੇ ਪਹਿਲੇ 259 ਪੰਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਹਨ ਅਤੇ ਅਗਲੇ 72 ਪੰਨਿਆਂ ਤੇ ਗੁਰ ਸਾਹਿਬ ਦੀਆਂ ਲਿੱਖਤਾਂ ਹਨ॥ ਪੁਤਕ ਦੇ ਕੁੱਲ ਪੰਨੇ 332 ਹਨ ਪਰ ਆਖ਼ੀਰਲੇ ਪੰਨੇ ਤੇ ਸਿੱਖਾਂ ਦੀ ਰਿਵਾਇਤੀ ਅਰਦਾਸ ਹੈ॥

ਅਗਲੇ ਚਾਰ ਸਾਲ ਉਸਨੇ ਇੱਕ ਪੂਰੇ ਸਿੱਖ ਵਜੋਂ ਬਿਤਾਏ ਅਤੇ ਦਿਨ ਦਾ ਇੱਕ ਵੱਡਾ ਸਮਾਂ ਉਹ ਜਪੁਜੀ ਸਾਹਿਬ ਦਾ ਪਾਠ ਕਰਕੇ ਹੀ ਬਿਤਾਉਂਦਾ॥ 15 ਮਾਰਚ 1913 ਨੂੰ ਇਸ ਮਹਾਨ ਸਿੱਖ ਦਾ ਦੇਹਾਂਤ ਹੋ ਗਿਆ॥ ਉਸਦੇ ਨਿਜੀ ਸੇਵਕ ਨੇ ਦੱਸਿਆ ਕਿ ਸੁਆਸ ਪੂਰੇ ਹੋਣ ਤੋਂ 10 ਮਿੰਟ ਪਹਿਲਾਂ ਮੈਕਾਲਿਫ਼ ਨੇ ਜਪੁਜੀ ਦਾ ਪਾਠ ਕੀਤਾ ਸੀ॥

ਮੈਕਾਲਿਫ਼ ਸਾਹਿਬ ਦੀ ਪੁਸਤਕ ਵਿੱਚੋਂ ਮੈਨੂੰ ਆਪਨੂੰ ਕੁਝ ਨਵਾਂ ਗਿਆਨ ਪ੍ਰਾਪਤ ਹੋਇਆ ਹੈ ਜੋ ਇਸ ਪ੍ਰਕਾਰ ਹੈ॥

1.         ਮੈਂਨੂੰ ਉਹਨਾਂ ਤਿੰਨ ਗੁਰਮੁਖਿ ਸਿੰਘਾਂ ਦੇ ਨਾਵਾਂ ਦਾ ਤਾਂ ਗਿਆਨ ਸੀ ਜਿਹੜੇ ਗੁਰੂ ਸਾਹਿਬ ਨੇ ਨੰਦੇੜ ਤੋਂ ਬਾਬਾ ਬੰਦਾ ਸਿੰਘ ਜੀ ਨਾਲ਼ ਪੰਜਾਬ ਘੱਲੇ ਸਨ, ਪਰ ਇਹ ਨਹੀਂ ਸੀ ਪਤਾ ਕਿ ਭਾਈ ਕਾਹਨ ਸਿੰਘ ਜੀ ਬਾਬਾ ਬਿਨੋਦ ਸਿੰਘ ਦੇ ਸਪੁੱਤ੍ਰ ਸਨ ਅਤੇ ਇਹ ਦੋਵੇਂ ਗੁਰੂ ਅੰਗਦ ਦੇਵ ਜੀ ਦੇ ਖ਼ਾਨਦਾਨ ਵਿੱਚੋਂ ਸਨ॥ ਇਹ ਵੀ ਨਵਾਂ ਪਤਾ ਲੱਗਾ ਕਿ ਭਾਈ ਬਾਜ਼ ਸਿੰਘ ਗੁਰੂ ਅਮਰ ਦਾਸ ਜੀ ਦੇ ਖ਼ਾਨਦਾਨ ਵਿੱਚੋਂ ਸਨ॥

2.         ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਦੇ ਸਿੱਕਿਆਂ ਤੇ ਫ਼ਾਰਸੀ ਵਿੱਚ ਜੋ ਇਬਾਰਤ: ਦੇਗ਼--ਤੇਗ਼--ਨੁਸਰਤ-ਬੇਦਰੰਗ॥ਯਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥ਉੱਕਰੀ ਹੋਈ ਹੈ ਉਹ ਅਸਲ ਗੁਰੂ ਗੋਬਿੰਦ ਸਿੰਘ ਦੀ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਹੋਈ ਹੋਈ ਹੈ॥ ਮੈਕਾਲਿਫ਼ ਸਾਹਿਬ ਨੇ ਇਸ ਦੇ ਅਰਥ ਇਹ ਕੀਤੇ ਹਨ॥ ਲੰਗਰ (ਵੰਡ ਛਕਣ ਅਤੇ ਦਾਨ ਦੇਣ ਦੀ ਸਮਰੱਥਾ) ਤਲਵਾਰ, ਜਿੱਤ, ਅਤੇ ਸਹਾਇਤਾ ਬਿਨਾਂ ਕਿਸੇ ਦੇਰੀ ਦੇ ਮੈਨੂੰ (ਗੋਬਿੰਦ ਸਿੰਘ ਨੂੰ) ਗੁਰੂ ਨਾਨਕ ਪਾਸੋਂ ਵਰਦਾਨ (ਪ੍ਰਾਪਤ) ਹੋਈ ਹੈ॥

ਗੁਰੂ ਸਾਹਿਬ ਦੇ ਇਹੀ ਬਚਨ ਪਿੱਛੋਂ ਬਾਬਾ ਜੀ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵਰਤ ਲਏ॥ ਸ਼ਾਇਦ ਇਸ ਸਬੰਧ ਵਿੱਚ ਹੋਰ ਖੋਜ ਦੀ ਲੋੜ ਹੈ॥