Written by Dr. Devinder Singh Sekhon PhD Thursday, 11 April 2013
VAISAKHI OF 1699
ਸਾਰੇ ਸਿੱਖ ਜਗਤ ਨੂੰ ਸ਼ੁਭ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ
1699 ਦੇ ਵਿਸਾਖੀ ਦਿਹਾੜੇ ਦੀ ਮਹਾਨਤਾ
ਆਉ ਸਭ ਤੋਂ ਪਹਿਲਾਂ ਆਮ ਵਰਤੋਂ ਵਿੱਚ ਆਉਂਦੇ ਇੱਕ ਦੋ ਅੱਖਰਾਂ (ਸ਼ਬਦਾਂ) ਦਾ ਭਾਵ ਸਮਝ ਲਈਏ॥
ਵਧਾਈ: ਜਦੋਂ ਕਿਸੇ ਨੂੰ ਉਸਦੇ ਕਿਸੇ ਖ਼ੁਸ਼ੀ ਦੇ ਅਵਸਰ ਤੇ ਵਧਾਈ ਦੇਈਏ ਤਾਂ ਆਮਤੌਰ ਤੇ ਉਹਨਾਂ ਦਾ ਉੱਤਰ ਹੁੰਦਾ ਹੈ: ਤੁਸੀਂ ਵੀ ਵਧੋ ਜਾਂ ਰੱਬ ਤੁਹਾਨੂੰ ਵੀ ਵਧਾਏ॥ਸੋ, ਵਧਾਈ ਦਾ ਭਾਵ ਜ਼ਿਆਦਾ ਤੌਰ ਤੇ “ਵਾਧਾ” ਹੀ ਸਮਝਿਆ ਜਾਂਦਾ ਹੈ॥ ਪਰ ਜਿਵੇਂ ਗੁਰਬਾਣੀ ਦੇ ਕੁਝ ਪਾਵਨ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ, ਵਧਾਈ ਦਾ ਭਾਵ ਵਾਧਾ ਨਹੀਂ ਹੈ॥ ਇਸ ਦਾ ਭਾਵ ਹੈ ਮਨ ਦਾ ਪੂਰਨ ਖਿੜਾਉ ਜਾਂ ਚੜ੍ਹਦੀ ਕਲਾ॥ ਹੇਠ ਲਿਖੇ ਪਾਵਨ ਸ਼ਬਦ ਇਸ ਭਾਵ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੇ ਹਨ॥
• ਰਾਮਕਲੀ ਮ:3, ਅਨੰਦੁ: ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰ ਤ ਪਾਇਆ ਸਹਜ ਸੇਤੀ ਮਨ ਵਜੀਆ ਵਾਧਾਈਆ॥------
• ਆਸਾ ਮ:4, ਛੰਤ (450): ਗੁਰਸਿਖਾ ਮਨਿ ਵਾਧਾਈਆ ਜਿਨ੍ਹ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ॥ਕੋਈ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ॥-----
ਖ਼ਾਲਸਾ: ਖ਼ਾਲਸਾ ਫ਼ਾਰਸੀ ਦਾ ਇੱਕ ਸ਼ਬਦ ਹੈ ਜਿਸਦਾ ਅਰਥ ਹੈ ਉਹ ਉੱਚੀ ਆਤਮਿਕ ਅਵਸਥਾ ਜਿਸ ਵਿੱਚ ਮਨੁੱਖ ਨੇ ਆਪਣੇ ਵਿਕਾਰਾਂ ਉੱਤੇ ਕਾਬੂ ਪਾ ਲਿਆ ਹੋਵੇ॥ ਇਸਦਾ ਇੱਕ ਅਰਥ ਹੋਰ ਵੀ ਹੈ ਕਿ ਉਹ ਜਾਇਦਾਦ ਜੁ ਸਿੱਧੀ ਰਾਜੇ ਦੇ ਅਧੀਨ ਹੋਵੇ (ਭਾਵ ਉਹ ਮਨੁੱਖ ਜੋ ਕੇਵਲ ਰੱਬ ਨੂੰ ਹੀ ਆਪਣਾ ਮਾਲਕ ਮੰਨਦਾ ਹੋਵੇ) ॥ਸੋ ਅੰਤ੍ਰੀਵ ਭਾਵ ਇੱਕੋ ਹੀ ਹੈ॥ ਗੁਰੂ ਗਰੰਥ ਸਾਹਿਬ ਵਿੱਚ ਇਹ ਸ਼ਬਦ ਦੋ ਰੂਪਾਂ ਵਿੱਚ ਆਇਆ ਹੈ – ਖਾਲਸਾ ਅਤੇ ਖਲਾਸ - ਅਤੇ ਇਹਨਾਂ ਦੋਵਾਂ ਹੀ ਰੂਪਾਂ ਵਿੱਚ ਇਸ ਦਾ ਭਾਵ ਇਹੋ ਹੀ ਕਿ ਵਿਕਾਰਾਂ ਵੱਲੋਂ ਖਲਾਸੀ ਜਾਂ ਮੁਕਤੀ॥ ਹੇਠ ਲਿਖੇ ਸ਼ਬਦਾਂ ਨੂੰ ਧਿਆਨ ਗੋਚਰ ਕਰੋ॥
• ਸੋਰਠਿ ਕਬੀਰ ਜੀ (654): ----- ਪਰਿਉ ਕਾਲੁ ਸਭੈ ਜਗ ਊਪਰਿ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
• ਬਾਰਹਮਾਹਾ (134): ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨ੍ਹਾ ਪਾਸਿ॥ ----- ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹਿ ਹੋਇ ਖਲਾਸੁ॥
• ਗਉੜੀ ਰਵਿਦਾਸ ਜੀ (346): ਬੇਗਮ ਪੁਰਾ ਸਹਰ ਕੋ ਨਾਉ॥------- ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੋ ਮੀਤੁ ਹਮਾਰਾ॥
ਸੋ ਸ਼ਬਦ “ਖਾਲਸਾ” ਪਹਿਲਾਂ ਵੀ ਵਰਤਿਆ ਜਾਂਦਾ ਰਿਹੇ ਹੈ॥
1699 ਦਾ ਵਿਸਾਖੀ ਦਿਹਾੜਾ ਸਿੱਖ ਇਤਿਹਾਸ ਵਿੱਚ ਬਹੁਤ ਮਹਾਨਤਾ ਰੱਖਦਾ ਹੈ॥ ਇਸ ਦਿਨ ਦਸਮੇਸ਼ ਜੀ ਨੇ ਖ਼ਾਲਸੇ ਦੀ ਬਹੁਤ ਕਰੜੀ ਪ੍ਰੀਖਿਆ ਲੈ ਕੇ ਸਾਰੇ ਜਗਤ ਨੂੰ ਇਹ ਸਾਬਤ ਕਰ ਦਿੱਤਾ ਸੀ ਕਿ ਜਿਹੜੇ ਨਿਰਾਲੇ ਮਨੁੱਖ ਦੀ ਤਸਵੀਰ ਗੁਰੂ ਨਾਨਕ ਸਾਹਿਬ ਨੇ ਚਿੱਤਵ ਕੇ ਉਸਦਾ ਆਰੰਭ ਕੀਤਾ ਸੀ ਅਤੇ ਜਿਸਨੂੰ ਉਹਨਾਂ ਨੇ ਆਪਣੀ ਸਾਰੀ ਉਮਰ ਬਹੁਤ ਕਠਿਨ ਘਾਲਣਾ ਘਾਲ਼ ਕੇ ਇੱਕ ਸੁਹਣੇ ਬੂਟੇ ਦਾ ਮੁੱਢ ਬੰਨ੍ਹਿਆ ਸੀ ਅਤੇ ਜਿਸਨੂੰ ਅਗਲੇ ਨੌਂ ਗੁਰੂ ਸਾਹਿਬਾਨ ਨੇ ਆਪਣੇ ਲਹੂ ਨਾਲ਼ ਸਿੰਜ ਕੇ ਉਸਦੀ ਰਾਖੀ ਕਰਕੇ ਪਾਲ਼ਿਆ ਸੀ, ਉਹ ਅੱਜ ਪੂਰਾ ਰੁੱਖ ਬਣ ਕੇ ਪੂਰੀ ਲੋਕਾਈ ਨੂੰ ਸੁੱਖ ਦੀ ਛਾਂ ਅਤੇ ਪਿਆਰ ਦੇ ਮਿੱਠੇ ਫ਼ਲ਼ ਦੇਣ ਯੋਗ ਹੋ ਗਿਆ ਸੀ॥ ਉਹ ਆਪਣੇ ਪੈਰਾਂ ਤੇ ਖੜੋ ਕੇ ਨਾਂ ਕੇਵਲ ਦੁਸ਼ਮਨ ਨਾਲ਼ ਲੋਹਾ ਲੈ ਸਕਦਾ ਸੀ ਸਗੋਂ ਜ਼ਾਲਮਾਂ ਨੂੰ ਕਰਾਰੀ ਹਾਰ ਦੇ ਕੇ ਇੱਕ ਵਿਸ਼ਾਲ ਰਾਜ ਕਾਇਮ ਕਰਨ ਦੇ ਵੀ ਸਮਰੱਥ ਸੀ॥ ਕਲਗੀਧਰ ਜੀ ਨੇ ਖਾਲਸੇ ਦੀ ਪ੍ਰੀਖਿਆ ਦਾ ਮਿਆਰ ਬਹੁਤ ਹੀ ਉੱਚਾ ਰੱਖਿਆ ਸੀ ਅਤੇ ਉਹਨਾਂ ਕੋਲ਼ੋਂ ਸੀਸ ਦੀ ਮੰਗ ਕੀਤੀ ਸੀ॥ ਸਾਰੇ ਸਿੱਖ ਜਗਤ ਨੂੰ ਮਾਣ ਹੈ ਕਿ ਸਾਡੇ ਪੁਰਖਿਆਂ ਨੇ ਬੜੇ ਹੀ ਨਿਰਾਲੇ ਢੰਗ ਨਾਲ਼ ਆਪਣੇ ਸੀਸ ਅਰਪਣ ਕਰਕੇ ਸਤਿਗੁਰੂ ਜੀ ਦੇ ਵਿਸ਼ਵਾਸ ਨੂੰ ਠੇਸ ਨਹੀਂ ਲੱਗਣ ਦਿੱਤੀ॥ ਜਦ ਗੁਰੂ ਜੀ ਦੇ ਖ਼ਾਲਸੇ ਨੇ ਇਹ ਕਰੜੀ ਪ੍ਰੀਖਿਆ ਪਾਸ ਕਰ ਲਈ (ਜਿਸ ਬਾਰੇ ਦਸਮੇਸ਼ ਜੀ ਨੂੰ ਕਦੇ ਵੀ ਕੋਈ ਸ਼ੱਕ ਨਹੀਂ ਸੀ) ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਕੋਲ਼ੋਂ ਇਹ ਪ੍ਰਣ ਵੀ ਲਿਆ ਕਿ ਉਹ ਸਦਾ ਹੀ ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਗੇ॥ ਨਾਲ਼ ਹੀ ਆਪ ਵੀ ਉਹਨਾਂ ਕੋਲ਼ੋਂ ਅੰਮ੍ਰਿਤ ਦੀ ਜਾਚਨਾ ਕਰ ਕੇ ਉਹਨਾਂ ਦਾ ਦਰਜਾ ਆਪਣੇ ਬਰਾਬਰ ਕਰ ਦਿੱਤਾ ਬਿਲਕੁਲ ਉਵੇਂ ਹੀ ਜਿਵੇਂ ਜਗਤ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਸੀਸ ਨਿਵਾ ਕੇ ਉਹਨਾਂ ਨੂੰ ਆਪਣੇ ਬਰਾਬਰ ਕਰ ਦਿੱਤਾ ਸੀ, ਤੇ ਫ਼ਿਰ ਇਹ ਰੀਤ ਗੁਰੂ ਘਰ ਵਿੱਚ ਚੱਲਦੀ ਹੀ ਰਹੀ॥ ਇਸ ਅਨੋਖੀ ਘਟਨਾ ਬਾਰੇ ਲੋਕ ਬਹੁਤ ਸੁਆਲ ਕਰਦੇ ਰਹਿੰਦੇ ਹਨ॥ ਅਸੀਂ ਅਗਲੇ ਪੰਨਿਆਂ ਤੇ ਕੁਝ ਉਹਨਾਂ ਸੁਆਲਾਂ ਬਾਰੇ ਵੀਚਾਰ ਕਰਾਂਗੇ ਜਿਹੜੇ ਕਈ ਲੋਕ ਅਕਸਰ ਪੁੱਛਦੇ ਰਹਿੰਦੇ ਹਨ॥
ਪਰਖ ਦੀ ਕੀ ਲੋੜ ਸੀ: ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਉਸਦੇ ਸੰਵਿਧਾਨ ਅਥਵਾ ਨਿਯਮਾਂ ਦੀ ਹੀ ਲੋੜ ਹੁੰਦੀ ਹੈ॥ ਜਦੋਂ ਸੰਵਿਧਾਨ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤਾਂ ਕੁਝ ਚਿਰ ਲਈ ਉਸਨੂੰ ਤਿਆਰ ਕਰਨ ਵਾਲ਼ੇ ਉਸਨੂੰ ਆਪਣੇ ਆਪ ਤੇ ਲਾਗੂ ਕਰਕੇ ਲੋਕਾਂ ਵਾਸਤੇ ਪੂਰਨੇ ਪਾਉਂਦੇ ਹਨ॥ਜਦੋਂ ਉਹ ਸੰਵਿਧਾਨ ਦੀ ਲੋਕਾਂ ਨੂੰ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਤਾਂ ਫ਼ਿਰ ਸੰਵਿਧਾਨ ਦੇ ਲਿਖਾਰੀਆਂ ਦਾ ਹਰ ਸਮੇਂ ਹਾਜ਼ਰ ਹੋਣਾ ਜ਼ਰੂਰੀ ਨਹੀਂ ਰਹਿ ਜਾਂਦਾ॥ ਸਿੱਖੀ ਦਾ ਸੰਵਿਧਾਨ ਆਮ ਸੰਸਥਾਵਾਂ ਦੇ ਸੰਵਿਧਾਨਾਂ ਨਾਲੋਂ ਬਹੁਤ ਵੱਖਰਾ ਅਤੇ ਨਿਰਾਲਾ ਹੈ॥ ਇਹ ਜ਼ੁਲਮ, ਬੇਇਨਸਾਫ਼ੀ ਤੇ ਵਹਿਮਾਂ ਭਰਮਾਂ ਦੀ ਡੱਟ ਕੇ ਵਿਰੋਧਤਾ ਕਰਦਾ ਹੈ ਜਿਸ ਨਾਲ਼ ਅਖਾਉਤੀ ਧਾਰਮਿਕ ਆਗੂਆਂ ਅਤੇ ਹਾਕਮਾਂ ਦੇ ਹੰਕਾਰ ਨੂੰ ਵੱਡੀ ਸੱਟ ਵੱਜਦੀ ਹੈ॥॥ ਇਸ ਲਈ ਇਸ ਸੰਵਿਧਾਨ ਦੀ ਰਾਖੀ ਕਰਨ ਅਤੇ ਇਸਨੂੰ ਪੂਰੀ ਤਰ੍ਹਾਂ ਲੋਕਾਂ ਤੱਕ ਪੁਚਾਉਣ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਸਨ॥ ਇਸ ਕੰਮ ਲਈ ਲੰਮੀ ਜੱਦੋ-ਜਹਿਦ ਅਤੇ ਜਾਤੀ ਕੁਰਬਾਨੀਆਂ ਦੀ ਲੋੜ ਸੀ॥ ਇਸ ਨੂੰ ਲਿਖਣ ਲਈ ਅਤੇ ਇਸ ਦੀ ਰਾਖੀ ਕਰਨ ਲਈ ਗੁਰੂ ਨਾਨਕ ਸਾਹਿਬ ਨਿੱਤ ਖ਼ਤਰਿਆਂ ਨਾਲ਼ ਖੇਡੇ ਅਤੇ ਵੱਡੇ ਕਸ਼ਟ ਝੱਲੇ॥ ਇਸ ਤੋਂ ਪਿੱਛੋਂ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦੁਰ ਸਾਹਿਬ ਨੂੰ ਅਦੁੱਤੀਆਂ ਸ਼ਹੀਦੀਆਂ ਦੇਣੀਆਂ ਪਈਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਲੜਾਈਆਂ ਲੜਨੀਆਂ ਪਈਆਂ ਜਿਹਨਾਂ ਵਿੱਚ ਦਸਮੇਸ਼ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਹਜ਼ਾਰਾਂ ਸਿਰਲੱਥ ਸੂਰਮਿਆਂ ਨੂੰ ਮਹਾਨ ਕੁਰਬਾਨੀਆਂ ਦੇਣੀਆਂ ਪਈਆਂ॥ ਕੁਰਬਾਨੀਆਂ ਦਾ ਇਹ ਇਤਿਹਾਸ ਬਹੁਤ ਲੰਮਾ ਹੈ॥
ਸਾਡਾ ਸੰਵਿਧਾਨ ਪਾਵਨ ਗੁਰੂ ਗਰੰਥ ਸਾਹਿਬ ਹੈ॥ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੇਖ ਲਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਵਿੱਚ ਖਾਲਸੇ ਨੂੰ ਹੁਣ ਦੇਹਧਾਰੀ ਗੁਰੂ ਦੀ ਕੋਈ ਲੋੜ ਨਹੀਂ॥ਸੋ ਉਹਨਾਂ ਨੇ ਆਪਣੇ ਪਿੱਛੋਂ ਗੁਰਗੱਦੀ ਪਾਵਨ ਗਰੰਥ ਸਾਹਿਬ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ॥ ਹੁਣ ਸਿਰਫ਼ ਸਾਰੇ ਜਗਤ ਵਾਸਤੇ ਆਮ ਕਰਕੇ ਅਤੇ ਖ਼ਾਲਸੇ ਵਾਸਤੇ ਖਾਸ ਕਰਕੇ ਇਹ ਸਾਬਤ ਕਰਕੇ ਸੁਨੇਹਾ ਦੇਣ ਦੀ ਲੋੜ ਸੀ ਕਿ ਹੁਣ ਖ਼ਾਲਸਾ ਹਰ ਤਰ੍ਹਾਂ ਆਪਣਾ ਪ੍ਰਬੰਧ ਚਲਾਉਣ ਦੇ ਯੋਗ ਹੈ ਅਤੇ ਇਸ ਦੀ ਹੋਂਦ ਨੂੰ ਬਾਹਰੋਂ ਕੋਈ ਖ਼ਤਰਾ ਨਹੀਂ (ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਪ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਬਣੇ ਹੋਏ ਹਾਂ ਤੇ ਸਾਡੇ ਗੁੰਮਰਾਹ ਹੋਏ ਗੱਭਰੂ ਧੜਾ ਧੜ ਕੇਸ ਕਟਾ ਕੇ ਖਾਲਸਈ ਸ਼ਾਨ ਨੂੰ ਪੈਰਾਂ ਵਿੱਚ ਰੋਲ਼ ਕੇ ਵਿਰੋਧੀਆਂ ਨੂੰ ਪ੍ਰਸੰਨ ਕਰ ਰਹੇ ਹਨ॥ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਸ਼ਾਨ ਨੂੰ ਪ੍ਰਾਪਤ ਕਰਨ ਲਈ ਕਿੰਨੀਆਂ ਮਹਾਨ ਕੁਰਬਾਨੀਆਂ ਦੇਣੀਆਂ ਪਈਆਂ ਸਨ ਅਤੇ ਅੱਜ ਵੀ ਦਿੱਤੀਆਂ ਜਾ ਰਹੀਆਂ ਹਨ)॥ ਸੋ ਇਹ ਸੀ ਲੋੜ ਖ਼ਾਲਸੇ ਨੂੰ ਪਰਖਣ ਦੀ॥ ਕਲਗੀਧਰ ਜੀ ਨੂੰ ਪੂਰਨ ਵਿਸ਼ਵਾਸ ਸੀ ਕਿ 230 ਸਾਲ ਦੀਆਂ ਕਠਿਨ ਘਾਲਣਾਵਾਂ ਤੋਂ ਬਾਅਦ ਉਹਨਾਂ ਦਾ ਖ਼ਾਲਸਾ ਇਸ ਪੱਧਰ ਤੇ ਪਹੁੰਚ ਚੁੱਕਾ ਸੀ ਕਿ ਉਸਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਰਹੀ ਸੀ ਅਤੇ ਗੁਰੂ ਵਿੱਚ ਉਸਦਾ ਇੰਨਾ ਵਿਸ਼ਵਾਸ ਸੀ ਕਿ ਉਸ ਦੇ ਇੱਕ ਇਸ਼ਾਰੇ ਤੇ ਆਪਣੀ ਜਾਨ ਦੇ ਸਕਦਾ ਸੀ॥ ਉਹਨਾਂ ਨੇ ਇੰਨਾ ਕਰੜਾ ਟੈਸਟ ਤਾਂ ਹੀ ਚੁਣਿਆ ਸੀ॥
ਵਿਸਾਖੀ ਵਾਲ਼ਾ ਦਿਨ ਹੀ ਕਿਉਂ: ਪਤਾ ਨਹੀਂ ਕਿਉਂ ਲੋਕ ਹਰ ਗੱਲ ਤੇ ਕਿੰਤੂ ਕਰਦੇ ਹਨ॥ ਮੈਨੂੰ ਇਹ ਸੁਆਲ ਕਿ ਸਤਿਗੁਰਾਂ ਇਸ ਪਰਖ ਵਾਸਤੇ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆਂ, ਇੱਕ ਦੰਮ ਬੇਤੁਕਾ ਲਗਦਾ ਹੈ ਕਿਉਂਕਿ ਇਸ ਮਹੱਤਵਪੂਰਨ ਟੈਸਟ ਲਈ ਕੋਈ ਨਾਂ ਕੋਈ ਦਿਨ ਤਾਂ ਚੁਣਨਾ ਹੀ ਸੀ, ਸੋ ਇਸ ਦਿਨ ਬਾਰੇ ਕੀ ਇਤਰਾਜ਼ ਹੋ ਸਕਦਾ ਹੈ॥ ਪਰ ਚਲੋ ਇਸ ਦਿਨ ਦੀ ਚੋਣ ਬਾਰੇ ਵੀ ਵੀਚਾਰ ਕਰ ਲੈਂਦੇ ਹਾਂ॥ ਪਹਿਲੀ ਗੱਲ ਤਾਂ ਇਹ ਕਿ ਉੱਤਰੀ ਭਾਰਤ ਵਿੱਚ, ਖ਼ਾਸ ਕਰਕੇ ਪੰਜਾਬ ਵਿੱਚ, ਵਿਸਾਖੀ ਦਾ ਦਿਹਾੜਾ ਇੱਕ ਤਿਉਹਾਰ ਦੇ ਰੂਪ ਵਿੱਚ ਸਦੀਆਂ ਤੋਂ ਮਨਾਇਆ ਜਾਂਦਾ ਰਿਹਾ ਹੈ॥ ਇਸ ਦਾ ਵੱਡਾ ਕਾਰਨ ਇਹ ਸੀ ਕਿ ਉੱਤਰੀ ਭਾਰਤ ਵਿੱਚ ਇਸ ਦਿਨ ਤੱਕ ਸਰਦੀ ਖ਼ਤਮ ਹੋ ਜਾਂਦੀ ਸੀ ਅਤੇ ਹਾੜੀ ਦੀਆਂ ਫ਼ਸਲ਼ਾਂ ਪੱਕ ਕੇ ਤਿਆਰ ਹੋ ਜਾਂਦੀਆਂ ਸਨ॥ ਹੁਣ ਤਾਂ ਮੌਸਮ ਵਿੱਚ ਬਹੁਤ ਤਬਦੀਲੀ ਆ ਗਈ ਹੈ ਪਰ ਪਾਵਨ ਗੁਰਬਾਣੀ ਨੂੰ ਚੰਗੀ ਤਰ੍ਹਾਂ ਵੀਚਾਰਨ ਨਾਲ਼ ਥਹੁ ਪੈਂਦਾ ਹੈ ਕਿ ਵਿਸਾਖ ਉਦੋਂ ਅੱਜ ਵਾਂਙ ਗਰਮ ਨਹੀਂ ਹੁੰਦਾ ਸੀ ਅਤੇ ਅਜੇ ਮੌਸਮ ਬਹੁਤ ਸੁਹਾਵਣਾ ਹੁੰਦਾ ਸੀ॥ਵਾਢੀਆਂ ਅੱਜ ਨਾਲੋਂ ਲੇਟ ਸ਼ੁਰੂ ਹੁੰਦੀਆਂ ਸਨ ਅਤੇ ਕਣਕ ਨੂੰ ਸੰਭਾਲਦਿਆਂ ਅੱਧ ਜੇਠ ਆ ਜਾਂਦਾ ਸੀ॥ਇੱਕ ਪਾਸੇ ਸੁਹਾਵਣਾ ਮੌਸਮ ਅਤੇ ਦੂਜੇ ਪਾਸੇ ਪੱਕੀਆਂ ਫ਼ਸਲ਼ਾਂ ਦਾ ਨਸ਼ਾ, ਲੋਕਾਂ ਦੇ ਮਨਾਂ ਵਿੱਚ ਖ਼ੁਸ਼ੀਆਂ ਦਾ ਮਾਹੌਲ ਪੈਦਾ ਕਰ ਦਿੰਦਾ ਸੀ ਅਤੇ ਪੰਜਾਬੀ ਝੂਮ ਉੱਠਦੇ ਸਨ॥ ਉਹ ਸਾਰੇ ਰਲ਼ ਕੇ ਮੇਲੇ ਦੇ ਰੂਪ ਵਿੱਚ ਇਕੱਠੇ ਹੋ ਕੇ ਖ਼ੁਸ਼ੀਆਂ ਮਨਾਉਂਦੇ ਸਨ॥ ਸੋ ਇਸ ਦਿਨ ਤੇ ਲੋਕਾਂ ਦਾ ਇਕੱਠ ਚਿਰਾਂ ਤੋਂ ਹੁੰਦਾ ਚਲਿਆ ਆ ਰਿਹਾ ਸੀ ਤੇ ਇਹ ਕੋਈ ਨਵੀਂ ਗੱਲ ਨਹੀਂ ਸੀ॥
ਦੂਸਰੀ ਗੱਲ ਇਹ ਵੀ ਸੀ ਕਿ ਗੁਰ ਇਤਿਹਾਸ ਵਿੱਚ ਵਿਸਾਖ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ॥ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਰਜੁਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਪ੍ਰਕਾਸ਼ ਵਿਸਾਖ ਦੇ ਮਹੀਨੇ ਵਿੱਚ ਹੀ ਹੋਇਆ॥ ਇਸ ਤੋਂ ਛੁੱਟ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਇਸ ਮਹੀਨੇ ਜੋਤੀ ਜੋਤ ਸਮਾਏ, ਅਤੇ ਸ੍ਰੀ ਗੁਰੂ ਅਮਰ ਦਾਸ ਜੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਗੁਰਿਆਈ ਵੀ ਇਸੇ ਮਹੀਨੇ ਮਿਲ਼ੀ॥ਸੋ ਦੋਵਾਂ ਹੀ ਪੱਖਾਂ ਤੋਂ ਖ਼ਾਲਸੇ ਦੇ ਇਕੱਠ ਲਈ ਇਸ ਦਿਨ ਦੀ ਚੋਣ ਸਭ ਤੋਂ ਵਧੀਆ ਸੀ॥ ਹੋਰ ਕਿਹੜਾ ਦਿਨ ਹੋ ਇਸ ਤੋਂ ਵਧੀਆ ਹੋ ਸਕਦਾ ਸੀ? ਦੇਸ ਦੇ ਹਰ ਕੋਨੇ ਵਿੱਚ ਸਿੱਖ ਸੰਗਤਾਂ ਨੂੰ ਉਚੇਚੇ ਸੁਨੇਹੇ ਭੇਜੇ ਗਏ ਅਤੇ ਸੰਗਤਾਂ ਵੀ ਬੜੇ ਜੋਸ਼ ਅਤੇ ਉਤਸ਼ਾਹ ਨਾਲ਼ ਆਪਣੇ ਪਿਆਰੇ ਗੁਰੂ ਦੇ ਦਰਸ਼ਨਾਂ ਨੂੰ ਵਹੀਰਾਂ ਘੱਤ ਕੇ ਆਈਆਂ॥ ਅਨੰਦਪੁਰ ਵਿੱਚ ਰੌਣਕਾਂ ਹੀ ਰੌਣਕਾਂ ਸਨ ਤੇ ਇਹ ਨਗਰੀ ਸੰਗਤਾਂ ਲਈ ਹਰ ਤਰ੍ਹਾਂ ਅਨੰਦਮਈ ਬਣ ਗਈ॥
ਪਰਖ ਦੀ ਵਿਧੀ: ਦਸਮੇਸ਼ ਜੀ ਨੇ ਖਾਲਸੇ ਦੀ ਪਰਖ ਲਈ ਉਹ ਟੈਸਟ ਚੁਣਿਆਂ ਜਿਹੜਾ ਪ੍ਰਤੱਖ ਤੌਰ ਤੇ ਬਹੁਤ ਹੀ ਕਰੜਾ ਸੀ॥ ਹਜ਼ਾਰਾਂ ਦੀ ਗਿਣਤੀ ਵਾਲ਼ੇ ਵਿਸ਼ਾਲ ਇਕੱਠ ਵਿੱਚ (ਇਤਿਹਾਸਕਾਰ ਉਸ ਦਿਨ ਸੰਗਤਾਂ ਦੀ ਗਿਣਤੀ ਪੰਜਾਹ ਤੋਂ ਸੱਠ ਹਜ਼ਾਰ ਦੀ ਲਿਖਦੇ ਹਨ) ਦਸਮੇਸ਼ ਜੀ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਸੰਗਤਾਂ ਦੇ ਸਾਹਮਣੇ ਆਏ ਅਤੇ ਇੱਕ ਸੀਸ ਦੀ ਮੰਗ ਕੀਤੀ॥ ਦਸਮੇਸ਼ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਂਦਾ ਸੀ ਅਤੇ ਉਹਨਾਂ ਨੇ ਆਪਣੇ ਤੇਜਮਈ ਚਿਹਰੇ ਦਾ ਰੰਗ ਵੀ ਕੁਝ ਇਵੇਂ ਦਾ ਬਣਾਇਆ ਹੋਇਆ ਸੀ ਕਿ ਕਮਜ਼ੋਰ-ਦਿਲ ਮਨੁੱਖ ਸਤਿਗੁਰਾਂ ਦਾ ਚਿਹਰਾ ਵੇਖ ਕੇ ਬਹੁਤ ਸਹਿਮ ਗਏ ਸਨ॥ ਸਤਿਗੁਰਾਂ ਨੇ ਇੱਕ ਵਾਰ ਫ਼ਿਰ ਆਪਣੀ ਮੰਗ ਦੁਹਰਾਈ ਤਾਂ ਇੱਕ ਸਿਦਕੀ ਸੂਰਮਾ ਸਤਿਗੁਰਾਂ ਦੇ ਸਨਮੁੱਖ ਹੋ ਕੇ ਹੱਥ ਜੋੜ ਕੇ ਖਲੋ ਗਿਆ ਅਤੇ ਕਹਿਣ ਲੱਗਾ, “ਪਾਤਸ਼ਾਹ ਇਹ ਸਿਰ ਸਦਾ ਤੋਂ ਹੀ ਤੇਰਾ ਸੀ, ਇਸਨੂੰ ਜਿਵੇਂ ਚਾਹੋ ਵਰਤੋ॥ ਚਲੋ ਮੈਂ ਹਾਜ਼ਰ ਹਾਂ॥” ਬਿਨਾ ਕਿਸੇ ਦਇਆ ਦੇ, ਸਤਿਗੁਰੂ ਭਾਈ ਦਇਆ ਰਾਮ ਜੀ ਖੱਤਰੀ, ਜੋ ਲਾਹੌਰ ਦੇ ਵਾਸੀ ਸਨ, ਨੂੰ ਖਿੱਚ ਕੇ ਇੱਕ ਤੰਬੂ ਵਿੱਚ ਲੈ ਗਏ॥ ਤੰਬੂ ਦੇ ਅੰਦਰ ਕੀ ਵਾਪਰਿਆ, ਇਹ ਜਾਂ ਦਸਮੇਸ਼ ਜੀ ਆਪ ਹੀ ਜਾਣਦੇ ਹਨ ਜਾਂ ਅਕਾਲਪੁਰਖ॥ ਵੱਖ ਵੱਖ ਵਿਦਵਾਨ ਆਪੋ ਆਪਣੇ ਕਿਆਫ਼ੇ ਹੀ ਲਾਉਂਦੇ ਹਨ ਕਿ ਕੀ ਹੋਇਆ॥ਸੰਗਤਾਂ ਨੇ ਬਾਹਰ ਤਲਵਾਰ ਦਾ ਵਾਰ ਚੱਲਣ ਅਤੇ ਕਿਸੇ ਭਾਰੀ ਵਸਤੂ ਦੇ ਡਿੱਗਣ ਵਾਲ਼ੀ ਅਵਾਜ਼ ਸੁਣੀ॥
ਜਦ ਸਤਿਗੁਰੂ ਬਾਹਰ ਆਏ ਤਾਂ ਉਹਨਾਂ ਦੀ ਤਲਵਾਰ ਲਹੂ ਨਾਲ਼ ਲੱਥ-ਪੱਥ ਸੀ ਅਤੇ ਉਹਨਾਂ ਦੇ ਚਿਹਰੇ ਦੇ ਤੇਜ ਨੇ ਲੋਕਾਂ ਵਿੱਚ ਹੋਰ ਵੀ ਡਰ ਭਰ ਦਿੱਤਾ॥ ਕੁਝ ਤਾਂ ਪੰਡਾਲ ਛੱਡ ਕੇ ਹੀ ਨੱਸ ਗਏ ਤੇ ਕੁਝ ਨੇ ਮਾਤਾ ਗੁਜਰੀ ਜੀ ਕੋਲ਼ ਜਾ ਸ਼ਕਾਇਤ ਕੀਤੀ॥ ਸਤਿਗੁਰਾਂ ਨੇ ਆ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ॥ ਇਸ ਵਾਰ ਲੋਕਾਂ ਨੂੰ ਇਹ ਪੂਰਾ ਨਿਸਚਾ ਹੋ ਗਿਆ ਸੀ ਕਿ ਸਤਿਗੁਰਾਂ ਨੇ ਸੱਚਮੁੱਚ ਹੀ ਦਇਆ ਰਾਮ ਜੀ ਦਾ ਸੀਸ ਕੱਟ ਦਿੱਤਾ ਸੀ॥ ਸੋ ਡਰ ਹੋਰ ਵਧ ਗਿਆ॥ ਪਰ ਸਾਨੂੰ ਇਹ ਬਹੁਤ ਮਾਣ ਹੈ ਕਿ ਸਾਡੇ ਪੁਰਖਿਆਂ ਵਿੱਚੋਂ ਕੁਝ ਅਜਿਹੇ ਸਨ ਜਿਹਨਾਂ ਦਾ ਸਤਿਗੁਰੂ ਜੀ ਵਿੱਚ ਅਟੁੱਟ ਵਿਸ਼ਵਾਸ ਸੀ ਤੇ ਉਹਨਾਂ ਨੂੰ ਸੀਸ ਭੇਟ ਕਰਨਾ ਆਪਣਾ ਧੰਨਭਾਗ ਸਮਝਦੇ ਸਨ॥ ਸ਼ਾਇਦ ਉਹਨਾਂ ਦੇ ਮਨ ਵਿੱਚ ਪਾਵਨ ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਸਲੋਕ ਰਸ ਭਰ ਰਿਹਾ ਸੀ ਤੇ ਉਤਸ਼ਾਹ ਜਗਾ ਰਿਹਾ ਸੀ: ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਸੋ ਦਿੱਲੀ ਤੋਂ ਇੱਕ ਹੋਰ ਸੂਰਮਾ ਧਰਮ ਚੰਦ ਜੱਟ ਉੱਠਿਆ ਤੇ ਉਸ ਨੇ ਬੜੇ ਪਿਆਰ ਨਾਲ਼ ਸਤਿਗੁਰੂ ਦੇ ਚਰਨਾਂ ਤੇ ਜਾ ਮੱਥਾ ਟੇਕਿਆ॥ਗੁਰੂ ਸਾਹਿਬ ਉਸਨੂੰ ਵੀ ਖਿੱਚ ਕੇ ਤੰਬੂ ਵਿੱਚ ਲੈ ਗਏ॥ ਸੰਗਤਾਂ ਨੇ ਬਾਹਰ ਫ਼ਿਰ ਉਹੋ ਹੀ ਸੁਣਿਆ ਜੋ ਪਹਿਲਾਂ ਭਾਈ ਦਇਆ ਰਾਮ ਜੀ ਦੀ ਵਾਰੀ ਸੁਣ ਚੁੱਕੇ ਸੀ॥
ਇਸ ਤਰ੍ਹਾਂ ਗੁਰੂ ਸਾਹਿਬ ਨੇ ਵਾਰੀ ਵਾਰੀ ਪੰਜ ਸੀਸਾਂ ਦੀ ਮੰਗ ਕੀਤੀ ਜਿਹੜੀ ਮਰਜੀਵੜੇ ਸਿੱਖਾਂ ਨੇ ਅਤਿ ਸ਼ਰਧਾ ਨਾਲ ਪੂਰੀ ਕੀਤੀ॥ਗੁਰੂ ਸਾਹਿਬ ਵਾਰੋ ਵਾਰੀ ਹਰੇਕ ਸਿੱਖ ਨੂੰ ਤੰਬੂ ਵਿੱਚ ਲੈ ਗਏ॥ ਕੁਝ ਦੇਰ ਪਿੱਛੋਂ ਗੁਰੂ ਸਾਹਿਬ ਪੰਜਾਂ ਸਿੱਖਾਂ ਨੂੰ ਸੁਹਣੀਆਂ ਪੁਸ਼ਾਕਾਂ ਪੁਆ ਕੇ ਬਾਹਰ ਪੰਡਾਲ਼ ਵਿੱਚ ਲੈ ਆਏ॥ਸਾਰਿਆਂ ਦੇ ਚਿਹਰਿਆਂ ਤੇ ਰੱਬੀ ਨੂਰ ਝਲ਼ਕਦਾ ਸੀ ਅਤੇ ਗੁਰੂ ਸਾਹਿਬ ਦੇ ਚਿਹਰੇ ਤੇ ਹੁਣ ਮਿੱਠੀ ਮੁਸਕਾਨ ਤੇ ਠੰਢ ਵਰਤਾਉਣ ਵਾਲ਼ਾ ਜਮਾਲ ਸੀ॥ ਗੁਰੂ ਸਾਹਿਬ ਨੇ ਇਹਨਾਂ ਨੂੰ ਪੰਜ ਪਿਆਰੇ ਆਖ ਕੇ ਨਿਵਾਜਿਆ॥ ਥੋੜ੍ਹੀ ਦੇਰ ਬਾਅਦ ਗੁਰੂ ਸਾਹਿਬ ਨੇ ਆਪਣੇ ਹੱਥੀਂ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਪੰਜਾਂ ਪਿਆਰਿਆਂ ਨੂੰ ਛਕਾਇਆ ਤੇ ਆਪ ਉਹਨਾਂ ਕੋਲ਼ੋਂ ਛਕਿਆ॥ ਗੁਰੂ ਸਾਹਿਬ ਨੇ ਸਾਰਿਆਂ ਨੂੰ ਸਿੰਘ ਦਾ ਨਾਮ ਬਖ਼ਸ਼ਿਆ ਤੇ ਆਪ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ॥
ਇਹ ਪੰਜ ਮਹਾਨ ਸਿੱਖਾਂ ਦੇ, ਜੋ ਸਿੰਘ ਸੱਜ ਗਏ, ਵੇਰਵੇ ਇਸ ਪ੍ਰਕਾਰ ਹਨ॥
ਭਾਈ ਦਇਆ ਰਾਮ (ਸਿੰਘ) ਜੀ: ਲਾਹੌਰ ਦੇ ਵਾਸੀ ਜਾਤ ਖੱਤਰੀ
ਭਾਈ ਧਰਮ ਦਾਸ (ਸਿੰਘ) ਜੀ: ਦਿੱਲੀ ਦੇ ਵਾਸੀ ਜਾਤ ਜੱਟ
ਭਾਈ ਹਿੰਮਤ ਰਾਇ (ਸਿੰਘ) ਜੀ: ਜਗਨਨਾਥ ਪੁਰੀ ਦੇ ਵਾਸੀ ਜਾਤ ਝੀਵਰ
ਭਾਈ ਮੁਹਕਮ ਚੰਦ (ਸਿੰਘ) ਜੀ: ਬਿਦਰ (ਕਰਨਾਟਕ) ਨਿਵਾਸੀ ਜਾਤ ਛੀਂਬਾ
ਭਾਈ ਸਾਹਿਬ ਚੰਦ (ਸਿੰਘ) ਜੀ: ਦਵਾਰਕਾ ਨਿਵਾਸੀ ਜਾਤ ਨਾਈ॥
ਕੁਝ ਵਿਦਵਾਨ ਪੰਜ ਪਿਆਰਿਆਂ ਦਾ ਪਿਛੋਕੜ ਇੰਜ ਦੱਸਦੇ ਹਨ:
ਭਾਈ ਦਇਆ ਸਿੰਘ ਜੀ: ਪਿੰਡ ਡੱਲ, ਪਰਗਣਾ (ਜ਼ਿਲਾ) ਲਾਹੌਰ
ਭਾਈ ਧਰਮ ਸਿੰਘ ਜੀ: ਪਿੰਡ ਜਟਵਾੜਾ, ਪਰਗਣਾ ਸਹਾਰਨਪੁਰ
ਭਾਈ ਹਿੰਮਤ ਸਿੰਘ ਜੀ: ਪਿੰਡ ਸੰਗਤਪੁਰਾ, ਪਰਗਣਾ ਪਟਿਆਲਾ
ਭਾਈ ਮੁਹਕਮ ਸਿੰਘ ਜੀ: ਪਿੰਡ ਬੂਰੀਆ, ਪਰਗਣਾ ਅੰਬਾਲਾ
ਭਾਈ ਸਾਹਿਬ ਸਿੰਘ ਜੀ: ਪਿੰਡ ਨੰਗਲ ਸ਼ਹੀਦਾਂ, ਪਰਗਣਾ ਹੁਸ਼ਿਆਰ ਪੁਰ
ਹੋ ਸਕਦਾ ਹੈ ਕਿ ਇਹ ਦੋਵੇਂ ਹੀ ਤੱਥ ਠੀਕ ਹੋਣ॥ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਪੰਜੇ ਹੀ ਸੂਰਮੇ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਸਨ ਅਤੇ ਸਾਰੇ ਹੀ ਕੇਸਾਧਾਰੀ ਸਨ॥ ਇਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਮ ਹੀ ਆਉਂਦੇ ਰਹਿੰਦੇ ਹੋਣਗੇ॥ ਇਹਨਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਬਾਹਰ (ਖ਼ਾਸ ਤੌਰ ਤੇ ਭਾਈ ਹਿੰਮਤ ਰਾਇ, ਭਾਈ ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ) ਦੇ ਵਾਸੀ ਹੋਣਗੇ, ਪਰ ਗੁਰੂ ਘਰ ਨਾਲ਼ ਅਤਿ ਸ਼ਰਧਾ ਹੋਣ ਕਰਕੇ ਇਹ ਅਨੰਦਪੁਰ ਸਾਹਿਬ ਦੇ ਆਸ ਪਾਸ ਆ ਕੇ ਵੱਸ ਗਏ ਹੋਣਗੇ॥ ਚਲੋ ਅਸਲੀਅਤ ਭਾਵੇਂ ਕੁਝ ਵੀ ਹੋਵੇ, ਇਹ ਪੰਜੇ ਮਹਾਂਪੁਰਖ ਭਾਰਤ ਦੇ ਹਰ ਕੋਨੇ ਅਤੇ ਸਮਾਜ ਦੀ ਹਰ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਹਨ (ਉੱਪਰ ਇਹਨਾਂ ਦੀਆਂ ਜਾਤਾਂ ਦੱਸਣ ਦਾ ਮਹੱਤਵ ਇਹੋ ਹੀ ਸੀ॥ਉਂਞ ਖ਼ਾਲਸਾ ਜਾਤ ਪਾਤ ਨੂੰ ਨਹੀਂ ਮੰਨਦਾ)॥ ਹਾਂ, ਬ੍ਰਾਹਮਣ ਸ਼੍ਰੇਣੀ ਜ਼ਰੂਰ ਗ਼ੈਰਹਾਜ਼ਰ ਹੈ, ਪਰ ਇਸ ਵਿੱਚ ਐਡੀ ਹੈਰਾਨੀ ਵਾਲ਼ੀ ਵੀ ਕੋਈ ਗੱਲ ਨਹੀਂ ਕਿਉਂਕਿ ਗੁਰਮਤਿ ਦੀ ਸਭ ਤੋਂ ਕਰੜੀ ਵਿਰੋਧਤਾ ਬ੍ਰਾਹਮਣਾਂ ਨੇ ਹੀ ਕੀਤੀ ਸੀ॥
ਇਹਨਾਂ ਪੰਜਾਂ ਹੀ ਮਹਾਂਪੁਰਖਾਂ ਦੇ ਨਾਮ ਅਤੇ ਇਹਨਾਂ ਦੇ ਸੀਸ ਭੇਟਾ ਕਰਨ ਦੀ ਤਰਤੀਬ ਵੀ ਮਨੁੱਖ ਨੂੰ ਅਚੰਭੇ ਵਿੱਚ ਪਾਉਂਦੀ ਹੈ॥ ਦਇਆ, ਧਰਮ, ਹਿੰਮਤ, ਅਤੇ ਮੁਹਕਮਤਾਈ (ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖਣ ਦੀ ਦ੍ਰਿੜਤਾ) ਗੁਰਮਤਿ ਦੇ ਜ਼ਰੂਰੀ ਅੰਗ ਹਨ ਅਤੇ ਇਹਨਾਂ ਦਾ ਸੰਗ੍ਰਹਿ ਹੀ ਸਾਹਿਬ ਦੀ ਪਦਵੀ ਦਿਵਾਉਂਦਾ ਹੈ (ਅਕਾਲਪੁਰਖ ਨਾਲ਼ ਜੋੜਦਾ ਹੈ)॥ ਸੋ ਕਿੰਨੇ ਉੱਚ ਪੱਧਰ ਦੇ ਗੁਣਾਂ ਨੂੰ ਦਰਸਾਉਂਦੇ ਹਨ ਇਹ ਪਾਵਨ ਨਾਮ! ਕੀ ਇਹ ਸ਼ੁਭ ਨਾਮ ਇੱਕ ਘਟਨਾ ਹੀ ਸਨ? ਇਹਨਾਂ ਮਹਾਂਪੁਰਖਾਂ ਦੇ ਸੀਸ ਭੇਟ ਕਰਨ ਦੀ ਤਰਤੀਬ ਵੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ॥ ਗੁਰਮਤਿ ਵਿੱਚ ਦਇਆ ਨੂੰ ਸਭ ਤੋਂ ਵੱਧ ਮਹੱਤਤਾ ਦਿੱਤੀ ਗਈ ਹੈ॥ ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਧਰਮ ਨੂੰ ਦਇਆ ਦਾ ਪੁੱਤਰ ਕਰ ਕੇ ਲਿਖਦੇ ਹਨ॥
ਜਪੁਜੀ (ਪਉੜੀ 16): ਧੌਲ ਧਰਮ ਦਇਆ ਕਾ ਪੂਤੁ॥ ਸੰਤੋਖ ਥਾਪਿ ਰਖਿਆ ਜਿਨਿ ਸੂਤਿ॥
ਜਿੱਥੇ ਦਇਆ ਹੈ ਉਥੇ ਖ਼ਿਮਾ ਦਾ ਹੋਣਾ ਸੁਭਾਵਕ ਹੀ ਹੈ॥ ਕਬੀਰ ਸਾਹਿਬ ਅਤੇ ਫ਼ਰੀਦ ਜੀ ਨੇ ਵੀ ਖ਼ਿਮਾ ਦੇ ਗੁਣ ਨੂੰ ਸ੍ਰੇਸ਼ਟ ਮੰਨਿਆ ਹੈ ਤੇ ਕਬੀਰ ਸਾਹਿਬ ਲਿਖਦੇ ਹਨ ਕਿ ਜਿਸ ਹਿਰਦੇ ਵਿੱਚ ਖ਼ਿਮਾ ਹੈ ਉਥੇ ਪ੍ਰਭੂ ਆਪ ਵੱਸਦਾ ਹੈ॥
ਸਲੋਕ ਕਬੀਰ ਜੀ (155): ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥
ਸਲੋਕ ਫਰੀਦ ਜੀ (7): ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨ੍ਹਾ ਨਾ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ॥
ਇਹਨਾਂ ਪੰਜਾਂ ਸੂਰਮਿਆਂ ਵਿੱਚੋਂ “ਦਇਆ” ਰਾਮ ਜੀ ਹੀ ਸਭ ਤੋਂ ਪਹਿਲਾਂ ਨਿੱਤਰੇ॥ ਫ਼ਿਰ ਕਰਮਵਾਰ ਧਰਮ ਤੇ ਹਿਮੰਤ ਆਏ॥ ਸੋ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਚਿੱਤਵਿਆ ਹੋਇਆ ਸੀ, ਪੰਜ ਪਿਆਰਿਆਂ ਨੇ ਖ਼ਾਲਸੇ ਵਿੱਚ ਉਹ ਸਾਰੇ ਦੈਵੀ ਗੁਣ ਸਾਬਤ ਕਰ ਦਿੱਤੇ॥ ਕੀ ਇਸ ਨੂੰ ਇੱਕ ਸਧਾਰਣ ਘਟਨਾ ਹੀ ਸਮਝਿਆ ਜਾਣਾ ਚਾਹੀਦਾ ਹੈ?
ਤੰਬੂ ਦੇ ਅੰਦਰ ਕੀ ਵਾਪਰਿਆ: ਇਹਨਾਂ ਯੋਧਿਆਂ ਨੂੰ ਤੰਬੂ ਦੇ ਅੰਦਰ ਖੜ ਕੇ ਸਾਹਿਬਾਂ ਨੇ ਕੀ ਕੀਤਾ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ॥ਸਭ ਆਪੋ ਆਪਣੇ ਅੰਦਾਜ਼ੇ ਹੀ ਲਾਉਂਦੇ ਹਨ॥ ਕੁਝ ਲੋਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਜੇ ਸਤਿਗੁਰਾਂ ਨੇ ਸੀਸ ਮੰਗੇ ਤਾਂ ਉਹਨਾਂ ਨੇ ਸੱਚਮੁੱਚ ਸੀਸ ਲਏ (ਭਾਵ ਕੱਟ ਕੇ ਨਵੇਂ ਲਾਏ)॥ ਪਰ ਇਸ ਗੱਲ ਵਿੱਚ ਭੋਰੀ ਵੀ ਵਜ਼ਨ ਨਹੀਂ॥ ਜੇ ਇਸਨੂੰ ਸੱਚ ਮੰਨ ਲਈਏ ਤਾਂ ਅਸੀਂ ਅਨਭੋਲ ਇਹ ਕਹਿ ਰਹੇ ਹਾਂ ਕਿ ਦਸਮੇਸ਼ ਜੀ ਨੂੰ ਆਪਣੇ ਰੱਬ ਦੇ ਕੀਤੇ ਤੇ ਭਰੋਸਾ ਨਹੀਂ ਸੀ॥ ਕੀ ਅਜਿਹਾ ਹੋ ਸਕਦਾ ਹੈ? ਹਰਗਿਜ਼ ਨਹੀਂ॥ ਸੋ ਇਹ ਵੀਚਾਰ ਤਾਂ ਬਿਲਕੁਲ ਨਿਰਮੂਲ਼ ਹੈ॥ ਉਂਞ ਵੀ ਗੁਰਬਾਣੀ ਵਿੱਚ ਸਤਿਗੁਰੂ ਨੂੰ ਸੀਸ ਭੇਟ ਕਰਨ ਦੀ ਗੱਲ ਤਾਂ ਦਰਜਨਾਂ ਵਾਰ ਆਉਂਦੀ ਹੈ ਜਿਸਦਾ ਭਾਵ ਹੈ ਕਿ ਸਤਿਗੁਰ ਦੀ ਮੱਤ ਲੈ ਕੇ ਉਸਦੀ ਸਿੱਖਿਆ ਤੇ ਚੱਲਣਾ ਅਤੇ ਆਪਣੀ ਮਨ ਮਰਜੀ ਨਹੀਂ ਕਰਨੀ॥ ਇਹਨਾਂ ਪਾਵਨ ਸ਼ਬਦਾਂ ਵੱਲ ਧਿਆਨ ਦਿਉ॥
ਆਸਾ ਮ:1 ਅਸ਼ਟਪਦੀ (420)॥ ------ ਜਹ ਦੇਖਾ ਤ ਸੋਇ ਅਵਰੁ ਨ ਜਾਣੀਐ॥ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ॥ ------ ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ॥ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੈ॥
ਆਸਾ ਮ:1 ਅਸ਼ਟਪਦੀ (420)॥ ------ ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ॥ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ॥
ਸਲੋਕ ਮ:3 (649)॥ ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥ਸਬਦਿ ਮਰਹਿ ਫਿਰਿ ਨ ਮਰਹਿ ਤ ਸੇਵਾ ਪਵਹਿ ਸਭ ਥਾਇ॥
ਸੋ ਜਦ ਦਸਮੇਸ਼ ਜੀ ਨੇ ਸੀਸ ਮੰਗੇ ਤਾਂ ਉਹਨਾਂ ਦਾ ਭਾਵ ਸੀਸ ਕੱਟਣ ਤੋਂ ਕਤੱਈ ਨਹੀਂ ਸੀ॥ ਉਹਨਾਂ ਤਾਂ ਕੇਵਲ ਸਿੱਖਾਂ ਦੇ ਆਪਣੇ ਗੁਰੂ ਪ੍ਰਤੀ ਵਿਸ਼ਵਾਸ ਦੀ ਹੀ ਪਰਖ ਕਰਨੀ ਸੀ॥
ਕੁਝ ਲੋਕ ਕਹਿੰਦੇ ਹਨ ਕਿ ਦਸਮੇਸ਼ ਜੀ ਨੇ ਤੰਬੂ ਵਿੱਚ ਬੱਕਰੇ ਝਟਕਾਏ ਸਨ॥ ਇਹ ਸੰਭਵ ਤਾਂ ਹੋ ਸਕਦਾ ਹੈ ਪਰ ਅਜਿਹਾ ਹੋਇਆ ਲਗਦਾ ਨਹੀਂ॥ ਇਹ ਕਿਵੇਂ ਹੋ ਸਕਦਾ ਹੈ ਕਿ ਬੱਕਰੇ ਤੰਬੂ ਵਿੱਚ ਡੱਕੇ ਹੋਣ ਅਤੇ ਉਹਨਾਂ ਦੇ ਮਿਆਂਕਣ ਦੀ ਅਵਾਜ਼ ਬਾਹਰ ਨਾਂ ਆਵੇ॥ਉਂਞ ਵੀ ਇਹ ਸਾਰਾ ਪ੍ਰਬੰਧ ਕਰਨ ਲਈ ਕਈ ਮਨੁੱਖਾਂ ਦੀ ਲੋੜ ਪੈਂਦੀ ਹੈ ਅਤੇ ਕਿਸੇ ਨਾਂ ਕਿਸੇ ਕੋਲੋਂ ਇਹ ਭੇਦ ਬਾਹਰ ਨਿਕਲ ਹੀ ਜਾਂਦਾ ਹੈ॥ਕਿਉਂਕਿ ਕਿਸੇ ਵੀ ਵੇਲ਼ੇ ਅਜਿਹਾ ਹੋਇਆ ਨਹੀਂ, ਸਪੱਸ਼ਟ ਹੈ ਕਿ ਬੱਕਰੇ ਵੀ ਨਹੀਂ ਝਟਕਾਏ ਗਏ॥ ਸੋ ਇਹ ਭੇਦ ਕੇਵਲ ਤੇ ਕੇਵਲ ਸਤਿਗੁਰੂ ਆਪ ਹੀ ਜਾਣਦੇ ਹਨ॥
ਖੰਡੇ-ਬਾਟੇ ਦਾ ਅੰਮ੍ਰਿਤ: ਖਾਲਸੇ ਦੀ ਕਰੜੀ ਪਰਖ ਲੈਣ ਤੋਂ ਬਾਅਦ ਕਲਗੀਧਰ ਜੀ ਨੇ ਲੋਕਾਂ ਨੂੰ ਇਹ ਵਿਖਾ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਿੱਤਵੀ ਹੋਈ ਖ਼ਾਲਸੇ ਦੀ ਤਸਵੀਰ ਮੁਕੰਮਲ ਹੋ ਚੁੱਕੀ ਸੀ॥ ਪਰ ਦੂਰ-ਦਰਸ਼ੀ ਸਤਿਗੁਰੂ ਨੇ ਇਸ ਤਸਵੀਰ ਨੂੰ (ਵਿਕਾਰਾਂ ਅਤੇ ਮਾਇਆ) ਦੇ ਝੱਖੜਾਂ ਤੋਂ ਬਚਾ ਕੇ ਰੱਖਣ ਲਈ ਇਸ ਦੇ ਦੁਆਲੇ ਸੁਰੱਖਿਆ ਦੇ ਕੁਝ ਪ੍ਰਬੰਧ ਕਰਨੇ ਜ਼ਰੂਰੀ ਸਮਝੇ ਅਤੇ ਉਹਨਾਂ ਨੂੰ ਰਹਿਤਨਾਮੇ ਦਾ ਰੂਪ ਦਿੱਤਾ॥ ਸਭ ਤੋਂ ਪਹਿਲਾਂ ਤਾਂ ਸਤਿਗੁਰਾਂ ਆਪਣੇ ਪਾਵਨ ਹਸਤ ਕਮਲ਼ਾਂ ਨਾਲ਼ ਖੰਡੇ-ਬਾਟੇ ਦੀ ਪਾਹੁਲ ਤਿਆਰ ਕੀਤੀ॥ਉਹਨਾਂ ਨੇ ਇਸਪਾਤ (ਸਟੀਲ) ਦੇ ਇੱਕ ਖੁਲ੍ਹੇ ਬਾਟੇ ਵਿੱਚ ਨਿਰਮਲ ਪਾਣੀ ਅਤੇ ਪਤਾਸੇ ਪਾ ਕੇ ਪੰਜ ਬਾਣੀਆਂ ਦੇ ਪਾਠ ਕਰਨ ਦੇ ਨਾਲ਼ ਨਾਲ਼ ਇਸ ਘੋਲ਼ ਵਿੱਚ ਖੰਡਾ ਫੇਰਦੇ ਰਹੇ॥ ਜਦ ਪਾਹੁਲ ਤਿਆਰ ਹੋ ਗਈ ਤਾਂ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਛਕਾ ਕੇ ਫ਼ਿਰ ਉਹਨਾਂ ਪਾਸੋਂ ਆਪ ਛਕੀ॥ ਪਾਹੁਲ ਦਾ ਭਾਵ ਹੈ ਪਾਹ ਜੋ ਕੱਪੜਿਆਂ ਨੂੰ ਪੱਕਾ ਰੰਗ ਦੇਣ ਤੋਂ ਪਹਿਲਾਂ ਉਹਨਾਂ ਨੂੰ ਲਾਈ ਜਾਂਦੀ ਹੈ॥ ਪਾਹੁਲ ਦਾ ਨਾਂ ਬਦਲ ਕੇ ਅੰਮ੍ਰਿਤ ਕਦੇ ਬਾਅਦ ਵਿੱਚ ਹੀ ਬਣਿਆ॥ ਇਹ ਪਾਹੁਲ ਛਕਾ ਕੇ ਸਤਿਗੁਰੂ ਜੀ ਨੇ ਗੁਰਮਤਿ ਦੀ ਸਿਧਾਂਤਕ ਸਿੱਖਿਆ ਦੇ ਨਾਲ਼ ਨਾਲ਼ ਖ਼ਾਲਸੇ ਨੂੰ ਹੇਠ ਲਿਖੀ ਰਹਿਤ ਰੱਖਣ ਦਾ ਵੀ ਹੁਕਮ ਕੀਤਾ॥
ਕੇਸ: ਕੁਦਰਤ ਦੀ ਦੇਣ ਹੈ ਤੇ ਸਰੀਰ ਦਾ ਜ਼ਰੂਰੀ ਅੰਗ ਹਨ॥ਇਹਨਾਂ ਦਾ ਪੂਰਾ ਸਤਿਕਾਰ ਰੱਖਣਾ ਹਰ ਸਿੱਖ ਦਾ ਧਰਮ ਹੈ॥ ਇਹ ਸਿੱਖਾਂ ਨੂੰ ਨਿਵੇਕਲੀ ਪਛਾਣ ਵੀ ਬਖ਼ਸ਼ਦੇ ਹਨ ਅਤੇ ਉਸ ਵੇਲ਼ੇ ਸਤਿਗੁਰਾਂ ਇਹ ਵੀ ਬਚਨ ਕੀਤਾ ਕਿ ਸਿੱਖ ਉਨਾਂ ਚਿਰ ਹੀ ਜਾਹੋ ਜਲਾਲ ਵਾਲ਼ੇ ਰਹਿਣਗੇ ਜਿੰਨਾ ਚਿਰ ਇਹ ਆਪਣੀ ਵੱਖਰੀ ਪਛਾਣ ਰੱਖਣਗੇ॥ ਜਦੋਂ ਇਹ ਆਪਣੀ ਵੱਖਰੀ ਪਛਾਣ ਗੁਆ ਬਹਿਣਗੇ, ਨਾਂ ਕੇਵਲ ਇਹ ਆਪਣਾ ਸਤਿਕਾਰ ਖੋਹ ਬਹਿਣਗੇ ਸਗੋਂ ਸਤਿਗੁਰੂ ਦੀ ਖ਼ੁਸ਼ੀ ਵੀ ਤੋਂ ਵੀ ਵਾਞੇਂ ਰਹਿਣਗੇ॥
ਕੰਘਾ: ਕੇਸਾਂ ਦੀ ਸਫ਼ਾਈ ਅਤੇ ਸੰਭਾਲ ਲਈ ਸਿੱਖ ਲਈ ਹਰ ਰੋਜ਼ ਕੰਘਾ ਕਰਨ ਦੀ ਲੋੜ ਹੈ, ਜਿਸ ਵਾਸਤੇ ਸਿੱਖ ਨੂੰ ਕੇਸਾਂ ਵਿੱਚ ਕੰਘਾ ਰੱਖਣਾ ਜ਼ਰੂਰੀ ਹੈ॥
ਕੱਛਾ: ਸਿੱਖ ਨੂੰ ਉੱਚਾ ਤੇ ਸੁੱਚਾ ਜੀਵਨ ਬਿਤਾਉਣ ਲਈ ਸੁਚੇਤ ਰੱਖਦਾ ਹੈ॥
ਕਿਰਪਾਨ: ਹਰ ਕਿਸਮ ਦੀ ਬੁਰਾਈ ਨਾਲ਼ ਟਾਕਰਾ ਕਰਨ ਲਈ ਸਿੱਖ ਨੂੰ ਸੁਚੇਤ ਕਰਦੀ ਹੈ॥ਧਿਆਨ ਰਹੇ ਕਿਰਪਾਨ ਜ਼ੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਲੜਨ ਲਈ ਹੈ, ਜ਼ੁਲਮ ਜਾਂ ਬੇਇਨਸਾਫ਼ੀ ਕਰਨ ਲਈ ਨਹੀਂ॥ ਇਹ ਜ਼ਰੂਰੀ ਨਹੀਂ ਕਿ ਜ਼ੁਲਮ ਜਾਂ ਬੇਇਨਸਾਫ਼ੀ ਤੁਹਾਡੇ ਆਪਣੇ ਨਾਲ਼ ਹੀ ਹੋਵੇ; ਕਿਸੇ ਵੀ ਮਨੁੱਖ ਨਾਲ਼ ਜ਼ੁਲਮ ਜਾਂ ਬੇਇਸਾਫ਼ੀ ਹੁੰਦੀ ਵੇਖ ਕੇ ਹਰ ਸਿੱਖ ਨੂੰ ਉਸ ਦੇ ਵਿਰੋਧ ਵਿੱਚ ਲੜਾਈ ਕਰਨੀ ਚਾਹੀਦੀ ਹੈ॥ ਨਾਲ਼ ਹੀ ਇਹ ਵੀ ਯਾਦ ਰਹੇ ਲੜਾਈ ਸਿਰਫ਼ ਹਥਿਆਰਾਂ ਨਾਲ਼ ਹੀ ਨਹੀਂ ਕੀਤੀ ਜਾਂਦੀ, ਇਹ ਸ਼ਾਂਤਮਈ ਢੰਗ ਨਾਲ਼ ਵੀ ਲੜੀ ਜਾ ਸਕਦੀ ਹੈ॥ ਬੇਮਿਸਾਲ ਸ਼ਹੀਦੀ ਦੇਣ ਤੋਂ ਪਹਿਲਾਂ ਗੁਰੂ ਤੇਗ ਬਹਾਦੁਰ ਸਾਹਿਬ ਉੱਤੇ ਔਰੰਗਜ਼ੇਬ ਨੇ ਕੋਈ ਜਾਤੀ ਜ਼ੁਲਮ ਨਹੀਂ ਕੀਤਾ ਸੀ, ਸਤਿਗੁਰਾਂ ਨੇ ਇਹ ਸ਼ਹੀਦੀ ਹਿੰਦੂਆਂ ਤੇ ਕੀਤੇ ਜਾਂਦੇ ਅੱਤਿਆਚਾਰ ਵਿਰੁੱਧ ਕੀਤੀ ਸੀ॥ ਇਹ ਇੱਕ ਬਹੁਤ ਵੱਡੀ ਲੜਾਈ ਸੀ ਜਿਸ ਵਿੱਚ ਸਤਿਗੁਰਾਂ ਨੇ ਕੋਈ ਤਲਵਾਰ ਨਹੀਂ ਸੀ ਉਠਾਈ॥ ਦਸਮੇਸ਼ ਜੀ ਨੇ ਵੀ ਇਹੋ ਹੀ ਉਪਦੇਸ਼ ਆਪਣੇ ਖ਼ਾਲਸੇ ਨੂੰ ਦ੍ਰਿੜ ਕਰਵਾਇਆ ਸੀ॥
ਗਿਆਨ ਦੀ ਖੜਗ ਸਭ ਤੋਂ ਜ਼ਰੂਰੀ ਹੈ ਜਿਹੜੀ ਤੁਹਾਨੂੰ ਸਹੀ ਅਤੇ ਗ਼ਲਤ ਵਿੱਚ ਫ਼ਰਕ ਸਮਝਾਉਂਦੀ ਹੈ ਅਤੇ ਜਿਹੜੀ ਤੁਹਾਨੂੰ ਵਿਕਾਰਾਂ ਵਿਰੁੱਧ ਲੜਨ ਲਈ ਸੁਚੇਤ ਕਰਦੀ ਹੈ॥ ਸਵੈ ਰੱਖਿਆ ਲਈ ਤੁਸੀਂ ਕੋਈ ਵੀ ਹੋਰ ਹਥਿਆਰ ਪਹਿਨ ਸਕਦੇ ਹੋ॥
ਕੜਾ: ਸ਼ਬਦ ਕੜਾ ਵੱਡੀ ਕੜੀ ਲਈ ਵਰਤਿਆ ਗਿਆ ਹੈ ਅਤੇ ਇਸ ਦਾ ਭਾਵ ਹੈ ਹੱਥਕੜੀ॥ ਇਸ ਦੇ ਪਹਿਨਣ ਨਾਲ਼ ਸਿੱਖ ਨੂੰ ਇਹ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਕਿਰਪਾਨ ਸਿਰਫ਼ ਜ਼ੁਲਮ ਰੋਕਣ ਲਈ ਹੀ ਵਰਤਣੀ ਹੈ ਨਾਂ ਕਿ ਜ਼ੁਲਮ ਕਰਨ ਲਈ॥ ਕੜਾ ਸੱਜੇ ਹੱਥ ਵਿੱਚ ਪਹਿਨਣ ਦਾ ਹੁਕਮ ਹੈ ਕਿਉਂਕਿ ਕਿਰਪਾਨ ਸੱਜੇ ਹੱਥ ਨਾਲ਼ ਹੀ ਵਰਤੀ ਜਾਂਦੀ ਹੈ॥ ਕੜਾ ਕਿਸੇ ਸ਼ਿੰਗਾਰ ਲਈ ਨਹੀਂ ਪਹਿਨਿਆ ਜਾਂਦਾ, ਇਸ ਲਈ ਇਹ ਇਸਪਾਤ (ਸਟੀਲ) ਦਾ ਹੀ ਹੋਣਾ ਚਾਹੀਦਾ ਹੈ॥
ਆਉ, ਵਿਸਾਖੀ ਦੇ ਇਸ ਸ਼ੁਭ ਅਵਸਰ ਤੇ ਇਹ ਪ੍ਰਣ ਲਈਏ ਕਿ ਅਸੀਂ ਹਰ ਹਾਲਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਰੱਖਾਂਗੇ ਅਤੇ ਸਤਿਗੁਰਾਂ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਿਤਾਵਾਂਗੇ॥ਆਪਣੇ ਪਿਆਰੇ ਸਤਿਗੁਰਾਂ, ਅਤੇ ਉਹਨਾਂ ਮਹਾਨ ਸਿੰਘਾਂ ਲਈ ਇਹੋ ਹੀ ਸਾਡੀ ਸੱਚੀ ਸ਼ਰਧਾਂਜਲੀ ਹੈ॥
ਇੱਕ ਵਾਰ ਫ਼ਿਰ ਸਾਰੇ ਸਿੱਖ ਜਗਤ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ॥
Site Content
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)