Written by Dr. Devinder Singh Sekhon PhD Sunday, 30 July 2017
ਕੀ ਗੁਰੂ ਗੋਬਿੰਦ ਸਿੰਘ ਜੀ ਸ਼ਸਤ੍ਰ-ਪੂਜ ਸਨ?
ਕੀ ਗੁਰੂ ਗੋਬਿੰਦ ਸਿੰਘ ਜੀ ਸ਼ਸਤ੍ਰ-ਪੂਜ ਸਨ?
ਕਈ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਸਤ੍ਰਾਂ ਦੀ ਪੂਜਾ ਕਰਦੇ ਸਨ॥ ਇਸੇ ਵਿਸ਼ਵਾਸ ਅਧੀਨ ਹਜ਼ੂਰ ਸਾਹਿਬ (ਨੰਦੇੜ) ਗੁਰਦੁਆਰਾ ਸਾਹਿਬ ਵਿਖੇ ਸ਼ਸਤ੍ਰਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਖ਼ਾਸ ਖ਼ਾਸ ਮੌਕਿਆਂ ‘ਤੇ ਤਾਜ਼ਾ ਬੱਕਰਾ ਝਟਕਾ ਕੇ ਸ਼ਸਤ੍ਰਾਂ ਨੂੰ ਤਿਲਕ ਲਾਇਆ ਜਾਂਦਾ ਹੈ॥ ਇਸ ਵਿਸ਼ਵਾਸ ਦੀ ਪ੍ਰੋੜ੍ਹਤਾ ਲਈ ਉਹ ਦਸਮ ਗ੍ਰੰਥ ਵਿੱਚੋਂ ਕੁਝ ਸ਼ਬਦਾਂ ਦਾ ਹਵਾਲਾ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਆਪ ਲਿਖਿਆ ਹੈ ਕਿ ਸ਼ਸਤ੍ਰ ਪੂਜਣਯੋਗ ਹਨ॥ ਉਦਾਹਰਣ ਵਜੋਂ:
ਸ਼ਸਤਰ ਮਾਲਾ, ਦੋਹਿਰਾ॥ ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ਼ ਸਰੋਹੀ ਸੈਥੀ ਯਹੈ ਹਮਾਰੇ ਪੀਰ॥3॥
ਅਰਥ: ਕਿਰਪਾਨ, ਖੰਡਾ, ਤਲਵਾਰ, ਬੰਦੂਕ, ਛਵ੍ਹੀ, ਤੀਰ, ਸਿੱਧੀ ਤਲਵਾਰ, ਸਰੋਹੀ ਨਗਰ (ਰਾਜਸਥਾਨ) ਵਿੱਚ ਬਣੀ ਇੱਕ ਵਿਸ਼ੇਸ਼ ਤਲਵਾਰ, ਅਤੇ ਬਰਛੀ ਹੀ ਸਾਡੇ ਪੀਰ ਹਨ॥
ਬਚਿਤ੍ਰ ਨਾਟਕ॥ ਨਮਸਕਾਰਯੰ ਮੋਰ ਤੀਰੰ ਤੁਫ਼ੰਗੰ॥ ਨਮੋ ਖਗ ਅੱਦਗੰ ਅਭੇਅੰ ਅਭੰਗੰ॥
ਗਦਾਯੰ ਗ੍ਰਿਸਟੰ ਨਮੋ ਸੈਹਥੀਯੰ॥ ਜਿਨੈ ਤੁਲੀਯੰ ਬੀਰ ਬੀਯੋ ਨ ਬੀਯੰ॥ 88॥
ਅਰਥ: ਤੀਰ ਅਤੇ ਬੰਦੂਕ ਨੂੰ ਮੇਰੀ ਨਮਸਕਾਰ ਹੈ॥ ਮੇਰੀ ਨਮਸਕਾਰ ਉਸ ਲਿਸ਼ਕਦੀ ਤਲਵਾਰ ਨੂੰ ਹੈ ਜਿਹੜੀ ਕਿ ਵਿੰਨ੍ਹੀ ਨਹੀਂ ਜਾ ਸਕਦੀ ਅਤੇ ਜਿਸਦੇ ਕਿ ਟੋਟੇ ਨਹੀਂ ਹੋ ਸਕਦੇ॥ ਮੇਰੀ ਨਮਸਕਾਰ ਉਸ ਭਾਰੀ ਗਦਾ ਅਤੇ ਬਰਛੀ ਨੂੰ ਹੈ ਜਿਸਦੇ ਬਰਾਬਰ (ਮੁਕਾਬਲਾ ਕਰਨ ਲਈ) ਕੋਈ ਸੂਰਬੀਰ ਪੈਦਾ ਨਹੀਂ ਹੋਇਆ॥
ਬਚਿਤ੍ਰ ਨਾਟਕ (ਤ੍ਰਿਭੰਗੀ ਛੰਦ)॥ ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ॥ ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰਗ॥
ਸੁਖ ਸੰਤਾਂ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ॥
ਜੈ ਜੈ ਜਗ ਕਾਰਣ ਸ੍ਰਿਸਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ॥
ਅਰਥ: ਤੇਗ (ਤਲਵਾਰ) ਜਿਹੜੀ ਕਿ ਦੁਸ਼ਮਣ ਦੇ ਅਤੇ ਮੂਰਖਾਂ ਦੇ ਦਲਾਂ ਦੇ ਬੁਰੀ ਤਰ੍ਹਾਂ ਟੁਕੜੇ ਕਰਦੀ ਹੈ ਅਤੇ ਜਿਹੜੀ ਰਣਭੂਮੀ ਨੂੰ ਸੁੰਦਰ ਬਣਾ ਦਿੰਦੀ ਹੈ; ਜਿਹੜੀ ਬਹੁਤ ਬਲਵਾਨ ਅਤੇ ਅਟੁੱਟ ਹਥਿਆਰ ਹੈ ਅਤੇ ਜਿਸਦਾ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਨੂੰ ਵੀ ਮਾਤ ਪਾ ਦੇਂਦਾ ਹੈ, ਉਸ ਦੀ ਜੈ ਹੋਵੇ॥ਜਿਹੜੀ ਤਲਵਾਰ ਸੰਤਾਂ ਨੂੰ ਸੁਖ ਦਿੰਦੀ ਹੈ ਅਤੇ ਭੈੜੀ ਮੱਤ ਵਾਲਿਆਂ ਨੂੰ ਦਲ਼ ਦਿੰਦੀ ਹੈ, ਪਾਪਾਂ ਨੂੰ ਦੂਰ ਕਰਦੀ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਬਚਾਉਂਦੀ ਹੈ ਅਤੇ ਮੇਰੀ ਵੀ ਰੱਖਿਆ ਕਰਦੀ ਹੈ ਉਸਦੀ ਜੈ ਹੋਵੇ ਅਤੇ ਮੈਂ ਉਸਦੀ ਸ਼ਰਣ ਵਿੱਚ ਹਾਂ॥
ਅਜਿਹੇ ਹੀ ਕੁਝ ਹੋਰ ਸ਼ਬਦਾਂ ਦੇ ਹਵਾਲੇ ਦੇ ਕੇ ਕੁਝ ਲੋਕ ਉਸ ਮਹਾਨ ਗੁਰੂ ਸਾਹਿਬ ਨੂੰ ਸ਼ਸਤ੍ਰਾਂ ਦਾ ਪੁਜਾਰੀ ਦੱਸ ਰਹੇ ਹਨ॥ ਇਸੇ ਕਾਰਨ ਹੀ ਹੁਣ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਸ਼ਸਤ੍ਰ ਸਜਾਏ ਜਾਂਦੇ ਹਨ॥
ਆਉ ਪਹਿਲਾਂ ਦਸਮ ਗ੍ਰੰਥ ਵਿਚਲੀ ਇੱਕ ਪੁਸਤਕ, ਬਚਿਤ੍ਰ ਨਾਟਕ, ਵਾਲ਼ੇ ਆਖ਼ੀਰਲੇ ਛੰਦ ਨੂੰ ਡੂੰਘਾਈ ਨਾਲ਼ ਵਿਚਾਰੀਏ ਜਿਸ ਵਿੱਚ ਲਿਖਿਆ ਹੈ ਕਿ ਸ਼ਸਤ੍ਰ ਸੰਤਾਂ ਨੂੰ ਸੁੱਖ ਦਿੰਦੇ ਹਨ ਅਤੇ ਭੈੜੀ ਬੁੱਧ ਦਾ ਨਾਸ ਕਰਦੇ ਹਨ॥
ਹਥਿਆਰ ਤਾਂ ਹਥਿਆਰ ਹੈ; ਉਸਨੇ ਕਿਸਨੂੰ ਮਾਰਨਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸਦੀ ਵਰਤੋਂ ਕੌਣ ਕਰ ਰਿਹਾ ਹੈ॥ ਗੁਰੂ ਤੇਗ਼ ਬਹਾਦੁਰ ਸਾਹਿਬ ਦਾ ਪਾਵਨ ਸੀਸ ਵੀ ਤਲਵਾਰ ਨਾਲ਼ ਹੀ ਕੱਟਿਆ ਗਿਆ ਸੀ॥ ਮਾਸੂਮ ਅਤੇ ਅਸਲੋਂ ਨਿਰਦੋਸ਼ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਸੀਸ ਵੀ ਤਲਵਾਰ ਨਾਲ਼ ਹੀ ਵੱਖ ਕੀਤੇ ਗਏ ਸਨ॥ ਵੱਡੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਹੀ ਸਿੰਘ ਮੈਦਾਨੇ ਜੰਗ ਵਿੱਚ ਸ਼ਸਤ੍ਰਾਂ ਨਾਲ਼ ਹੀ ਸ਼ਹੀਦ ਹੋਏ॥ ਭਾਈ ਮਤੀ ਦਾਸ ਜੀ ਦਾ ਪਾਵਨ ਸਰੀਰ ਆਰੇ ਨਾਲ਼ ਦੋਫ਼ਾੜ ਕੀਤਾ ਗਿਆ, ਬਾਬਾ ਬੰਦਾ ਸਿੰਘ ਬਹਾਦੁਰ ਦੀ ਦਰਦਨਾਕ ਸ਼ਹੀਦੀ ਵੀ ਸ਼ਸਤ੍ਰਾਂ ਨਾਲ਼ ਹੀ ਕੀਤੀ ਗਈ ਅਤੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਵੀ ਹਥਿਆਰਾਂ ਨਾਲ਼ ਕੱਟੇ ਗਏ॥ ਭਾਈ ਤਾਰੂ ਸਿੰਘ ਦੀ ਪਾਵਨ ਖੋਪੜੀ ਵੀ ਸ਼ਸਤ੍ਰ ਨਾਲ਼ ਹੀ ਲਾਹੀ ਗਈ॥ ਕੀ ਇਹ ਸਾਰੇ ਮਹਾਨ ਪੁਰਖ ਸੰਤ ਨਹੀਂ ਸਨ? ਅਜਿਹੀਆਂ ਹੋਰ ਹਜ਼ਾਰਾਂ ਉਦਾਹਰਣਾਂ ਹਨ ਜਿੱਥੇ ਸੰਤਾਂ ਨੂੰ ਵੀ ਹਥਿਆਰਾਂ ਨਾਲ਼ ਕਸ਼ਟ ਦਿੱਤੇ ਗਏ ਫ਼ਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਤੇਗ ਸੰਤਾਂ ਨੂੰ ਸੁੱਖ ਦਿੰਦੀ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਰੱਖਿਆ ਕਰਦੀ ਹੈ? ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ‘ਤੇ ਵੀ ਘਾਤਕ ਵਾਰ ਸ਼ਸਤ੍ਰਾਂ ਨਾਲ਼ ਹੀ ਕੀਤਾ ਗਿਆ ਸੀ॥ ਜੇਕਰ ਦੋ ਹਰ ਤਰ੍ਹਾਂ ਇੱਕੋ ਜਿਹੇ ਸ਼ਸਤ੍ਰ ਦੋ ਸੂਰਮਿਆਂ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜਿੱਤ ਉਸੇ ਦੀ ਹੀ ਹੋਵੇਗੀ ਜਿਹੜਾ ਉਹ ਸ਼ਸਤ੍ਰ ਚਲਾਉਣ ਵਿੱਚ ਅਧਿਕ ਨਿਪੁੰਨ ਹੈ॥ ਫ਼ਿਰ ਸ਼ਸਤ੍ਰ ਦੀ ਆਪਣੇ ਤੌਰ ਤੇ ਕੀ ਮਹਾਨਤਾ ਹੋਈ, ਅਤੇ ਇਹ ਪੂਜਣਯੋਗ ਕਿਵੇਂ ਹੋ ਗਏ॥
ਕੀ ਅਕਾਲ-ਰੂਪ ਅਤੇ ਸੰਪੂਰਨ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਨੂੰ ਸ਼ਸਤਰਾਂ ਦੇ ਅਜਿਹੇ ਦੁਰਉਪਯੋਗਾਂ ਦਾ ਗਿਆਨ ਨਹੀਂ ਸੀ? ਕੀ ਆਪ ਭੁੱਲਣਹਾਰ ਸਨ?॥ ਗੁਰੂ ਗਰੰਥ ਸਾਹਿਬ ਦਾ ਤਾਂ ਫ਼ੁਰਮਾਣ ਹੈ ਕਿ “ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰੁ”॥ ਫ਼ਿਰ ਸਤਿਗੁਰੂ ਅਜਿਹੀ ਭੁੱਲ ਕਿਵੇਂ ਕਰ ਸਕਦੇ ਸਨ!! ਜਿੱਥੋਂ ਤੱਕ ਭੈੜੀ ਬੁੱਧੀ ਨੂੰ ਨਾਸ ਕਰਨ ਦਾ ਸਬੰਧ ਹੈ, ਪਾਵਨ ਗੁਰਬਾਣੀ ਅਨੁਸਾਰ, ਉਹ ਤਾਂ ਕੇਵਲ ਅਤੇ ਕੇਵਲ ਗੁਰਬਾਣੀ ਦੀ ਸੱਚੀ ਲਗਨ ਨਾਲ਼ ਹੀ ਦੂਰ ਹੋ ਸਕਦੀ ਹੈ॥ ਹੋਰ ਕੋਈ ਵੀ ਸ਼ਸਤ੍ਰ ਭੈੜੀ ਮੱਤ ਨੂੰ ਦੂਰ ਕਰਨ ਦੇ ਸਮਰੱਥ ਨਹੀਂ॥
ਜਪੁਜੀ (ਪਉੜੀ 20): ----- ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥
ਫ਼ਿਰ ਸੁਆਲ ਪੈਦਾ ਹੁੰਦਾ ਹੈ ਕਿ ਉੱਪਰ ਲਿਖੇ ਅਜਿਹੇ ਸ਼ਬਦਾਂ ਦਾ ਕੀ ਭਾਵ ਹੈ?
ਭਾਵ ਤਾਂ ਉਹੀ ਹੈ ਜੋ ਆਪ ਨਾਲ਼ ਸਾਂਝਾ ਕੀਤਾ ਗਿਆ ਹੈ॥ ਪਰ ਸੌ ਪ੍ਰਤੀਸ਼ਤ ਇਹ ਸੰਭਾਵਨਾ ਹੈ ਕਿ ਅਜਿਹੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹਨ ਹੀ ਨਹੀਂ॥ ਆੳੇੁ ਇਸ ਸੰਭਾਵਨਾ ਬਾਰੇ ਵਿਚਾਰ ਕਰੀਏ॥
ਸੰਘਰਸ਼ ਬਾਰੇ ਗੁਰਮਤਿ ਦਾ ਸਿਧਾਂਤ
1. ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਉਮਰ ਸ਼ਾਂਤਮਈ ਢੰਗ ਨਾਲ਼ ਹੀ ਪਰਚਾਰ ਕੀਤਾ, ਪਰ ਆਪ ਸੱਚ ਬੋਲਣ ਤੋਂ ਕਦੇ ਵੀ ਕਤਰਾਇ ਨਹੀਂ ਸਨ॥ ਆਪ ਨੇ ਹਰ ਗ਼ਲਤ ਰਸਮੋਂ-ਰਿਵਾਜ ਅਤੇ ਕੁਰੀਤੀ ਦਾ ਡੱਟ ਕੇ ਮੁਕਾਬਲਾ ਕੀਤਾ॥ ਨੌਂ ਸਾਲ ਦੀ ਛੋਟੀ ਜਿਹੀ ਅਵਸਥਾ ਵਿੱਚ ਹੀ ਜਨੇਊ ਪਾਉਣ ਤੋਂ ਸਾਫ਼ ਨਾਂਹ ਕਰ ਦਿੱਤੀ ਭਾਵੇਂ ਉਹਨਾਂ ਉੱਤੇ ਮਾਤਾ-ਪਿਤਾ, ਪ੍ਰਵਾਰਿਕ ਪ੍ਰੋਹਤ ਅਤੇ ਸਮਾਜ ਦਾ ਬਹੁਤ ਦਬਾਅ ਸੀ॥ ਉਹਨਾਂ ਨੇ ਇਸ ਝੂਠੀ ਰਸਮ ਨੂੰ ਖ਼ਤਮ ਕਰਨ ਦਾ ਦ੍ਰਿੜ ਨਿਸਚਾ ਕੀਤਾ ਹੋਇਆ ਸੀ॥ ਉਹਨਾਂ ਨੇ ਸਮਾਜ ਲੋਟੂ ਹਾਕਮ ਜਮਾਤ ਅਤੇ ਪੰਡਿਤਾਂ ਦੇ ਪੋਲ ਖੋਹਲੇ ਅਤੇ ਉਹਨਾਂ ਨੂੰ ਰੱਜ ਕੇ ਭੰਡਿਆ॥ ਰਾਜਿਆਂ ਨੂੰ ਸ਼ੇਰ ਅਤੇ ਉਹਨਾਂ ਦੇ
ਅਹਿਲਕਾਰਾਂ ਨੂੰ ਕੁੱਤੇ ਆਖਿਆ॥ ਪੰਡਿਤਾਂ ਨੂੰ ਕਸਾਈ ਅਤੇ ਇਨਸਾਨੀ ਲਹੂ ਪੀਣੇ ਦੱਸਿਆ॥ ਗਰੀਬਾਂ ਦਾ ਲਹੂ ਪੀਣ ਵਾਲ਼ੇ ਮਲਿਕ ਭਾਗੋ ਵਰਗੇ ਹੰਕਾਰੀ ਉੱਚ-ਅਧਿਕਾਰੀ ਦੇ ਪ੍ਰੀਤੀ ਭੋਜਨ ਨੂੰ ਠੁਕਰਾਇਆ ਅਤੇ ਬਾਬਰ ਵਰਗੇ ਸ਼ਕਤੀਸ਼ਾਲੀ ਹਮਲਾਵਰ ਨੂੰ ਉਸਦੇ ਮੂੰਹ ਤੇ ਜ਼ਾਲਿਮ ਆਖਿਆ ਅਤੇ ਉਸਦੇ ਸਿਪਾਹੀਆਂ ਨੂੰ ਕੁੱਤੇ ਕਿਹਾ॥
ਦੂਰ-ਦਰਸ਼ੀ ਸਤਿਗੁਰੂ ਨੂੰ ਪਤਾ ਸੀ ਕਿ ਸੱਚ ਦੇ ਰਾਹ ‘ਤੇ ਤੁਰਨ ਵਾਲ਼ਿਆਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਸ ਰਾਹ ਤੇ ਤੁਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ ਅਤੇ ਹਥਿਆਰਬੰਦ ਲੜਾਈਆਂ ਵੀ ਲੜਨੀਆਂ ਪੈਣਗੀਆਂ॥ ਅਜਿਹੀ ਲੜਾਈ ਲੜਨ ਲਈ ਅਤੇ ਆਪਣੇ ਸਿੱਖਾਂ ਵਿੱਚ ਨਵੀਂ ਜਾਨ ਫੂਕਣ ਲਈ ਉਹਨਾਂ ਨੇ ਰਚਨਾਵਾਂ ਵੀ ਲਿਖੀਆਂ ਅਤੇ ਅਮਲੀ ਪੂਰਨੇ ਵੀ ਪਾਏ॥ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਲੋਧੀ ਨਾਲ਼ ਨਿਮਾਜ ਪੜ੍ਹਨ ਨੂੰ ਰਾਜ਼ੀ ਤਾਂ ਹੋ ਗਏ, ਪਰ ਇੱਕ ਵਾਰੀ ਵੀ ਨਾਂ ਹੀ ਝੁਕੇ ਅਤੇ ਨਾਂ ਹੀ ਮੱਥਾ ਟੇਕਿਆ॥ ਇਸ ਤੋਂ ਵੱਡੀ ਨਿਡਰਤਾ ਵਾਲ਼ੀ ਗੱਲ ਹੋਰ ਕਿਹੜੀ ਹੋ ਸਕਦੀ॥
ਲੜਾਈਆਂ ਵਿੱਚ ਜੋਧਿਆਂ ਦੀ ਬਹਾਦਰੀ ਦਰਸਾਉਣ ਲਈ ਗੀਤ ਲਿਖੇ ਜਾਂਦੇ ਸਨ ਜਿਹਨਾਂ ਨੂੰ ਵਾਰਾਂ ਕਹਿੰਦੇ ਸਨ॥ ਲੋਕਾਂ ਵਿੱਚ ਜੋਸ਼ ਭਰਨ ਲਈ ਅਜਿਹੀਆਂ ਵਾਰਾਂ ਨੂੰ ਢਾਡੀ ਬੜੇ ਜੋਸ਼ੀਲੇ ਢੰਗ ਨਾਲ਼ ਗਾਉਂਦੇ ਸਨ॥ ਇਸੇ ਹੀ ਭਾਵਨਾਂ ਨੂੰ ਮੁੱਖ ਰੱਖਦੇ ਹੋਏ, ਗੁਰੂ ਨਾਨਕ ਸਾਹਿਬ ਨੇ ਹੀ ਪਹਿਲੀ ਵਾਰ ਧਾਰਮਿਕ ਰਚਨਾਵਾਂ ਵਿੱਚ ਵੀ ਵਾਰਾਂ ਦੀ ਵਰਤੋਂ ਕੀਤੀ ਅਤੇ ਤਿੰਨ ਵਾਰਾਂ – ਮਾਝ ਦੀ ਵਾਰ, ਆਸਾ ਦੀ ਵਾਰ ਅਤੇ ਮਲਾਰ ਦੀ ਵਾਰ - ਲਿਖੀਆਂ ਭਾਵੇਂ ਇਹ ਅਕਾਲਪੁਰਖ ਦੀ ਵਡਿਆਈ ਵਿੱਚ ਹੀ ਲਿਖੀਆਂ ਗਈਆਂ ਹਨ॥ ਇਹ ਗੁਰੂ ਨਾਨਕ ਦੀ ਹੀ ਵਿਲੱਖਣਤਾ ਹੈ ਕਿ ਉਹਨਾਂ ਨੇ ਵਾਹਿਗੁਰੂ ਦੇ ਗੁਣ ਗਾਇਨ ਕਰਨ ਵਿੱਚ ਵੀ ਸੂਰਬੀਰਤਾ ਅਤੇ ਯੁੱਧਾਂ ਵਾਲ਼ੀ ਸ਼ਬਦਾਵਲੀ ਦੀ ਵਰਤੋਂ ਕੀਤੀ॥ ਉਦਾਹਰਣ ਵਜੋਂ:
ਮਲਾਰ ਕੀ ਵਾਰ ਮ:1 (ਪਉੜੀ) 1280॥ ਆਪੇ ਛਿੰਝ ਪਵਾਇ ਮਲਾਖਾੜਾ (ਮੱਲ-ਅਖਾੜਾ) ਰਚਿਆ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ॥ ਮਨਮੁਖ ਮਾਰੇ ਪਛਾੜਿ ਮੂਰਖ ਕਚਿਆ॥ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ॥ ------॥4॥
ਸਲੋਕ ਵਾਰਾਂ ਤੇ ਵਧੀਕ ਮ:1 (1412)॥ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰ ਧਰੀਜੈ॥ਸਿਰੁ ਦੀਜੈ ਕਾਣਿ ਨ ਕੀਜੈ॥20॥
ਆਸਾ ਮ:1 (360)॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੈ ਤੈ ਕੀ ਦਰਦ ਨ ਆਇਆ॥1॥ ਕਰਤਾ ਤੂ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤ ਮਨਿ ਰੋਸੁ ਨ ਹੋਈ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ 2॥ ------ ॥39॥
ਧਨਾਸਰੀ ਮ:1 (662)॥ ------- ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ ------- ॥8॥
ਵਡਹੰਸੁ ਮ:1 ਅਲਾਹਣੀਆ (579)॥ ------- ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥2॥ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ ------
ਸੋ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਰੱਬ ਦੀ ਖਲਕਤ ਨੂੰ ਆਪਣੇ ਹੱਕਾਂ ਲਈ ਲੜਨ ਲਈ ਤਿਆਰ ਕਰ ਰਹੇ ਸਨ॥ ਉਹ ਆਪ ਹਰ ਜ਼ੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਡਟੇ ਭਾਵੇਂ ਜ਼ਾਹਿਰਾ ਤੌਰ ਤੇ ਉਹਨਾਂ ਦੀ ਲੜਾਈ ਦਾ ਢੰਗ ਸਦਾ ਹੀ ਸ਼ਾਂਤਮਈ ਰਿਹਾ ਸੀ॥ ਉਹਨਾਂ ਕਿਸੇ ਜਰਵਾਣੇ ਅੱਗੇ ਸੀਸ ਨਹੀਂ ਝੁਕਾਇਆ॥ ਆਸਾ ਰਾਗ ਵਿੱਚ ਬਾਬਰ ਦੇ ਜ਼ੁਲਮ ਦੇ ਖ਼ਿਲਾਫ਼ ਲਿਖੇ ਸ਼ਬਦ ਵਿੱਚ ਸਤਿਗੁਰਾਂ ਦੀ ਸ਼ਬਦਾਵਲੀ ਵੱਲ ਧਿਆਨ ਦਿਉ॥ ਪਰਮਾਤਮਾ ਦੇ ਨਿਰਦੋਸ਼ ਬੰਦਿਆਂ ਤੇ ਜ਼ੁਲਮ ਕਾਰਨ ਉਹਨਾਂ ਦੇ ਕੋਮਲ ਹਿਰਦੇ ਵਿੱਚ ਕਿੰਨਾ ਦਰਦ ਹੈ॥ ਲਿਖਦੇ ਹਨ ਕਿ ਬਾਬਾਰ ਦੇ ਕੁੱਤੇ ਸਿਪਾਹੀਆਂ ਨੇ ਮਾਰ ਮਾਰ ਕੇ ਹੀਰਿਆਂ ਵਰਗੇ ਕੀਮਤੀ ਅਤੇ ਸੁੰਦਰ ਮਨੁੱਖਾਂ ਦੀਆਂ ਸ਼ਕਲਾਂ ਵਿਗਾੜ ਦਿੱਤੀਆਂ ਅਤੇ ਮਏ ਹੋਇਆਂ ਦੀ ਸਾਰ ਲੈਣ ਵਾਲ਼ਾ ਵੀ ਕੋਈ ਨਹੀਂ ਛੱਡਿਆ॥ ਆਪਣੇ ਇਸ਼ਟ ਨਾਲ਼ ਵੀ ਰੋਸ ਕਰਦੇ ਹਨ ਕਿ ਇੰਨੀ ਕੁਰਲਾਹਟ ਵੇਖ ਕੇ ਉਸਨੂੰ ਕਿਉਂ ਦਰਦ ਨਹੀਂ ਆਇਆ॥
2. ਅਗਲੇ ਗੁਰੂ ਸਾਹਿਬਾਨ ਨੇ ਵੀ ਨਿੰਮ੍ਰਤਾ ਦਾ ਪੱਲਾ ਨਹੀਂ ਛੱਡਿਆ ਪਰ ਨਾਂ ਕਿਸੇ ਦੀ ਬੇਇਨਸਾਫ਼ੀ ਝੱਲੀ ਅਤੇ ਨਾਂ ਹੀ ਕਿਸੇ ਬਾਦਸ਼ਾਹ ਜਾਂ ਹਾਕਮ ਅੱਗੇ ਸੀਸ ਝੁਕਾਇਆ॥ ਬਾਦਸ਼ਾਹ ਹੁਮਾਯੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਖਡੂਰ ਸਾਹਿਬ ਪਹੁੰਚਾ ਪਰ ਬਾਦਸ਼ਾਹੀ ਹੰਕਾਰ ਵਿੱਚ ਅੱਗੇ ਵਧਕੇ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਕੀਤਾ॥ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਅੰਗਦ ਸਾਹਿਬ ਵੀ ਉਹਨਾਂ ਦਾ ਹੀ ਰੂਪ ਸਨ ਸੋ ਉਹ ਵੀ ਹੰਕਾਰ ਅੱਗੇ ਕਿਵੇਂ ਝੁਕ ਸਕਦੇ ਸਨ॥ ਉਹਨਾਂ ਨੇ ਵੀ ਬਾਦਸ਼ਾਹ ਨੂੰ ਅੱਗੇ ਹੋਕੇ ਉਸਦੀ ਆਉ ਭਗਤ ਨਾਂ ਕੀਤੀ॥ ਇਸ ਤੇ ਗੁੱਸੇ ਵਿੱਚ ਆ ਕੇ ਹੁਮਾਯੂੰ ਤਲਵਾਰ ਨੂੰ ਹੱਥ ਪਾਉਣ ਲੱਗਾ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਬਾਦਸ਼ਾਹ ਫ਼ਕੀਰਾਂ ਤੇ ਤਲਵਾਰ ਨਹੀਂ ਚੁੱਕੀ ਦੀ॥ ਜਦੋਂ ਸ਼ੇਰ ਸ਼ਾਹ ਸੂਰੀ ਦੇ ਵਿਰੁੱਧ ਇਸ ਦੀ ਲੋੜ ਸੀ ਉਦੋਂ ਤਾਂ ਇਸ ਨੇ ਕੁਝ ਨਹੀਂ ਸੁਆਰਿਆ॥ ਹੁਮਾਯੂੰ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਅਤੇ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ॥ ਗੁਰੂ ਸਾਹਿਬ ਨੇ ਉਠਾ ਕੇ ਪਿਆਰ ਕੀਤਾ ਤੇ ਆਦਰ ਨਾਲ਼ ਅੰਦਰ ਲੈ ਗਏ॥
3. ਗੁਰੂ ਅਮਰਦਾਸ ਸਾਹਿਬ ਦੀ ਵਡਿਆਈ ਜਾਣ ਕੇ ਭਾਰਤ ਦਾ ਅਤਿ ਸ਼ਕਤੀਸ਼ਾਲ਼ੀ ਬਾਦਸ਼ਾਹ ਅਕਬਰ ਆਪ ਲਾਹੌਰ ਤੋਂ ਗੋਇੰਦਵਾਲ਼ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚਾ ਅਤੇ ਬਾਕੀ ਸੰਗਤ ਨਾਲ਼ ਲੰਗਰ ਵਿੱਚ ਬੈਠ ਕੇ ਪਰਸ਼ਾਦਾ ਛਕਿਆ॥ ਉਸਨੇ ਗੁਰੂ ਸਾਹਿਬ ਨੂੰ ਜਾਗੀਰ ਦੇਣ ਦੀ ਜ਼ਿਦ ਕੀਤੀ ਪਰ ਗੁਰੂ ਸਾਹਿਬ ਨਾਂ ਮੰਨੇ॥ ਇਸ ਤੇ ਬਾਦਸ਼ਾਹ ਨੇ ਇੱਕੀ ਪਿੰਡ ਬੀਬੀ ਭਾਨੀ ਜੀ ਦੇ ਨਾਂ ਕਰ ਦਿੱਤੇ॥ ਉਦੋਂ ਅਜੇ ਅੰਮ੍ਰਿਤਸਰ ਸ਼ਹਿਰ ਨਹੀਂ ਵੱਸਿਆ ਸੀ॥
4. ਜਦ ਗੁਰੂ ਅਰਜੁਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਚੁੱਕੇ ਚਕਾਏ ਲਾਹੌਰ ਦੇ ਸੈਨਾਪਤੀ ਸੁਲਹੀ ਖਾਨ ਨੇ ਗੁਰੂ ਸਾਹਿਬ ਤੇ ਹਮਲਾ ਕਰਨ ਦੀ ਗੋਂਦ ਗੁੰਦੀ ਤਾਂ ਕੁਝ ਸਿੱਖ ਬਹੁਤ ਘਬਰਾ ਗਏ ਅਤੇ ਉਹਨਾਂ ਕਿਸੇ ਨਾਂ ਕਿਸੇ ਤਰੀਕੇ ਨਾਲ਼ ਸੁਲਹੀ ਖਾਨ ਨਾਲ਼ ਸਮਝੌਤਾ ਕਰਨ ਲਈ ਗੁਰੂ ਸਾਹਿਬ ਨੂੰ ਬਹੁਤ ਸਲਾਹਾਂ ਦਿੱਤੀਆਂ॥ ਸਮਝੌਤੇ ਦਾ ਭਾਵ ਸੀ ਕਿ ਸੁਲਹੀ ਖਾਨ ਦੀਆਂ ਸ਼ਰਤਾਂ ਮੰਨ ਲਈਆਂ ਜਾਣ॥ ਪਰ ਗੁਰੂ ਸਾਹਿਬ ਨੂੰ ਇਹ ਮੰਨਜ਼ੂਰ ਨਹੀਂ ਸੀ॥ ਭਾਵੇਂ ਗੁਰੂ ਸਾਹਿਬ ਕੋਲ਼ ਉਸ ਸਮੇਂ ਕੋਈ ਫੌਜ ਨਹੀਂ ਸੀ ਫ਼ਿਰ ਵੀ ਆਪ ਸੁਲਹੀ ਖਾਨ ਤੋਂ ਡਰ ਕੇ ਉਸਦੀ ਕੋਈ ਵੀ ਸ਼ਰਤ ਮੰਨਣ ਨੂੰ ਤਿਆਰ ਨਾਂ ਹੋਏ॥
ਇਹਨਾਂ ਸਾਰੀਆਂ ਉਦਾਹਰਣਾਂ ਤੋਂ ਭਾਵ ਇਹ ਹੈ ਕਿ ਭਾਵੇਂ ਅਜੇ ਤੱਕ ਕਿਸੇ ਵੀ ਗੁਰੂ ਸਾਹਿਬ ਨੇ ਕੋਈ ਲੜਾਈ ਨਹੀਂ ਕੀਤੀ ਸੀ, ਪਰ ਕਿਸੇ ਦਾ ਨਾਜਾਇਜ਼ ਰੁਅਬ ਵੀ ਨਹੀਂ ਸੀ ਝੱਲਿਆ॥ ਇਹ ਬਹਾਦਰੀ ਗੁਰੂ ਨਾਨਕ ਸਾਹਿਬ ਦੀ ਹੀ ਬਖ਼ਸ਼ਿਸ਼ ਸੀ॥ ਪਰ ਹੁਣ ਇਉਂ ਲਗਦਾ ਸੀ ਕਿ ਛੇਤੀ ਹੀ ਜਰਵਾਣਿਆਂ ਨਾਲ਼ ਦੋ-ਦੋ ਹੱਥ ਕਰਨੇ ਪੈ ਸਕਦੇ ਸਨ॥
5. ਗੁਰੂ ਅਰਜੁਨ ਸਾਹਿਬ ਦੀ ਮਹਾਨ ਸ਼ਹੀਦੀ ਨੇ ਕੁਝ ਸਿੱਖਾਂ ਨੂੰ ਤਾਂ ਡਰਾ ਦਿੱਤਾ, ਪਰ ਬਹੁਤ ਸਾਰੇ ਸਿੱਖ ਜ਼ਾਲਿਮਾਂ ਨਾਲ਼ ਲੋਹਾ ਲੈਣ ਲਈ ਵੀ ਤਿਆਰ ਹੋ ਗਏ॥ ਪਿਤਾ ਦੀ ਸ਼ਹੀਦੀ ਤੋਂ ਪਿੱਛੋਂ ਜਦ 11 ਸਾਲ ਦੀ ਕਿਸ਼ੋਰ ਉਮਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਗੱਦੀ ‘ਤੇ ਬਿਰਾਜਮਾਨ ਹੋਏ ਤਾਂ ਜਾਣੀਜਾਣ ਸਤਿਗੁਰੂ ਜੀ ਨੇ ਇੱਕ ਦੀ ਥਾਂ ਦੋ ਤਲਵਾਰਾਂ ਪਹਿਨੀਆਂ – ਇੱਕ ਪੀਰੀ (ਧਰਮ ਦੀ ਲਖਾਇਕ) ਦੀ ਅਤੇ ਇੱਕ ਮੀਰੀ ਦੀ (ਸਵਤੰਤਰਤਾ) ਦੀ॥ ਦੂਰ-ਦਰਸ਼ੀ ਸਤਿਗੁਰੂ ਨੂੰ ਪੂਰਾ ਗਿਆਨ ਸੀ ਕਿ ਸਿੱਖਾਂ ਦੀ ਵਧ ਰਹੀ ਪ੍ਰਿਤਭਾ ਨੇ ਬਹੁਤ ਸਾਰੇ ਦੋਖੀ ਪੈਦਾ ਕਰ ਦਿੱਤੇ ਸਨ ਜੁ ਕੇਵਲ ਮੌਕੇ ਦੀ ਭਾਲ਼ ਵਿੱਚ ਸਨ ਕਿ ਕਦੋਂ ਗੁਰੂ ਘਰ ਦੇ ਵਧ ਰਹੇ ਪਰਤਾਪ ਨੂੰ ਰੋਕਿਆ ਜਾਵੇ॥ ਸੋ ਗੁਰੂ ਸਾਹਿਬ ਨੇ ਸਿੱਖੀ ਦੀ ਰੱਖਿਆ ਲਈ ਪਹਿਲੇ ਦਿਨ ਤੋਂ ਹੀ ਸਿੱਖਾਂ ਨੂੰ ਲੜਾਈ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿੱਖਾਂ ਨੂੰ ਵਧੀਆ ਘੋੜੇ ਅਤੇ ਹਥਿਆਰ ਭੇਟਾ ਕਰਨ ਲਈ ਆਗਿਆ ਕੀਤੀ॥ ਛੇਤੀ ਹੀ ਹਾਲਾਤ ਅਜਿਹੇ ਬਣ ਗਏ ਕਿ ਸਿੱਖਾਂ ਨੂੰ ਮੁਗਲ ਹਾਕਮਾਂ ਨਾਲ਼ ਟੱਕਰ ਲੈਣੀ ਪੈ ਗਈ॥
ਅਸੀਂ ਇਥੇ ਸਾਰੇ ਹਾਲਾਤ ਬਹੁਤ ਵਿਸਥਾਰ ਨਾਲ਼ ਨਹੀਂ ਦੱਸ ਸਕਾਂਗੇ, ਪਰ ਸਿੱਖ ਸ਼ਰਧਾ ਅਤੇ ਸਤਿਕਾਰ ਨਾਲ਼ ਜੋ ਘੋੜੇ ਅਤੇ ਹੋਰ ਕੀਮਤਾਂ ਵਸਤਾਂ ਗੁਰੂ ਸਾਹਿਬ ਵਾਸਤੇ ਲੈ ਕੇ ਆਉਂਦੇ ਉਹ ਮੁਗਲ ਹਾਕਮ ਜਾਂ ਉਹਨੇ ਦੇ ਕਰਮਚਾਰੀ ਰਾਹ ਵਿੱਚ ਹੀ ਲੁੱਟ ਲੈਂਦੇ॥ ਇੱਕ ਵਾਰ ਕਾਬਲ ਦੀ ਸੰਗਤ ਨੇ ਗੁਰੂ ਸਾਹਿਬ ਵਾਸਤੇ ਦੋ ਬਹੁਤ ਵਧੀਆ ਕਾਬਲੀ ਘੋੜੇ ਅਤੇ ਦੁਸ਼ਾਲੇ ਆਂਦੇ ਜਿਹੜੇ ਮੁਗਲਾਂ ਨੇ ਰਾਹ ਵਿੱਚ ਹੀ ਲੁੱਟ ਲਏ॥ ਸਿੱਖਾਂ ਦੇ ਮਨਾਂ ਵਿੱਚ ਬਹੁਤ ਰੋਸ ਜਾਗਿਆ, ਪਰ ਗੁਰੂ ਸਾਹਿਬ ਨੇ ਉਹਨਾਂ ਦੇ ਜੋਸ਼ ਨੂੰ ਠੰਢ ਪਾ ਦਿੱਤੀ॥ ਭਾਈ ਬਿਧੀ ਚੰਦ ਜੋ ਕਿ ਬਹੁਤ ਸੂਝਵਾਨ ਅਤੇ ਬਹਾਦਰ ਸਿੱਖ ਸੀ, ਨੇ ਆਪਣੀ ਚਤੁਰਾਈ ਅਤੇ ਬਹਾਦਰੀ ਨਾਲ਼ ਦੋਵੇਂ ਘੋੜੇ ਅਤੇ ਦੁਸ਼ਾਲੇ ਵਾਪਸ ਲੈ ਆਂਦੇ॥ ਇਸ ਤੇ ਮੁਗਲਾਂ ਨੂੰ ਗੁੱਸਾ ਆ ਗਿਆ॥ ਮੁਗਲਾਂ ਦੀਆਂ ਵਧੀਕੀਆਂ ਕਾਰਨ ਗੁਰੂ ਸਾਹਿਬ ਤੇ ਚਾਰ ਵੱਡੀਆਂ ਲੜਾਈਆਂ ਠੋਸੀਆਂ ਗਈਆਂ ਜਿਹਨਾਂ ਵਿੱਚ ਹਰੇਕ ਵਾਰ ਗੁਰੂ ਦੇ ਸਿੱਖਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ॥ ਗੁਰੂ ਸਾਹਿਬ ਨੇ ਕਦੇ ਵੀ ਪਹਿਲੇ ਵਾਰ ਨਹੀਂ ਕੀਤਾ ਸੀ, ਪਰ ਬੜੀ ਸੂਝ ਅਤੇ ਬਹਾਦਰੀ ਨਾਲ਼ ਆਪਣੀ ਰੱਖਿਆ ਕੀਤੀ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ॥
ਜਿੱਤ ਲਈ ਚੰਗੇ ਹਥਿਆਰਾਂ ਅਤੇ ਵਧੀਆ ਸਿੱਖੇ ਹੋਏ ਘੋੜਿਆਂ ਦੀ ਲੋੜ ਤਾਂ ਹੁੰਦੀ ਸੀ, ਪਰ ਗੁਰੂ ਸਾਹਿਬ ਨੇ ਕਦੇ ਵੀ ਹਥਿਆਰਾਂ ਦੀ ਪੂਜਾ ਨਹੀਂ ਕੀਤੀ ਸੀ॥
ਗੁਰਮਤਿ ਵਿੱਚ ਕੇਵਲ ਇੱਕ ਅਕਾਲਪੁਰਖ ਦੀ ਹੀ ਪੂਜਾ ਪਰਵਾਨ
ਗੁਰੂ ਨਾਨਕ ਸਾਹਿਬ ਕੇਵਲ ਤੇ ਕੇਵਲ ਇੱਕ ਅਕਾਲਪੁਰਖ ਦੀ ਹੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਹੋਰ ਹਰ ਕਿਸਮ ਦੀ ਪੂਜਾ ਸਖ਼ਤੀ ਨਾਲ਼ ਵਿਵਰਜਤ ਸੀ॥ ਸਿੱਖ ਕਿਸੇ ਦੇਵੀ ਦੇਵਤੇ ਜਾਂ ਕਿਸੇ ਹੋਰ ਸ਼ਕਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ॥ ਇਸ ਸਬੰਧ ਵਿੱਚ ਕੇਵਲ ਥੋੜ੍ਹੇ ਜਿਹੇ ਸ਼ਬਦ ਹੀ ਸਾਂਝੇ ਕੀਤੇ ਜਾਣਗੇ॥
ਸੋਰਠਿ ਮ:1 ਅਸ਼ਟਪਦੀ (634)॥ ੴ ਸਤਿਗੁਰ ਪ੍ਰਸਾਦਿ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ ਤ੍ਰਿਸਨਾ ਰਾਚਿ ਨ ਪਰ ਘਰ ਜਾਵਾ ਤ੍ਰਿਸਨਾ ਨਾਮਿ ਬੁਝਾਈ॥ ------
ਆਸਾ ਮ:1 (350)॥ -------- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਰਹਾਉ॥ ਆਪੇ ਮਾਰੇ ਆਪੇ ਛੋਡੇ ਆਪੇ ਲੇਵੈ ਦੇਇ॥ ਆਪੈ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ॥2॥ ------ ॥5॥
ਧਨਾਸਰੀ ਮ:1 ਅਸ਼ਟਪਦੀ (685)॥ ੴ ਸਤਿਗੁਰ ਪ੍ਰਸਾਦਿ॥ ਗੁਰੁ ਸਾਗਰੁ ਰਤਨੀ ਭਰਪੂਰੇ॥ਅੰਮ੍ਰਿਤੁ ਸੰਤ ਚੁਗਹਿ ਨਹੀਂ ਦੂਰੇ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ॥ 1॥ ਕਿਆ ਬਗੁ ਬਪੁੜਾ ਛਪੜੀ ਨਾਇ॥ ਕੀਚੜਿ ਡੂਬੈ ਮੈਲੁ ਨ ਜਾਇ॥
ਅਰਥ: ਹੇ ਭਾਈ! ਗੁਰੂ-ਰੂਪ ਸਰੋਵਰ (ਸਾਗਰ) ਸ਼ਬਦ-ਰੂਪੀ ਰਤਨਾਂ ਨਾਲ਼ ਨੱਕੋ-ਨੱਕ ਭਰਿਆ ਹੋਇਆ ਹੈ॥ ਗੁਰਸਿਖ (ਸੰਤ) ਇਹ ਸ਼ਬਦ-ਰੂਪ ਅੰਮ੍ਰਿਤ ਪੀਂਦੇ ਹਨ ਅਤੇ ਇਸਤਰ੍ਹਾਂ ਆਪਣੇ ਗੁਰੂ ਦੇ ਨੇੜੇ ਵੱਸਦੇ ਹਨ॥ ਪ੍ਰਭੂ ਦੀ ਮਿਹਰ ਸਦਕਾ ਗੁਰਸਿੱਖ ਗੁਰੂ-ਰੂਪ ਸਰੋਵਰ ਵਿੱਚ ਪ੍ਰਭੂ-ਪਿਆਰ ਦੇ ਰਸ ਦਾ ਚੋਗ ਚੁਗਦੇ ਹਨ ਜਿਸ ਕਾਰਨ ਉਹਨਾਂ ਨੂੰ ਜੀਵਨ ਦੇ ਮਾਲਕ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ॥1॥
ਪਰ ਮਨਮੁਖਿ (ਬਗ, ਬਗਲਾ) ਸਰੋਵਰ ਦੀ ਬਜਾਇ ਛੱਪੜੀ ਵਿੱਚ ਨਹਾਉਂਦੇ ਹਨ (ਭਾਵ ਕਿਸੇ ਝੂਠੇ ਗੁਰੂ, ਜਾਂ ਕਿਸੇ ਮੜ੍ਹੀ ਮਸਾਣ, ਜਾਂ ਕਿਸੇ ਵੀ ਹੋਰ ਆਸਰੇ ਨੂੰ ਸਿਰ ਝਕਾਉਂਦੇ ਹਨ) ਜਿੱਥੋਂ ਉਹਨਾਂ ਨੂੰ ਕੀ ਪ੍ਰਾਪਤ ਹੋ ਸਕਦਾ ਹੈ, ਭਾਵ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਛੱਪੜ ਵਿੱਚ ਨਹਾਉਣ ਨਾਲ਼ ਤਾਂ ਮਨੁੱਖ ਚਿੱਕੜ ਵਿੱਚ ਹੀ ਲਿੱਬੜਦਾ ਹੈ॥
ਗੁਰੂ ਗਰੰਥ ਸਾਹਿਬ ਵਿੱਚ ਅਜਿਹੇ ਬੇਸ਼ੁਮਾਰ ਪਾਵਨ ਸ਼ਬਦ ਹਨ ਜਿਹਨਾਂ ਵਿੱਚ ਕੇਵਲ ਤੇ ਕੇਵਲ ਗੁਰੂ ਜਾਂ ਵਾਹਿਗੁਰੂ ਨੂੰ ਹੀ ਪੂਜਣ ਦੀ ਪਰਵਾਨਗੀ ਹੈ॥ ਕਿਸੇ ਹੋਰ ਜੀਵ ਜਾਂ ਨਿਰਜੀਵ ਨੂੰ ਪੂਜਣਾ ਸਖ਼ਤ ਵਿਵਰਜਤ ਹੈ॥
ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ ਜਾਂ ਸਮਕਾਲੀ ਗੁਰਸਿੱਖਾਂ ਦੀਆਂ ਰਚਨਾਵਾਂ
ਖ਼ਾਲਸੇ ਪ੍ਰਤੀ ਪਿਆਰ ਦਰਸਾਉਂਦਿਆਂ ਸਤਿਗੁਰੂ ਉਚਾਰਦੇ ਹਨ:
ਸਰਬ-ਲੋਹ ਗ੍ਰੰਥ ‘ਚੋਂ
ਖ਼ਾਲਸਾ ਮੇਰੋ ਰੂਪ ਹੈ ਖ਼ਾਸ॥ ਖ਼ਾਲਸੇ ਮਹਿ ਹੌ ਕਰੌ ਨਿਵਾਸ॥
ਖ਼ਾਲਸਾ ਮੇਰੋ ਮਿਤਰ ਸਖਾਈ॥ ਖ਼ਾਲਸਾ ਮਾਤ ਪਿਤਾ ਸੁਖਦਾਈ॥
ਖ਼ਾਲਸਾ ਮੇਰੀ ਜਾਤ ਅਰ ਪਤ॥ ਖ਼ਾਲਸਾ ਸੋ ਮਾ ਕੋ ਉਤਪਤ॥(ਮੇਰਾ ਜਨਮ ਖ਼ਾਲਸੇ ਤੋਂ ਹੀ ਹੋਇਆ)
ਖ਼ਾਲਸਾ ਮੇਰੋ ਭਵਨ ਭੰਡਾਰਾ॥ ਖ਼ਾਲਸੇ ਕਰ ਮੇਰੋ ਸਤਿਕਾਰਾ॥
ਖ਼ਾਲਸਾ ਮੇਰੋ ਪਿੰਡ (ਸਰੀਰ) ਪਰਾਨ (ਸਾਹ, ਜਿੰਦ)॥ ਖ਼ਾਲਸਾ ਮੇਰੀ ਜਾਨ ਕੀ ਜਾਨ॥ -------
ਗਿਆਨ ਪ੍ਰਬੋਧ ‘ਚੋਂ
ਜੁੱਧ ਜਿਤੇ ਇਨ ਹੀ (ਖ਼ਾਲਸੇ ਦੀ) ਪ੍ਰਸਾਦਿ (ਮਿਹਰ) ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ (ਕਸ਼ਟ) ਟਰੈ (ਟਲ਼ ਗਏ) ਇਨਹੀ ਕੇ ਪ੍ਰਸਾਦਿ ਇਨਹੀ ਕਿਰਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕਿਰਪਾ ਸਭ ਸਤ੍ਰ ਮਰੇ॥
ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ॥
ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਇਸ ਤੋਂ ਪਹਿਲਾਂ ਕਿ ਵਿਚਾਰ ਅੱਗੇ ਤੋਰੀ ਜਾਵੇ, ਚੱਲ ਰਹੇ ਵਿਸ਼ੇ ਬਾਰੇ ਇਹਨਾਂ ਕੁਝ ਕੁ ਬੰਦਾਂ ਤੇ ਵਿਚਾਰ ਕਰਨੀ ਲਾਹੇਵੰਦ ਰਹੇਗੀ॥ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਖ਼ਾਲਸੇ ਪ੍ਰਤੀ ਦਸਮੇਸ਼ ਜੀ ਦੇ ਹਿਰਦੇ ਵਿੱਚ ਬਹੁਤ ਹੀ ਪਿਆਰ ਅਤੇ ਸਤਿਕਾਰ ਸੀ॥ ਆਪ ਲਿਖਦੇ ਹਨ ਕਿ ਜੁੱਧਾਂ ਵਿੱਚ ਆਪ ਜੀ ਦੀ ਜਿੱਤ ਖ਼ਾਲਸੇ ਕਾਰਨ ਹੀ ਹੋਈ॥ ਅਤੇ ਆਪਦਾ ਮਾਣ ਸਤਿਕਾਰ ਵੀ ਖ਼ਾਲਸੇ ਕਰਕੇ ਹੀ ਹੈ॥ ਆਪ ਇਹ ਵੀ ਲਿਖਦੇ ਹਨ ਕਿ ਕੇਵਲ ਖ਼ਾਲਸੇ ਦੀ ਸੇਵਾ (ਜਾਂ ਰੱਖਿਆ) ਕਰਨਾ ਹੀ ਮਨ ਨੂੰ ਭਾਉਂਦਾ ਹੈ ਅਤੇ ਕਿਸੇ ਹੋਰ ਦੀ ਸੇਵਾ ਉਹਨਾਂ ਦੇ ਮਨ ਨੂੰ ਭਾਉਂਦੀ ਨਹੀਂ॥ ਇਸ ਤੋਂ ਸਪੱਸ਼ਟ ਹੈ ਕਿ ਪੂਜਣਾ ਤੇ ਬਹੁਤ ਦੂਰ ਦੀ ਗੱਲ ਹੈ ਜੁੱਧਾਂ ਵਿੱਚ ਵੀ ਸ਼ਸਤ੍ਰਾਂ ਨੂੰ ਆਪ ਕੋਈ ਮਹਾਨਤਾ ਨਹੀਂ ਦਿੰਦੇ॥
ਜਾਪੁ ਸਾਹਿਬ ਨੂੰ ਵੀ ਆਪ ਦੀ ਹੀ ਰਚਨਾ ਮੰਨਿਆ ਜਾਂਦਾ ਹੈ॥ ਇਸ ਪਾਵਨ ਰਚਨਾ ਵਿੱਚ ਸਤਿਗੁਰੂ ਜੀ ਅਕਾਲਪੁਰਖ ਲਈ ਬਹੁਤ ਨਾਮ ਵਰਤ ਕੇ ਅਤੇ ਉਸ ਦੇ ਗੁਣਾਂ ਕਰਕੇ ਉਸਦੀ ਬਹੁਤ ਵਡਿਆਈ ਲਿਖੀ ਹੈ, ਪਰ ਇੱਕ ਵਾਰ ਵੀ ਕਿਸੇ ਹੋਰ ਜੀਵ ਜਾਂ ਨਿਰਜੀਵ ਦੀ ਪੂਜਾ ਤਾਂ ਦੂਰ ਰਹੀ, ਕੋਈ ਵਡਿਆਈ ਵੀ ਨਹੀਂ ਲਿਖੀ॥ ਉਦਾਹਰਣ ਮਾਤ੍ਰ ਇੱਕ ਛੰਦ ਆਪ ਜੀ ਨਾਲ਼ ਸਾਂਝਾ ਕੀਤਾ ਜਾਂਦਾ ਹੈ॥
ਜਾਪੁ ਸਾਹਿਬ, ਰੂਆਲ ਛੰਦ॥ ਆਦਿ ਰੂਪ ਅਨਾਦਿ ਮੂਰਤ ਅਜੋਨਿ ਪੁਰਖ ਅਪਾਰ॥
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ॥ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ॥ ਜੱਤ੍ਰ ਤੱਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ॥
ਅਰਥ: (ਅਕਾਲਪੁਰਖ) ਸਦਾ ਤੋਂ ਹੈ ਅਤੇ ਉਸਦੀ ਹਸਤੀ ਦਾ ਕੋਈ ਮੁੱਢ ਨਹੀਂ॥ ਹਰ ਥਾਂ ਸਮਾਏ ਹੋਏ ਪ੍ਰਭੂ ਜੀ ਜੂਨਾਂ ਵਿੱਚ ਨਹੀਂ ਆਉਂਦੇ ਅਤੇ ਕੋਈ ਉਹਨਾਂ ਦਾ ਅੰਤ ਨਹੀਂ ਪਾ ਸਕਦਾ॥ ਪ੍ਰਭੂ ਬਹੁਤ ਰਹਿਮ ਦਿਲ ਹੈ, ਤਿੰਨਾਂ ਹੀ ਲੋਕਾਂ ਦੇ ਦੇਵਤਿਆਂ ਵਿੱਚ ਉਸਦਾ ਹੀ ਸਨਮਾਨ ਹੈ ਪਰ ਕੋਈ ਵੀ ਉਸਦਾ ਭੇਦ ਨਹੀਂ ਪਾ ਸਕਦਾ॥ ਉਹ ਸਭ ਦੀ ਪਾਲਣਾ ਵੀ ਕਰਦਾ ਹੈ ਅਤੇ ਫ਼ਿਰ ਸਭ ਦਾ ਨਾਸ ਵੀ ਕਰਦਾ ਹੈ॥ ਸਭ ਰਸਾਂ ਦਾ ਸੋਮਾ ਪ੍ਰਭੂ ਪੂਰਨ ਤਿਆਗੀ ਹੈ (ਭਾਵ ਮਾਇਆ ਦਾ ਉਸ ‘ਤੇ ਕੋਈ ਪ੍ਰਭਾਵ ਨਹੀਂ) ਅਤੇ ਉਹ ਹਰ ਥਾਂ ਹਾਜ਼ਰ ਨਾਜ਼ਰ ਹੈ॥
ਦਸਮੇਸ਼ ਜੀ ਦੀ ਇੱਕ ਹੋਰ ਰਚਨਾ ਵੀ ਸ੍ਰਵਣ ਕਰੋ:
ਦੇਵਗੰਧਾਰੀ ਪਾਤਿਸ਼ਾਹੀ 10॥ ਇੱਕ ਬਿਨ ਦੂਸਰ (ਵਾਹਿਗੁਰੂ ਤੋਂ ਬਿਨਾਂ ਕੋਈ ਹੋਰ) ਸੋ ਨ ਚਿਨਾਰ (ਪਛਾਣ)॥ ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ॥ ਰਹਾਉ॥ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੂਜਾਈ॥ ਪਾਨ ਥਕਿਓ ਪਾਹਿਨ ਕਹ ਪਰਸਤ ਕਛੁ ਕਰ ਸਿਧ ਨ ਆਈ॥ 1॥ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ॥ ਤਾ ਮੈ ਕਹਾ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੇ ਹੈ॥2॥ ਜੌ ਜੀਯ ਹੋਤ ਤੌ ਦੇਤ ਕਛੂ ਤੁਹਿ ਕਰ ਮਨ ਬਚ ਕਰਮ ਬਿਚਾਰ॥ ਕੇਵਲ ਏਕ ਸਰਣ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ॥3॥9
ਅਰਥ: ਹੇ ਅਨਜਾਣ ਮਨੁੱਖ! ਕੇਵਲ ਪ੍ਰਮਾਤਮਾ ਹੀ ਪੈਦਾ ਅਤੇ ਨਾਸ ਕਰਨ ਦੇ ਸਮਰੱਥ ਹੈ॥ ਇਸ ਲਈ ਤੁਸ ਤੋਂ ਬਿਨਾ ਤੂੰ ਕਿਸੇ ਹੋਰਨੂੰ ਮਾਨਤਾ ਨਾਂ ਦੇ॥ ਰਹਾਉ॥ ਕੀ ਹੋਇਆ (ਭਾਵ ਕੀ ਖੱਟਿਆ) ਜੇ ਤੂੰ ਬੜੇ ਪਿਆਰ ਨਾਲ਼ ਅਤੇ ਕਈ ਵਿਧੀਆਂ ਨਾਲ਼ ਪੱਥਰ (ਦੇ ਭਗਵਾਨ) ਦੀ ਪੂਜਾ ਕਰ ਲਈ? ਪੱਥਰ ਨੂੰ ਪੂਜ ਪੂਜ ਕੇ ਤੇਰੇ ਪਰਾਣ ਤਾਂ ਥੱਕ ਗਏ ਪਰ ਤੈਨੂੰ ਪ੍ਰਾਪਤ ਕੁਝ ਵੀ ਨਾਂ ਹੋਇਆ॥1॥ ਤੂੰ ਉਸਨੂੰ ਪ੍ਰਸ਼ਾਦ, ਧੂਪ,ਅਤੇ ਦੀਵੇ ਵੀ ਚੜਾਉਂਦਾ ਹੈਂ, ਪਰ ਪੱਥਰ ਹੋਣ ਕਰਕੇ ਉਹ ਕੁਝ ਖਾ ਨਹੀਂ ਸਕਦਾ ਅਤੇ ਨਾਂ ਹੀ ਤੈਨੂੰ ਕੁਝ ਦੇ ਸਕਦਾ ਹੈ ਕਿਉਂਕਿ ਉਸ ਵਿੱਚ ਕੋਈ ਸ਼ਕਤੀ ਨਹੀਂ॥2॥ ਹੇ ਅਨਜਾਣ! ਆਪਣੇ ਮਨ ਵਿੱਚ ਵਿਚਾਰ ਕਰ॥ ਜਿਸ ਦੀ ਤੂੰ ਪੂਜਾ ਕਰਦਾ ਹੈਂ ਜੇ ਉਹ ਜਾਨਦਾਰ ਹੁੰਦਾ ਤਾਂ ਸ਼ਾਇਦ ਤੈਨੂੰ ਕੁਝ ਦੇ ਵੀ ਸਕਦਾ॥ ਇਸ ਲਈ ਤੂੰ ਕੇਵਲ ਉਸ ਮਾਲਕ ਪ੍ਰਭੂ ਦੀ ਹੀ ਸ਼ਰਨ ਲੈ॥ ਉਸ ਤੋਂ ਬਿਨਾ ਤੇਰੇ ਹੋਰ ਕਿਤੇ ਵੀ ਕਲਿਆਣ ਨਹੀਂ ਹੋ ਸਕਦਾ॥
ਹੁਣ ਸੋਚਣ ਵਾਲ਼ੀ ਗੱਲ ਇਹ ਹੈ ਕਿ ਜੇ ਕਰ ਗੁਰੂ ਸਾਹਿਬ ਨਿਰਜੀਵ ਪੱਥਰ ਦੀ ਪੂਜਾ ਦੀ ਸਖ਼ਤ ਨਿਖੇਧੀ ਕਰ ਰਹੇ ਹਨ ਤਾਂ ਸ਼ਸਤ੍ਰ ਕਿਹੜੇ ਜਾਨਦਾਰ ਹਨ? ਉਹ ਇਹਨਾਂ ਦੀ ਪੂਜਾ ਕਿਵੇਂ ਕਰ ਸਕਦੇ ਹਨ? ਉਂਞ ਵੀ ਪਹਿਲਾਂ ਪਹਿਲਾਂ ਹਥਿਆਰ ਵੀ ਪੱਥਰਾਂ ਨੂੰ ਹੀ ਤਰਾਸ਼ ਕੇ ਬਣਾਏ ਜਾਂਦੇ ਸਨ ਜਿਹਨਾਂ ਪੱਥਰਾਂ ਦੀ ਪੂਜਾ ਦੀ ਸਤਿਗੁਰੂ ਜੀ ਨਿਖੇਧੀ ਕਰਦੇ ਹਨ॥
ਭਾਈ ਨੰਦ ਲਾਲ ਜੀ: ਆਪ ਗੁਰੂ ਸਾਹਿਬ ਦੇ ਸਮਕਾਲੀ ਅਤੇ ਅਨਿੰਨ ਸ਼ਰਧਾਲੂ ਸਨ॥ ਆਪ ਬਹੁਤ ਉੱਚ ਕੋਟੀ ਦੇ ਵਿਦਵਾਨ ਅਤੇ ਕਵੀ ਸਨ ਜਿਹਨਾਂ ਨੇ ਬਹੁਤ ਸਾਲ ਅਨੰਦਪੁਰ ਵਿੱਚ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਉਹਨਾ ਦੀ ਉਸਤਤਿ ਵਿੱਚ ਬਹੁਤ ਕੁਝ ਲਿਖਿਆ॥ ਉਹਨਾਂ ਦੇ ਕੁਝ ਕੁ ਹੀ ਬੰਦ ਆਪ ਨਾਲ਼ ਸਾਂਝੇ ਕੀਤੇ ਜਾਣਗੇ॥
ਤੌਸੀਫ਼ੋ ਸਨਾ ਭਾਈ ਨੰਦ ਲਾਲ ਜੀ ਗੋਯਾ॥
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ॥ ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿਘ॥105॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ॥ ਜੁਮਲਾ ਫ਼ੈਜ਼-ਏ ਨੂਰ ਗੁਰੁ ਗੋਬਿੰਦ ਸਿੰਘ॥ 106॥
ਲਾ ਮਕਾਂ ਪਾਬੋਸਿ ਗੁਰੁ ਗੋਬਿੰਦ ਸਿੰਘ॥ ਬਰ ਦੋ ਆਲਮ ਕੋਸਿ ਗੁਰੁ ਗੋਬਿੰਦ ਸਿੰਘ॥ 121॥
ਖ਼ਾਕ ਬੋਸਿ ਪਾਏ ਗੁਰੁ ਗੋਬਿੰਦ ਸਿੰਘ॥ ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ॥ 134॥
ਲਾਲ ਸਗ-ਏ ਗ਼ੁਲਾਮ-ਏ ਗੁਰੁ ਗੋਬਿੰਦ ਸਿੰਘ॥ਦਾਗ਼ਦਾਰ-ਏ ਨਾਮ ਗੁਰੁ ਗੋਬਿੰਦ ਸਿੰਘ॥156
ਬਾਦ ਜਾਨਸ਼ ਫ਼ਿਦਾ-ਏ ਗੁਰੁ ਗੋਬਿੰਦ ਸਿੰਘ॥ ਫ਼ਰਕਿ ਓ ਬਰ ਪਾਏ ਗੁਰੂ ਗੋਬਿੰਦ ਸਿੰਘ॥158
ਅਰਥ: ਅਕਾਲਪੁਰਖ ਨੂੰ ਭਾਏ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਠ ‘ਤੇ ਪ੍ਰਭੂ ਜੀ ਦਾ ਹੱਥ ਹੈ॥105
ਮਹਾਰਾਜਿਆਂ ਦੇ ਮਹਾਰਾਜ ਗੁਰੂ ਸਾਹਿਬ ਪ੍ਰਭੂ ਦੇ ਪੂਰੇ ਗਿਆਨਵਾਨ ਹਨ ਅਤੇ ਉਸ ਦੇ ਸਭ ਖ਼ਜ਼ਾਨਿਆਂ ਅਤੇ ਬਖ਼ਸ਼ਿਸ਼ਾਂ ਦੇ ਮਾਲਕ ਹਨ॥ 106॥
ਬੈਕੁੰਠ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਚੁੰਮਦਾ ਹੈ ਅਤੇ ਦੋਵਾਂ ਹੀ ਜਹਾਨਾਂ ਵਿੱਚ ਆਪ ਦਾ ਨਗਾਰਾ ਵੱਜਦਾ ਹੈ॥121॥
ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਚੁੰਮਣ ਵਾਲ਼ੇ ਉਹਨਾਂ ਦੀਆਂ ਬਖ਼ਸ਼ਿਸ਼ਾਂ ਨਾਲ਼ ਨਿਵਾਜੇ ਗਏ॥134॥
ਮੈਂ (ਨੰਦ ਲਾਲ) ਸਤਿਗੁਰੂ ਜੀ ਦੇ ਦਰਬਾਰ ਦਾ ਕੂਕਰ ਹਾਂ ਜਿਸ ਦੇ ਮੱਥੇ ਤੇ ਸਤਿਗੁਰਾਂ ਦਾਗ਼ ਦਿੱਤਾ ਹੋਇਆ ਹੈ (ਭਾਵ ਮੈਂ ਉਹਨਾਂ ਦਾ ਗ਼ੁਲਾਮ ਹਾਂ)॥ 156॥
ਹੇ ਅਕਾਲਪੁਰਖ! ਮੇਰੀ (ਂਨੰਦ ਲਾਲ ਦੀ) ਜਾਨ ਸਤਿਗੁਰੂ ਜੀ ਤੋਂ ਕੁਰਬਾਨ ਹੋ ਜਾਵੇ ਅਤੇ ਮੇਰਾ ਸਿਰ ਉਹਨਾਂ ਦੇ ਚਰਨਾਂ ‘ਤੇ ਹੋਵੇ॥ 158॥
ਅਜਿਹੇ ਸ਼ਰਧਾਲੂ ਸਨ ਭਾਈ ਨੰਦ ਲਾਲ ਜੀ॥ ਪਰ ਉਹਨਾਂ ਕਿਤੇ ਵੀ ਇਹ ਇਸ਼ਾਰੇ-ਮਾਤ੍ਰ ਵੀ ਨਹੀਂ ਲਿਖਿਆ ਕਿ ਸਤਿਗੁਰੂ ਜੀ ਸ਼ਸਤ੍ਰਾਂ ਦੀ ਪੂਜਾ ਕਰਦੇ ਸਨ॥
ਹਥਿਆਰਾਂ ਬਾਰੇ ਗੁਰੂ ਨਾਨਕ ਪਾਤਸ਼ਾਹ ਦੇ ਉੱਚੇ ਵਿਚਾਰ ਇਸ ਪ੍ਰਕਾਰ ਹਨ॥
ਸਿਰੀ ਰਾਗੁ ਮ:1 (16)॥ ----- ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ॥ ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ॥ ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥3॥ ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲੇ ਵਿਕਾਰ॥ਰਹਾਉ॥ -----॥4॥7॥
ਅਰਥ: ਹੇ ਵਾਹਿਗੁਰੂ! ਤੇਰੇ ਦਰਸਾਏ ਹੋਏ ਰਾਹ ਉੱਤੇ ਤੁਰਨ ਦੀ ਸੂਝ ਹੀ ਮੇਰੇ ਲਈ ਸੋਨੇ ਦੀ ਦੁਮਚੀ ਅਤੇ ਸੁਹਣੀ ਕਾਠੀ ਵਾਲ਼ੇ ਘੋੜੇ ਦੀ ਸਵਾਰੀ ਹੈ॥ ਤੇਰੀ ਸਿਫ਼ਤ ਸਾਲਾਹ ਦਾ ਉੱਦਮ ਕਰਨਾ ਮੇਰੇ ਵਾਸਤੇ ਭੱਥੇ, ਤੀਰ-ਕਮਾਨ, ਬਰਛੀ ਅਤੇ ਤਲਵਾਰ ਦਾ ਗਾਤ੍ਰਾ ਹਨ॥ ਤੇਰੇ ਦਰ ਉੱਤੇ ਇੱਜ਼ਤ ਨਾਲ਼ ਪਰਵਾਨ ਹੋਣਾ ਮੇਰੇ ਲਈ ਵਾਜਾ (ਨਗਾਰਾ) ਅਤੇ ਨੇਜਾ ਹਨ, ਅਤੇ ਤੇਰੀ ਮਿਹਰ ਹੀ ਮੇਰੇ ਲਈ ਉੱਚੀ ਕੁਲ ਹੈ॥ ਹੇ ਭਾਈ! ਕੋਈ ਵੀ ਸੁਆਰੀ ਜਿਸ ਨਾਲ਼ ਹੰਕਾਰ ਪੈਦਾ ਹੋਵੇ ਅਤੇ ਮਨ ਵਿੱਚ ਵਿਕਾਰ ਪੈਦਾ ਹੋਣ ਉਸ ਨਾਲ਼ ਸਰੀਰ ਨੂੰ ਪੀੜ ਹੀ ਹੁੰਦੀ ਹੈ ਅਤੇ ਆਪਣੀ ਖ਼ੁਸ਼ੀ ਨੂੰ ਖੁਆਰ ਕਰਨ ਵਾਲ਼ੀ ਹੀ ਗੱਲ ਹੈ॥ ਰਹਾਉ॥
ਦੁਨਿਆਵੀ ਹਥਿਆਰਾਂ ਤੋਂ ਬਿਨਾਂ ਹੋਰ ਹਥਿਆਰ ਵੀ ਹਨ ਜਿਹਨਾਂ ਨਾਲ਼ ਆਪਣੇ ਆਪ ਨੂੰ ਚਾਲਾਕ ਸਮਝਣ ਵਾਲ਼ੇ ਕੁਝ ਲੋਕ ਦੂਸਰਿਆਂ ਦਾ ਲਹੂ ਪੀਂਦੇ ਹਨ॥
ਸਲੋਕ ਮ:1 (471)॥ ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲ ਤਾਗ॥ ------ ਮਥੈ ਟਿੱਕਾ ਤੇੜਿ ਧੋਤੀ ਕਾਖਾਈ॥ ਹਥਿ ਛੁਰੀ ਜਗਤ ਕਾਸਾਈ॥
ਗੁਰੂ ਅਰਜੁਨ ਸਾਹਿਬ ਵੀ ਹਥਿਆਰਾਂ ਦੀ ਮਹਾਨਤਾ ਬਾਰੇ ਲਿਖਦੇ ਹਨ ਪਰ ਉਹ ਹਥਿਆਰ ਇਹ ਨਹੀਂ ਜਿਹੜੇ ਲੋਕਾਈ ਨੂੰ ਕੱਟਦੇ ਵੱਢਦੇ ਹਨ॥ ਉਹ ਅਜਿਹੇ ਹਥਿਆਰ ਉੱਚਾ ਆਚਰਨ, ਨਿੰਮ੍ਰਤਾ, ਲੋਕ ਸੇਵਾ ਅਤੇ ਪ੍ਰਭੂ ਵਿੱਚ ਅਟੱਲ ਵਿਸ਼ਵਾਸ ਆਦਿ ਹਨ ਜਿਹਨਾਂ ਨਾਲ਼ ਉਹ ਲੋਕਾਂ ਵਿੱਚ ਡਰ ਪੈਦਾ ਕਰਨ ਦੀ ਥਾਂ ਉਹਨਾਂ ਵੱਲੋਂ ਸਤਿਕਾਰ ਜਿੱਤਦੇ ਹਨ ਅਤੇ ਪ੍ਰਭੂ ਦੇ ਦਰਬਾਰ ਵਿੱਚ ਸਨਮਾਨ ਪ੍ਰਾਪਤ ਕਰਦੇ ਹਨ॥
ਸਲੋਕ ਸਹਸਕ੍ਰਿਤੀ ਮ:5 (1356)॥ ਸੈਨਾ ਸਾਧ ਸਮੂਹ ਸੂਰ ਅਜਿਤੰ ਤਨਿ ਨਿੰਮ੍ਰਤਾਹ॥ ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ॥ ਆਰੂੜਤੇ ਅਸਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ॥ ਬਿਚਰਤੇ ਨਿਰਭੰ੍ਹ ਸਤ੍ਰੂ ਸੈਨਾ ਧਾਯੰਤੇ ਗੋੁਪਾਲ ਕੀਰਤਨਹ॥ ਜਿਤਤੇ ਬਿਸਵ ਸੰਸਾਰਹ ਨਾਨਕ ਵਸੰ੍ਹ ਕਰੋਤਿ ਪੰਚ ਤਸਕਰਹ॥
ਅਰਥ: ਸੰਤ-ਜਨ ਅਜਿੱਤ ਸੂਰਮਿਆਂ ਦੀ ਅਜਿਹੀ ਸੈਨਾ ਹੈ ਜਿਹਨਾਂ ਦੀ ਸੰਜੋਅ ਉਹਨਾਂ ਦਾ ਗ਼ਰੀਬੀ ਸੁਭਾਅ ਹੁੰਦਾ ਹੈ ਅਤੇ ਪ੍ਰਭੂ ਦੇ ਗੁਣ ਗਾਉਣੇ ਉਹਨਾਂ ਦੇ ਸ਼ਸਤ੍ਰ ਹੁੰਦੇ ਹਨ॥ਗੁਰੂ ਦਾ ਸ਼ਬਦ ਉਹਨਾਂ ਦੀ ਢਾਲ ਹੈ ਅਤੇ ਪ੍ਰਭੂ ਮਿਲਾਪ ਦਾ ਰਸਤਾ ਭਾਲਣਾ ਉਹਨਾਂ ਲਈ ਹਾਥੀ ਘੋੜਿਆਂ ਦੀ ਸਵਾਰੀ ਕਰਨਾ ਹੁੰਦਾ ਹੈ॥ ਪ੍ਰਭੂ ਦੀ ਸਿਫ਼ਤ ਸਾਲਾਹ ਦੀ ਬਰਕਤ ਨਾਲ਼ ਸੰਤ ਜਨ ਕਾਮ ਆਦਿਕ ਵੈਰੀਆਂ ਤੇ ਹੱਲਾ ਕਰਦੇ ਹਨ ਅਤੇ ਨਿਡਰ ਹੋਕੇ ਦੁਨੀਆਂ ਵਿੱਚ ਵਿਚਰਦੇ ਹਨ॥ ਹੇ ਨਾਨਕ! ਸੰਤ ਜਨ ਉਹਨਾਂ ਪੰਜਾਂ ਚੋਰਾਂ ਤੇ ਕਾਬੂ ਪਾ ਕੇ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਹਨ॥
ਜਿਵੇਂ ਸਪੱਸ਼ਟ ਹੈ ਕਿ ਪ੍ਰਭੂ ਨਾਮ ਤੋਂ ਬਿਨਾਂ ਗੁਰੂ ਸਾਹਿਬ ਕਿਸੇ ਵੀ ਹਥਿਆਰ ਨੂੰ ਸਨਮਾਨ ਨਹੀਂ ਦਿੰਦੇ ਫ਼ਿਰ ਪੂਜਾ ਦੀ ਗੱਲ ਕਿਵੇਂ ਹੋ ਸਕਦੀ ਹੈ?
ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤ੍ਰ-ਪੂਜ ਕਿਉਂ ਲਿਖਿਆ ਗਿਆ ਹੈ
ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਸਤ੍ਰ-ਪੂਜ ਨਹੀਂ ਸਨ ਤਾਂ ਉਹਨਾਂ ਦੀਆਂ ਰਚਨਾਵਾਂ ਵਿੱਚ ਅਜਿਹਾ ਕਿਉਂ ਲਿਖਿਆ ਹੋਇਆ ਮਿਲ਼ਦਾ ਹੈ॥ ਇਸ ਤੋਂ ਪਹਿਲਾਂ ਕਿ ਅਸੀਂ ਇਸ ਸੁਆਲ ਦਾ ਉੱਤਰ ਲੱਭੀਏ ਪਹਿਲਾਂ ਦੋ ਇਤਿਹਾਸਕ ਸੱਚਾਈਆਂ ਨੂੰ ਸਮਝਣਾ ਜ਼ਰੁਰੀ ਹੈ॥
(ੳ) ਸਿੱਖ ਧਰਮ ਦੀ ਵਿਰੋਧਤਾ
ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਵਿੱਚਲੇ ਕਰਮ-ਕਾਂਡਾਂ ਅਤੇ ਬ੍ਰਾਹਮਣਾਂ ਹੱਥੋਂ ਭੋਲ਼ੀ-ਭਾਲ਼ੀ ਜਨਤਾ ਦੀ ਲੁੱਟ-ਘਸੁੱਟ ਬਾਰੇ ਆਵਾਜ਼ ਬੁਲੰਦ ਕੀਤੀ ਉਸੇ ਦਿਨ ਤੋਂ ਹੀ ਬ੍ਰਾਹਮਣਾਂ ਨੇ ਸਿੱਖ ਧਰਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ॥ ਜਦ ਨੌਂ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਤਾਂ ਬ੍ਰਾਹਮਣਾਂ ਨੂੰ ਆਪਣੀ ਰੋਟੀ ਦਾ ਖ਼ਤਰਾ ਭਾਸਣਾ ਸ਼ੁਰੂ ਹੋ ਗਿਆ॥ ਉਹਨਾਂ ਨੇ ਗੁਰੂ ਨਾਨਕ ਸਾਹਿਬ ਅਤੇ ਪਿੱਛੋਂ ਦੂਸਰੇ ਗੁਰੂ ਸਾਹਿਬਾਨ ਦੇ ਖ਼ਿਲਾਫ਼ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ॥ ਕਦੇ ਉਹਨਾਂ ਨੂੰ ਬਹਿਸਾਂ ਵਿੱਚ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਦੇ ਹਕੂਮਤ ਦੇ ਕਾਜ਼ੀਆਂ ਕੋਲ਼ ਸ਼ਕਾਇਤਾਂ ਕਰਕੇ ਉਹਨਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ॥ ਪਰ ਗੁਰੂ ਸਾਹਿਬ ਦੇ ਸੱਚ ਅੱਗੇ ਕੋਈ ਟਿਕ ਨਾਂ ਸਕਿਆ ਅਤੇ ਉਹਨਾਂ ਨੂੰ ਹਰ ਪਾਸਿਉਂ ਹਾਰ ਹੋਈ॥ ਫ਼ਿਰ ਉਹਨਾਂ ਨੇ “ਨਾਨਕ” ਛਾਪ ਅਧੀਨ ਬਾਣੀ ਲਿਖਣੀ ਵੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਦੇਵੀ ਦੇਵਤਿਆਂ ਦੀ ਵਡਿਆਈ ਕੀਤੀ ਗਈ ਅਤੇ ਸਿੱਖ ਧਰਮ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ॥ ਪਰ ਉਹਨਾਂ ਦੀ ਇਹ ਚਾਲ ਵੀ ਸਿਰੇ ਨਾਂ ਚੜ੍ਹ ਸਕੀ ਕਿਉਂਕਿ ਗੁਰੂ ਅਰਜੁਨ ਸਾਹਿਬ ਨੇ ਸਾਰੀ ਗੁਰਬਾਣੀ ਨੂੰ ਚੁਣ ਕੇ ਅਤੇ ਕੱਚੀ ਬਾਣੀ ਨੂੰ ਰੱਦ ਕਰਕੇ ਗੁਰੂ ਗਰੰਥ ਸਾਹਿਬ ਨੂੰ ਨਿਵੇਕਲਾ ਗਰੰਥ ਬਣਾ ਦਿੱਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਆਪ ਕੋਈ ਵੀ ਨਵੀਂ ਬਾਣੀ ਨਹੀਂ ਰਚਣਗੇ॥ ਹਾਰ ਕੇ ਬ੍ਰਾਹਮਣਾਂ ਨੇ ਇੱਕ ਹੋਰ ਚਾਲ ਚੱਲਣੀ ਸ਼ੁਰੂ ਕਰ ਦਿੱਤੀ॥ ਗੁਰਬਾਣੀ ਵਿੱਚ ਅਕਾਲਪੁਰਖ ਲਈ “ਰਾਮ” ਸ਼ਬਦ ਤਾਂ ਬੇਅੰਤ ਵਾਰ ਵਰਤਿਆ ਗਿਆ ਹੈ ਪਰ ਕਈ ਵਾਰ ਕ੍ਰਿਸ਼ਨ, ਮਾਧਵ, ਕੇਸ਼ਵ, ਦਮੋਦਰ, ਵਾਸੁਦੇਵ, ਮੁਰਾਰੀ, ਨਾਰਾਇਣ ਆਦਿ ਨਾਮ ਵੀ ਵਰਤੇ ਗਏ ਹਨ॥ ਵਾਹਿਗੁਰੂ ਦੇ ਗੁਣਾਂ ਦੀ ਵਡਿਆਈ ਕਰਦਿਆ ਗੁਰੂ ਗਰੰਥ ਸਾਹਿਬ ਵਿੱਚ ਪੁਰਾਣਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਉਦਾਹਰਣਾਂ ਦੇ ਤੌਰ ਤੇ ਵਰਤਿਆ ਗਿਆ ਹੈ॥ ਬੱਸ ਫ਼ਿਰ ਕੀ ਸੀ, ਬ੍ਰਾਹਮਣਾਂ ਨੂੰ ਵਧੀਆ ਬਹਾਨਾ ਮਿਲ਼ ਗਿਆ ਅਤੇ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਵੀ ਹਿੰਦੂ ਧਰਮ ਦੇ ਹੀ ਪਰਚਾਰਕ ਕਰਾਰ ਦੇ ਦਿੱਤਾ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਅੰਗ ਦੱਸਣ ਲੱਗ ਪਏ॥ ਜਿਸ ਵਿੱਚ ਉਹਨਾਂ ਨੂੰ ਬਹੁਤ ਸਫ਼ਲਤਾ ਵੀ ਪ੍ਰਾਪਤ ਹੋ ਗਈ॥
ਕਿਉਂਕਿ ਭਾਰਤ ਵਿੱਚ ਮੁਸਲਿਮ ਹਕੂਮਤ ਸੀ ਜਿਹੜੀ ਕਿ ਹਿੰਦੂਆਂ ਨਾਲ਼ ਬੇਇਨਸਾਫ਼ੀ ਕਰਦੀ ਸੀ ਅਤੇ ਕਈ ਵਾਰ ਬੜੇ ਅੱਤਿਆਚਾਰ ਵੀ ਕਰਦੀ ਸੀ, ਗੁਰੂ ਸਾਹਿਬਾਨ ਨੇ ਉਹਨਾਂ ਦੀ ਹੱਕਾਂ ਦੀ ਰੱਖਿਆ ਲਈ ਸਦਾ ਹੀ ਜੱਦੋ-ਜਹਿਦ ਜਾਰੀ ਰੱਖਿਆ॥ ਜਦ ਨਿਰਦੋਸ਼ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਨ ਦਾ ਫ਼ੈਸਲਾ ਲਿਆ ਤਾਂ ਗੁਰੂ ਸਾਹਿਬ ਨੇ ਉਦੋਂ ਤੱਕ ਕਿਲ੍ਹੇ ‘ਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਕਿ ਜਹਾਂਗੀਰ ਉਥੇ 52 ਬੇਗੁਨਾਹ ਕੈਦ ਕੀਤੇ ਹੋਰ ਹਿੰਦੂ ਰਾਜਿਆਂ ਨੂੰ ਰਿਹਾਅ ਕਰਨ ਦਾ ਹੁਕਮ ਨਹੀਂ ਸੀ ਦੇ ਦਿੰਦਾ॥
ਇਸੇ ਤਰ੍ਹਾਂ, ਗੁਰੂ ਤੇਗ਼-ਬਹਾਦੁਰ ਸਾਹਿਬ ਨੇ ਵੀ ਹਿੰਦੂ ਧਰਮ ‘ਤੇ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਆਪਣੀ ਅਦੁੱਤੀ ਕੁਰਬਾਨੀ ਦੇ ਦਿੱਤੀ॥ ਔਰੰਗਜ਼ੇਬ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾ ਰਿਹਾ ਸੀ, ਅਤੇ ਗੁਰੂ ਸਾਹਿਬ ਧਰਮ-ਸਵਤੰਤਰਤਾ ਚਾਹੁੰਦੇ ਸਨ॥ ਇਸ ਵਿਸ਼ਵਾਸ ਕਾਰਨ ਹੀ ਗੁਰੂ ਸਾਹਿਬ ਨੇ ਆਪਣਾ ਸੀਸ ਵਾਰ ਦਿੱਤਾ॥ ਇਹਨਾ ਕਾਰਨਾਂ ਕਰਕੇ ਸਾਰੇ ਹਿੰਦੂ ਵੀਰਾਂ ਨੇ ਵੀ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਦੇ ਰਾਖੇ ਸਮਝ ਕੇ ਹੀ ਬਹੁਤ ਮਾਣ ਸਤਿਕਾਰ ਦਿੱਤਾ ਅਤੇ ਨਾਲ਼ ਹੀ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਹੀ ਘੋਸ਼ਿਤ ਕੀਤਾ॥
ਇਸੇ ਕਾਰਨ ਅਜ਼ਾਦੀ ਮਿਲਣ ਤੇ ਵੀ ਭਾਰਤ ਦੇ ਨਵੇਂ ਸੰਵਿਧਾਨ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਅੰਗ ਮੰਨਿਆ ਗਿਆ॥
ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਨੂੰ ਬੜਾ ਮਾਣ ਬਖ਼ਸ਼ਿਆ ਹੋਇਆ ਸੀ॥ ਉਹਨਾਂ ਦੇ ਦਰਬਾਰ ਵਿੱਚ 52 ਕਵੀ ਸਨ ਜਿਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ॥ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦੀ ਪਾਹੁਲ ਬਖ਼ਸ਼ ਕੇ ਉਹਨਾਂ ਨੂੰ ਇੱਕਦੰਮ ਵੱਖਰੀ ਪਛਾਣ ਦੇ ਦਿੱਤੀ, ਤਾਂ ਬ੍ਰਾਹਮਣਾਂ ਨੂੰ ਹੁਣ ਵੱਡਾ ਖ਼ਤਰਾ ਪੈਦਾ ਹੋ ਗਿਆ ਕਿ ਹੁਣ ਤਾਂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਣਾ ਅਸੰਭਵ ਹੋ ਜਾਏਗਾ॥ ਉਹਨਾਂ ਨੇ ਗੁਰੂ ਸਾਹਿਬ ਨੂੰ ਹਿੰਦੂ ਸਾਬਤ ਕਰਨ ਲਈ ਹੋਰ ਕੋਸ਼ਿਸ਼ਾਂ ਅਤੇ ਸਾਜਿਸ਼ਾਂ ਆਰੰਭ ਕਰ ਦਿੱਤੀਆਂ॥ 1705 ਵਿੱਚ ਜਦ ਗੁਰੂ ਸਾਹਿਬ ਆਪਣੇ ਸਾਰੇ ਪ੍ਰੀਵਾਰ ਅਤੇ ਸਿੱਖਾਂ ਸਮੇਤ ਆਨੰਦਪੁਰ ਖਾਲੀ ਕਰ ਆਏ ਤਾਂ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਣ ਕਰਕੇ ਉਹਨਾਂ ਦਾ ਇਕੱਠਾ ਕੀਤਾ ਹੋਇਆ ਸਾਹਿਤ ਦਾ ਸਾਰਾ ਖ਼ਜ਼ਾਨਾ ਰੁੜ੍ਹ ਗਿਆ॥ ਹੁਣ ਬ੍ਰਾਹਮਣਾਂ ਨੂੰ ਸੁਨਹਿਰੀ ਮੌਕਾ ਹੱਥ ਆਇਆ॥ ਉਹਨਾਂ ਨੇ ਗੁਰੂ ਸਾਹਿਬ ਦੇ ਪਾਵਨ ਨਾਮ ਥੱਲੇ ਬਹੁਤ ਸਾਰਾ ਸਾਹਿਤ ਲਿਖ ਮਾਰਿਆ ਜਿਸ ਵਿੱਚ ਉਹਨਾਂ ਨੂੰ ਦੇਵੀ ਦੇਵਤਿਆਂ ਦਾ ਅਤੇ ਸ਼ਸਤ੍ਰਾਂ ਦਾ ਪੁਜਾਰੀ ਸਿੱਧ ਕਰਨ ਦੀ ਪੁਰੀ ਕੋਸ਼ਿਸ਼ ਕੀਤੀ ਗਈ॥ 1708 ਵਿੱਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਤਾਂ ਇਹ ਨੀਚ ਕਾਰਜ ਹੋਰ ਵੀ ਸੌਖਾ ਹੋ ਗਿਆ॥ ਜਦ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਪੱਤ੍ਰ ਭੇਜੇ ਕਿ ਜਿਸ ਕਿਸੇ ਕੋਲ਼ ਵੀ ਦਸਮੇਸ਼ ਜੀ ਦੀ ਕੋਈ ਵੀ ਰਚਨਾ ਹੋਵੇ ਉਹ ਉਹਨਾਂ ਕੋਲ਼ ਲੈ ਆਵੇ॥ ਬੱਸ ਮੌਕਾ-ਪ੍ਰਸਤ ਬ੍ਰਾਹਮਣਾਂ ਨੇ ਇਸ ਅਵਸਰ ਦਾ ਪੂਰਾ ਲਾਭ ਉਠਾਇਆ ਅਤੇ ਉਹਨਾਂ ਨੇ ਉਹ ਸਾਰੀਆਂ ਲਿਖਤਾਂ ਭਾਈ ਸਾਹਿਬ ਨੂੰ ਦੇ ਦਿੱਤੀਆਂ॥ ਸਾਡੇ ਧਾਰਮਿਕ ਆਗੂ ਇੰਨੇ ਅਨਜਾਣ ਹਨ (ਜਾਂ ਉਹਨਾਂ ਦੇ ਇੰਨੇ ਦਬਾਅ ਹੇਠਾਂ ਹਨ) ਕਿ ਉਹ ਇਹਨਾਂ ਝੂਠੀਆਂ ਲਿਖਤਾਂ ਨੂੰ ਸੱਚ ਮੰਨਣ ਨੂੰ ਮਜਬੂਰ ਹੋਏ ਹੋਏ ਹਨ॥ ਬਹੁਤ ਸਾਰੇ ਵਿਦਵਾਨਾਂ ਨੇ ਇਹ ਸਾਬਤ ਕੀਤਾ ਹੈ ਕਿ ਇਹ ਲਿਖਤਾਂ ਜੁ ਕਿ ਦਸਮ ਗ੍ਰੰਥ ਵਿੱਚ ਦਰਜ ਹਨ ਗੁਰੂ ਸਾਹਿਬ ਦੀਆਂ ਰਚਨਾਵਾਂ ਨਹੀਂ ਹਨ॥ ਪਰ ਸਾਡੇ ਆਗੂ ਇਸ ਅਸਲੀਅਤ ਨੂੰ ਮੰਨ ਨਹੀਂ ਰਹੇ॥ ਇਹਨਾਂ ਲਿਖਤਾਂ ਦੇ ਆਧਾਰ ‘ਤੇ ਹੀ ਗੁਰੂ ਸਾਹਿਬ ਨੂੰ ਕ੍ਰਿਸ਼ਨ ਜੀ ਦਾ ਅਵਤਾਰ ਅਤੇ ਨੈਣਾਂ ਦੇਵੀ ਦਾ ਪੁਜਾਰੀ ਸਾਬਤ ਕੀਤਾ ਗਿਆ ਹੈ॥ ਹੇਮ ਕੁੰਟ ਦੀ ਮਾਨਤਾ ਦਾ ਆਧਾਰ ਵੀ ਇਹੀ ਲਿਖਤਾਂ ਹਨ॥
(ਅ) ਹਿੰਦੂ ਧਰਮ ਵਿੱਚ ਸ਼ਸਤ੍ਰ ਪੂਜਾ
ਭਾਰਤ ਦੀ ਸਭਿਅਤਾ ਬਹੁਤ ਪੁਰਾਣੀ ਹੈ॥ ਅਜੇ ਜਦੋਂ ਲੋਕਾਂ ਨੂੰ ਵਾਹਿਗੁਰੂ ਬਾਰੇ ਕੋਈ ਗਿਆਨ ਨਹੀਂ ਸੀ ਤਾਂ ਉਹ ਹਰ ਸ਼ਕਤੀਸ਼ਾਲੀ ਪਦਾਰਥ ਅੱਗੇ ਝੁਕ ਜਾਂਦੇ ਸਨ ਅਤੇ ਉਸ ਨੂੰ ਪੂਜਣਯੋਗ ਸਮਝ ਲੈਂਦੇ ਸਨ॥ ਉਦਾਹਰਣ ਵਜੋਂ ਕੁਦਰਤੀ ਸ਼ਕਤੀਆਂ ਜਿਵੇਂ ਸੂਰਜ, ਅੱਗ, ਪਾਣੀ ਅਥਵਾ ਮੀਂਹ, ਹਵਾ, ਪਹਾੜ (ਜਾਂ ਪੱਥਰ), ਸੱਪ ਆਦਿ ਨੂੰ ਦੇਵਤੇ ਮੰਨ ਕੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ॥ ਇਥੇ ਹੀ ਬੱਸ ਨਹੀਂ ਜਾਨ-ਲੇਵਾ ਭਿਆਨਕ ਬੀਮਾਰੀਆਂ ਨੂੰ ਵੀ ਸ਼ਕਤੀਆਂ ਮੰਨ ਕੇ ਉਹਨਾਂ ਦੀ ਦੇਵੀਆਂ ਵਾਂਙ ਪੂਜਾ ਸ਼ੁਰੂ ਕਰ ਦਿੱਤੀ ਅਤੇ ਅਜੇ ਤੱਕ ਵੀ ਕਰਦੇ ਹਨ॥ ਉਦਾਹਰਣ ਵਜੋਂ ਚੀਚਕ ਜਾਂ ਸੀਤਲਾ ਦੀ ਦੇਵੀ, ਜਾਂ ਕੁਝ ਹੋਰ ਬੀਮਾਰੀਆਂ ਜਾਂ ਤਕਲੀਫ਼ਾਂ ਤੋਂ ਛੁਟਕਾਰਾ ਪਾਉਣ ਲਈ ਮੰਤ੍ਰ ਪੜ੍ਹਨੇ ਜਿਵੇਂ ਕਿ ਤੇਈਏ ਤਾਪ ਅਤੇ ਸੱਪ ਦੇ ਡੰਗ ਆਦਿ ਦੇ॥
ਸ਼ਸਤ੍ਰਾਂ ਨੂੰ ਵੀ ਸ਼ਕਤੀ ਸਮਝ ਕੇ ਹਿੰਦੂ ਧਰਮ ਵਿੱਚ ਸ਼ਸਤ੍ਰਾਂ ਦੀ ਪੂਜਾ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ॥ ਸਾਰੇ ਦੇਵੀ ਦੇਵਤੇ ਸ਼ਸਤ੍ਰਾਂ ਦੀ ਪੂਜਾ ਕਰਦੇ ਸਨ॥ ਤੁਸਾਂ ਰਮਾਇਣ ਅਤੇ ਮਹਾਂਭਾਰਤ ਦੇ ਸੀਰੀਅਲ ਟੀ.ਵੀ. ‘ਤੇ ਵੇਖੇ ਹੋਣਗੇ ਕਿ ਕਿਵੇਂ ਉਹਨਾਂ ਦੇ ਨਾਇਕ ਅੱਖਾਂ ਮੀਟ ਕੇ ਅਤੇ ਖਾਲੀ ਹੱਥ ਅੱਗੇ ਵਧਾ ਕੇ ਆਕਾਸ਼ ਵਿੱਚੋਂ ਹੀ ਅਸਤ੍ਰ (ਦੂਰੋਂ ਮਾਰ ਕਰਨ ਵਾਲ਼ੇ ਸ਼ਸਤ੍ਰ ਜਿਵੇਂ ਕਿ ਤੀਰ, ਚੱਕਰ, ਭਾਲਾ ਆਦਿ) ਪ੍ਰਾਪਤ ਕਰ ਲੈਂਦੇ ਸਨ॥ ਇਹਨਾਂ ਵਿੱਚੋਂ ਬ੍ਰਹਮ ਅਸਤ੍ਰ ਅਤੇ ਨਾਰਾਇਣ ਅਸਤ੍ਰ ਖ਼ਾਸ ਤੌਰ ਤੇ ਮਸ਼ਹੂਰ ਹਨ॥ ਇਹ ਅਸਤ੍ਰ ਉਹਨਾਂ ਨੂੰ ਦੇਵਤਿਆਂ ਦੀ ਦੇਣ ਹੁੰਦੇ ਸਨ ਜਿਸ ਕਰਕੇ ਉਹ ਇਹਨਾਂ (ਅਸਤ੍ਰਾਂ) ਪੂਜਣਯੋਗ ਸਮਝਦੇ ਸਨ॥ ਰਾਮਚੰਦਰ ਜੀ ਤੋਂ ਲੈ ਕੇ ਸਾਰੇ ਦੇਵੀ ਦੇਵਤੇ ਸ਼ਸਤ੍ਰਾਂ ਦੀ ਪੂਜਾ ਕਰਦੇ ਰਹੇ ਹਨ ਜੋ ਅੱਜ ਤੱਕ ਜਾਰੀ ਹੈ॥ ਹੁਣ ਤਾ ਸਗੋਂ ਕੰਮ-ਕਾਰ ਵਾਲ਼ੇ ਸੰਦਾਂ ਦੀ (ਜਿਵੇਂ ਕਿ ਹਥੌੜਾ, ਆਰੀ, ਤੇਸਾ, ਰੰਦਾ, ਵਰਮਾ ਆਦਿ) ਪੂਜਾ ਵੀ ਸ਼ੁਰੂ ਹੋ ਗਈ ਹੈ॥ ਹੋਰ ਤਾਂ ਹੋਰ ਹੁਣ ਤਾਂ ਕੰਮਪਿਊਟਰਾਂ ਅਤੇ ਟਾਈਪਰਾਈਟਰਾਂ ਦੀ ਪੂਜਾ ਵੀ ਹੁੰਦੀ ਹੈ॥ ਉਂਞ ਤਾਂ ਇਹ ਪੂਜਾ ਹਰ ਰੋਜ਼ ਹੁੰਦੀ ਹੈ, ਪਰ ਸਾਲ ਵਿੱਚ ਇੱਕ ਦਿਨ – ਅਯੁੱਧਿਆ ਪੂਜਾ ਜੋ ਕਿ ਦੁਸਹਿਰੇ ਦੇ ਦਿਨਾਂ ਵਿੱਚ ਨਵਰਾਤਰੀ ਦੌਰਾਨ ਮਹਾ ਨੌਮੀ ਵਾਲ਼ੇ ਦਿਨ ਆਉਂਦਾ ਹੈ – ਕੇਵਲ ਸ਼ਸ਼ਤ੍ਰਾਂ ਦੀ ਪੂਜਾ ਲਈ ਹੀ ਖਾਸ-ਤੌਰ ਤੇ ਰਾਖਵਾਂ ਰੱਖਿਆ ਗਿਆ ਹੈ॥ ਉੱਤਰੀ ਭਾਰਤ ਵਿੱਚ ਇਸਨੂੰ ਵਿਸ਼ਵਕਰਮਾ ਦਿਵਸ ਕਰਕੇ ਵੀ ਮਨਾਇਆ ਜਾਂਦਾ ਹੈ॥ (ਹਿੰਦੂ ਰੀਫ਼ਲੈਕਸ਼ਨਜ਼: 01.10.2013 ਅਤੇ ਵਿਕੀਪੀਡੀਆ)
ਕਿਉਂਕਿ ਹਿੰਦੂ ਧਰਮ ਵਿੱਚ ਸ਼ਸ਼ਤ੍ਰ ਪੂਜਾ ਦੀ ਬਹੁਤ ਮਹਾਨਤਾ ਹੈ, ਇਸ ਲਈ ਗੁਰੂ ਸਾਹਿਬ ਨੂੰ ਹਿੰਦੂ ਸਾਬਤ ਕਰਨ ਲਈ ਬ੍ਰਾਹਮਣਾਂ ਨੇ ਉਹਨਾਂ ਨੂੰ ਵੀ ਸ਼ਸਤ੍ਰਾਂ ਦਾ ਪੁਜਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ॥ ਇਹ ਹੈ ਅਸਲੀ ਸਾਜਿਸ਼ ਜਿਸ ਰਾਹੀਂ ਦਸਮੇਸ਼ ਜੀ ਨੂੰ ਸ਼ਸਤ੍ਰ-ਪੁਜਾਰੀ ਸਾਬਤ ਕਰਨ ਦੀ ਘਟੀਆ ਚਾਲ ਚੱਲੀ ਗਈ ਸੀ॥ ਦਸਮੇਸ਼ ਜੀ ਨੇ ਆਪਣੇ ਜੀਵਨ ਵਿੱਚ ਅਜਿਹੀ ਕੋਈ ਵੀ ਗੱਲ ਨਹੀਂ ਕੀਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਉੱਚੇ ਸਿਧਾਂਤਾਂ ਤੋਂ ਵੱਖਰੀ ਹੋਵੇ॥ ਉਹਨਾਂ ਨੇ ਉਹੀ ਕੁਝ ਕੀਤਾ ਜਿਸਦਾ ਪਰਚਾਰ ਗੁਰੂ ਨਾਨਕ ਸਾਹਿਬ ਅਤੇ ਅਗਲੇ ਅੱਠ ਗੁਰੂ ਸਾਹਿਬ ਕਰਦੇ ਰਹੇ ਸਨ॥ ਖ਼ਾਲਸਾ ਸਜਾਉਣ ਦੀ ਨੀਂਹ ਵੀ ਗੁਰੂ ਨਾਨਕ ਸਾਹਿਬ ਨੇ ਹੀ ਰੱਖੀ ਸੀ॥ ਸਿੱਖੀ ਇੱਕ ਪਾਠਸ਼ਾਲਾ ਸੀ ਜਿਸਦੀ ਸਿਖਲਾਈ ਪੂਰੀ ਹੋਣ ਤੇ ਖ਼ਾਲਸੇ ਦੀ ਡਿਗਰੀ ਮਿਲਣੀ ਸੀ ਜਿਸ ਕਾਰਜ ਨੂੰ ਦਸਮੇਸ਼ ਜੀ ਨੇ ਪੂਰਾ ਕੀਤਾ॥ ਗੁਰੂ ਸਾਹਿਬ ਵੱਲੋਂ ਪਿਛਲੇ ਜਨਮ ਵਿੱਚ ਹੇਮਕੁੰਟ ਪਰਬਤ ਤੇ ਤਪੱਸਿਆ ਕਰਨ ਵਾਲ਼ੀ ਗੱਲ ਵਿੱਚ ਵੀ ਕੋਈ ਸੱਚਾਈ ਨਹੀਂ ਲੱਗਦੀ॥
2000 ਈਸਵੀ ਵਿੱਚ ਸਰੀ, ਕੈਨੇਡਾ ਵਿਖੇ ਹੋਈ ਇੱਕ ਅੰਤ੍ਰਰਾਸ਼ਟਰੀ ਕਾਨਫ਼ਰੰਸ ਵਿੱਚ ਡਾ: ਦੇਵਿੰਦਰ ਸਿੰਘ ਸੇਖੋਂ ਨੇ ਬਚਿੱਤ੍ਰ ਨਾਟਕ ਬਾਰੇ ਅੰਗ੍ਰੇਜ਼ੀ ਵਿੱਚ ਇੱਕ ਲੇਖ ਉੱਪਰ ਪੇਪਰ ਪੜ੍ਹਿਆ ਸੀ ਜਿਸ ਵਿੱਚ ਬਹੁਾ ਠੋਸ ਦਲੀਲਾਂ ਦੇ ਕੇ ਡਾ: ਸੇਖੋਂ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਸੀ ਕਿ ਬਚਿੱਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੋ ਹੀ ਨਹੀਂ ਸਕਦੀ॥ ਸਰੋਤਿਆਂ ਵੱਲੋਂ ਇਹ ਪੇਪਰ ਬਹੁਤ ਸਲਾਹਿਆ ਗਿਆ ਅਤੇ ਇਹ ਇੰਟਰਨੈੱਟ ਤੇ ਵੀ “ਭੳਚਹਟਿਟੳਰ ਂੳਟੳਕ: ਅਨ ਅਨੳਲੇਸਸਿ” ਦੇ ਸਿਰਲੇਖ ਹੇਠ ਪੜ੍ਹਿਆ ਜਾ ਸਕਦਾ ਹੈ॥ ਇਸ ਤੋਂ ਪਹਿਲਾਂ ਵੀ ਕੁਝ ਸਨਮਾਨਿਤ ਵਿਦਵਾਨਾਂ ਨੇ ਦਸਮ ਗਰੰਥ ਬਾਰੇ ਆਪਣੇ ਵਿਚਾਰ ਲਿਖੇ ਹਨ ਕਿ ਇਹ ਦਸਮ ਪਿਤਾ ਜੀ ਦੀ ਰਚਨਾ ਨਹੀਂ ਹੋ ਸਕਦੀ ਕਿਉਂਕਿ ਨਾਂ ਕੇਵਲ ਇਸ ਵਿੱਚ ਵਾਹਿਗੁਰੂ ਬਾਰੇ ਕੋਈ ਯਥਾਰਥ ਗਿਆਨ ਨਹੀਂ ਸਗੋਂ ਇਸ ਵਿੱਚ ਅਸ਼ਲੀਲਤਾ ਕੁੱਟ ਕੁੱਟ ਕੇ ਭਰੀ ਹੋਈ ਹੈ॥ ਹਾਂ ਇਸ ਗਰੰਥ ਵਿੱਚ ਕੁਝ ਕੁ ਰਚਨਾਵਾਂ ਜਿਵੇਂ ਕਿ ਜਾਪੁ ਸਾਹਿਬ, ਅਕਾਲ ਉਸਤਤ ਅਤੇ ਕੁਝ ਕੁ ਸ਼ਬਦ ਅਤੇ ਸਵੱਈਏ ਆਦਿ ਦਸਮ ਪਿਤਾ ਜੀ ਦੀਆਂ ਰਚਨਾਵਾਂ ਹੋ ਸਕਦੀਆਂ ਹਨ॥ ਦਸਮ ਗਰੰਥ ਬਾਰੇ ਸਾਰਾ ਪਰਚਾਰ ਆਰ. ਐੱਸ. ਐੱਸ. ਹੀ ਕਰ ਰਹੀ ਹੈ॥ ਉਹੀ ਸਾਨੂੰ ਇਹ ਮੰਨਣ ਤੇ ਮਜਬੂਰ ਕਰ ਰਹੇ ਹਨ ਕਿ ਦਸਮ ਗ੍ਰੰਥ ਦਸਮੇਸ਼ ਜੀ ਦੀ ਹੀ ਰਚਨਾ ਹੈ॥ ਪਰ ਇਸ ਗੱਲ ਦਾ ਫ਼ੈਸਲਾ ਸਾਡੇ ਆਗੂਆਂ ਨੂੰ ਛੇਤੀ ਤੋਂ ਛੇਤੀ ਕਰ ਲੈਣਾ ਚਾਹੀਦਾ ਹੈ॥
ਇਸ ਪਿੱਛੇ ਕੀ ਭੇਦ ਹੈ ਕਿ ਕੈਨੇਡੀਅਨ ਸ. ਪਾਲ ਸਿੰਘ ਪੁਰੇਵਾਲ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ਼ ਤਿਆਰ ਕੀਤਾ ਹੋਇਆ ਨਾਨਕਸ਼ਾਹੀ ਕੈਲੰਡਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ? ਇਹ ਸਾਰਾ ਕੁਝ ਆਰ.ਐੱਸ. ਐੱਸ. ਦੇ ਦਬਾਅ ਹੇਠਾਂ ਹੀ ਕੀਤਾ ਜਾ ਰਿਹਾ ਹੈ॥
ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਆਗੂ ਇਸ ਕੁਟਲ ਚਾਲ ਨੂੰ ਸਮਝਣ ਅਤੇ ਇਹਨਾਂ ਝੂਠੀਆਂ ਲਿਖਤਾਂ ਨੂੰ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਪਰਖ ਕੇ ਰੱਦ ਕਰ ਦੇਣ ਅਤੇ ਗੁਰੂ ਸਾਹਿਬ ਦੀ ਹੋ ਰਹੀ ਅਜਿਹੀ ਬੇਅਦਬੀ ਨੂੰ ਠੱਲ੍ਹ ਪਾ ਸਕਣ॥
Site Content
- ► 2025 (1)
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)