Written by Dr. Devinder Singh Sekhon PhD Wednesday, 03 October 2018
ਕੁਝ ਵਿਸ਼ੇਸ਼ ਸ਼ਬਦਾਂ ਦੇ ਅਰਥ
ਕੁਝ ਵਿਸ਼ੇਸ਼ ਸ਼ਬਦਾਂ ਦੇ ਅਰਥ
ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸਾਰੇ ਅਜਿਹੇ ਪਾਵਨ ਸ਼ਬਦ ਹਨ ਜਿਹਨਾਂ ਦੇ ਪ੍ਰਚੱਲਤ ਅਰਥ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਪੂਰੀ ਤਰ੍ਹਾਂ ਪ੍ਰਭਾਵਿਤ ਨਹੀਂ ਕਰਦੇ, ਜਾਂ ਉਹਨਾਂ ਦੇ ਕੀਤੇ ਅਰਥਾਂ ਵਿੱਚ ਕੁਝ ਔਕੜਾਂ ਆਉਂਦੀਆਂ ਹਨ॥ ਅਜਿਹੇ ਪਾਵਨ ਸ਼ਬਦਾਂ ਵਿੱਚ ਕਈ ਵਾਰ ਤਾਂ ਕੇਵਲ ਇੱਕ ਪੰਕਤੀ ਜਾਂ ਕੇਵਲ ਇੱਕ ਅੱਖਰ (ਸ਼ਬਦ) ਹੀ ਅਜਿਹਾ ਹੁੰਦਾ ਹੈ ਜਿਸਦੇ ਪ੍ਰਚੱਲਤ ਅਰਥਾਂ ਵਿੱਚ ਔਕੜਾਂ ਆਉਂਦੀਆਂ ਹਨ॥ਇਸ ਦਾਸਰੇ ਨੇ ਇਹਨਾਂ ਵਿੱਚੋਂ ਕੁਝ ਕੁ ਅਜਿਹੇ ਸ਼ਬਦਾਂ ਦੇ ਅਰਥ ਕੁਝ ਵੱਖਰੇ ਦ੍ਰਿਸ਼ਟੀ-ਕੋਨ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ॥ ਆਸ ਹੈ ਸੁਹਿਰਦ ਪਾਠਕਾਂ ਦੇ ਵਿਚਾਰਾਂ ਅਨੁਸਾਰ ਉਹਨਾਂ ਦੀ ਕਸਵੱਟੀ ਤੇ ਪੂਰਾ ਉੱਤਰਨਗੇ॥ ਸ਼ਬਦਾਂ ਵਿੱਚ ਜਿਹੜੀਆਂ ਪਾਵਨ ਪੰਕਤੀਆਂ ਜਾਂ ਸ਼ਬਦਾਂ ਦੇ ਅਰਥ ਕੁਝ ਵੱਖਰੇ ਕੀਤੇ ਗਏ ਹਨ ਉਹਨਾਂ ਨੂੰ ਮੋਟੀ ਟਾਈਪ ਵਿੱਚ ਦਿਖਾਇਆ ਗਿਆ ਹੈ॥ ਅਸੀਂ ਆਪਣੇ ਵਿਚਾਰ ਉਹਨਾਂ ਤੇ ਹੀ ਕੇਂਦ੍ਰਿਤ ਕਰਾਂਗੇ॥
1. ਭੈ ਵਿਚਿ ਧਰਤੀ ਦਬੀ ਭਾਰਿ॥
ਇਹ ਪਾਵਨ ਪੰਕਤੀ ਸਲੋਕ ਮਹਲਾ 1 ਦਾ ਹਿੱਸਾ ਹੈ॥ ਪੂਰਾ ਸ਼ਬਦ ਇਉਂ ਹੈ॥
ਆਸਾ ਦੀ ਵਾਰ ਸਲੋਕ ਮ:1 (464)॥ ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰਿ ਭਾਰਿ॥ ਭੈ ਵਿਚਿ ਰਾਜਾ ਧਰਮ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕ੍ਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥ 1॥
ਅਰਥ: ਭੈ ਦਾ ਭਾਵ ਹੈ ਡਰ ਅਥਵਾ ਹੁਕਮ॥ ਕੁਝ ਲੋਕ ਇਹ ਵਿਸ਼ਵਾਸ ਕਰਦੇ ਚਲੇ ਆ ਰਹੇ ਹਨ ਕਿ ਕੁਦਰਤਿ ਅਕਾਲਪੁਰਖ ਤੋਂ ਅੱਡ ਹੈ ਅਤੇ ਆਪਣੇ ਆਪ ਹੀ ਕੰਮ ਕਰ ਰਹੀ ਹੈ॥ ਪਰ ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਇਸ ਤੱਥ ਤੇ ਜ਼ੋਰ ਦੇ ਰਹੇ ਹਨ ਕਿ ਕੁਦਰਤਿ ਵੀ ਅਕਾਲਪੁਰਖ ਨੇ ਆਪ ਹੀ ਸਿਰਜੀ ਹੈ ਅਤੇ ਉਸਦਾ ਹਰ ਅੰਗ ਅਕਾਲਪੁਰਖ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ – ਕੀ ਸੂਰਜ, ਕੀ ਚੰਦ, ਕੀ ਪੌਣ, ਕੀ ਅੱਗ, ਕੀ ਬੱਦਲ, ਅਤੇ ਹਰ ਗ੍ਰਹਿ ਆਦਿ – ਸਭ ਉਸਦੇ ਹੁਕਮ ਵਿੱਚ ਹੀ ਕਾਰ ਕਮਾ ਰਹੇ ਹਨ॥ ਇਸੇ ਤਰ੍ਹਾਂ ਧਰਤੀ ਵੀ ਉਸਦੇ ਹੁਕਮ ਵਿੱਚ ਹੀ ਭਾਰ ਹੇਠਾਂ ਦੱਬੀ ਪਈ ਹੈ॥ ਇੱਕ ਵਿਦਵਾਨ ਨੇ ਤਾਂ ਇਹ ਵੀ ਲਿਖਿਆ ਹੈ ਕਿ ਧਰਤੀ ਆਪਣੇ ਭਾਰ ਹੇਠਾਂ ਕੁਚਲੀ ਪਈ ਹੈ॥
ਬਾਕੀ ਸਾਰੇ ਸ਼ਬਦ ਦੇ ਅਰਥ ਤਾਂ ਠੀਕ ਹਨ ਪਰ ਇਸ ਪਾਵਨ ਪੰਕਤੀ ਦੇ ਅਰਥ ਇੰਨੇ ਸਧਾਰਣ ਨਹੀਂ ਜਿੰਨੇ ਇਹਨਾਂ ਸਤਿਕਾਰਯੋਗ ਵਿਦਵਾਨਾਂ ਨੇ ਕੀਤੇ ਹਨ॥ ਇਹ ਅਰਥ ਗੁਰਦੇਵ ਦੀ ਉੱਚੀ ਸੋਚ ਨੂੰ ਰੁਸ਼ਨਾ ਨਹੀ ਰਹੇ॥ ਸੋਚਣ ਵਾਲ਼ੀ ਗੱਲ ਇਹ ਹੈ ਕਿ ਉਹ ਕਿਹੜਾ ਭਾਰ ਹੈ ਜਿਸ ਦੇ ਹੇਠਾਂ ਧਰਤੀ ਦੱਬੀ ਪਈ ਹੈ॥
ਗੁਰਦੇਵ ਜੀ ਨੇ ਆਪਣੀ ਬਾਣੀ ਵਿੱਚ ਹਰ ਸ਼ਬਦ ਬਹੁਤ ਤੋਲ-ਮਿਣ ਕੇ ਵਰਤਿਆ ਹੈ, ਨਾਂ ਕਿ ਤੁਕ-ਬੰਦੀ ਕਰਨ ਲਈ, ਜਾਂ ਕਵਿਤਾ ਦੇ ਵਜ਼ਨ ਨੂੰ ਪੂਰਾ ਰੱਖਣ ਲਈ॥ ਸ਼ਬਦ “ਭਾਰਿ” ਇੱਕ ਬਹੁਤ ਡੂੰਘੇ ਭਾਵ ਵਿੱਚ ਵਰਤਿਆ ਗਿਆ ਹੈ ਜਿਸਨੂੰ ਖੋਜਣ ਦੀ ਲੋੜ ਹੈ॥
ਕੋਈ ਵੀ ਵਸਤ ਆਪਣੇ ਭਾਰ ਹੇਠਾਂ ਨਹੀ ਦੱਬੀ ਜਾਂਦੀ॥ ਉਸਨੂੰ ਦੱਬਣ ਕਈ ਕਿਸੇ ਬਾਹਰਲੇ ਭਾਰ ਜਾਂ ਦਬਾਉ ਦੀ ਲੋੜ ਹੈ॥ ਬੱਸ ਅਸਾਂ ਦੋ ਗੱਲਾਂ ‘ਤੇ ਹੀ ਵਿਚਾਰ ਕਰਨੀ ਹੈ –ਇੱਕ ਤਾਂ ਇਹ ਕਿ “ਦੱਬੀ ਹੋਣ” ਦਾ ਕੀ ਭਾਵ ਹੈ ਅਤੇ ਦੂਸਰੀ ਇਹ ਕਿ ਉਹ ਕਿਹੜਾ ਬਾਹਰਲਾ ਭਾਰ ਹੈ ਜਿਸ ਹੇਠ ਧਰਤੀ ਦੱਬੀ ਹੋਈ ਹੈ॥
ਪੰਕਤੀ ਦਾ ਅਸਲੀ ਭਾਵ: ਗੁਰੂਤਾ (ਗ੍ਰਹਿਆਂ ਦੀ ਪਰਸਪਰ ਆਕਰਖਣ) (Gravitational Force)
ਗੁਰਦੇਵ ਸੰਸਾਰ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਵਾਹਿਗੁਰੂ ਦਾ ਗਿਆਨ ਵੰਡਣ, ਅਤੇ ਉੱਚਾ-ਸੁੱਚਾ ਜੀਵਨ ਜੀਊਣ ਦੀ ਜਾਚ ਦੱਸਣ ਆਏ ਸਨ॥ ਸੰਸਾਰ ਨੂੰ ਵਹਿਮਾਂ ਭਰਮਾਂ ਵਿੱਚ ਰੱਖ ਕੇ ਰਜਵਾੜੇ ਅਤੇ ਲੋਕਾਂ ਦੇ ਧਾਰਮਿਕ ਆਗੂ ਲੋਕਾਂ ਨੂੰ ਲੁੱਟ ਰਹੇ ਸਨ ਅਤੇ ਉਹਨਾਂ ਦਾ ਲਹੂ ਚੂਸਣ ਸੇ ਨਾਲ਼ ਨਾਲ਼, ਉਹਨਾਂ ਦੀ ਇੱਜ਼ਤ ਦਾ ਵੀ ਘਾਣ ਕਰ ਰਹੇ ਸਨ॥ ਸਤਿਗੁਰੂ ਲੋਕਾਂ ਨੂ ਵਿਗਿਆਨ ਦਾ ਗਿਆਨ ਦੇਣ ਲਈ ਇਸ ਧਰਤੀ ਤੇ ਨਹੀਂ ਆਏ ਸਨ, ਪਰ ਵਾਹਿਗੁਰੂ ਦੇ ਗੁਣ ਅਤੇ ਸੰਸਾਰ ‘ਤੇ ਮਹਾਨ ਉਪਕਾਰਾਂ ਨੂੰ ਪ੍ਰਕਾਸ਼ਮਾਨ ਕਰਨ ਲਈ ਉਹਨਾਂ ਨੇ ਕਿਤੇ ਕਿਤੇ ਵਿਗਿਆਨ ਦੇ ਡੂੰਘੇ ਭੇਤਾਂ ਦਾ ਸੰਕੇਤ ਦਿੱਤਾ ਹੈ॥ ਬੱਸ ਇਹ ਪਾਵਨ ਪੰਕਤੀ ਵਿਗਿਆਨ ਦੇ ਡੂੰਘੇ ਭੇਤ, ਗੁਰੂਤਾ ਜਾਂ ਗ੍ਰਹਿਆਂ ਦੀ ਪਰਸਪਰ ਆਕਰਖਣ (Gravitaional Force) ਦਾ ਹੀ ਸੰਕੇਤਕ ਹੈ॥
ਧਰਤੀ ਦੇ ਦੱਬੀ ਹੋਣ ਦਾ ਭਾਵ: ਦੱਬੀ ਹੋਣ ਤੋਂ ਭਾਵ ਹੈ ਕਿ ਧਰਤੀ ਆਪਣੇ ਨਿਜੀ ਸਬੰਧਿਤ ਸਥਾਨ (Relative positiomn) ਤੋਂ ਇਧਰ ਉਧਰ ਨਹੀਂ ਹੁੰਦੀ॥ ਇਸ ਦਾ ਭਾਵ ਇਹ ਨਹੀਂ ਕਿ ਇਹ ਆਪਣੇ ਧੁਰੇ ਦੁਆਲੇ ਘੁੰਮ ਨਹੀ ਸਕਦੀ ਜਾਂ ਕਿਸੇ ਹੋਰ ਗ੍ਰਹਿ (ਸੂਰਜ) ਦੇ ਗਿਰਦ ਚੱਕਰ ਨਹੀਂ ਲਾ ਸਕਦੀ॥ ਇਹ ਦੋਵੇਂ ਗੱਲ਼ਾਂ ਸੰਭਵ ਹਨ – ਗੁਰਦੇਵ ਜੀ ਦੇ ਵਿਚਾਰਾਂ ਦਾ ਇਹਨਾਂ ਗੱਲਾਂ ਨਾਲ਼ ਕੋਈ ਟਕਰਾਉ ਨਹੀਂ॥ ਉਹ ਤਾਂ ਇਹੋ ਹੀ ਦੱਸਣਾ ਚਾਹੁੰਦੇ ਹਨ ਕਿ ਕਿਸੇ ਬਹਾਰਲੇ ਦਬਾਉ ਕਰਕੇ ਧਰਤੀ ਆਪਣੇ ਸਥਾਨ ਤੇ ਟਿਕੀ ਹੈ॥ ਇੱਕ ਭੁਕਾਨੇ (ਬੳਲਲੋਨ) ਨੂੰ, ਜਿਹੜਾ ਕਿ ਕਿਸੇ ਹਲਕੀ ਗੈਸ ਜਿਵੇਂ ਕਿ ਹਾਈਡ੍ਰੋਜਨ ਜਾਂ ਹੀਲੀਅਮ ਨਾਲ ਭਰਿਆ ਹੋਵੇ, ਫੜ ਕੇ (ਬੰਨ੍ਹ ਕੇ ਜਾਂ ਕਿਸੇ ਭਾਰ ਹੇਠਾਂ ਰੱਖ ਕੇ) ਰੱਖਣਾ ਪੈਂਦਾ ਹੈ, ਨਹੀਂ ਤਾਂ ਉਹ ਤੁਰੰਤ ਉੱਡ ਜਾਵੇ ਗਾ॥ ਧਰਤੀ ਦੀ ਵੀ ਇਹੋ ਹੀ ਸਥਿੱਤੀ ਹੈ॥ ਜੇ ਇਸਨੂੰ ਕਿਸੇ ਭਾਰ ਜਾਂ ਦਬਾਉ ਹੇਠ ਨਾਂ ਰੱਖਿਆ ਜਾਵੇ ਤਾਂ ਇਹ ਵੀ ਉੱਡ ਜਾਵੇਗੀ॥ ਇਸ ਤੋਂ ਇਹ ਵੀ ਸਮਝ ਪੈਂਦੀ ਹੈ ਕਿ ਸਤਿਗੁਰੂ ਜੀ ਧਰਤੀ ਦੇ ਆਸਮਾਨ ਵਿੱਚ ਘੁੰਮਣ ਦਾ ਸੰਕੇਤ ਵੀ ਦੇ ਰਹੇ ਹਨ॥
ਹੁਣ ਵਿਚਾਰਨ ਵਾਲੀ ਅਗਲੀ ਗੱਲ ਇਹ ਹੈ ਕਿ ਉਹ ਕਿਹੜਾ ਭਾਰ ਹੈ ਜਿਹੜਾ ਧਰਤੀ ਨੂੰ ਦੱਬ ਕੇ ਰੱਖ ਰਿਹਾ ਹੈ॥ ਭਾਵੇਂ ਸਤਿਗੁਰੂ ਜੀ ਨੇ ਇਹ ਸਪੱਸ਼ਟ ਤੌਰ ਤੇ ਨਹੀਂ ਕਿਹਾ ਕਿ ਭਾਰ ਜਾਂ ਦਬਾਉ ਦਾ ਮੂਲ਼ ਗੁਰੂਤਾ ਹੈ (ਕਿਉਂਕਿ ਵਿਗਿਆਨ ਦਾ ਗਿਆਨ ਦੇਣਾ ਆਪ ਜੀ ਦਾ ਉਦੇਸ਼ ਨਹੀਂ ਸੀ) ਪਰ ਇਹ ਗੱਲ ਪੱਕੀ ਹੈ ਕਿ ਉਹਨਾਂ ਦਾ ਇਸ਼ਾਰਾ ਗੁਰੂਤਾ ਵੱਲ ਹੀ ਹੈ ਕਿਉਂਕਿ ਹੋਰ ਕਿਹੜਾ ਦਬਾਉ ਹੈ ਜਿਹੜਾ ਧਰਤੀ ਨੂੰ ਦੱਬ ਕੇ ਰੱਖ ਰਿਹਾ ਹੈ॥
ਸੋ ਇਹ ਗੁਰੂਤਾ ਹੀ ਹੈ ਜਿਹੜੀ ਧਰਤੀ ਆਪਣੇ ਭਾਰ (ਦਬਾਉ) ਹੇਠ ਰੱਖ ਰਹੀ ਹੈ॥
ਸੋ ਇਸ ਪੰਕਤੀ ਦਾ ਭਾਵ ਹੈ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਗੁਰੂਤਾ ਦੇ ਕਾਰਨ ਧਰਤੀ ਆਪਣੇ ਥਾਂ ਸਿਰ ਟਿਕੀ ਹੋਈ ਹੈ ਅਤੇ ਆਪਣੇ ਰਸਤੇ ਤੋਂ ਇਧਰ-ਉਧਰ ਨਹੀਂ ਹੁੰਦੀ॥
ਕੁਦਰਤਿ ਦੇ ਇਹਨਾਂ ਡੂੰਘੇ ਭੇਤਾਂ ਦੀ ਇੰਨੀ ਜਾਣਕਾਰੀ ਕਰਕੇ ਮਨੁੱਖ ਦਾ ਸਿਰ ਗੁਰੂ ਸਾਹਿਬ ਦੇ ਸਾਹਵੇਂ ਬਦੋ ਬਦੀ ਝੁਕ ਜਾਂਦਾ ਹੈ॥
2. ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ॥
ਇਹ ਪਾਵਨ ਤੁਕ ਫਰੀਦ ਜੀ ਦੇ ਹੇਠ ਲਿਖੇ ਸਲੋਕ ਦੀ ਦੂਸਰੀ ਪੰਕਤੀ ਹੈ ਜੋ ਇਉਂ ਹੈ॥
ਸਲੋਕ ਫਰੀਦ ਜੀ (1380)॥ ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈਸਰੁ ਲੋਹਾਰੁ॥ ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ॥ 43॥
ਸ਼ਬਦ ਅਰਥ: ਕੰਧਿ = ਮੋਢੇ ਉੱਤੇ॥ ਵਣਿ = ਜੰਗਲ ਵਿੱਚ॥ ਕੈਸਰੁ = ਬਾਦਸ਼ਾਹ॥ ਕੈਸਰੁ ਅੰਗ੍ਰੇਜ਼ੀ ਦੇ ਸ਼ਬਦ (ਖੳਸਿੲਰ) ਦਾ ਅਰਬੀ ਜਾਂ ਫਾਰਸੀ ਰੂਪ ਹੈ॥ ਜਰਮਨੀ ਅਤੇ ਰੋਮਨ ਹਕੂਮਤ ਦੇ ਬਾਦਸ਼ਾਹਾਂ ਨੂਂ (Kaiser) ਆਖਿਆ ਜਾਂਦਾ ਸੀ॥ ਹਉ = ਮੈਂ॥ ਸ਼ਹੁ = ਪਤੀ (ਰੱਬ)॥ ਅੰਗਿਆਰ = ਮਘਦੇ ਕੋਲੇ (ਕਾਲਖ਼)॥
ਪ੍ਰਚੱਲਤ ਅਰਥ: ਮੋਢੇ ਉੱਤੇ ਕੁਹਾੜਾ ਅਤੇ ਸਿਰ ‘ਤੇ ਪਾਣੀ ਦਾ ਘੜਾ ਰੱਖੀ, ਲੋਹਾਰ ਜੰਗਲ ਵਿੱਚ ਬਾਦਸ਼ਾਹ ਹੁੰਦਾ ਹੈ ਕਿਉਂਕਿ ਉਹ ਕਿਸੇ ਵੀ ਰੁੱਖ ਤੇ ਕੁਹਾੜਾ ਚਲਾ ਸਕਦਾ ਹੈ (ਜਿਸ ਦੀ ਲੱਕੜੀ ਨੂੰ ਸਾੜ ਕੇ ਉਹ ਕੋਲੇ ਤਿਆਰ ਕਰਦਾ ਹੈ ਜਿਹਨਾਂ ਨੂੰ ਉਹ ਭੱਠੀ ਵਿੱਚ ਵਰਤਦਾ ਹੈ॥ ਉਸਨੂੰ ਵੇਖ ਕੇ ਫਰੀਦ ਜੀ ਕਹਿੰਦੇ ਹਨ ਕਿ ਹੇ ਲੋਹਾਰ ਮੈਂ ਤਾਂ (ਜੰਗਲ ਵਿੱਚ) ਆਪਣੇ ਪਤੀ ਅੱਲਾ ਨੂੰ ਲਭਦਾ ਹਾਂ ਪਰ ਤੂੰ ਅੰਗਿਆਰਿਆਂ (ਭਾਵ ਵਿਕਾਰਾਂ) ਦੀ ਤਿਆਰੀ ਵਿੱਚ ਰੁੱਝਾ ਹੋਇਆ ਹੈਂ॥ ਬਾਕੀ ਵਿਦਵਾਨਾਂ ਨੇ ਤਾਂ ਦੂਸਰੀ ਪੰਕਤੀ ਵਿੱਚ ਵਿਕਾਰਾਂ ਨੂੰ ਵੀ ਭੁਲਾ ਦਿੱਤਾ ਹੈ ਅਤੇ ਸਿੱਧੀ ਕੋਲਿਆਂ ਦੀ ਹੀ ਗੱਲ ਕੀਤੀ ਹੈ॥ ਅਤੇ ਪਹਿਲੀ ਪੰਕਤੀ ਵਿੱਚ ਕੈਸਰੁ ਦੇ ਅਰਥਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ॥
ਪਹਿਲੀ ਪੰਕਤੀ ਦੇ ਅਰਥਾਂ ਨਾਲ਼ ਇਸ ਦਾਸ ਨੂੰ ਕੋਈ ਔਕੜ ਨਹੀਂ ਅਤੇ ਇਹ ਅਰਥ ਲਗਭੱਗ ਢੁੱਕਦੇ ਹੀ ਹਨ ਸਿਵਾਇ ਇਸ ਦੇ ਕਿ ਅੰਗਿਆਰਾਂ ਦਾ ਭਾਵ “ਵਿਕਾਰ” ਬਹੁਤਾ ਪ੍ਰਭਾਵਿਤ ਨਹੀਂ ਕਰਦਾ॥ ਪਰ ਦੁਸਰੀ ਪੰਕਤੀ ਦੇ ਅਰਥਾਂ ਵਿੱਚ ਕੁਝ ਔਕੜਾਂ ਪੇਸ਼ ਆਉਂਦੀਆਂ ਹਨ॥ ਜੋ ਇਸ ਪ੍ਰਕਾਰ ਹਨ.
(ੳ): ਭੱਠੀ ਲਈ ਕੋਲੇ ਤਿਆਰ ਕਰਨੇ ਲੋਹਾਰ ਦੀ ਕ੍ਰਿਤ ਹੈ ਜਿਸ ਵਿੱਚ ਵਿਕਾਰਾਂ ਵਾਲ਼ੀ ਕੋਈ ਗੱਲ ਨਹੀਂ॥ ਇਥੋਂ ਤੱਕ ਤਾਂ ਲੋਹਾਰ ਦੀ ਇਹ ਕ੍ਰਿਤ ਉਸਦੇ ਦਸਾਂ ਨਹੁੰਆਂ ਦੀ ਕਮਾਈ (ਭਾਵ ਸੱਚੀ – ਸੁੱਚੀ ਕ੍ਰਿਤ) ਹੈ॥ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਹਿਲੀ ਉਦਾਸੀ ਭਾਈ ਲਾਲੋ ਤਰਖਾਣ ਦੇ ਘਰੋਂ ਸ਼ੁਰੂ ਕੀਤੀ ਸੀ ਜਿਸਦੀ ਸੱਚੀ-ਸੁੱਚੀ ਕ੍ਰਿਤ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ॥ ਲੋਹਾਰ ਦੀ ਕ੍ਰਿਤ ਕਿਵੇਂ ਵਿਕਾਰਾਂ-ਭਰੀ ਹੋ ਗਈ?
(ਅ): ਫਰੀਦ ਸਾਹਿਬ ਨੇ ਲੋਹਾਰ ਨੂੰ ਹੀ ਕਿਉਂ ਚੁਣਿਆ, ਜਦ ਕਿ ਸੰਸਾਰ ਵਿੱਚ 99.999% ਤੋਂ ਵੀ ਵੱਧ ਲੋਕ ਵਿਕਾਰੀ (ਭਾਵ ਆਪਣੀਆਂ ਇੰਦ੍ਰੀਆਂ ਨੂੰ ਤ੍ਰਿਪਤ ਕਰਨ ਦੀ ਹੀ ਕੋਸ਼ਿਸ਼ ਕਰਦੇ) ਹਨ, ਅਤੇ ਬਹੁਤਿਆਂ ਦੀ ਕ੍ਰਿਤ ਵੀ ਸੁੱਚੀ ਨਹੀਂ ਹੁੰਦੀ॥ ਸੋ, ਉਹ ਸਿੱਧਾ ਵਿਕਾਰੀ ਮਨੁੱਖਾਂ ਨੂੰ ਹੀ ਸੰਬੋਧਨ ਕਰ ਸਕਦੇ ਸਨ॥
(ੲ) : ਫਰੀਦ ਸਾਹਿਬ ਜੰਗਲ ਵਿੱਚ ਰੱਬ ਨੂੰ ਕਿਵੇਂ ਢੂੰਡ ਸਕਦੇ ਸਨ ਜਦ ਕਿ ਉਹ ਆਪ ਲਿਖਦੇ ਹਨ ਕਿ ਫਰੀਦ ਤੂੰ ਜੰਗਲਾਂ ਵਿੱਚ ਕਿਸਨੂੰ ਲਭ ਰਿਹਾ ਹੈ, ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ॥
ਸਲੋਕ ਫਰੀਦ ਜੀ (1378): ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ 19॥
ਸੋ ਇਥੇ ਫਰੀਦ ਸਾਹਿਬ ਆਪਣੀ ਜਾਂ ਲੋਹਾਰ ਦੀ ਗੱਲ ਕਰਦੇ ਨਹੀ ਜਾਪਦੇ॥ ਸੋ ਅਸਲ ਭਾਵ ਕੁਝ ਹੋਰ ਹੈ॥ ਇਸ ਸਲੋਕ ਵਿੱਚ ਕਬੀਰ ਸਾਹਿਬ ਇੱਕ ਪਾਸੇ ਹੰਕਾਰ, ਅਤੇ ਦੂਸਰੇ ਪਾਸੇ ਨਿੰਮ੍ਰਤਾ ਅਤੇ ਸਹਿਨ ਸ਼ਕਤੀ ਦੀ ਗੱਲ ਕਰਦੇ ਜਾਪਦੇ ਹਨ॥
ਸੋ ਸੰਭਵ ਅਸਲ ਭਾਵ: ਹੰਕਾਰ, ਅਤੇ ਨਿੰਮ੍ਰਤਾ ‘ਤੇ ਸਹਿਨ ਸ਼ਕਤੀ
ਜਦ ਫਰੀਦ ਸਾਹਿਬ ਜੰਗਲ ਵਿੱਚ ਲੋਹਾਰ ਦੇ “ਕੈਸਰੁ” ਹੋਣ ਦੀ ਗੱਲ ਕਰਦੇ ਹਨ ਤਾਂ ਉਹਨਾਂ ਦਾ ਜ਼ੋਰ ਸ਼ਬਦ “ਕੈਸਰੁ” ‘ਤੇ ਹੈ ਨਾਂ ਕਿ “ਲੋਹਾਰ” ‘ਤੇ॥ ਜਦ ਲੋਹਾਰ ਆਪਣੇ ਆਪ ਨੂੰ ਜੰਗਲ ਦਾ ਬਾਦਸ਼ਾਹ ਸਮਝਦਾ ਹੈ ਤਾਂ ਉਹ ਹੰਕਾਰਿਆ ਹੋਇਆ ਹੈ॥ ਹੰਕਾਰ ਮਾਇਆ ਦਾ ਹੀ ਇੱਕ ਰੂਪ ਹੈ ਅਤੇ ਇਸ ਤੋਂ ਕੋਲੇ (ਭਾਵ ਕਾਲਖ਼ ਹੀ) ਮਿਲ਼ਦੇ ਹਨ॥
ਦੂਸਰੇ ਪਾਸੇ ਰੁੱਖਾਂ ਦੀ ਸਹਿਨ ਸ਼ਕਤੀ ਅਤੇ ਉਹਨਾਂ ਦੀ ਜੀਵਾਂ ਨੂੰ ਕਈ ਪ੍ਰਕਾਰ ਦੇ ਸੁਖ ਦੇਣੇ ਬਹੁਤ ਮੰਨੀ – ਪ੍ਰੰਨੀ ਸੱਚਾਈ ਹੈ॥ ਰੁੱਖ ਸਾਡੀ ਧੁੱਪ, ਸਰਦੀ ਅਤੇ ਮੀਂਹ ਵਿੱਚ ਰੱਖਿਆ ਕਰਦੇ ਹਨ, ਅਤੇ ਸਾਨੂੰ ਬਹੁਤ ਲੋੜੀਂਦੀ ਆਕਸੀਜਨ ਗੈਸ ਪਰਦਾਨ ਕਰਦੇ ਹਨ॥ ਸਾਨੂੰ ਫ਼ਲ ਦਿੰਦੇ ਹਨ, ਅਤੇ ਇਹਨਾਂ ਦੀ ਲੱਕੜੀ ਸਾਡੇ ਬਹੁਤ ਕੰਮ ਸੁਆਰਦੀ ਹੈ ਜਿਸ ਨਾਲ ਅਸੀਂ ਮਕਾਨ, ਫਰਨੀਚਰ, ਬੇੜੀਆਂ, ਬੂਹੇ ਬਾਰੀਆਂ, ਅਤੇ ਕਾਗਜ਼ ਬਣਾਉਂਦੇ ਹਾਂ ਅਤੇ ਸਾਡੇ ਬਾਲਣ ਦੇ ਕੰਮ ਆਉਂਦੀ ਹੈ॥ ਇਹਨਾਂ ਦੇ ਫ਼ਲ, ਸਿੰਮਦੇ ਹੋਏ ਰਸ, ਅਤੇ ਸੱਕ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤੇ ਜਾਂਦੇ ਹਨ॥ ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਸੰਭਵ ਹੀ ਨਹੀਂ॥ ਪਰ ਜਦ ਅਸੀਂ ਇਹਨਾਂ ਤੇ ਕੁਹਾੜੇ ਜਾਂ ਹੋਰ ਤਿੱਖੇ ਹਥਿਆਰ ਚਲਾਉਂਦੇ ਹਾਂ, ਤਾਂ ਇਹ ਰੋਸ ਵੀ ਨਹੀਂ ਵਿਖਾਉਂਦੇ॥ ਰੁੱਖਾਂ ਦੇ ਦਿੱਤੇ ਸੁੱਖਾਂ ਕਾਰਨ, ਅਤੇ ਇਹਨਾਂ ਦੀ ਸਹਿਣ ਸ਼ਕਤੀ ਬਾਰੇ ਫਰੀਦ ਸਾਹਿਬ ਨੇ ਹੀ ਇਹ ਸਲੋਕ ਵੀ ਲਿਖਿਆ ਹੈ॥
ਸਲੋਕ ਫਰੀਦ ਜੀ (1381): ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਦਿ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਦਿ॥ 60॥
ਅਰਥ: ਹੇ ਫਰੀਦ, ਅਪਣੇ ਮਨ ਦੀ ਭਟਕਣਾ ਦੂਰ ਕਰਕੇ, ਆਪਣੇ ਮਾਲਕ ਪ੍ਰਭੂ ਦੀ ਸੇਵਾ ਕਰ (ਹੁਕਮ ਮੰਨ)॥ ਫ਼ਕੀਰਾਂ ਨੂੰ ਤਾਂ ਰੁੱਖਾਂ ਵਰਗੇ ਜੇਰੇ (ਸਹਿਨ ਸ਼ੀਲਤਾ) ਦੀ ਲੋੜ ਹੈ॥
ਪੰਜਵੇ ਸਾਹਿਬ, ਗੁਰੂ ਅਰਜਨ ਦੇਵ ਜੀ, ਵੀ ਰੁੱਖਾਂ ਦੀ ਸਹਿਨ ਸ਼ੀਲਤਾ ਬਾਰੇ ਇਉਂ ਲਿਖਦੇ ਹਨ:
ਮਾਰੂ ਮ:5 ਅਸਟਪਦੀ (1017)॥ ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ॥ ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ॥ 1॥ ------ 8॥3॥
ਅਰਥ: ਮਨੁੱਖ ਤਿੱਖੇ ਹਥਿਆਰ ਨਾਲ ਰੁੱਖ ਨੂੰ ਕੱਟ ਕੇ ਸੁੱਟ ਦਿੰਦਾ ਹੈ, ਪਰ ਰੁੱਖ ਇਸ ਦੁੱਖ ਦਾ ਬੁਰਾ ਨਹੀਂ ਮਨਾਉਂਦਾ ਹੈ, ਅਤੇ ਕੱਟਣ ਵਾਲ਼ੇ ਨੂੰ ਤਿਲ ਭਰ ਦੋਸ਼ ਵੀ ਨਹੀਂ ਦਿੰਦਾ, ਹੈ ਸਗੋਂ ਉਸਦੇ ਕੰਮ ਸੁਆਰ ਦਿੰਦਾ ਹੈ॥
ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਸਹਿਨਸ਼ੀਲਤਾ ਅਤੇ ਉਹਨਾਂ ਦੇ ਪਰਉਪਕਾਰਾਂ ਦੀ ਰੁੱਖਾਂ ਨਾਲ਼ ਉਪਮਾ ਕਰਦੇ ਹੋਇ ਭੱਟ ਕਲਸਹਾਰ (ਕਲ) ਲਿਖਦੇ ਹਨ:
ਸਵਈਏ ਮਹਲੇ ਦੂਜੇ ਕੇ (1392)॥ ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ॥ ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ॥ ----- ॥6॥
ਅਰਥ: ਗੁਰੂ ਅੰਗਦ ਦੇਵ ਜੀ ਦੀ ਲਿਵ ਸਦਾ ਪ੍ਰਭੂ ਚਰਨਾਂ ਨਾਲ਼ ਜੁੜੀ ਰਹਿੰਦੀ ਹੈ, ਅਤੇ ਉਹ ਆਪਣੀ ਇੱਛਾ ਵਿੱਚ ਪੂਰੀ ਤਰ੍ਹਾਂ ਸੁਤੰਤਰ ਹਨ (ਭਾਵ ਜੋ ਚਾਹੁਣ ਕਰ ਸਕਦੇ ਹਨ)॥ ਜਿਵੇਂ ਕੋਈ ਫਲ਼ਾਂ ਨਾਲ਼ ਲੱਦਿਆ ਹੋਇਆ ਰੁੱਖ ਨਿਉਂਦਾ ਹੈ ਅਤੇ (ਜਦ ਲੋਕ ਫਲ਼ ਲੈਣ ਲਈ ਉਸਨੂੰ ਵੱਟੇ ਮਾਰਦੇ ਹਨ) ਉਹ ਖੇਚਲ ਸਹਾਰਦਾ ਹੈ॥ ਇਸੇ ਤਰ੍ਹਾਂ ਗੁਰੂ ਸਾਹਿਬ ਲੋਕਾਂ ਨਾਲ਼ ਬਹੁਤ ਨਿੰਮ੍ਰਤਾ ਨਾਲ ਪੇਸ਼ ਆਉਂਦੇ ਹਨ ਅਤੇ ਉਹਨਾਂ ਦੇ ਦੁੱਖ ਤਕਲੀਫ਼ਾਂ ਦੂਰ ਕਰਨ ਦੀ ਖੇਚਲ ਝੱਲਦੇ ਹਨ॥ ਗੁਰੂ ਸਾਹਿਬ ਦੇ ਵਿਚਾਰ ਬਹੁਤ ਪਵਿੱਤ੍ਰ ਹਨ॥
ਸੋ ਇਹ ਪਾਵਨ ਸਲੋਕ ਲੋਹਾਰ ਅਤੇ ਫਰੀਦ ਸਾਹਿਬ ਬਾਰੇ ਨਹੀਂ ਹੈ॥ ਫਰੀਦ ਸਾਹਿਬ ਦਾ ਅਸਲ ਵਿਸ਼ਾ ਹੰਕਾਰ ਅਤੇ ਨਿੰਮ੍ਰਤਾ ਬਾਰੇ ਹੈ॥ ਅਕਾਲਪੁਰਖ ਹੰਕਾਰ ਨਾਲ਼ ਨਹੀਂ ਸਗੋਂ ਨਿੰਮ੍ਰਤਾ ਨਾਲ ਮਿਲਦਾ ਹੈ॥ ਦੂਸਰੀ ਪੰਕਤੀ ਵਿੱਚ ਰੁੱਖ ਹੀ ਲੋਹਾਰ ਨੂੰ ਕਹਿ ਰਹੇ ਹਨ ਕਿ,
ਹੇ ਵੀਰ, ਅਸੀਂ ਤਾਂ ਨਿੰਮ੍ਰਤਾ ਧਾਰਨ ਕਰਕੇ ਲੋਕਾਂ ਦੇ ਬਹੁਤ ਕੰਮ ਸੁਆਰਦੇ ਹਾਂ ਕਿ ਸ਼ਾਇਦ ਵਾਹਿਗੁਰੂ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣੇ ਵਿੱਚ ਸਮਾ ਲਏ, ਪਰ ਤੇਰਾ ਹੰਕਾਰ (ਕਿ ਤੂੰ ਸਾਡੇ ਕਿਸੇ ਉੱਤੇ ਵੀ ਕੁਹਾੜਾ ਚਲਾ ਸਕਦਾ ਹੈਂ) ਤੈਨੂੰ ਮਾਇਆ ਵਿੱਚ ਡੂੰਘਾ ਧਸਾ ਦਿੰਦਾ ਹੈ ਜਿਸ ਕਾਰਨ ਪ੍ਰਭੂ ਨੂੰ ਪਾਉਣਾ ਤਾਂ ਦੂਰ ਦੀ ਗੱਲ, ਤੈਨੂੰ ਕਾਲਖ਼ ਤੋਂ ਬਿਨਾਂ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ॥
ਇਸ ਸਲੋਕ ਵਿੱਚ ਫਰੀਦ ਸਾਹਿਬ ਦਾ ਅਸਲ ਭਾਵ ਇਹੀ ਲਗਦਾ ਹੈ॥
3. ਕਿਆ ਬਸੁ ਜਉ ਬਿਖੁ ਦੇ ਮਹਤਾਰੀ॥
ਇਹ ਪਾਵਨ ਪੰਕਤੀ ਕਬੀਰ ਸਾਹਿਬ ਦੇ ਹੇਠਾਂ ਦਿੱਤੇ ਸ਼ਬਦ ਦੇ ਅੰਤ ਵਿੱਚ ਆਉਂਦੀ ਹੈ ਜੋ ਇਸ ਪ੍ਰਕਾਰ ਹੈ॥
ਗਉੜੀ ਕਬੀਰ ਜੀ (328)॥ ਜਾ ਕੈ ਹਰਿ ਸਾ ਠਾਕੁਰੁ ਭਾਈ॥ ਮੁਕਤਿ ਅਨੰਤ ਪੁਕਾਰਣਿ ਜਾਈ॥ 1॥ ਅਬ ਕਹੁ ਰਾਮ ਭਰੋਸਾ ਤੋਰਾ॥ ਤਬ ਕਾਹੂ ਕਾ ਕਵਨ ਨਿਹੋਰਾ॥ 1॥ ਰਹਾਉ॥ ਤੀਨਿ ਲੋਕ ਜਾ ਕੈ ਹਹਿ ਭਾਰ॥ ਸੋ ਕਾਹੇ ਨ ਕਰਰੈ ਪ੍ਰਤਿਪਾਰ॥2॥ ਕਹੁ ਕਬੀਰ ਇਕ ਬੁਧਿ ਬੀਚਾਰੀ॥ ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥ 3॥22॥
ਅਰਥ: ਹੇ ਭਾਈ! ਜਿਸਦਾ ਮਾਲਕ ਪ੍ਰਭੂ ਆਪ ਹੋਵੇ, ਮੁਕਤੀ ਅਨੇਕਾਂ ਵਾਰ ਉਸਨੂੰ ਬੇਨਤੀ ਕਰਨ ਆਉਂਦੀ ਹੈ॥ 1.
(ਪਰ ਮੈਨੂੰ ਕਿਸੇ ਅਜਿਹੀ ਮੁਕਤੀ ਦੀ ਲੋੜ ਨਹੀਂ ਜੋ ਮੈਨੂੰ ਪ੍ਰਭੂ ਚਰਨਾਂ ਤੋਂ ਦੂਰ ਕਰੇ), ਮੈਨੂੰ ਤਾਂ ਬੱਸ ਆਪਣੇ ਪ੍ਰਭੂ ਤੇ ਹੀ ਭਰੋਸਾ ਹੈ, ਹੋਰ ਕਿਸੇ ਦੇ ਅਹਿਸਾਨ ਦੀ ਲੋੜ ਨਹੀਂ॥ ਰਹਾਉ॥
ਜਿਸ ਪ੍ਰਭੂ ਦੇ ਆਸਰੇ ਤਿੰਨੇ ਭਵਨ (ਆਕਾਸ਼, ਧਰਤੀ ਅਤੇ ਪਾਤਾਲ) ਹਨ, ਉਹ ਮੈਨੂੰ ਕਿਉਂ ਨਹੀਂ ਪਾਲੇਗਾ! 2॥
ਇਥੋਂ ਤੱਕ ਤਾਂ ਲਗਭਗ ਸਾਰੇ ਵਿਦਵਾਨਾਂ ਨੇ ਇਹੀ ਅਰਥ ਕੀਤੇ ਹਨ ਅਤੇ ਬਿਲਕੁਲ ਠੀਕ ਲਗਦੇ ਹਨ॥ ਪਰ ਆਖ਼ਰੀ ਪੰਕਤੀ ਦੇ ਪ੍ਰਚੱਲਤ ਅਰਥਾਂ ਵਿੱਚ ਔਕੜਾਂ ਆਉਂਦੀਆਂ ਹਨ॥
ਆਖ਼ਰੀ ਪੰਕਤੀ ਦੇ ਪ੍ਰਚੱਲਤ ਅਰਥ:
ਹੇ ਕਬੀਰ, ਸਾਨੂੰ ਇਹ ਸੋਚ ਫੁਰੀ ਹੈ ਕਿ ਜੇਕਰ ਮਾਤਾ ਹੀ ਆਪਣੇ ਬੱਚੇ ਨੂੰ ਜ਼ਹਿਰ ਦੇਵੇ ਤਾਂ ਬੱਚੇ ਦਾ ਕੀ ਜ਼ੋਰ ਚੱਲ ਸਕਦਾ ਹੈ॥ 3॥22॥
ਔਕੜਾਂ:
1. ਇਹਨਾਂ ਅਰਥਾਂ ਦਾ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨਾਲ਼ ਕੋਈ ਸਬੰਧ ਨਹੀਂ ਲਗਦਾ॥ ਕਬੀਰ ਸਾਹਿਬ ਪ੍ਰਭੂ ਪਿਆਰ, ਉਸਦੀ ਭਗਤੀ, ਅਤੇ ਉਸ ‘ਤੇ ਭਰੋਸੇ ਦੀ ਗੱਲ ਕਰ ਰਹੇ ਹਨ; ਇਹਨਾਂ ਉੱਚੇ ਵੀਚਾਰਾਂ ਵਿੱਚ ਮਾਂ ਵੱਲੋਂ ਬੱਚੇ ਨੂੰ ਜ਼ਹਿਰ ਦੇਣ ਦੀ ਗੱਲ਼ ਕਿੱਥੋਂ ਆ ਗਈ?
2. ਇਹ ਅਰਥ ਇੰਨੇ ਸਧਾਰਣ ਅਤੇ ਸਪੱਸ਼ਟ ਹਨ ਕਿ ਇਹਨਾਂ ਵਾਸਤੇ ਕਿਸੇ ਡੂੰਘੀ ਸੋਚ ਦੀ ਲੋੜ ਨਹੀਂ॥ ਕੋਈ ਵੀ ਸਧਾਰਣ ਮਨੁੱਖ ਵੀ ਇਹੋ ਹੀ ਅਰਥ ਕਰੇਗਾ॥ ਸੋ ਕਬੀਰ ਸਾਹਿਬ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਉਹਨਾਂ ਨੂੰ ਕੋਈ ਉੱਚੀ ਸੋਚ ਫੁਰੀ ਹੈ॥
ਸੰਭਵ ਅਸਲੀ ਅਰਥ:
ਗੁਰੂ ਗਰੰਥ ਸਾਹਿਬ ਵਿੱਚ ਸ਼ਬਦ “ਮਹਤਾਰੀ” ਵਾਹਿਗੁਰੂ ਵਾਸਤੇ ਬਹੁਤ ਵਾਰ ਵਰਤਿਆ ਗਿਆ ਹੈ॥ ਅਸੀਂ ਅਕਸਰ ਹੀ ਇਹ ਸ਼ਬਦ ਪੜ੍ਹਦੇ ਹਾਂ “ਤੂੰ ਮੇਰਾ ਪਿਤਾ, ਤੂੰ ਹੈਂ ਮੇਰਾ ਮਾਤਾ॥” ਅਜਿਹੇ ਹੋਰ ਬਹੁਤ ਪਾਵਨ ਸ਼ਬਦ ਹਨ ਜਿਹਨਾਂ ਵਿੱਚ ਵਾਹਿਗੁਰੂ ਜੀ ਨੂੰ “ਮਾਤਾ” ਕਿਹਾ ਗਿਆ ਹੈ॥ ਇਸ ਸ਼ਬਦ ਵਿੱਚ ਵੀ ਸ਼ਬਦ “ਮਹਤਾਰੀ” ਪ੍ਰਭੂ ਜੀ ਵਾਸਤੇ ਹੀ ਵਰਤਿਆ ਗਿਆ ਹੈ॥ ਸ਼ਬਦ “ਬਿਖੁ” ਜਿਸਦਾ ਆਮ ਭਾਵ ਜ਼ਹਿਰ ਹੀ ਹੈ, ਗੁਰੂ ਗਰੰਥ ਸਾਹਿਬ ਵਿੱਚ ਮਾਇਆ ਵਾਸਤੇ ਆਮ ਹੀ ਵਰਤਿਆ ਗਿਆ ਹੈ॥ ਉਦਾਹਰਣ ਵਜੋਂ
ਧਨਾਸਰੀ ਮਹਲਾ 5 (672)॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ॥ ਬਿਖਿਆ ਮਹਿ ਤਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ॥ ਰਹਾਉ॥ ------ ॥6॥
ਗਉੜੀ ਪੂਰਬੀ ਰਵਿਦਾਸ ਜੀਉ (346)॥ ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ (ਮਾਇਆ ਵਿੱਚ ਮੋਹਿਆ ਹੋਇਆ) ਕਛੁ ਆਰਾ ਪਾਰੁ ਨ ਸੂਝ॥ 1॥ ------- ॥1॥
ਇਸ ਪਾਵਨ ਸ਼ਬਦ ਵਿੱਚ ਵੀ ਸ਼ਬਦ “ਬਿਖੁ” ਮਾਇਆ ਵਾਸਤੇ ਹੀ ਵਰਤਿਆ ਗਿਆ ਹੈ॥ ਸੋ ਆਖ਼ਰੀ ਪੰਕਤੀ ਦੇ ਸੰਭਵ ਅਰਥ ਇਹ ਹਨ॥
(ਮੇਰਾ ਪ੍ਰਭੂ ‘ਤੇ ਭਰੋਸਾ ਤਾਂ ਬਹੁਤ ਹੈ, ਪਰ ਇਹ ਅਵਸਥਾ ਉਸਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ ਹਰੇਕ ਨੂੰ ਨਹੀਂ ਕਿਉਂਕਿ ਉਹਨਾ ਦਾ ਮਾਇਆ ਨਾਲ਼ ਮੋਹ ਹੁੰਦਾ ਹੈ ਜਿਹੜਾ ਕਿ ਪ੍ਰਭੂ ਆਪ ਹੀ ਲਾਉਂਦਾ ਹੈ), ਸੋ, ਹੇ ਕਬੀਰ! ਸਾਨੂੰ ਇਹ ਸੋਚ ਫੁਰੀ ਹੈ ਕਿ ਜੇਕਰ ਪ੍ਰਭੂ ਆਪ ਹੀ ਕਿਸੇ ਮਨੁੱਖ ਨੂੰ ਮਾਇਆ ਵਿੱਚ ਧਸਾ ਦੇਵੇ, ਤਾਂ ਉਸਦਾ ਕੀ ਜ਼ੋਰ ਚੱਲ ਸਕਦਾ ਹੈ॥