Written by Dr. Devinder Singh Sekhon PhD Monday, 02 September 2013
SIKHI, KHALSA AND AMRIT
ਸਿੱਖੀ, ਖ਼ਾਲਸਾ ਅਤੇ ਅੰਮ੍ਰਿਤ
ਅੱਜ ਕੱਲ੍ਹ ਦੇ ਵਿਗਿਆਨ ਦੇ ਯੁਗ ਵਿੱਚ ਲੋਕ ਇਹ ਸੁਆਲ ਆਮ ਹੀ ਕਰਦੇ ਹਨ ਕਿ ਕੀ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ॥ ਸਾਡੇ ਵਿਦਵਾਨ ਇਸ ਮਹੱਤਵਪੂਰਣ ਸੁਆਲ ਨੂੰ ਟਾਲ਼ਦੇ ਹੀ ਆ ਰਹੇ ਹਨ ਕਿਉਂਕਿ ਇਸ ਦਾ ਉੱਤਰ ਦੇਣ ਵਿੱਚ ਕੁਝ ਕਠਿਨਾਈਆਂ ਆਉਂਦੀਆਂ ਹਨ॥ ਬਹੁਤ ਸਾਰੇ ਲੋਕ ਇਹ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ ਸੀ॥ਸੋ ਜੇ ਕੋਈ ਵਿਦਵਾਨ ਇਹ ਕਹਿੰਦਾ ਹੈ ਕਿ ਹਾਂ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਤਾਂ ਲੋਕ ਝੱਟ ਸੁਆਲ ਕਰਦੇ ਹਨ ਕਿ ਫ਼ਿਰ ਭਾਈ ਨੰਦ ਲਾਲ ਜੀ ਨੇ ਅੰਮ੍ਰਿਤ ਕਿਉਂ ਨਹੀਂ ਛਕਿਆ ਸੀ, ਜਿਸਦਾ ਉੱਤਰ ਦੇਣਾ ਔਖਾ ਹੋ ਜਾਂਦਾ ਹੈ॥ ਅਤੇ ਜੇ ਵਿਦਵਾਨ ਇਹ ਕਹਿੰਦੇ ਹਨ ਕਿ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਤਾਂ ਸੁਆਲ ਇਹ ਉੱਠ ਖੜੋਂਦਾ ਹੈ ਕਿ ਫ਼ਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤ ਛਕਣ ਦਾ ਹੁਕਮ ਕਿਉਂ ਕੀਤਾ ਹੈ॥ ਇਸ ਸੁਆਲ ਦਾ ਹੱਲ ਸੌਖਾ ਹੀ ਲਭ ਜਾਵੇਗਾ ਜੇ ਅਸੀਂ ਗੁਰਮਤਿ ਅਨੁਸਾਰ ਸਿੱਖੀ, ਖ਼ਾਲਸਾ ਅਤੇ ਅੰਮ੍ਰਿਤ ਦੇ ਸੰਕਲਪ ਨੂੰ ਚੰਗੀ ਤਰ੍ਹਾਂ ਸਮਝ ਲਈਏ॥ਖ਼ਾਲਸਾ:
ਇਹ ਸ਼ਬਦ ਦੋ ਰੂਪਾਂ – ਖਾਲਸਾ ਅਤੇ ਖਲਾਸ - ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ॥ਖਾਲਸਾ ਕੇਵਲ ਕਬੀਰ ਸਾਹਿਬ ਨੇ ਵਰਤਿਆ ਹੈ, ਅਤੇ ਇਸ ਦਾ ਦੂਸਰਾ ਰੂਪ, ਖਲਾਸ, ਗੁਰੂ ਅਰਜੁਨ ਦੇਵ ਜੀ ਅਤੇ ਭਗਤ ਰਵਿਦਾਸ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ਵਰਤਿਆ ਹੈ॥
ਸੋਰਠਿ ਕਬੀਰ ਜੀ (654)॥ ----- ਪਰਿਓ ਕਾਲੂ ਸਭੈ ਜਗ ਊਪਰਿ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
ਬਾਰਹਮਾਹ ਮ:5 (134)॥ ਆਸਾਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ----- ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥ --------
ਸਾਰੰਗ ਮ:5 (1208)॥ ------ ਅੰਮ੍ਰਿਤੁ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ॥ ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ॥
ਗਉੜੀ ਰਵਿਦਾਸ ਜੀ (345)॥ ਬੇਗਮਪੁਰਾ ਸਹਰ ਕੋ ਨਾਉ॥ ------ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੋ ਮੀਤੁ ਹਮਾਰਾ॥
ਖ਼ਾਲਸਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਕਿ ਉਹ ਉੱਚੀ ਆਤਮਿਕ ਅਵਸਥਾ ਜਿਸ ਵਿੱਚ ਮਨੁੱਖ ਸਾਰੀਆਂ ਦੁਨਿਆਵੀ ਖ਼ਾਹਿਸ਼ਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਮਾਇਆ ਉਸ ਤੇ ਕੋਈ ਪ੍ਰਭਾਂਵ ਨਹੀਂ ਪਾ ਸਕਦੀ॥ ਇਸ ਦਾ ਇੱਕ ਭਾਵ ਹੋਰ ਵੀ ਹੈ ਕਿ ਉਹ ਜਾਇਦਾਦ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੋਵੇ॥ ਅਧਿਆਤਮਿਕ ਜੀਵਨ ਵਿੱਚ ਇਸ ਦਾ ਭਾਵ ਇਹ ਹੈ ਕਿ ਉਹ ਮਨੁੱਖ ਜਿਹੜਾ ਕੇਵਲ ਅਕਾਲਪੁਰਖ ਨੂੰ ਹੀ ਆਪਣਾ ਮਾਲਕ ਸਮਝਦਾ ਹੈ ਇਸ ਕਰਕੇ ੳਸਨੂੰ ਕੋਈ ਵੀ ਦੁਨਿਆਵੀ ਡਰ ਨਹੀਂ ਵਾਪਰਦਾ॥
ਜੇਕਰ, ਖ਼ਾਲਸਾ ਸ਼ਬਦ ਪੰਜਾਬੀ ਦੇ ਸਬਦ ਖ਼ਾਲਸ ਤੋਂ ਬਣਿਆ ਹੋਵੇ ਤਾਂ ਇਸ ਦਾ ਭਾਵ ਇਹ ਬਣੇਗਾ ਕਿ ਉਹ ਸ਼ੁੱਧ ਆਤਮਿਕ ਅਵਸਥਾ ਜਿਸ ਵਿੱਚ ਕਿਸੇ ਵੀ ਦੁਨਿਆਵੀ ਖ਼ਾਹਿਸ਼ ਦੀ ਕੋਈ ਮਿਲਾਵਟ ਨਹੀਂ (ਭਾਵ ਜਿਸ ਮਨੁੱਖ ਨੇ ਵਿਕਾਰਾਂ ਤੋਂ ਮੁਕਤੀ ਪਾ ਲਈ ਹੋਵੇ)॥ ਇਸਪੰਜਾਬੀ, ਭਾਵ ਇੱਕੋ ਹੀ ਹੈ ਕਿ ਉਹ ਉੱਚੀ ਆਤਮਿਕ ਅਵਸਥਾ ਜਿਸ ਵਿੱਚ ਅਕਾਲਪੁਰਖ ਵਾਲ਼ੇ ਸਾਰੇ ਸ਼ੁਭ ਗੁਣ ਮੌਜੂਦ ਹੋਣ॥
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਹੀ ਗੁਰੂ ਸਾਹਿਬਾਨ ਦਾ ਨਿਸ਼ਾਨਾ ਇਹੋ ਹੀ ਰਿਹਾ ਹੈ ਕਿ ਮਨੁੱਖ ਨੂੰ ਖ਼ਾਲਸਾ ਬਣਾਇਆ ਜਾਵੇ ਅਤੇ ਇਸੇ ਹੀ ਯਤਨ ਵਿੱਚ ਸਾਰੇ ਗੁਰੂ ਸਾਹਿਬਾਨ ਨੇ ਕਠਿਨ ਘਾਲਣਾ ਘਾਲ਼ੀਆਂ ਅਤੇ ਮਹਾਨ ਕੁਰਬਾਨੀਆਂ ਦਿੱਤੀਆਂ॥ ਗੁਰੂ ਨਾਨਕ ਸਾਹਿਬ ਦੇ ਸਾਰੇ ਉੱਘੇ ਸਿੱਖ ਜਿਹਨਾਂ ਵਿੱਚ ਸਤਿਕਾਰਯੋਗ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ), ਬਾਬਾ ਬੁੱਢਾ ਜੀ, ਭਾਈ ਮਨਸੁਖ, ਭਾਈ ਭਗੀਰਥ, ਭਾਈ ਲਾਲੋ ਅਤੇ ਭਾਈ ਦੁਨੀ ਚੰਦ, ਅਤੇ ਕੁਝ ਹੋਰ ਸਿੱਖ ਸ਼ਾਮਿਲ ਹਨ, ਸਾਰੇ ਖ਼ਾਲਸਾ ਦੀ ਪਦਵੀ ਨੂੰ ਪਹੁੰਚ ਚੁੱਕੇ ਸਨ॥ ਇਸ ਤੋਂ ਪਿੱਛੋਂ ਸਾਰੇ ਗੁਰੂ ਸਾਹਿਬਾਨ, ਅਤੇ ਬਹੁਤ ਸਾਰੇ ਸਿੱਖ ਜਿਹਨਾਂ ਵਿੱਚ ਭਾਈ ਗੁਰਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ (ਪਿੱਛੋਂ ਭਾਈ ਜੀਵਨ ਸਿੰਘ) ਅਤੇ ਭਾਈ ਗੁਰਦਿੱਤਾ ਜੀ ਆਦਿ ਸ਼ਾਮਿਲ ਹਨ, ਸਾਰੇ ਖ਼ਾਲਸੇ ਸਨ॥ ਸੋ, ਹਰ ਸਿੱਖ ਦੀ ਮੰਜ਼ਿਲ ਖ਼ਾਲਸਾ ਪਦਵੀ ਦੀ ਪ੍ਰਾਪਤੀ ਹੀ ਹੈ॥
ਸਿੱਖੀ: ਸਿੱਖੀ ਇੱਕ ਜੀਵਨ ਜਾਚ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਈ॥ ਜੇ ਖ਼ਾਲਸਾ ਪਦਵੀ ਦੀ ਪ੍ਰਾਪਤੀ ਸਾਡੀ ਮੰਜ਼ਿਲ ਹੈ, ਤਾਂ ਸਿੱਖੀ ਉਹ ਮਾਰਗ ਹੈ ਜਿਹੜਾ ਸਾਨੂੰ ਸਾਡੀ ਮੰਜ਼ਿਲ ਤੱਕ ਅਪੜਾਉਂਦਾ ਹੈ॥ ਇਸ ਮਾਰਗ ਤੇ ਚੱਲਣ ਲਈ, ਗੁਰੂ ਗਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੇ ਹਨ॥ ਜੇ ਕਰ ਅਸੀਂ ਗੁਰੂ ਗਰੰਥ ਸਾਹਿਬ ਦੇ ਸੁਨਹਿਰੀ ਸਿਧਾਂਤਾਂ ਤੇ ਚੱਲ ਕੇ ਇੱਕ ਸੱਚਾ ਸੁੱਚਾ ਜੀਵਨ ਬਤੀਤ ਕਰ ਦੇ ਹਾਂ ਤਾਂ ਨਿਸਚੇ ਹੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ॥
ਇਥੇ ਇੱਕ ਗੱਲ ਸਪੱਸ਼ਟ ਕਰਨ ਦੀ ਲੋੜ ਹੈ ਕਿ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਰਸਤਾ ਇੱਕੋ ਹੀ ਹੈ ਦੂਸਰਾ ਹੋਰ ਕੋਈ ਰਸਤਾ ਨਹੀਂ॥ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਬਹੁਤ ਸਪੱਸ਼ਟ ਕਰ ਕੇ ਸਮਝਾਈ ਹੈ॥ ਆਉ ਇਸ ਸਬੰਧ ਵਿੱਚ ਕੁਝ ਪਾਵਨ ਸ਼ਬਦ ਧਿਆਨ ਗੋਚਰ ਕਰੀਏ॥
ਸਲੋਕ ਮ:1 (1279)॥ ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ॥ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ॥
ਬਸੰਤ ਮ:1 ਅਸ਼ਟਪਦੀ (1185)॥ ਦਰਸਨਕੀ ਪਿਆਸ ਜਿਸ ਨਰ ਹੋਇ॥ ------ ਏਕੋ ਗਿਆਨੁ ਧਿਆਨੁ ਧੁਨਿ ਬਾਣੀ॥ ਏਕੁ ਨਿਰਾਲਮ ਅਕਥ ਕਹਾਣੀ॥ਏਕੋ ਸਬਦ ਸਚਾ ਨੀਸਾਣੁ॥ਪੂਰੈ ਗੁਰ ਤੇ ਜਾਣੈ ਜਾਣੁ॥ ਏਕੋ ਧਰਮੁ ਦ੍ਰਿੜੈ ਸਚੁ ਸੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥
ਮ:3 (646)॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ॥
ਭਾਵੇਂ ਗੁਰੂ ਗਰੰਥ ਸਾਹਿਬ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹਨ, ਪਰ ਇਹਨਾਂ ਕੁਝ ਕੁ ਪਾਵਨ ਸ਼ਬਦਾਂ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਕੇਵਲ ਇੱਕ ਹੀ ਹੈ; ਹਾਂ ਸਾਧਨ ਵੱਖ ਵੱਖ ਹੋ ਸਕਦੇ ਹਨ॥ ਮੰਨ ਲਵੋ ਅਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੈ, ਤਾਂ ਸਹੀ ਰਸਤਾ ਕੇਵਲ ਇੱਕ ਹੀ ਹੈ, ਸਾਧਨ ਚਾਹੇ ਕੋਈ ਵੀ ਵਰਤ ਲਵੋ॥ ਤੁਸੀਂ ਪੈਦਲ, ਸਾਈਕਲ ਤੇ, ਮੋਟਰ-ਸਾਈਕਲ ਤੇ, ਕਾਰ, ਬੱਸ, ਗੱਡੀ ਜਾਂ ਕੋਈ ਵੀ ਹੋਰ ਸਾਧਨ ਵਰਤ ਕੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ॥ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਖ਼ਾਲਸੇ ਦੀ ਪਦਵੀ ਤੇ ਪਹੁੰਚਣਾ ਸਭ ਤੋਂ ਵਧੀਆ ਸਾਧਨ ਹੈ॥ ਸੋ, ਆਉ ਹੁਣ ਅੰਮ੍ਰਿਤ ਬਾਰੇ ਵੀਚਾਰ ਕਰੀਏ॥
ਮਿਥਿਹਾਸਕ ਅੰਮ੍ਰਿਤ:
ਅੰਮ੍ਰਿਤ ਦਾ ਭਾਵ ਉਹ ਪਦਾਰਥ ਹੈ ਜਿਹੜਾ ਮਨੁੱਖ ਨੁੰ ਅਮਰ ਕਰ ਦੇਵੇ ਭਾਵ ਉਸਨੂੰ ਕਦੇ ਮੌਤ ਨਾਂ ਆਵੇ॥ ਮਨੁੱਖ ਚਿਰੰਕਾਲ ਤੋਂ ਹੀ ਕਿਸੇ ਅਜਿਹੇ ਪਦਾਰਥ ਦੀ ਭਾਲ ਵਿੱਚ ਰਿਹਾ ਹੈ, ਪਰ ਉਸਨੂੰ ਅੱਜ ਤੱਕ ਅਜਿਹਾ ਕੋਈ ਪਦਾਰਥ ਨਹੀਂ ਮਿਲ਼ਿਆ॥ ਹਿੰਦੂ ਮਿਥਿਹਾਸ ਅਨੁਸਾਰ ਦੇਵਤਿਆਂ ਅਤੇ ਦੈਂਤਾਂ ਨੇ ਮਿਲ਼ ਕੇ ਸਮੁੰਦਰ ਨੂੰ ਰਿੜਕਿਆ ਸੀ ਜਿਸ ਦੇ ਸਿੱਟੇ ਵਜੋਂ ਅੰਮ੍ਰਿਤ ਦਾ ਇੱਕ ਕੁੰਭ (ਘੜਾ) ਤਰ ਕੇ ਉੱਪਰ ਆ ਗਿਆ॥ ਇਸ ਨੂੰ ਵੰਡਣ ਵੇਲ਼ੇ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ, ਅਤੇ ਦੇਵਤੇ ਅੰਮ੍ਰਿਤ ਦਾ ਕੁੰਭ ਲੈ ਕੇ ਉੱਡ ਗਏ॥ ਦੈਂਤਾਂ ਨੇ ਪਿੱਛਾ ਕੀਤਾ ਅਤੇ ਇਸ ਖੋਹਾ–ਖਾਈ ਦੌਰਾਨ ਅੰਮ੍ਰਿਤ ਭਾਰਤ ਦੀ ਧਰਤੀ ਤੇ ਕਈ ਥਾਵਾਂ ਤੇ ਡੁੱਲ੍ਹ ਗਿਆ (ਹੈਰਾਨੀ ਵਾਲ਼ੀ ਗੱਲ ਹੈ ਕਿ ਬਾਹਰਲੇ ਹੋਰ ਕਿਸੇ ਦੇਸ ਵਿੱਚ ਇਹ ਅੰਮ੍ਰਿਤ ਨਹੀਂ ਡੁੱਲ੍ਹਾ ਇਥੋਂ ਤੱਕ ਕਿ ਪੰਜਾਬ ਵਿੱਚ ਵੀ ਨਹੀਂ) ਜਿੱਥੇ ਕਿ ਤੀਰਥ ਅਸਥਾਨ ਬਣ ਗਏ ਅਤੇ ਜਿੱਥੇ ਹੁਣ ਕੁੰਭ ਦਾ ਮੇਲਾ ਲਗਦਾ ਹੈ॥ ਭਾਰਤ ਵਿੱਚ ਅਜਿਹੇ ਬਾਰਾਂ ਤੀਰਥ ਅਸਥਾਨ ਹਨ॥ਕਹਾਣੀ ਬਹੁਤ ਲੰਮੀ ਚੌੜੀ ਹੈ ਪਰ ਇਸ ਵੇਲ਼ੇ ਇਥੇ ਹੀ ਬੱਸ ਕਰਦੇ ਹਾਂ॥
ਅਸਲੀ ਅੰਮ੍ਰਿਤ:
ਗੁਰਬਾਣੀ ਕਿਸੇ ਵੀ ਅਜਿਹੇ ਅੰਮ੍ਰਿਤ ਨੂੰ ਨਹੀਂ ਮੰਨ ਦੀ॥ਪਾਵਨ ਗੁਰਬਾਣੀ ਅਨੁਸਾਰ ਮਨੁੱਖ ਕੇਵਲ ਇੱਕ ਹੀ ਵਿਧੀ ਨਾਲ਼ ਅਮਰ ਹੋ ਸਕਦਾ ਹੈ, ਅਤੇ ਉਹ ਹੈ ਜਦ ਉਹ ਪ੍ਰਮਾਤਮਾ ਵਿੱਚ ਸਮਾ ਕੇ ਉਸ ਦਾ ਰੂਪ ਹੋ ਜਾਂਦਾ ਹੈ ਕਿਉਂਕਿ ਕੇਵਲ ਪ੍ਰਮਾਤਮਾ ਹੀ ਅਮਰ ਹੈ ਹੋਰ ਸਾਰਾ ਬ੍ਰਹਿਮੰਡ ਨਾਸਵਾਨ ਹੈ॥ ਪ੍ਰਮਾਤਮਾ ਵਿੱਚ ਸਮਾਉਣ ਦਾ ਰਸਤਾ ਵੀ ਕੇਵਲ ਇੱਕ ਹੀ ਹੈ ਅਤੇ ਉਹ ਹੈ ਸੱਚੇ ਮਨ ਨਾਲ਼ ਵਾਹਿਗੁਰੂ ਦਾ ਨਾਮ ਸਿਮਰਨਾ ਜਿਸ ਰਾਹੀਂ ਮਨੁੱਖ ਹਰ ਦੁਨਿਆਵੀ ਖ਼ਾਹਿਸ਼ ਤੋਂ ਉੱਪਰ ਉੱਠ ਜਾਂਦਾ ਹੈ॥ਆਉ ਇਸ ਸਬੰਧ ਵਿੱਚ ਕੁਝ ਪਾਵਨ ਸ਼ਬਦ ਵੀਚਾਰੀਏ॥
ਸੋਰਠਿ ਮ:1 (598)॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ॥ ------- ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤ ਘਟ ਮਾਹੀ ਜੀਉ॥ ਰਹਾਉ॥
ਸਲੋਕ ਮ:2 (1238)॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥
ਸਲੋਕ ਮ:3 (644)॥ ਘਰ ਹੀ ਮਹਿ ਅੰਮ੍ਰਿਤੁ ਭਰਪੂਰ ਹੈ ਮਨਮੁਖਾ ਸਾਦੁ ਨ ਪਾਇਆ॥----- ਅੰਮ੍ਰਿਤੁ ਏਕੋ ਸਬਦ ਹੈ ਨਾਨਕ ਗੁਰਮੁਖਿ ਪਾਇਆ॥
ਸਲੋਕ ਮ:4 (1423-4)॥ ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤ ਕਹੈ ਕਹਾਇ॥ ----- ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ॥
ਧਨਾਸਰੀ ਕਬੀਰ ਜੀ (692)॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ॥ ---- ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ॥
ਜਿਵੇਂ ਆਪ ਨੇ ਉੱਪਰ ਦਿੱਤੇ ਕੁਝ ਕੁ ਪਾਵਨ ਸ਼ਬਦਾਂ ਤੋਂ ਸਮਝ ਲਿਆ ਹੈ, ਅਸਲੀ ਅੰਮ੍ਰਿਤ ਕੇਵਲ ਵਾਹਿਗੁਰੂ ਦਾ ਨਾਮ ਹੀ ਜਿਹੜਾ ਕਿ ਗੁਰੂ ਦੀ ਕਿਰਪਾ ਨਾਲ਼ ਹੀ ਸਿਮਰਿਆ ਜਾ ਸਕਦਾ ਹੈ॥ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਪਦਾਰਥ ਆਤਮਿਕ ਜੀਵਨ ਦੇਣ ਵਾਲ਼ਾ ਅੰਮ੍ਰਿਤ ਨਹੀਂ ਹੋ ਸਕਦਾ॥
ਖ਼ਾਲਸੇ ਦਾ ਪ੍ਰਗਟਣਾ: ਦੂਰ-ਦਰਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੂਰੀ ਤਰ੍ਹਾਂ ਜਾਣ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਦਾ ਚਲਾਏ ਹੋਏ ਨਿਰਮਲ ਪੰਥ ਤੇ ਚੱਲ ਕੇ ਉਹਨਾਂ ਦੇ ਸਿੱਖ ਖ਼ਾਲਸੇ ਦੀ ਉੱਚ ਆਤਮਿਕ ਵਾਲ਼ੀ ਪਦਵੀ ਨੂੰ ਪਹੁੰਚ ਚੁੱਕੇ ਸਨ ਅਤੇ ਹੁਣ ਉਹਨਾਂ ਦੇ ਸਿੱਖ ਅਧਿਆਤਮਿਕ ਅਤੇ ਸੰਸਾਰਕ ਪੱਖਾਂ ਵਾਲੇ ਸਾਰੇ ਫ਼ਰਜ਼ ਨਿਭਾ ਸਕਦੇ ਸਨ॥ ਸਿੱਖਾਂ ਦੀ ਅਗਵਾਈ ਲਈ ਗੁਰੂ ਸਾਹਿਬਾਨ ਦਾ ਸ਼ਬਦ-ਰੂਪ ਹੁਣ ਗੁਰੂ ਗਰੰਥ ਸਾਹਿਬ ਦੇ ਸਰੂਪ ਵਿੱਚ ਤਿਆਰ ਸੀ ਜਿਸ ਕਰਕੇ ਸਿੱਖਾਂ ਨੂੰ ਹੁਣ ਕਿਸੇ ਦੇਹਧਾਰੀ ਗੁਰੂ ਦੀ ਵੀ ਲੋੜ ਨਹੀਂ ਰਹਿ ਗਈ ਸੀ॥ ਹੁਣ ਲੋੜ ਸੀ ਤਾਂ ਕੇਵਲ ਇੰਨੀ ਕਿ ਸਾਰੇ ਸੰਸਾਰ ਨੂੰ ਇਹ ਦੱਸਿਆ ਜਾਵੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੁਣ ਖ਼ਾਲਸਾ ਬਣ ਚੁੱਕਿਆ ਹੈ॥ ਠੀਕ ਉਸੇ ਤਰ੍ਹਾਂ ਜਿਵੇਂ ਜਗਤ ਨੂੰ ਦੱਸਣ ਲਈ ਗੁਰੂ ਨਾਨਕ ਪਾਤਸ਼ਾਹ ਨੇ ਸਤਿਕਾਰਯੋਗ ਭਾਈ ਲਹਿਣਾ ਜੀ ਨੂੰ ਕਈ ਵਾਰ ਪਰਖਿਆ ਸੀ ਅਤੇ ਇਸਤਰ੍ਹਾਂ ਜਗਤ ਵਿੱਚ ਇਹ ਢੰਡੋਰਾ ਦਿੱਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਹੁਣ ਭਾਈ ਲਹਿਣਾ ਜੀ ਦੇ ਪਾਵਨ ਸਰੀਰ ਵਿੱਚ ਸੱਜ ਕੇ ਗੁਰੂ ਅੰਗਦ ਦੇਵ ਜੀ ਬਣ ਕੇ ਗੁਰਗੱਦੀ ਦੀ ਸੇਵਾ ਨਿਭਾਉਣਗੇ, ਦਸਮੇਸ਼ ਜੀ ਨੇ ਵੀ ਖ਼ਾਲਸੇ ਦੀ ਪਰਖ ਸਾਰੇ ਜਗਤ ਦੇ ਸਾਹਮਣੇ ਕਰਨ ਦਾ ਫ਼ੈਸਲਾ ਕੀਤਾ॥ ਯਾਦ ਰਹੇ ਗੁਰੂ ਅੰਗਦ ਦੇਵ ਜੀ ਨੇ ਵੀ ਗੁਰਗੱਦੀ ਬਖ਼ਸ਼ਣ ਤੋਂ ਪਹਿਲਾਂ, ਬਾਬਾ ਅਮਰਦਾਸ ਜੀ ਦੀ ਪਰਖ ਕੀਤੀ ਸੀ ਅਤੇ ਗੁਰੂ ਅਮਰ ਦਾਸ ਜੀ ਨੇ ਭਾਈ ਜੇਠਾ ਜੀ ਨੂੰ ਵੀ ਪਰਖਿਆ ਸੀ॥ ਸੋ ਉੱਚੀ ਆਤਮਿਕ ਅਵਸਥਾ ਦੀ ਪਰਖ ਗੁਰੂ ਘਰ ਵਿੱਚ ਕੋਈ ਨਵੀਂ ਗੱਲ ਨਹੀਂ ਸੀ॥ਪਰ ਦਸਮੇਸ਼ ਜੀ ਨੇ ਪਰਖ ਦਾ ਮਿਆਰ ਬਹੁਤ ਉੱਚਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਸੰਸਾਰ ਨੂੰ ਇਹ ਦੱਸਣਾ ਸੀ ਕਿ ਉਹਨਾਂ ਦਾ ਪਰਉਪਕਾਰੀ ਖ਼ਾਲਸਾ ਕਿਸੇ ਮਹਾਨ ਕਾਰਜ ਲਈ ਆਪਣੀ ਜਾਨ ਤੱਕ ਵੀ ਵਾਰ ਸਕਦਾ ਸੀ॥
1699 ਦੀ ਵਿਸਾਖੀ ਵਾਲ਼ੇ ਦਿਨ ਸਾਹਿਬਾਂ ਨੇ ਇੱਕ ਖੁਲ੍ਹੇ ਮੈਦਾਨ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਇਕੱਠ ਆਯੋਜਤ ਕੀਤਾ ਜਿਸ ਵਿੱਚ ਸਾਰੇ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਦੇ ਜਾਸੂਸ ਵੀ ਆਏ ਹੋਏ ਸਨ॥ ਭਰੇ ਇਕੱਠ ਵਿੱਚ ਇੱਕ ਸਹਿਮ ਛਾ ਗਿਆ ਜਦ ਭਾਰੀ ਜਲਾਲ ਵਾਲੇ ਸਤਿਗੁਰੂ ਜੀ ਨੇ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਇੱਕ ਸੀਸ ਦੀ ਮੰਗ ਕੀਤੀ॥ਕੁਝ ਦੇਰ ਬਾਅਦ ਲਾਹੌਰ ਦੇ ਖੱਤਰੀ ਸਿੱਖ ਭਾਈ ਦਇਆ ਰਾਮ ਜੀ ਗੁਰੂ ਜੀ ਦੇ ਸਨਮੁਖ ਹੋਏ ਅਤੇ ਬਹੁਤ ਸਤਿਕਾਰ ਸਹਿਤ ਸਤਿਗੁਰਾਂ ਨੂੰ ਆਪਣਾ ਸੀਸ ਭੇਟ ਕਰ ਦਿੱਤਾ॥ ਸਤਿਗੁਰੂ ਜੀ ਨੇ ਇਹ ਸੀਸ ਕਿਸ ਅਲੌਕਿਕ ਢੰਗ ਨਾਲ਼ ਪਰਵਾਨ ਕੀਤੇ ਇਹ ਇੱਕ ਵੱਖਰਾ ਵਿਸ਼ਾ ਹੈ ਜੋ ਕਿ ਇਥੇ ਨਹੀਂ ਵੀਚਾਰਿਆ ਜਾਵੇਗਾ, ਪਰ ਵਾਰੀ ਵਾਰੀ ਪੰਜ ਸਿਰਲੱਥ ਸੂਰਬੀਰਾਂ ਨੇ ਸਤਿਗੁਰੂ ਜੀ ਵਿੱਚ ਪੂਰਨ ਵਿਸ਼ਵਾਸ ਰੱਖਦਿਆਂ ਆਪਣੇ ਸੀਸ ਉਹਨਾ ਦੇ ਚਰਨਾਂ ਵਿੱਚ ਰੱਖ ਦਿੱਤੇ ਕਿ ਸਤਿਗੁਰ ਜਿਵੇਂ ਚਾਹੁਣ ਉਹਨਾਂ ਨੂੰ ਵਰਤ ਸਕਦੇ ਹਨ॥ ਇਹਨਾਂ ਪੰਜਾਂ ਹੀ ਸੂਰਬੀਰਾਂ ਦੇ ਨਾਮ ਇਸ ਪਰਕਾਰ ਹਨ: ਭਾਈ ਦਇਆ ਰਾਮ (ਸਿੰਘ) ਜੀ, ਭਾਈ ਧਰਮ ਦਾਸ (ਸਿੰਘ) ਜੀ, ਭਾਈ ਹਿੰਮਤ ਰਾਇ (ਸਿੰਘ) ਜੀ, ਭਾਈ ਮੁਹਕਮ ਚੰਦ (ਸਿੰਘ) ਜੀ, ਅਤੇ ਭਾਈ ਸਾਹਿਬ ਚੰਦ (ਸਿੰਘ) ਜੀ॥ ਇਹਨਾਂ ਸਾਰੇ ਸੂਰਬੀਰਾਂ ਦੇ ਵਡੇਰੇ ਪੰਜਾਬੀ ਸਨ ਪਰ ਉਹ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਵੱਸੇ ਸਨ॥ ਇਹਨਾਂ ਮਹਾਂ ਪੁਰਖਾਂ ਨੇ ਸਤਿਗੁਰ ਜੀ ਨੁੰ ਆਪਣੇ ਸੀਸ ਭੇਟ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣੇ ਗੁਰੂ ਪ੍ਰਤੀ ਕਿੰਨਾਂ ਵਿਸ਼ਵਾਸ ਸੀ ਅਤੇ ਉਹਨਾਂ ਵਾਸਤੇ ਆਪਣੀਆਂ ਜਾਨਾਂ ਦੀ ਵੀ ਕੋਈ ਮਹਾਨਤਾ ਨਹੀਂ ਸੀ ਕਿਉਂਕਿ ਉਹ ਸਾਰੀਆਂ ਦੁਨਿਆਵੀ ਖ਼ਾਹਿਸ਼ਾਂ ਤੋਂ ਉੱਪਰ ਉੱਠ ਚੁੱਕੇ ਸਨ ਅਤੇ ਖ਼ਾਲਸੇ ਦੀ ਪਦਵੀ ਤੱਕ ਪਹੁੰਚ ਚੁੱਕੇ ਸਨ॥ ਇਸਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਖ਼ਾਲਸੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖੀ ਸੀ ਅਤੇ ਅਗਲੇ ਨੌਂ ਗੁਰੂ ਸਾਹਿਬਾਨ ਨੇ ਮਹਾਨ ਘਾਲਣਾਵਾਂ ਘਾਲ ਕੇ ਅਤੇ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖਾਂ ਦੇ ਆਤਮਿਕ ਜੀਵਨ ਨੂੰ ਖ਼ਾਲਸੇ ਦੇ ਪੱਧਰ ਤੱਕ ਪੁਚਾ ਦਿੱਤਾ ਸੀ॥ ਇਸ ਤਰ੍ਹਾਂ 1699 ਦੀ ਵਿਸਾਖੀ ਵਾਲ਼ਾ ਦਿਨ ਖ਼ਾਲਸੇ ਦਾ ਸਿਰਜਣ ਦਿਵਸ ਨਹੀਂ ਸਗੋਂ ਖ਼ਾਲਸੇ ਦਾ ਪ੍ਰਗਟ ਦਿਵਸ ਸੀ॥ਦਸਮ ਗਰੰਥ ਵਿੱਚ ਵੀ ਖ਼ਾਲਸੇ ਦਾ ਪ੍ਰਗਟਣਾ ਹੀ ਲਿਖਿਆ ਹੈ॥
ਖ਼ਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥
ਖੰਡੇ-ਬਾਟੇ ਦਾ ਅੰਮ੍ਰਿਤ:
ਇਹਨਾਂ ਪੰਜ ਸੂਰਬੀਰਾਂ ਨੂੰ ਗੁਰੂ ਸਾਹਿਬ ਨੇ ਪੰਜ ਪਿਆਰੇ ਕਹਿ ਕੇ ਨਿਵਾਜਿਆ ਅਤੇ ਜਦ ਇਹਨਾਂ ਨੂੰ ਤਿਆਰ-ਬਰ-ਤਿਆਰ ਸਰੂਪ ਵਿੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਤਾਂ ਉਹਨਾਂ ਨੂੰ ਵੇਖ ਕੇ ਗੁਰੂ ਜੀ ਗਦ ਗਦ ਹੋ ਉੱਠੇ ਅਤੇ ਉਹਨਾਂ ਨੁੰ ਬਹੁਤ ਸਾਰੇ ਵਰ ਦਿੱਤੇ॥ ਅਗਲਾ ਕਦਮ ਹੁਣ ਇਹ ਸੀ ਕਿ ਮਾਇਆ ਦੇ ਮਾਰੂ ਹੱਲਿਆਂ ਤੋਂ ਸਿੱਖਾਂ ਦੀ ਰਾਖੀ ਕਿਵੇਂ ਕੀਤੀ ਜਾਵੇ॥ ਮਾਇਆ ਬਹੁਤ ਵੱਖ ਵੱਖ ਢੰਗਾਂ ਨਾਲ਼ ਮਨੁੱਖਾਂ ਨੂੰ ਭਰਮਾਉਂਦੀ ਹੈ ਅਤੇ ਭਾਈ ਜੋਗਾ ਸਿੰਘ ਜੀ ਵਰਗੇ ਅਨਿੰਨ ਸਿੱਖ ਵੀ ਮਾਇਆ ਦੇ ਭਰਮ-ਜਾਲ਼ ਵਿੱਚ ਫ਼ਸ ਸਕਦੇ ਹਨ॥ ਜਿਵੇਂ ਭਰਪੂਰ ਫ਼ਸਲ ਨੂੰ ਕੀੜਿਆਂ, ਮਕੌੜਿਆਂ, ਘਾਹ-ਬੂਟ, ਜਾਨਵਰਾਂ ਅਤੇ ਕਈ ਅਣਚਾਹੇ ਮਨੁੱਖਾਂ ਤੋਂ ਬਚਾਉਣ ਲਈ ਉਸ ਤੇ ਕਈ ਭਾਂਤ ਦੀਆਂ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਅਤੇ ਦੁਆਲੇ ਵਾੜ ਕੀਤੀ ਜਾਂਦੀ ਹੈ, ਸਿੱਖ ਨੂੰ ਵੀ ਮਾਇਆ ਦੇ ਹੱਲਿਆਂ ਤੋਂ ਬਚਾਉਣ ਲਈ ਕੁਝ ਅਜਿਹੇ ਹੀ ਪ੍ਰਬੰਧਾਂ ਦੀ ਲੋੜ ਸੀ॥ ਵਿਸ਼ੇ ਵਿਕਾਰਾਂ ਦੇ ਰੂਪ ਵਿੱਚ ਮਾਇਆ ਦੇ ਹੱਲਿਆਂ ਤੋਂ ਬਚਣ ਲਈ ਗੁਰਬਾਣੀ ਤੋਂ ਵੱਡਾ ਹੋਰ ਕੋਈ ਸਾਧਨ ਨਹੀਂ॥ ਆਉ ਇਸ ਸਬੰਧ ਵਿੱਚ ਦੋ ਕੁ ਪਾਵਨ ਸਬਦ ਸਾਂਝੇ ਕਰੀਏ॥
ਮ:3 (510)॥ ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥ ਨਾਨਕ ਸੇਈ ਉਬਰੇ ਜਿ ਸਚਿ (ਵਾਹਿਗੁਰੂ ਵਿੱਚ) ਰਹੇ ਲਿਵ ਲਾਇ॥
ਗਉੜੀ ਗੁਆਰੇਰੀ ਮ:5 (181-2)॥----- ਮਾਇਆ ਬਿਆਪਤ ਬਹੁ ਪਰਕਾਰੀ॥ ਸੰਤ ਜੀਵਹਿ ਪ੍ਰਭ ਓਟ ਤੁਮਾਰੀ॥ ------ ਕਹੁ ਨਾਨਕ ਜਿਨਿ ਧੂਰਿ ਸੰਤ ਪਾਈ॥ ਤਾ ਕੈ ਨਿਕਟਿ ਨ ਆਵੈ ਮਾਈ (ਮਾਇਆ)॥
ਸਲੋਕ ਕਬੀਰ ਜੀ (1365)॥ ਕਬੀਰ ਮਾਇਆ ਚੋਰਟੀ (ਠਗਣੀ) ਮੁਸਿ ਮੁਸਿ ਲਾਵੈ ਹਾਟਿ॥ ਏਕੁ ਕਬੀਰਾ ਨ ਮੁਸੈ ਜਿਨਿ ਕੀਨੀ ਬਾਰਹ ਬਾਟ (ਸਤਿਗੁਰੂ ਦੀ ਕਿਰਪਾ ਨਾਲ਼)
ਸੋ ਇੱਕ ਤਾਂ ਲੋੜ ਸੀ ਕਿ ਸਿੱਖ ਨੂੰ ਬਾਣੀ ਨਾਲ਼ ਜੋੜਿਆ ਜਾਵੇ ਅਤੇ ਦੂਸਰਾ ਇਹ ਜ਼ਰੂਰੀ ਸੀ ਕਿ ਮਾਇਆ ਦੇ ਹੱਲਿਆਂ ਤੋਂ ਬਚਾਉਣ ਲਈ ਸਿੱਖਾਂ ਨੂੰ ਨਿਰੰਤਰ ਸੁਚੇਤ ਰੱਖਣ ਲਈ ਕੋਈ ਵਰਦੀ ਪਹਿਨਾਈ ਜਾਵੇ॥ ਇਸ ਵਾਸਤੇ ਗੁਰੂ ਸਾਹਿਬ ਨੇ ਦੋ ਪ੍ਰਬੰਧ ਕੀਤੇ॥ ਪਹਿਲਾ ਤਾਂ ਇਹ ਸੀ ਕਿ ਸਿੱਖਾਂ ਨੂੰ ਬਾਣੀ ਨਾਲ ਜੋੜਨ ਲਈ ਪਾਹੁਲ ਦਿੱਤੀ ਜਾਵੇ ਬਿਲਕੁੱਲ ਉਸੇ ਤਰ੍ਹਾਂ ਜਿਵੇਂ ਕੋਰੇ ਕੱਪੜੇ ਤੇ ਪੱਕਾ ਰੰਗ ਚਾੜ੍ਹਨ ਲਈ ਲਾਗ ਲਾਈ ਜਾਂਦੀ ਹੈ ਜਾਂ ਜਿਵੇਂ ਘਰਾਂ ਨੂੰ ਰੰਗ ਕਰਨ ਤੋਂ ਪਹਿਲਾਂ ਉਹਨਾਂ ਤੇ ਕੱਚਾ ਰੰਗ (ਪਰਾਈਮਰ) ਕੀਤਾ ਜਾਂਦਾ ਹੈ॥ਸਤਿਗੁਰਾਂ ਨੇ ਇਹ ਪਾਹੁਲ ਸਟੀਲ ਦੇ ਭਾਂਡੇ ਵਿੱਚ ਪਤਾਸਿਆਂ ਵਾਲ਼ਾ ਪਾਣੀ ਪਾਕੇ ਤਿਆਰ ਕੀਤੀ ਜਿਸ ਵਿੱਚ ਇਕਾਗਰ ਮਨ ਨਾਲ਼ ਬਾਣੀ ਦਾ ਪਾਠ ਕਰਦਿਆਂ ਨਾਲ਼ ਨਾਲ਼ ਖੰਡਾ ਫ਼ੇਰਿਆ ਗਿਆ॥ਇਸ ਪਾਹੁਲ ਨੂੰ ਸਮਝਣ ਲਈ ਪਹਿਲਾਂ ਸਾਨੂੰ ਆਦਿ ਗੁਰੂ ਨਾਨਕ ਸਾਹਿਬ ਦੇ ਆਪਣੇ ਜੀਵਨ ਨੂੰ ਸਮਝਣ ਦੀ ਲੋੜ ਹੈ॥
ਗੁਰੂ ਨਾਨਕ ਪਾਤਸ਼ਾਹ ਦਾ ਆਪਣਾ ਜੀਵਨ ਇੱਕ ਸੰਤ ਸਿਪਾਹੀ ਵਾਲ਼ਾ ਸੀ ਜਿਹਨਾਂ ਨੇ ਸਦਾ ਸੱਚਾਈ ਦਾ ਸਾਥ ਦਿੱਤਾ ਅਤੇ ਸਦਾ ਅਤਿ ਦੀ ਨਿੰਮ੍ਰਤਾ ਅਪਣਾਈ ਰੱਖੀ, ਪਰ ਸੱਚ ਦੇ ਰਸਤੇ ਤੇ ਚੱਲਦਿਆਂ ਕਦੇ ਕਿਸੇ ਦਾ ਭੈ ਵੀ ਨਹੀਂ ਸੀ ਮੰਨਿਆ॥ ਜਦ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਸੀ ਤਾਂ ਸਤਿਗੁਰੂ ਉਚੇਚੇ ਉਥੇ ਪਹੁੰਚੇ ਸਨ ਅਤੇ ਬਾਬਰ ਦੇ ਜ਼ੁਲਮਾਂ ਕਰਕੇ ਉਸਨੂੰ ਜਾਬਰ ਆਖਿਆ ਸੀ॥ ਉਂਞ ਵੀ ਆਮ ਲੋਕਾਂ ਨੂੰ ਠੱਗਣ ਵਾਲ਼ਿਆਂ ਅਤੇ ਉਹਨਾਂ ਤੇ ਜ਼ੁਲਮ ਕਰਨ ਵਾਲ਼ਿਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ॥ਨੌਂ ਸਾਲ ਦੀ ਉਮਰ ਵਿੱਚ ਭਰੀ ਸਭਾ ਵਿੱਚ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਅਤੇ ਜ਼ਾਲਮ ਰਾਜਿਆਂ ਨੂੰ ਸ਼ੀਂਹ ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਕੁੱਤੇ ਆਖਿਆ॥
ਸਲੋਕ ਮ:1 (1288)॥ ----- ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ਚਾਕਰ ਨਹਦਾ ਪਾਇਨ੍ਹਿ ਘਾਉ॥ ਰਤੁ ਪਿਤੁ ਕੁਤਿਓ ਚਟਿ ਜਾਹੁ॥
ਸਤਿਗੁਰੂ ਜੀ ਨੇ ਬ੍ਰਾਹਮਣ ਨੂੰ ਵੀ ਲੰਮੇਂ ਹੱਥੀਂ ਲਿਆ ਹੈ॥
ਮ:1 (471)॥ ----- ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥
ਅਜਿਹੇ ਹੋਰ ਬੇਸ਼ੁਮਾਰ ਸ਼ਬਦ ਹਨ ਜਿਹਨਾਂ ਤੋਂ ਗੁਰੂ ਸਾਹਿਬ ਦੇ ਨਿਡਰ ਹੋਣ ਅਤੇ ਉਹਨਾਂ ਦੇ ਹੱਕ-ਸੱਚ ਲਈ ਲੜਨ ਬਾਰੇ ਪੂਰੀ ਸੋਝੀ ਪੈਂਦੀ ਹੈ॥ ਉਹਨਾਂ ਨੇ ਤਾਂ ਆਪਣਾ ਸਾਰਾ ਜੀਵਨ ਹੀ ਸੱਚਾਈ ਲਈ ਲੜਦਿਆਂ ਗੁਜ਼ਾਰਿਆ ਸੀ ਅਤੇ ਉਹਨਾਂ ਨੇ ਆਪਣੇ ਸਿੱਖ ਦਾ ਰੂਪ ਵੀ ਸੰਤ-ਸਿਪਾਹੀ ਵਾਲ਼ਾ ਹੀ ਚਿਤਵਿਆ ਸੀ॥
ਸਾਰੇ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦਾ ਹੀ ਪਰਚਾਰ ਕੀਤਾ ਅਤੇ ਉਸੇ ਦਾ ਜਾਮਾ ਹੀ ਆਪਣੇ ਸਿੱਖਾਂ ਨੂੰ ਪਹਿਨਾਇਆ॥ ਯਾਦ ਰਹੇ ਗੁਰੂ ਹਰਿ ਗੋਬਿੰਦ ਸਾਹਿਬ ਨੇ ਵੀ ਪੀਰੀ (ਸੰਤਤਾਈ) ਅਤੇ ਮੀਰੀ (ਰਾਜ) ਦੀਆਂ ਦੋ ਤਲਵਾਰਾਂ ਪਹਿਨੀਆਂ ਸਨ॥ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਸਿੱਖ ਨੂੰ ਸੰਤ-ਸਿਪਾਹੀ ਹੀ ਬਣਾਉਣਾ ਸੀ॥
ਪਾਹੁਲ ਤਿਆਰ ਕਰਨ ਸਮੇਂ ਪਾਣੀ ਵਿੱਚ ਜੋ ਪਤਾਸੇ ਪਾਏ ਗਏ (ਭਾਵੇਂ ੳੇੁਹ ਮਾਤਾ ਜੀਤੋ ਜੀ ਨੇ ਪਾਏ ਜਾਂ ਸਤਿਗੁਰਾਂ ਨੇ ਆਪ, ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ)॥ਉਹ ਸਿੱਖਾਂ ਨ, ਬਾਣੀ ਪੜ੍ਹਨ ਦਾ ਭਾਵ ਹੈ ਸਿੱਖਾਂ ਦੇ ਹਿਰਦੇ ਵਿੱਚ ਨਾਮ-ਅੰਮ੍ਰਿਤ ਦੀ ਜਾਗ ਲਾਉਣੀ ਅਤੇ ਖੰਡੇ ਦਾ ਭਾਵ ਹੈ ਪੀਰੀ ਅਤੇ ਮੀਰੀ ਦਾ ਸੁਮੇਲ॥ ਅਸੀਂ ਉੱਪਰ ਵੀਚਾਰ ਕਰ ਚੁੱਕੇ ਹਾਂ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਸਨ, ਖੰਡਾ ਦੋਵਾਂ ਪਾਸਿਆਂ ਤੋਂ ਹੀ ਤਿੱਖਾ ਹੁੰਦਾ ਹੈ ਜੋ ਕਿ ਪੀਰੀ ਅਤੇ ਮੀਰੀ ਦੀਆਂ ਦੋਵੇਂ ਤਲਵਾਰਾਂ ਦਾ ਪਰਤੀਕ ਹੈ॥ ਗੁਰੂ ਸਾਹਿਬ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਪਾਹੁਲ ਛਕਾਈ ਅਤੇ ਫ਼ਿਰ ਉਹਨਾਂ ਪਾਸੋਂ ਆਪ ਛਕਣ ਦੀ ਯਾਚਨਾ ਕਰਕੇ ਖ਼ਾਲਸੇ ਨੂੰ ਆਪਣੇ ਬਰਾਬਰ ਕਰ ਲਿਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਪਾਵਨ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਕੇ ਆਪਣੇ ਬਰਾਬਰ ਕਰ ਲਿਆ ਸੀ॥
ਪਾਹੁਲ ਦਾ ਨਾਮ ਬਦਲ ਕੇ ਅੰਮ੍ਰਿਤ ਕਦੋਂ ਰੱਖਿਆ ਗਿਆ ਇਸ ਬਾਰੇ ਕੋਈ ਠੀਕ ਜਾਣਕਾਰੀ ਨਹੀਂ ਮਿਲ ਰਹੀ॥ ਭਾਈ ਗੁਰਦਾਸ ਦੂਜੇ ਨੇ ਇਸ ਪਵਿੱਤਰ ਪਦਾਰਥ ਨੂੰ ਪਾਹੁਲ ਹੀ ਲਿਖਿਆ ਹੈ॥
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ॥ ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
ਉਂਞ ਪਾਹੁਲ ਨੂੰ ਅੰਮ੍ਰਿਤ ਕਹਿਣ ਵਿੱਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਪਵਿੱਤਰ ਪਾਹੁਲ ਸਿੱਖ ਦੇ ਹਿਰਦੇ ਵਿੱਚ ਨਾਮ-ਅੰਮ੍ਰਿਤ ਦੀ ਜਾਗ ਲਾਉਂਦੀ ਹੈ॥ ਉਂਞ ਵੀ ਗੁਰੂ ਗਰੰਥ ਸਾਹਿਬ ਵਿੱਚ ਕਈ ਹੋਰ ਪਦਾਰਥਾਂ, ਜਿਵੇਂ ਕਿ ਦੁੱਧ, ਦਹੀਂ, ਸ਼ਹਿਦ ਅਤੇ ਸੁਆਦਲੇ ਭੋਜਨਾਂ ਨੂੰ ਅੰਮ੍ਰਿਤ ਲਿਖਿਆ ਗਿਆ ਹੈ॥
ਗੂਜਰੀ ਮ:1 (489)॥ ----- ਪਸੂ ਮਿਲਹਿ ਚੰਗਿਆਈਆ ਖੜੁ (ਘਾਹ) ਖਾਵਹਿ ਅੰਮ੍ਰਿਤੁ (ਦੁੱਧ) ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥
ਗਉੜੀ ਸੁਖਮਨੀ ਮ:5 (269)॥ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ॥
ਸੋ ਜੇਕਰ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਿਹਾ ਜਾਏ ਤਾਂ ਕੋਈ ਹਰਜ ਨਹੀਂ॥ ਪਾਹੁਲ ਰਾਹੀਂ ਨਾਮ ਦੀ ਦਾਤ ਦੇਣ ਤੋਂ ਪਿੱਛੋਂ ਸਤਿਗੁਰਾਂ ਸਿੱਖ ਦੇ ਸ਼ੁਭ ਆਚਰਨ ਨੂੰ ਉੱਚਾ ਅਤੇ ਸੁੱਚਾ ਰੱਖਣ ਲਈ ਇਸ ਨੂੰ ਪੰਜ ਕੱਕਾਰਾਂ ਦੀ ਵਾੜ ਵਾਲ਼ੀ ਵਰਦੀ ਦੇਣੀ ਜ਼ਰੂਰੀ ਸਮਝੀ॥ ਜਾਂ ਇਉਂ ਕਹਿ ਲਵੋ ਜੇ ਕਿ ਹਉਮੈਂ ਅਤੇ ਪੰਜ ਦੂਤਾਂ ਦੇ ਰੋਗ ਤੋਂ ਬਚਾਉਣ ਲਈ ਵਾਹਿਗੁਰੂ-ਨਾਮ ਦਵਾਈ ਤਾਂ ਪੰਜ-ਕੱਕਾਰਾਂ ਵਾਲ਼ੀ ਵਰਦੀ ਰੋਜ਼ਾਨਾ ਜੀਵਨ ਵਿੱਚ ਰੋਗ ਤੋਂ ਬਚਣ ਲਈ ਸਖ਼ਤ ਪ੍ਰਹੇਜ਼ ਸੀ ਜੋ ਹਰ ਸਿੱਖ ਲਈ ਜ਼ਰੂਰੀ ਸੀ॥ਇਹਨਾਂ ਕੱਕਾਰਾਂ ਨੂੰ ਪੂਜਣ ਦੀ ਲੋੜ ਨਹੀਂ ਪਰ ਇਹਨਾਂ ਦੇ ਅੰਤਰੀਵ ਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਅਤੇ ਇਹਨਾਂ ਦਾ ਸਤਿਕਾਰ ਰੱਖਣਾ ਚਾਹੀਦਾ ਹੈ॥ ਸੰਖੇਪ ਵਿੱਚ ਇਹ ਪੰਜ ਕੱਕਾਰ ਇਉਂ ਹਨ॥
ਕੇਸ: ਵਾਹਿਗੁਰੂ ਦੀ ਦਾਤ ਹਨ ਅਤੇ ਹਰ ਸਿੱਖ ਲਈ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਜ਼ਰੂਰੀ ਹੈ॥ਵਿਗਿਆਨ ਦੇ ਪੱਖੋਂ ਵੀ ਕੇਸਾਂ ਦੀ ਬਹੁਤ ਮਹਾਨਤਾ ਹੈ॥ ਪਰ ਇੱਕ ਸਿੱਖ ਲਈ ਇੰਨਾ ਹੀ ਕਾਫ਼ੀ ਹੈ ਕਿ ਸਾਡੇ ਲਈ ਇਹ ਸਤਿਗੁਰਾਂ ਦਾ ਹੁਕਮ ਹੈ॥
ਨੋਟ: ਕੇਸਾਂ ਦੀ ਮਹਾਨਤਾ ਨੂੰ ਪੂਰੀ ਤਰ੍ਹਾਂ ਜਾਨਣ ਲਈ ਵੇਖੋ ਇਸੇ ਵੈੱਬ ਸਾਈਟ ਦਾ ਲੇਖ: ਕੇਸਾਂ ਦੀ ਮਹਾਨਤਾ॥
ਕੰਘਾ: ਕੇਸ ਧਾਰਨ ਕਰਕੇ ਉਹਨਾਂ ਦੀ ਸਫ਼ਾਈ ਰੱਖਣੀ ਅਤਿ ਜ਼ਰੂਰੀ ਹੈ॥ ਤਾਂ ਜੁ ਸਿੱਖ ਕਿਸੇ ਕਿਸਮ ਦੀ ਅਣਗਹਿਲੀ ਨਾਂ ਕਰਨ, ਸਤਿਗੁਰਾਂ ਹਰ ਸਮੇਂ ਕੰਘਾ ਧਾਰਨ ਦਾ ਹੁਕਮ ਦਿੱਤਾ॥
ਕੱਛਾ: ਉੱਚੇ ਆਚਰਨ ਲਈ ਸਾਵਧਾਨ ਕਰਦਾ ਹੈ ਕਿ ਸਿੱਖਾ (ਜਾਂ ਸਿੱਖ ਬੀਬੀ) ਕਿਸੇ ਪਰਾਈ ਨਾਰ (ਜਾਂ ਪਰਾਏ) ਮਰਦ ਵੱਲ ਮੈਲ਼ੀ ਨਜ਼ਰ ਨਾਲ਼ ਨਹੀਂ ਵੇਖਣਾ॥
ਕਿਰਪਾਨ: ਸ਼ਕਤੀ ਜਾਂ ਵਾਹਿਗੁਰੂ ਦੀ ਪਰਤੀਕ ਹੈ॥ ਪਹਿਨਣ ਵਾਲ਼ੇ ਨੂੰ ਹਰ ਸਮੇਂ ਵਾਹਿਗੁਰੂ ਦੀ ਯਾਦ ਦਿਵਾਉਂਦੀ ਹੈ॥ ਗਿਆਨ ਦੀ ਖੜਗ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸ਼ਬਦ ਹਨ॥
ਮਾਰੂ ਸੋਲਹੇ ਮ:1 (1021-2)॥ ----- ਕਾਮ ਕ੍ਰੋਧ ਅਹੰਕਾਰੁ ਨਿਵਾਰੇ॥ ਤਸਕਰ (ਚੋਰ, ਦੂਤ) ਪੰਚ ਸਬਦਿ (ਗੁਰੂ ਦੇ ਸ਼ਬਦ ਦੀ ਰਾਹੀਂ) ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥
ਮਾਰੂ ਕੀ ਵਾਰ ਮ:3, ਪਉੜੀ (1087)॥ ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ॥ਦੂਜਾ ਭ੍ਰਮੁ ਗੜ੍ਹ ਕਟਿਆ ਮੋਹੁ ਲੋਭ ਅਹੰਕਾਰਾ॥ ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ॥
ਸਤੇ ਅਤੇ ਬਲਵੰਡ ਦੀ ਵਾਰ (966)॥ ਲਹਿਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤ ਪੀਵਦੈ॥ ਮਤਿ ਗੁਰ ਆਤਮਦੇਵ ਦੀ ਖੜਗਿ ਜੋਰਿ ਪਰਾਕੁਇ (ਅਕਾਲਪੁਰਖ ਦੀ ਬਖ਼ਸ਼ੀ ਮਤਿ ਨਾਲ਼ ਜ਼ੋਰ ਨਾਲ਼ ਅਤੇ ਬਲ ਨਾਲ) ਜੀਅ ਦੈ (ਜੀਵਨ ਦਾਨ ਦੇ ਕੇ)॥
ਕਿਰਪਾਨ ਸਿੱਖ ਨੂੰ ਜ਼ੁਲਮ ਦੇ ਖ਼ਿਲਾਫ਼ ਜੱਦੋ-ਜਹਿਦ ਕਰਨ ਲਈ ਵੀ ਸੁਚੇਤ ਕਰਦੀ ਹੈ ਅਤੇ ਲੋੜ ਪੈਣ ਤੇ ਇਸਨੂੰ ਆਪਣੇ ਬਚਾਅ ਲਈ ਵੀ ਵਰਤਿਆ ਜਾ ਸਕਦਾ ਹੈ॥ ਯਾਦ ਰਹੇ ਜੱਦੋ-ਜਹਿਦ ਲਈ ਹਿੰਸਾ ਜ਼ਰੂਰੀ ਨਹੀਂ – ਇਹ ਸ਼ਾਂਤਮਈ ਢੰਗ ਨਾਲ਼ ਵੀ ਕੀਤਾ ਜਾ ਸਕਦਾ ਹੈ॥ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਜ਼ੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਤਲਵਾਰ ਉਠਾਈ ਸੀ, ਪਰ ਉਹ ਸ਼ਾਂਤਮਈ ਢੰਗ ਅਤੇ ਕੁਰਬਾਨੀ ਦੇ ਕੇ ਵਰਤੀ ਗਈ ਸੀ॥
ਕੜਾ: ਇਹ ਇੱਕ ਹੋਰ ਵੱਡੀ ਜ਼ੁੰਮੇਵਾਰੀ ਤੋਂ ਸੁਚੇਤ ਕਰਦਾ ਹੈ॥ ਸ਼ਬਦ ਕੜਾ, ਕੜੀ ਜਾਂ ਹੱਥਕੜੀ ਦਾ ਹੀ ਰੂਪ ਹੈ ਅਤੇ ਇਹ ਸਿੱਖ ਨੂੰ ਖ਼ਬਰਦਾਰ ਕਰਦਾ ਹੈ ਕਿ ਕਿਰਪਾਨ ਜ਼ੁਲਮ ਰੋਕਣ ਲਈ ਵਰਤਣੀ ਹੈ ਨਾਂ ਕਿ ਜ਼ੁਲਮ ਢਾਹੁਣ ਲਈ॥ਕਿਰਪਾਨ ਆਮਤੌਰ ਤੇ ਸੱਜੇ ਹੱਥ ਨਾਲ਼ ਹੀ ਵਰਤੀ ਜਾਂਦੀ ਹੈ, ਇਸੇ ਲਈ ਇਸ ਦੀ ਵਰਤੋਂ ਸੰਜਮ ਨਾਲ਼ ਕਰਨ ਲਈ ਕੜਾ ਵੀ ਸੱਜੇ ਹੱਥ ਵਿੱਚ ਪਾਉਣ ਦਾ ਹੁਕਮ ਹੈ॥ ਕੜਾ ਕੋਈ ਗਹਿਣਾ ਨਹੀਂ, ਸੋ ਸਤਿਗੁਰਾਂ ਦਾ ਹੁਕਮ ਹੈ ਕਿ ਕੜਾ ਸਟੀਲ ਦਾ ਹੀ ਹੋਵੇ॥
ਨੋਟ: ਇਹ ਕੱਕਾਰ ਕੋਈ ਚਿੰਨ੍ਹ ਨਹੀਂ ਸਗੋਂ ਹਰ ਸਿੱਖ ਦੇ ਜੀਵਨ ਦੇ ਪੂਰੇ ਅੰਗ ਹਨ॥ਇੱਕ ਤਾਂ ਇਹ ਸਿੱਖ ਨੂੰ ਇੱਕ ਵੱਖਰੀ ਤੇ ਨਿਰਾਲੀ ਪਛਾਣ ਬਖ਼ਸ਼ਦੇ ਠੀਕ ਉਸੇਤਰ੍ਹਾਂ ਜਿਵੇਂ ਵੱਖ ਵੱਖ ਵਰਦੀਆਂ ਪੋਲੀਸ, ਮਿਲਿਟਰੀ ਡਾਕਟਰਾਂ, ਨਰਸਾਂ, ਵਕੀਲਾਂ ਆਦਿ ਦੇ ਮਹਿਕਮਿਆਂ ਨੂੰ ਵੱਖਰੀ ਪਛਾਣ ਦਿੰਦੀਆਂ ਹਨ, ਅਤੇ ਦੂਸਰੇ ਇਹ ਸਾਨੂੰ ਮਾਇਆ ਦੇ ਵੱਖ ਵੱਖ ਕਿਸਮ ਦੇ ਹੱਲਿਆਂ ਤੋਂ ਸੁਚੇਤ ਕਰਦੇ ਹਨ॥ ਜਿਵੇਂ ਇੱਕ ਪੁਲਸ ਅਫ਼ਸਰ ਵਰਦੀ ਪਾਕੇ ਕੋਈ ਗੁਨਾਹ ਕਰਨ ਤੋਂ ਝਿਜਕੇ ਗਾ, ਉਸੇ ਤਰ੍ਹਾਂ ਇਹ ਕੱਕਾਰ ਸਿੱਖ ਨੂੰ ਮੰਦੇ ਕਰਮਾਂ ਤੋਂ ਸੁਚੇਤ ਕਰਦੇ ਹਨ॥
ਇਹਨਾਂ ਕੱਕਾਰਾਂ ਦਾ ਸਤਿਕਾਰ ਤਾਂ ਕਰਨਾ ਹੈ ਪਰ ਵਹਿਮ ਦੀ ਹੱਦ ਤੱਕ ਨਹੀਂ ਜਾਣਾ॥ ਮੈਂ ਕਈ ਸਿੱਖਾਂ ਨੂੰ ਕੱਛਾ ਬਦਲਦੇ ਸਮੇਂ ਡਿਗਦੇ ਵੇਖਿਆ ਹੈ ਜਦ ਕਿ ਉਹ ਇੱਕ ਪਹੁੰਚਾ ਲਾਹ ਕੇ ਦੂਸਰੇ ਕੱਛੇ ਦਾ ਪਹੁੰਚਾ ਪਹਿਨਦੇ ਹਨ॥ ਅਜਿਹਾ ਕਰਨ ਦੀ ਕੋਈ ਲੋੜ ਨਹੀਂ॥ ਤੁਸੀਂ ਤੌਲੀਆ ਲਪੇਟ ਕੇ ਜਾਂ ਬੰਦ ਕਮਰੇ ਵਿੱਚ ਕੱਛਾ ਬਦਲ ਸਕਦੇ ਹੋ॥ ਇਸੇ ਤਰ੍ਹਾਂ ਜੇ ਕਿਸੇ ਖ਼ਾਸ ਕਾਰਨ ਕਰਕੇ ਥੋੜ੍ਹੇ ਸਮੇਂ ਲਈ ਕਿਰਪਾਨ ਆਪਣੇ ਸਰੀਰ ਤੋਂ ਵੱਖ ਵੀ ਕਰਨੀਂ ਪਵੇ ਤਾਂ ਕੋਈ ਖ਼ਾਸ ਝਿਜਕ ਦੀ ਲੋੜ ਵੀ ਨਹੀਂ॥
ਕੀ ਹਰ ਸਿੱਖ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ?
ਜਿਵੇਂ ਅਸੀਂ ਪਹਿਲਾਂ ਵੀ ਵੀਚਾਰ ਕਰ ਚੁੱਕੇ ਹਾਂ, ਹਰ ਸਿੱਖ ਦੀ ਮੰਜ਼ਿਲ ਤਾਂ ਖ਼ਾਲਸਾ ਪਦਵੀ ਦੀ ਪ੍ਰਾਪਤੀ ਹੈ॥ ਅਸੀਂ ਇਹ ਵੀ ਵੀਚਾਰ ਕਰ ਚੁੱਕੇ ਹਾਂ ਕਿ ਸਿੱਖੀ ਇਸ ਮੰਜ਼ਿਲ ਦੀ ਪ੍ਰਾਪਤੀ ਲਈ ਰਸਤਾ ਹੈ॥ ਅੰਮ੍ਰਿਤ ਛਕਣ ਨਾਲ਼ ਅਸੀਂ ਇਹ ਰਸਤਾ ਆਸਾਨ ਕਰ ਸਕਦੇ ਹਾਂ॥ ਅੰਮ੍ਰਿਤ ਛਕ ਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਉਸ ਨਾਲ਼ ਵਚਨ-ਬਧ ਹੁੰਦੇ ਹਾਂ ਕਿ ਅਸੀਂ ਉਸਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ॥ ਜਦ ਅਸੀਂ ਇਹ ਪ੍ਰਣ ਕਰਦੇ ਹਾਂ ਤਾਂ ਹੁਣ ਗੁਰੂ ਦਾ ਬਿਰਦ (ਮੁੱਢ-ਕਦੀਮਾਂ ਦਾ ਸੁਭਾਅ) ਹੈ ਕਿ ਉਹ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਕੁਕਰਮਾਂ ਤੋਂ ਬਚਾਉਂਦਾ ਹੈ॥ ਆਉ ਇਸ ਸਬੰਧੀ ਕੁਝ ਪਾਵਨ ਸ਼ਬਦ ਸਰਵਣ ਕਰੀਏ॥
ਕਬਿੱਤ ਭਾਈ ਗੁਰਦਾਸ ਜੀ (111)॥ ਚਰਨ ਸਰਨ ਗੁਰੁ, ਏਕ ਪੈਂਡਾ ਜਾਇ ਚਲ ਸਤਿਗੁਰੁ ਕੋਟਿ ਪੈਂਡਾ ਆਗੇ ਹੋਇ ਲੇਤੁ ਹੈ॥
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ, ਸਿਮਰਨ ਤਾਹਿ ਬਾਰੰਬਾਰ ਗੁਰੁ ਹੇਤ ਹੈ॥ ਭਾਵਨੀ ਭਗਤਿ ਭਾਇ ਕੌਡੀ ਅਗ੍ਰਭਾਖ (ਸਾਹਮਣੇ) ਰਾਖੈ, ਤਾਹਿ ਗੁਰੁ ਸਰਬ ਨਿਧਾਨ ਦਾਨ ਦੇਤ ਹੈ॥
ਸਤਿਗੁਰੁ ਦਯਾ ਨਿਧਿ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤਿ (ਬੇਅੰਤ) ਨੇਤਿ ਨੇਤਿ ਹੈ॥
ਸਲੋਕ ਮ:4 (307)॥ ----- ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥ ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ॥ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰਧਾਰੇ॥
ਸੁਖਮਨੀ ਸਾਹਿਬ ਮ:5 ਅਸ਼ਟਪਦੀ 18॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰੁ ਸਦਾ ਦਇਆਲ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰੁ ਕਾ ਸਿਖੁ ਬਿਕਾਰ ਤੇ ਹਾਟੈ॥ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥
ਅਜਿਹੇ ਹੋਰ ਬਹੁਤ ਸਾਰੇ ਸ਼ਬਦ ਹਨ ਜਿਹੜੇ ਆਪਣੇ ਸਿੱਖ ਪ੍ਰਤੀ ਗੁਰੂ ਦਾ ਪਿਆਰ ਤੇ ਮਿਹਰ ਦਰਸਾਉਂਦੇ ਹਨ॥ ਸੋ ਅੰਮ੍ਰਿਤ ਛਕਣ ਨਾਲ਼ ਅਸੀਂ ਗੁਰੂ ਸਾਹਿਬ ਦਾ ਪਿਆਰ ਪ੍ਰਾਪਤ ਕਰਦੇ ਹਾਂ ਜਿਸ ਨਾਲ਼ ਅਸੀਂ ਵਿਕਾਰਾਂ ਤੇ ਸੌਖਾ ਕਾਬੂ ਪਾ ਸਕਦੇ ਹਾਂ॥ ਇਸ ਦੇ ਨਾਲ਼ ਹੀ ਜਦ ਅਸੀਂ ਕੱਕਾਰਾਂ ਦੀ ਮਹਾਨਤਾ ਨੂੰ ਹਰ ਸਮੇਂ ਮੁੱਖ ਰੱਖ ਕੇ ਉਹਨਾਂ ਸੁਨਹਿਰੀ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ ਤਾਂ ਅੰਤ ਵਿੱਚ ਅਸੀਂ ਖ਼ਾਲਸਾ ਪਦਵੀ ਨੂੰ ਪ੍ਰਾਪਤ ਕਰ ਸਕਦੇ ਹਾਂ॥
ਪਰ ਜ਼ਰੂਰੂ ਗੱਲ ਇਹ ਹੈ ਕਿ ਅਸੀਂ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਜਿਸਨੂੰ ਰਹਿਤ-ਅਨੁਸਾਰ ਜੀਵਨ ਬਤੀਤ ਕਰਨਾ ਕਿਹਾ ਜਾਂਦਾ ਹੈ॥ ਜਿਵੇਂ ਪਹਿਲਾਂ ਵੀਚਾਰ ਕੀਤੀ ਗਈ ਹੈ, ਅੰਮ੍ਰਿਤ ਆਤਮਿਕ ਰੋਗਾਂ ਲਈ ਦਵਾਈ ਹੈ ਜਿਸ ਵਿੱਚ ਪ੍ਰਹੇਜ਼ ਰੱਖਣਾ ਵੀ ਅਤਿ ਜ਼ਰੂਰੀ ਹੈ॥ ਜੇਕਰ ਕੋਈ ਬੀਮਾਰ ਦਵਾਈ ਲੈ ਕੇ ਪ੍ਰਹੇਜ਼ ਨਾਂ ਰੱਖੇ ਤਾਂ ਉਸ ਦਾ ਰੋਗ ਦੂਰ ਨਹੀਂ ਹੋਵੇਗਾ ਸਗੋਂ ਹੋਰ ਵਧੇਗਾ॥ ਇਹੋ ਹਾਲ ਹੀ ਤੀਰਥ ਇਸ਼ਨਾਨ ਕਰਨ ਵਾਲਿਆਂ ਦਾ ਹੁੰਦਾ ਹੈ॥ ਉਹ ਸਮਝਦੇ ਹਨ ਕਿ ਤੀਰਥ ਇਸ਼ਨਾਨ ਕਰਨ ਨਾਲ਼ ਸਾਰੇ ਪਾਪ ਧੁਪ ਜਾਂਦੇ ਹਨ, ਇਸਤਰ੍ਹਾਂ ਉਹ ਹੋਰ ਪਾਪ ਕਰੀ ਜਾਂਦੇ ਹਨ॥ ਸੋ ਅੰਮ੍ਰਿਤ ਛਕਣ ਦਾ ਲਾਭ ਤਾਂ ਹੀ ਹੈ ਜੇ ਕਰ ਮੰਦੇ ਕਰਮਾਂ ਤੋਂ ਪ੍ਰਹੇਜ਼ ਕਰਨਾ ਹੈ, ਨਹੀਂ ਤਾਂ ਸਗੋਂ ਅੰਮ੍ਰਿਤ ਦੀ ਬੇਅਦਬੀ ਹੈ॥ ਯਾਦ ਰੱਖੋ, ਅੰਮ੍ਰਿਤ ਛਕ ਕੇ ਰਹਿਤ ਨਾਂ ਰੱਖਣ ਵਾਲ਼ਿਆਂ ਨੂੰ ਸਤਿਗੁਰਾਂ ਪਾਖੰਡੀ ਆਖਿਆ ਹੈ ਅਤੇ ਉਹਨਾਂ ਬਾਰੇ ਸਗੋਂ ਉਲਟੀ ਨਾਰਾਜ਼ਗੀ ਪਰਗਟ ਕੀਤੀ ਹੈ॥ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮਕਾਲੀ ਸਿੱਖਾਂ ਪਾਸੋਂ ਗੁਰੂ ਸਾਹਿਬ ਦੇ ਹੁਕਮ ਸੁਣੋ:
ਭਾਈ ਦੇਸਾ ਸਿੰਘ ਜੀ: ਰਹਿਣੀ ਰਹੈ ਸੋਈ ਸਿਖ ਮੇਰਾ॥ ਓਹੁ ਠਾਕੁਰ ਮੈ ਉਸ ਕਾ ਚੇਰਾ॥
ਰਹਿਤ ਬਿਨਾ ਨਹਿ ਸਿਖ ਕਹਾਵੈ॥ ਰਹਿਤ ਬਿਨਾ ਦਰ ਚੋਟਾ ਖਾਵੈ॥
ਭਾਈ ਦੇਸਾ ਸਿੰਘ ਜੀ: ਜੇ ਕੁਰਹਿਤੀਏ ਜਗ ਦਰਸਾਵਤ॥ ਪਾਹੁਲ ਪੀਇ ਕੁਕਰਮ ਕਮਾਵਤ॥
ਤਿਨ ਸੋਂ ਵਰਤਣ ਨਾਹਿ ਮਿਲਾਵੈ॥ ਰਹਿ ਨਿਰਲੇਪ ਪਰਮ ਸੁਖ ਪਾਵੈ॥
ਸਰਬ ਲੋਹ ਗਰੰਥ: ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰੋਂ ਇਨ ਕੀ ਪ੍ਰਤੀਤ॥
ਕ੍ਰੋੜਾਂ ਵਿੱਚੋਂ ਜੇ ਕੋਈ ਵਡਭਾਗੀ ਸਿੱਖ ਕਿਸੇ ਵੀ ਵਿਧੀ ਨਾਲ਼ ਖ਼ਾਲਸਾ ਪਦਵੀ ਨੂੰ ਪ੍ਰਾਪਤ ਕਰ ਚੁੱਕਾ ਹੈ ਤਾਂ ਉਸਨੂੰ ਪਾਹੁਲ ਦੀ ਲੋੜ ਨਹੀਂ ਰਹਿ ਜਾਂਦੀ॥ ਇਸੇ ਕਰਕੇ ਹੀ ਦਸਮੇਸ਼ ਜੀ ਨੇ ਭਾਈ ਨੰਦ ਲਾਲ ਜੀ ਨੂੰ ਅੰਮ੍ਰਿਤ ਛਕਣ ਲਈ ਨਹੀਂ ਕਿਹਾ ਸੀ॥ ਬਾਕੀ ਸਾਰੇ ਸਿੱਖਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਪਰ ਇਹ ਇੱਕ ਕਠਿਨ ਤਪੱਸਿਆ ਹੈ॥ ਜੇ ਕਰ ਕੋਈ ਅੰਮ੍ਰਿਤ ਛਕ ਕੇ ਰਹਿਤ ਨਹੀਂ ਰੱਖ ਸਕਦਾ ਤਾਂ ਉਸਨੂੰ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੁ ਅੰਮ੍ਰਿਤ ਦੀ ਬੇਅਦਬੀ ਨਾਂ ਹੋਵੇ॥
Site Content
- ► 2025 (1)
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)