Written by Dr. Devinder Singh Sekhon PhD Saturday, 22 June 2013
SHUBH AND ASHUBH MOMENTS
ਸ਼ੁਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮ ਭਰਮ
ਸਾਡੇ ਹਿੰਦੂ ਵੀਰਾਂ ਨੇ ਸ਼ੁਭ ਅਤੇ ਅਸ਼ੁਭ ਦਿਨਾਂ (ਘੜੀਆਂ ਪਲਾਂ) ਬਾਰੇ ਬਹੁਤ ਵਹਿਮ ਜਾਂ ਭਰਮ ਪਾਲ਼ ਰੱਖੇ ਹਨ॥ ਇਹ ਵਹਿਮ ਬ੍ਰਾਹਮਣ ਰਿਸ਼ੀਆਂ ਦੇ ਪਾਏ ਹਨ ਜੁ ਹਰ ਪਲ ਨੂੰ ਸ਼ੁਭ ਜਾਂ ਅਸ਼ੁਭ ਮੰਨਦੇ ਹਨ॥ ਸਾਡੇ ਹਿੰਦੂ ਵੀਰ ਹਰ ਕਾਰਜ ਲਈ ਜਿਵੇਂ ਕਿ ਵਿਆਹ, ਮੰਗਣਾ, ਕਿਸੇ ਵਿਉਪਾਰ ਦਾ ਸ਼ੁਰੂ ਕਰਨਾ, ਨਵਾਂ ਘਰ, ਕਾਰ ਜਾਂ ਕੋਈ ਵੀ ਹੋਰ ਮਹਿੰਗੀ ਚੀਜ਼ ਖਰੀਦਣ ਤੋਂ ਪਹਿਲਾਂ ਘਰ ਦੇ ਜਾਂ ਕਿਸੇ ਹੋਰ ਬ੍ਰਾਹਮਣ ਕੋਲੋਂ ਮਹੂਰਤ ਕਢਾਉਂਦੇ ਹਨ ਕਿ ਕਿਸੇ ਅਜਿਹੇ ਕਾਰਜ ਵਾਸਤੇ ਕਿਹੜਾ ਸਮਾਂ ਸ਼ੁਭ ਰਹੇਗਾ॥ ਪ੍ਰੋਹਤ ਜੀ ਆਪਣੀ ਕਿਤਾਬ ਕੱਢ ਕੇ ਕੁਝ ਗਿਣਤੀਆਂ ਕਰਕੇ ਜਜਮਾਨ ਨੂੰ ਸ਼ੁਭ ਮਹੂਰਤ ਦੱਸ ਦਿੰਦੇ ਹਨ ਜਿਸਦੇ ਬਦਲੇ ਉਹ ਜਜਮਾਨਾਂ ਕੋਲੋਂ ਚੰਗੀ ਵੱਡੀ ਰਕਮ ਵਸੂਲ ਕਰਦੇ ਹਨ॥ ਇਸ ਤਰ੍ਹਾਂ ਦੋਵੇਂ ਧਿਰਾਂ ਖੁਸ਼ ਹੋ ਜਾਂਦੀਆਂ ਹਨ॥ ਪਰ ਸੋਚਣ ਵਾਲ਼ੀ ਗੱਲ ਇਹ ਹੈ ਕਿ ਕੀ ਮਹੂਰਤ ਸਮੇਂ ਕੀਤੇ ਸਾਰੇ ਕਾਰਜ ਸਫ਼ਲ ਰਹਿੰਦੇ ਹਨ॥ ਹਿੰਦੂ ਵੀਰ ਮਹੂਰਤ ਅਨੁਸਾਰ ਹੀ ਵਿਆਹ ਦੀ ਰਸਮ ਕਰਦੇ ਹਨ॥ ਪਰ ਅਸੀਂ ਵੇਖਦੇ ਹਾਂ ਕਿ ਇਹਨਾਂ ਵਿਆਹਾਂ ਵਿੱਚ ਵੀ ਸਫ਼ਲਤਾ ਦਾ ਦਰ ਮਹੂਰਤ ਤੋਂ ਬਿਨਾਂ ਕੀਤੇ ਵਿਆਹਾਂ ਨਾਲੋਂ ਵੱਧ ਨਹੀਂ ਹੁੰਦਾ॥ ਨਾਂ ਹੀ ਹਰ ਉਹ ਕਾਰਜ ਸਫ਼ਲ ਹੁੰਦਾ ਹੈ ਜਿਹੜਾ ਮ੍ਹੁਰਤ ਅਨੁਸਾਰ ਕੀਤਾ ਜਾਂਦਾ ਹੈ॥ਗੁਰੂ ਗਰੰਥ ਸਾਹਿਬ ਤਾਂ ਕਿਸੇ ਵੀ ਸਮੇਂ ਨੂੰ ਆਪਣੇ ਤੌਰ ਤੇ ਸ਼ੁਭ ਜਾਂ ਅਸ਼ੁਭ ਨਹੀਂ ਮੰਨਦੇ ਸਗੋਂ ਮੰਨਣ ਵਾਲ਼ਿਆਂ ਨੂੰ ਮੂਰਖ਼ ਅਤੇ ਗਵਾਰ ਕਹਿੰਦੇ ਹਨ॥ ਗੁਰੂ ਗਰੰਥ ਸਾਹਿਬ ਅਨੁਸਾਰ ਰੁੱਤ ਭਾਵੇਂ ਕੋਈ ਵੀ ਹੋਵੇ, ਕੇਵਲ ਉਹ ਸਮਾਂ ਹੀ ਸ਼ੁਭ ਹੈ ਜਦੋਂ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਅਤੇ ਜਦੋਂ ਅਸੀਂ ਵਾਹਿਗੁਰੂ ਨੂੰ ਭੁਲਾ ਦਿੰਦੇ ਹਾਂ, ਉਹ ਸਮਾਂ ਬਹੁਤ ਹੀ ਅਸ਼ੁਭ ਹੁੰਦਾ ਹੈ॥ ਇਸ ਸਬੰਧ ਵਿੱਚ ਕੁਝ ਪਾਵਨ ਸ਼ਬਦ ਆਪ ਨਾਲ਼ ਸਾਂਝੇ ਕੀਤੇ ਜਾਂਦੇ ਹਨ॥
ਸਲੋਕ ਮ:5 (318) ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੇ ਚਿਤਿ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥
ਅਰਥ: ਹੇ ਨਾਨਕ! ਉਹੀ ਦਿਨ (ਜਾਂ ਸਮਾਂ) ਕਰਮਾਂ ਵਾਲ਼ਾ ਹੈ ਜਿਸ ਦਿਨ ਪ੍ਰਭੂ ਦੀ ਯਾਦ ਆਉਂਦੀ ਹੈ॥ ਜਿਸ ਵੇਲ਼ੇ ਪ੍ਰਭੂ ਭੁੱਲ ਜਾਵੇ ਉਹ ਘੜੀ (ਸਮਾਂ) ਲਾਹਨਤਯੋਗ ਹੈ (ਬੇਸ਼ੱਕ ਸਮਾਂ ਵੇਖਣ ਨੂੰ ਭਾਵੇਂ ਚੰਗਾ ਲਗਦਾ ਹੋਵੇ)॥
ਮਾਰੂ ਮ:1 (1015) ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ
ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ॥
ਅਰਥ: ਹੇ ਭਾਈ! ਉਹ ਸਾਰੀਆਂ ਘੜੀਆਂ ਸ਼ੁਭ ਹਨ ਜਿਹਨਾਂ ਵਿੱਚ ਪ੍ਰਭੂ ਨਾਲ਼ ਪਿਆਰ ਬਣਦਾ ਹੈ (ਵੇਖਣ ਨੂੰ ਭਾਵੇਂ ਉਹ ਸਮਾਂ ਬੇਸ਼ੱਕ ਸੁਹਾਵਣਾ ਨਾਂ ਹੋਵੇ)॥ ਜਿਸ ਜੀਵ-ਇਸਤਰੀ ਨੇ ਪ੍ਰਭੂ ਨਾਲ਼ ਸਾਂਝ ਪਾ ਲਈ (ਪਿਆਰ ਬਣਾ ਲਿਆ) ਉਸ ਦੇ ਮਨ ਵਿੱਚ ਰਾਤ ਅਤੇ ਦਿਨ (ਭਾਵ ਹਰ ਸਮੇਂ) ਸੁਖ ਵੱਸਦਾ ਹੈ॥
ਸਲੋਕ ਮ:5 (522) ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ॥ ਘੜੀ ਮੁਹਤੁ ਨ ਵੀਸਰੈ ਨਾਨਕ ਰਵੀਐ ਨਿਤ॥
ਅਰਥ: ਹੇ ਨਾਨਕ! ਉਹੀ ਰੁੱਤ (ਸਮਾਂ) ਸੁਹਾਵੀ ਹੁੰਦੀ ਹੈ ਜਦੋਂ ਪ੍ਰਭੂ ਪਤੀ ਨਾਲ਼ ਮਿਲਾਪ ਹੁੰਦਾ ਹੈ॥ ਇਸ ਕਰਕੇ ਉਸਨੂੰ ਹਰ ਸਮੇਂ ਯਾਦ ਰੱਖਣਾ ਚਾਹੀਦਾ ਹੈ, ਅਤੇ ਬਹੁਤ ਥੋੜ੍ਹੇ ਸਮੇਂ ਵਾਸਤੇ ਵੀ ਉਸਨੂੰ ਵਿਸਾਰਨਾ ਨਹੀਂ ਚਾਹੀਦਾ॥
ਬਿਲਾਵਲੁ ਮ:3 (ਵਾਰ ਸਤ) (842) ----- ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥
ਅਰਥ: ਹੇ ਭਾਈ! ਪੰਡਿਤਾਂ ਨੇ ਸ਼ੁਭ ਅਤੇ ਅਸ਼ੁਭ ਦਿਨਾਂ ਬਾਰੇ ਜਿਹੜਾ ਭਰਮ ਲੋਕਾਂ ਦੇ ਮਨਾਂ ਵਿੱਚ ਬਿਠਾਇਆ ਹੈ ਇਹ ਕੇਵਲ ਮਾਇਆ ਕਾਰਨ ਹੀ ਹੈ ਅਤੇ ਇਹ ਭਰਮ ਮਨਾਂ ਵਿੱਚ ਦੁਵੈਤ (ਪ੍ਰਭੂ ਦੇ ਮੁਕਾਬਲੇ ਹੋਰ ਵਿਚਾਰ ਭਾਵ ਪ੍ਰਭੂ ਤੋਂ ਦੂਰੀ) ਪੈਦਾ ਕਰਦਾ ਹੈ॥ ਹੁੰਦਾ ਉਹੀ ਹੈ ਜਿਹੜਾ ਉਹ ਹਰ ਪੱਖੋਂ ਸੰਪੂਰਨ ਪ੍ਰਭੂ ਕਰਦਾ ਹੈ॥ਹਰ ਵੱਡੀ ਚੰਗੀ ਜਾਂ ਮਾੜੀ ਘਟਨਾ ਵਾਪਰ ਕੇ ਹੀ ਰਹਿਣੀ ਹੈ; ਇਸਦਾ ਸਮੇਂ ਨਾਲ਼ ਕੋਈ ਸਬੰਧ ਨਹੀਂ॥ ਸਤਿਗੁਰੂ ਦੀ ਚਰਨੀਂ ਪੈਣ ਤੋਂ ਬਿਨਾਂ ਦੁਨੀਆਂ ਵਿੱਚ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ ਅਤੇ ਕੇਵਲ ਮੂਰਖ ਅਤੇ ਅਗਿਆਨੀ ਲੋਕ ਹੀ ਥਿਤੀਆਂ (ਚੰਦਰਮੇਂ ਦੀਆਂ ਘਟਦੀਆਂ-ਵਧਦੀਆਂ ਕਲਾਂ) ਅਤੇ ਸ਼ੁਭ ਅਤੇ ਅਸ਼ੁਭ ਦਿਨਾਂ ਨੂੰ ਪੂਜਦੇ ਹਨ (ਭਾਵ ਵੀਚਾਰ ਕਰਦੇ ਹਨ)॥
ਜਿਵੇਂ ਕਿ ਇਹਨਾਂ ਕੁਝ ਕੁ ਪਾਵਨ ਸ਼ਬਦਾਂ (ਅਤੇ ਇਹੋ ਜਿਹੇ ਹੋਰ ਬਹੁਤ ਸਾਰੇ ਪਾਵਨ ਸ਼ਬਦ ਹਨ) ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਗੁਰਮਤਿ ਵਿੱਚ ਸ਼ੁਭ ਅਤੇ ਅਸ਼ੁਭ ਦਿਨਾਂ ਦੇ ਭਰਮਾਂ ਵਾਸਤੇ ਕੋਈ ਥਾਂ ਨਹੀਂ॥ ਕੇਵਲ ਵਾਹਿਗੁਰੂ ਦਾ ਸਿਮਰਨ (ਜਾਂ ਉਸਨੂੰ ਵਿਸਾਰ ਦੇਣਾ) ਹੀ ਸਮੇਂ ਨੂੰ ਸ਼ੁਭ (ਜਾਂ ਅਸ਼ੁਭ) ਬਣਾਉਂਦਾ ਹੈ॥ ਸੋ ਸਿੱਖਾਂ ਨੂੰ ਕਦੇ ਵੀ ਚੰਗੇ ਮਾੜੇ ਸਮੇਂ ਦੀ ਵੀਚਾਰ ਨਹੀਂ ਕਰਨੀ ਚਾਹੀਦੀ॥ ਜਿਹੜਾ ਮਨੁੱਖ ਕਿਸੇ ਵੀ ਸਮੇਂ ਦੇ ਸ਼ੁਭ ਜਾਂ ਅਸ਼ੁਭ ਹੋਣ ਦੀ ਵੀਚਾਰ ਕਰਦਾ ਹੈ, ਸਤਿਗੁਰੂ ਜੀ ਉਸਨੂੰ ਮੂਰਖ ਤੇ ਗਵਾਰ ਆਖਦੇ ਹਨ॥
ਥਿਤੀ
ਜਿਵੇਂ ਕਿ ਪਹਿਲਾਂ ਵੀ ਵੀਚਾਰ ਕੀਤੀ ਜਾ ਚੁੱਕੀ ਹੈ॥ ਸ਼ੁਭ ਅਤੇ ਅਸ਼ੁਭ ਦਿਨਾਂ ਬਾਰੇ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਪਾਵਨ ਬਾਣੀਆਂ ਹਨ ਜਿਵੇਂ ਕਿ ਦੋ ਬਾਣੀਆਂ ਤਾਂ ਕੇਵਲ ਬਾਰਾਂ ਮਹੀਨਿਆਂ ਬਾਰੇ ਹੀ ਹਨ॥ ਇਸੇ ਤਰ੍ਹਾਂ ਰੁੱਤਾਂ, ਥਿਤਾਂ, ਦਿਨਾਂ ਅਤੇ ਵਾਰਾਂ ਬਾਰੇ ਵੀ ਬਹੁਤ ਸਾਰੀਆਂ ਪਾਵਨ ਬਾਣੀਆਂ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ॥ ਆਉ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਦੀ ਥਿਤਾਂ ਬਾਰੇ ਬਿਲਾਵਲੁ ਰਾਗ ਵਿੱਚ ਪਾਵਨ ਬਾਣੀ ਬਾਰੇ ਵੀਚਾਰ ਕਰੀਏ॥ਜਿਵੇਂ ਅਸੀਂ ਵੀਚਾਰ ਕਰ ਚੁੱਕੇ ਹਾਂ, ਚੰਦਰਮੇਂ ਦੀਆਂ ਵਧਦੀਆਂ-ਘਟਦੀਆਂ ਕਲਾਵਾਂ ਨੂੰ ਥਿਤੀਆਂ ਆਖਿਆ ਜਾਂਦਾ ਹੈ॥ ਮੱਸਿਆ ਅਤੇ ਪੁੰਨਿਆਂ ਤੋਂ ਅਗਲੇ ਦਿਨ ਦੀ ਥਿਤੀ ਨੂੰ ਏਕਮ ਅਤੇ ਫ਼ਿਰ ਕ੍ਰਮਵਾਰ, ਦੂਜ, ਤੀਜ, ਚਉਥਮ, ਆਦਿ ਆਖਿਆ ਜਾਂਦਾ ਹੈ॥ ਚੰਦਰਮੇਂ ਦਾ ਹਿਸਾਬ ਨਾਲ਼ ਹਰ ਮਹੀਨੇ 14 ਥਿਤੀਆਂ ਮੱਸਿਆ ਤੋਂ ਪਿੱਛੋਂ ਅਤੇ 14 ਹੀ ਪੁੰਨਿਆਂ ਤੋਂ ਪਿੱਛੋਂ ਆਉਂਦੀਆਂ ਹਨ॥ ਬ੍ਰਾਹਮਣ ਲਈ ਦੂਜ ਅਤੇ ਇਕਾਦਸ਼ੀ (ਦਸ ਅਤੇ ਇੱਕ, ਯਾਰਾਂ) ਵਾਲ਼ੇ ਦਿਨ ਖ਼ਾਸ ਤੌਰ ਤੇ ਮਹੱਤਵਪੂਰਨ ਹੁੰਦੇ ਹਨ॥ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਤੌਰ ਤੇ ਕਿਸੇ ਵੀ ਥਿਤ ਦੀ ਕੋਈ ਮਹਾਨਤਾ ਨਹੀਂ॥ ਆਉ ਸਮਝੀਏ ਕਿ ਅਗਲੀ ਪਾਵਨ ਬਾਣੀ ਰਾਹੀਂ ਸਤਿਗੁਰੂ ਜੀ ਸਾਨੂੰ ਕੀ ਸਿੱਖਿਆ ਦਿੰਦੇ ਹਨ॥
ਨੋਟ: ਅਗਲੀ ਪਾਵਨ ਗੁਰਬਾਣੀ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਥਿਤੀ ਭਾਵੇਂ ਕੋਈ ਵੀ ਹੋਵੇ ਸਤਿਗੁਰੂ ਜੀ ਸਾਨੂੰ ਹਰ ਥਿਤੀ ਤੇ ਇਹੋ ਹੀ ਉਪਦੇਸ਼ ਕਰਦੇ ਹਨ ਕਿ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਚੇਤੇ ਕਰ ਕੇ ਉਸ ਦੇ ਗੁਣ ਗਾਉ॥ ਸੋ ਗੁਰਦੇਵ ਹਰ ਥਿਤੀ ਦਾ ਨਾਮ ਲੈ ਕੇ ਅੱਗੇ ਵਾਹਿਗੁਰੂ ਦੀਆਂ ਬਖ਼ਸ਼ਿਸ਼ਾਂ ਦੀ ਹੀ ਗੱਲ ਕਰਦੇ ਹਨ॥
ਬਿਲਾਵਲੁ ਮਹਲਾ 1 ਥਿਤੀ ਘਰੁ 10 ਜਤਿ (838) ੴ ਸਤਿਗੁਰ ਪ੍ਰਸਾਦਿ॥ ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥ਅਗਮ ਅਗੋਚਰੁ ਰੂਪੁ ਨ ਰੇਖਿਆ॥ਖੋਜਤ ਖੋਜਤ ਘਟਿ ਘਟਿ ਦੇਖਿਆ॥ ਜੋ ਦੇਖਿ ਦਿਖਾਵੈ ਤਿਸੁ ਕਉ ਬਲਿ ਜਾਈ॥ਗੁਰ ਪਰਸਾਦਿ ਪਰਮ ਪਦੁ ਪਾਈ॥1॥
ਅਰਥ: ਏਕਮ ਥਿਤੀ ਤੇ ਇਹ ਵੀਚਾਰ ਕਰੋ ਕਿ ਹਰ ਥਾਂ ਭਰਪੂਰ ਵਾਹਿਗੁਰੂ ਅਨੋਖਾ ਹੈ॥ ਉਹ ਸਦਾ ਰਹਿਣ ਵਾਲ਼ਾ ਹੈ, ਜੂਨਾਂ ਵਿੱਚ ਨਹੀਂ ਪੈਂਦਾ, ਉਸਦੀ ਕੋਈ ਜਾਤ ਨਹੀਂ ਅਤੇ ਨਾਂ ਹੀ ਉਸਨੂੰ ਦੁਨੀਆਂ ਦਾ ਕੋਈ ਜੰਜਾਲ਼ ਹੈ॥ ਉਹ ਅਨੋਖਾ ਵਾਹਿਗੁਰੂ ਸਾਡੀ ਸੋਚ ਅਤੇ ਸਾਡੀ ਪਹੁੰਚ ਤੋਂ ਬਾਹਰ ਹੈ ਕਿਉਂਕਿ ਉਸਦਾ ਕੋਈ ਸਰੂਪ ਨਹੀਂ॥ ਪ੍ਰੰਤੂ, ਜੇ ਉਸਦੀ ਸਹੀ ਖੋਜ ਕਰੀਏ ਤਾਂ ਉਹ ਸਾਨੂੰ ਹਰ ਹਿਰਦੇ ਵਿੱਚ ਦਿਸ ਪੈਂਦਾ ਹੈ॥ ਜੋ ਗੁਰੂ ਮੈਨੂੰ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦੇਵੇ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ॥ ਗੁਰੂ ਦੀ ਮਿਹਰ ਦੁਆਰਾ ਹੀ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਬਣ ਸਕਦੀ ਹੈ॥1॥
ਕਿਆ ਜਪੁ ਜਾਪਉ ਬਿਨੁ ਜਗਦੀਸੈ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥1ਰਹਾਉ॥
ਅਰਥ: ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਜਾਪ ਜਪਣ ਦਾ ਕੀ ਲਾਭ? ਭਾਵ ਕਿਸੇ ਦੇਵੀ ਦੇਵਤੇ ਦਾ ਜਾਪ ਕਰਨ ਨਾਲ਼ ਕੋਈ ਆਤਮਿਕ ਲਾਭ ਨਹੀਂ ਪਹੁੰਚਦਾ॥ ਕੇਵਲ ਗੁਰੂ ਦੀ ਸਿੱਖਿਆ ਤੇ ਚੱਲ ਕੇ ਹੀ ਮਨੁੱਖ ਵਾਹਿਗੁਰੂ ਦੇ ਮਹਲ ਤੱਕ ਪਹੁੰਚ ਸਕਦਾ ਹੈ (ਉਸ ਦੇ ਦਰਸ਼ਨ ਕਰ ਸਕਦਾ ਹੈ) ਰਹਾਉ॥
ਦੂਜੈ ਭਾਇ ਲਗੇ ਪਛੁਤਾਣੇ॥ ਜਮ ਦਰਿ ਬਾਧੇ ਆਵਣ ਜਾਣੇ॥ ਕਿਆ ਲੈ ਆਵਹਿ ਕਿਆ ਲੇ ਜਾਹਿ॥ ਸਿਰਿ ਜਮਕਾਲੁ ਸਿ ਚੋਟਾ ਖਾਹਿ॥ ਬਿਨੁ ਗੁਰ ਸਬਦ ਨ ਛੂਟਸਿ ਕੋਇ॥ ਪਾਖੰਡਿ ਕੀਨ੍ਹੈ ਮੁਕਤਿ ਨ ਹੋਇ॥2॥
ਅਰਥ: ਜਿਹੜੇ ਮਨੁੱਖ ਪ੍ਰਭੂ ਨੂੰ ਛੱਡ ਕੇ (ਦੂਜੇ ਭਾਇ) ਮਾਇਆ ਨਾਲ਼ ਪਿਆਰ ਕਰਦੇ ਹਨ, ਉਹਨਾਂ ਨੂੰ ਪਛਤਾਉਣਾ ਹੀ ਪੈਂਦਾ ਹੈ ਕਿਉਂਕਿ ਉਹ ਬੰਨ੍ਹ ਕੇ ਜਮ ਦੇ ਦਰਾਂ ਤੇ ਖੜੇ ਜਾਂਦੇ ਹਨ ਅਤੇ ਉਹ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ॥ ਉਹ ਅਨਜਾਣ ਜਨਮ ਵੇਲ਼ੇ ਕੀ ਨਾਲ਼ ਲੈ ਕੇ ਆਉਂਦੇ ਹਨ ਅਤੇ ਮਰਨ ਲੱਗੇ ਕੀ ਨਾਲ਼ ਲੈ ਕੇ ਜਾਂਦੇ ਹਨ? ਉਹਨਾਂ ਦੇ ਸਿਰ ਤੇ ਮੌਤ ਮੰਡਲਾਉਂਦੀ ਰਹਿੰਦੀ ਹੈ ਅਤੇ ਉਹ ਸਜ਼ਾਵਾਂ ਭੁਗਤੇ ਰਹਿੰਦੇ ਹਨ॥ ਗੁਰੂ ਦੀ ਸਿੱਖਿਆ ਤੋਂ ਬਿਨਾਂ ਕਿਸੇ ਦੀ ਵੀ ਮਾਇਆ ਵੱਲੋਂ ਮੁਕਤੀ ਨਹੀਂ ਹੁੰਦੀ॥ ਕਰਮ ਕਾਂਡ ਦੇ ਪਾਖੰਡ ਉਹਨਾਂ ਦਾ ਕੁਝ ਵੀ ਸੁਆਰ ਨਹੀਂ ਸਕਦੇ॥2॥
ਆਪੇ ਸਚੁ ਕੀਆ ਕਰ ਜੋੜਿ॥ਅੰਡਜ ਫੋੜਿ ਜੋੜਿ ਵਿਛੋੜਿ॥ ਧਰਤਿ ਅਕਾਸੁ ਕੀਏ ਬੈਸਣ ਕਉ ਥਾਉ॥ ਰਾਤਿ ਦਿਨੰਤੁ ਕੀਏ ਭਉ ਭਾਉ॥ਜਿਨਿ ਕੀਏ ਕਰਿ ਵੇਖਣਹਾਰਾ॥ ਅਵਰੁ ਨਾ ਦੂਜਾ ਸਿਰਜਣਹਾਰਾ॥3॥
ਅਰਥ: ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਸ੍ਰਿਸ਼ਟੀ ਦੀ ਸਿਰਜਣਾ ਨਹੀਂ ਕਰ ਸਕਦਾ॥ ਪ੍ਰਭੂ ਨੇ ਆਪ ਹੀ ਇਸ ਬ੍ਰਹਿਮੰਡ ਰੂਪੀ ਅੰਡੇ ਨੂੰ ਤੋੜ ਕੇ ਫ਼ਿਰ ਇਸਨੂੰ ਜੋੜ ਕੇ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ॥ ਉਸ ਪ੍ਰਭੂ ਨੇ ਹੀ ਧਰਤੀ ਅਤੇ ਆਕਾਸ਼ ਸਾਜ ਕੇ ਸਾਡੇ ਵੱਸਣ ਲਈ ਥਾਂ ਬਣਾਇਆ ਹੈ॥ ਉਸੇ ਨੇ ਹੀ ਦਿਨ, ਰਾਤ ਪੈਦਾ ਕੀਤੇ ਹਨ ਅਤੇ ਜੀਵਾਂ ਵਿੱਚ ਡਰ ਅਤੇ ਪਿਆਰ ਵਰਗੀਆਂ ਭਾਵਨਾਵਾਂ ਪੈਦਾ ਕੀਤੀਆਂ ਹਨ॥ਜਿਸ ਨੇ ਇਹ ਸਾਰਾ ਬ੍ਰੀਹਮੰਡ ਰਚਿਆ ਹੈ ਉਹੀ ਇਸ ਦੀ ਸੰਭਾਲ਼ ਵੀ ਕਰ ਰਿਹਾ ਹੈ॥3॥
ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ॥ਦੇਵੀ ਦੇਵ ਉਪਾਏ ਵੇਸਾ॥ਜੋਤੀ ਜਾਤੀ ਗਣਤ ਨ ਆਵੈ॥ਜਿਨਿ ਸਾਜੀ ਸੋ ਕੀਮਤਿ ਪਾਵੈ॥ ਕੀਮਤਿ ਪਾਇ ਰਹਿਆ ਭਰਪੂਰਿ॥ਕਿਸੁ ਨੇੜੈ ਕਿਸੁ ਆਖਾ ਦੂਰਿ॥4॥
ਅਰਥ: ਤੀਜ ਵਾਲ਼ੇ ਦਿਨ ਇਹ ਯਾਦ ਰੱਖੋ (ਇਸ ਦਿਨ ਦੀ ਹੋਰ ਕੋਈ ਮਹੱਤਤਾ ਨਹੀਂ) ਕਿ ਪ੍ਰਭੂ ਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਵਰਗੇ ਦੇਵਤਿਆਂ ਦੀ ਸਿਰਜਣਾ ਕੀਤੀ (ਭਾਵ ਜੇ ਕਰ ਇਹ ਦੇਵਤੇ ਹਨ ਵੀ, ਤਾਂ ਵੀ ਇਹਨਾਂ ਨੂੰ ਪ੍ਰਭੂ ਨੇ ਹੀ ਰਚਿਆ ਹੈ, ਇਹ ਆਪਣੇ ਆਪ ਤੋਂ ਪੈਦਾ ਨਹੀਂ ਹੋਏ)॥ ਪ੍ਰਭੂ ਨੇ ਹੀ ਵੱਖ ਵੱਖ ਵੇਸਾਂ ਵਾਲ਼ੇ ਹੋਰ ਦੇਵੀ ਦੇਵਤੇ ਵੀ ਰਚੇ॥ ਦੁਨੀਆਂ ਨੂੰ ਠੀਕ ਰਸਤੇ ਪਾਉਣ ਲਈ ਅਜਿਹੇ ਇੰਨੇ ਦੇਵੀ ਦੇਵਤੇ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ॥ ਕੇਵਲ ਰਚਣਹਾਰ ਪ੍ਰਭੂ ਹੀ ਇਹਨਾਂ ਦੀ ਕੀਮਤ ਜਾਣਦਾ ਹੈ॥ ਕੀਮਤ ਪਾਉਣ ਵਾਲ਼ਾ ਪ੍ਰਭੂ ਹਰ ਥਾਂ ਭਰਪੂਰ ਹੈ, ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਸ ਦੇ ਨੇੜੇ ਅਤੇ ਕਿਸ ਤੋਂ ਦੂਰ ਹੈ॥ 4॥
ਚਉਥਿ ਉਪਾਏ ਚਾਰੇ ਬੇਦਾ॥ ਖਾਣੀ ਚਾਰੇ ਬਾਣੀ ਭੇਦਾ॥ ਅਸਟੁ ਦਸਾ ਖਟੁ ਤੀਨਿ ਉਪਾਏ॥ ਸੋ ਬੂਝੈ ਜਿਸੁ ਆਪਿ ਬੁਝਾਏ॥ ਤੀਨਿ ਸਮਾਵੈ ਚਉਥੈ ਵਾਸਾ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ॥5॥
ਅਰਥ: ਚੌਥ ਵਾਲ਼ੇ ਦਿਨ ਇਹ ਯਾਦ ਰੱਖੋ ਕਿ ਚਾਰੇ ਵੇਦਾਂ ਦੀ ਰਚਨਾ ਕਰਨ ਦੀ ਸੂਝ ਪ੍ਰਭੂ ਨੇ ਆਪ ਹੀ ਬਖ਼ਸ਼ੀ ਅਤੇ ਉਸ ਨੇ ਹੀ ਸ੍ਰਿਸ਼ਟੀ ਦੀ ਉਤਪਤੀ ਦੇ ਚਾਰੇ ਸੋਮੇ (ਅੰਡੇ, ਮਾਂ ਦੇ ਪੇਟ ਤੋਂ, ਹਵਾ ਵਿਚਲੇ ਕ੍ਰਿਮਾਂ ਤੋਂ, ਅਤੇ ਧਰਤੀ ਵਿੱਚੋਂ) ਅਤੇ ਵੱਖ ਵੱਖ ਭਾਂਤ ਦੀਆਂ ਬੋਲੀਆਂ ਦੀ ਰਚਨਾ ਕੀਤੀ॥ ਪ੍ਰਭੂ ਨੇ ਹੀ ਮਾਇਆ ਦੇ ਤਿੰਨ ਗੁਣ ਰਚੇ ਅਤੇ ਉਸੇ ਪ੍ਰਭੂ ਦੀ ਬਖ਼ਸ਼ੀ ਹੋਈ ਸੂਝ ਨਾਲ਼ ਹੀ ਮਨੁੱਖਾਂ ਨੇ ਅਠਾਰਾਂ ਪੁਰਾਣ ਲਿਖੇ॥ ਪਰ ਇਸ ਸਾਰੇ ਗਿਆਨ ਦੀ ਸੂਝ ਉਸਨੂੰ ਹੀ ਪੈਂਦੀ ਹੈ ਜਿਸਨੂੰ ਪ੍ਰਭੂ ਆਪ ਸੋਝੀ ਬਖ਼ਸ਼ਦਾ ਹੈ॥ (ਗੁਰੂ) ਨਾਨਕ ਸਾਹਿਬ ਕਹਿੰਦੇ ਹਨ ਕਿ ਜਿਹੜਾ ਮਹਾਂਪੁਰਖ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਕੇ ਪ੍ਰਭੂ ਵਿੱਚ ਨਿਵਾਸ ਕਰ ਲੈਂਦਾ ਹੈ ਮੈਂ ਉਸਦਾ ਸੇਵਕ ਹਾਂ॥5॥
ਪੰਚਮੀ ਪੰਚ ਭੂਤ ਬੇਤਾਲਾ॥ ਆਪਿ ਅਗੋਚਰੁ ਪੁਰਖੁ ਨਿਰਾਲਾ॥ਇਕਿ ਭਰਮਿ ਭੂਖੇ ਮੋਹ ਪਿਆਸੇ॥ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ॥ਇਕਿ ਰੰਗਿ ਰਾਤੇ ਇਕਿ ਮਰਿ ਧੂਰਿ॥ ਇਕਿ ਘਰਿ ਸਾਚੈ ਦੇਖਿ ਹਦੂਰਿ॥6॥
ਅਰਥ: ਪੰਜਵੀਂ ਥਿਤੀ ਤੇ ਇਹ ਯਾਦ ਰੱਖੋ ਕਿ ਪ੍ਰਭੂ ਆਪ ਤਾਂ ਅਪਹੁੰਚ ਅਤੇ ਅਨੋਖਾ ਹੈ (ਭਾਵ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ, ਪਰ ਉਸਨੂੰ ਭੁਲਾ ਕੇ ਮਨੁੱਖ ਦੀਆਂ ਪੰਜੇ ਹੀ ਕਰਮ ਇੰਦਰੇ ਬੇਕਾਬੂ ਹੋਕੇ ਭੂਤਨੇ ਬਣ ਜਾਂਦੇ ਹਨ॥ ਬਹੁਤ ਸਾਰੇ ਤਾਂ ਤ੍ਰਿਸ਼ਨਾ ਦੀ ਭੁੱਖ ਅਤੇ ਮੋਹ ਦੀ ਪਿਆਸ ਨਾਲ਼ ਭਟਕਣਾ ਵਿੱਚ ਪਏ ਰਹਿੰਦੇ ਹਨ, ਪਰ ਕੁਝ ਗੁਰੂ ਦੇ ਸ਼ਬਦ-ਰਸ ਨੂੰ ਚੱਖ ਕੇ (ਭਾਵ ਗੁਰੂ ਦੀ ਸਿੱਖਿਆ ਤੇ ਚੱਲ ਕੇ) ਸੰਤੁਸ਼ਟ ਹੋ ਜਾਂਦੇ ਹਨ॥ ਕੁਝ ਤਾਂ ਪ੍ਰਭੂ ਦੇ ਪਿਆਰ ਵਿੱਚ ਰੰਗੇ ਜਾਂਦੇ ਹਨ ਅਤੇ ਉਸਨੂੰ ਹਰ ਥਾਂ ਹਾਜ਼ਰ ਵੇਖ ਕੇ ਉਸ ਵਿੱਚ ਸਮਾਏ ਰਹਿੰਦੇ ਹਨ॥ ਪਰ ਕੁਝ ਉਸਦੇ ਪਿਆਰ ਤੋਂ ਵਾਂਞੇ ਮਰ ਕੇ ਮਿੱਟੀ ਵਿੱਚ ਰਲ਼ ਜਾਂਦ ਹਨ॥6॥
ਝੂਠੇ ਕਉ ਨਾਹੀ ਪਤਿ ਨਾਉ॥ ਕਬਹੁ ਨ ਸੂਚਾ ਕਾਲਾ ਕਾਉ॥ ਪਿੰਜਰਿ ਪੰਖੀ ਬੰਧਿਆ ਕੋਇ॥ ਛੇਰੀ ਭਰਮੈ ਮੁਕਤਿ ਨ ਹੋਇ॥ ਤਉ ਛੂਟੈ ਜਾ ਖਸਮੁ ਛਡਾਇ॥ਗੁਰਮਤਿ ਮੇਲੇ ਭਗਤਿ ਦ੍ਰਿੜਾਇ॥7॥
ਅਰਥ: ਮਾਇਆ-ਗ੍ਰੱਸਿਆ ਮਨੁੱਖ ਝੂਠ ਦੀ ਹੀ ਜ਼ਿੰਦਗੀ ਗੁਜ਼ਾਰਦਾ ਹੈ ਅਤੇ ਉਸਦਾ ਕੋਈ ਸਤਿਕਾਰ ਨਹੀਂ ਹੁੰਦਾ॥ ਵਿਕਾਰਾਂ ਵਿੱਚ ਫ਼ਸਿਆ ਮਨੁੱਖ ਕਾਲੇ ਕਾਂ ਵਾਂਙ ਹੈ ਜਿਹੜਾ ਕਦੇ ਵੀ ਸੁੱਚਾ ਨਹੀਂ ਹੁੰਦਾ (ਭਾਵ ਉਸਦਾ ਮਨ ਕਦੇ ਸਾਫ਼ ਨਹੀਂ ਹੁੰਦਾ) ਉਹ ਮਾਇਆ ਦੇ ਪਿੰਜਰੇ ਵਿੱਚ ਇਉਂ ਕੈਦ ਹੁੰਦਾ ਹੈ ਜਿਵੇਂ ਕੋਈ ਪੰਛੀ ਹੋਵੇ॥ ਜਿਵੇਂ ਪਿੰਜਰੇ ਵਿੱਚ ਕੈਦ ਪੰਛੀ ਨੂੰ ਛੇੜਿਆਂ ਉਹ ਉਸਦੇ ਛੇਕਾਂ ਰਾਹੀਂ ਬਾਹਰ ਨਹੀਂ ਆ ਸਕਦਾ ਤਿਵੇਂ ਹੀ ਮਾਇਆ ਦੇ ਪਿੰਜਰੇ ਵਿੱਚ ਕੈਦ ਮਨੁੱਖ ਮਾੜੀ ਮੋਟੀ ਕੋਸ਼ਿਸ਼ ਕਰਨ ਦੇ ਉਪ੍ਰੰਤ ਵੀ ਮਾਇਆ ਦੀ ਕੈਦ ਵਿੱਚੋਂ ਬਾਹਰ ਨਹੀਂ ਨਿਕਲਸਕਦਾ॥ ਉਸਦਾ ਛੁਟਕਾਰਾ ਤਾਂ ਹੀ ਹੋ ਸਕਦਾ ਹੈ ਜੇ ਉਸਨੂੰ ਗੁਰੂ ਮਿਲ਼ ਜਾਵੇ ਜਿਹੜਾ ਉਸਨੂੰ ਪ੍ਰਭੂ ਭਗਤੀ ਦ੍ਰਿੜਾਵੇ॥7॥
ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ ਨਿਰਾਲਾ ਵਾਜੇ॥ ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ॥ ਸਬਦੇ ਭੇਦੇ ਤਉ ਪਤਿ ਪਾਵੈ॥ਕਰਿ ਕਰਿ ਵੇਸ ਖਪਹਿ ਜਲਿ ਜਾਵਹਿ॥ ਸਾਚੈ ਸਾਚੇ ਸਾਚਿ ਸਮਾਵਹਿ॥8॥
ਅਰਥ: ਛੇਵੀਂ ਥਿਤੀ ਨੂੰ ਯਾਦ ਰੱਖੋ ਕਿ ਪ੍ਰਭੂ ਦੀ ਬਖ਼ਸ਼ੀ ਹੋਈ ਸੂਝ ਕਰਕੇ ਹੀ ਕੁਝ ਲੋਕ ਛੇ ਭੇਖਾਂ (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ ਅਤੇ ਬੈਰਾਗੀ) ਰਾਹੀਂ ਹੀ ਪ੍ਰਭੂ ਨੂੰ ਖੋਜਦੇ ਹਨ ਪਰ ਵਾਹਿਗੁਰੂ ਦਾ ਇੱਕ ਰਸ ਸ਼ਬਦ ਇਹਨਾਂ ਤੋਂ ਵੱਖਰਾ ਹੀ ਵੱਜਦਾ ਹੈ (ਭਾਵ ਇਹਨਾਂ ਭੇਖਾਂ ਰਾਹੀਂ ਪ੍ਰਭੂ ਨਹੀਂ ਮਿਲ਼ਦਾ)॥ ਪਰ ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਉਹ ਕਿਸੇ ਵਿਰਲੇ ਨੂੰ ਆਪਣੇ ਵਿੱਚ ਮਿਲ਼ਾ ਲੈਂਦਾ ਹੈ॥ ਪਰ ਇਹ ਸਨਮਾਨ ਉਸਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਮਨੁੱਖ ਵਾਹਿਗੁਰੂ ਦੇ ਸ਼ਬਦ ਨਾਲ਼ ਵਿੰਨ੍ਹਿਆ ਜਾਂਦਾ ਹੈ॥ ਪ੍ਰਭੂ ਦੇ ਢੁੰਢਾਊ ਉਸਨੂੰ ਸਿਮਰ ਕੇ ਹੀ ਉਸ ਵਿੱਚ ਸਮਾਉਂਦੇ ਹਨ॥ ਭੇਖਾਂ ਵਾਲ਼ੇ ਤਾਂ ਵੱਖ ਵੱਖ ਵੇਸ ਕਰਕੇ ਹੀ ਆਪਣੇ ਆਪ ਨੂੰ ਸਾੜਦੇ ਰਹਿੰਦੇ ਹਨ (ਭਾਵ ਦੁੱਖ ਹੀ ਪਾਉਂਦੇ ਹਨ)॥ 8॥
ਸਪਤਮੀ ਸਤੁ ਸੰਤੋਖੁ ਸਰੀਰਿ॥ ਸਾਤ ਸਮੁੰਦ ਭਰੇ ਨਿਰਮਲ ਨੀਰਿ॥ ਮਜਨੁ ਸੀਲੁ ਸਚੁ ਰਿਦੈ ਵੀਚਾਰਿ॥ਗੁਰ ਕੈ ਸਬਦਿ ਪਾਵੈ ਸਭਿ ਪਾਰਿ॥ ਮਨਿ ਸਾਚਾ ਮੁਖਿ ਸਾਚਉ ਭਾਇ॥ ਸਚੁ ਨੀਸਾਣੈ ਠਾਕ ਨ ਪਾਇ॥9॥
ਅਰਥ: ਸੱਤਵੀਂ ਥਿਤ ਨੂੰ ਯਾਦ ਰੱਖੋ ਕਿ ਜਿਹੜਾ ਮਨੁੱਖ ਆਪਣੇ ਸਰੀਰ ਨੂੰ ਉੱਚੇ ਆਚਰਨ, ਸੇਵਾ ਅਤੇ ਸੰਤੋਖ (ਸੰਤੁਸ਼ਟਤਾ) ਦਾ ਘਰ ਬਣਾਉਂਦਾ ਹੈ, ਉਸ ਦੇ ਸੱਤੇ ਹੀ ਸਮੁੰਦਰ (ਪੰਜ ਕਰਮ ਇੰਦਰੇ, ਮਨ ਅਤੇ ਬੁੱਧੀ) ਨਿਰਮਲ ਜਲ ਨਾਲ਼ ਭਰੇ ਰਹਿੰਦੇ ਹਨ (ਭਾਵ ਉਹ ਕੋਈ ਨੀਚ ਕਰਮ ਨਹੀਂ ਕਰਦਾ)॥ ਇਸ ਨਿਰਮਲ ਵਿੱਚ ਹੀ ਉਹ ਇਸ਼ਨਾਨ ਕਰਦਾ ਹੈ; ਉਹ ਸ਼ਾਂਤ ਸੁਭਾਅ ਵਾਲ਼ਾ ਹੋ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਸ਼ੁਭ ਵੀਚਾਰ ਹੀ ਪੈਦਾ ਹੁੰਦੇ ਹਨ॥ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਆਪਣੇ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ॥ ਉਸਦੇ ਮਨ ਅਤੇ ਮੁੱਖ ਵਿੱਚ ਸਦਾ ਸੱਚ ਅਤੇ ਪਿਆਰ ਹੀ ਵੱਸਦਾ ਹੈ॥ਸੱਚ ਦੇ ਇਸ ਪਰਵਾਨੇ ਰਾਹੀਂ ਉਸਨੂੰ ਪ੍ਰਭੂ ਮਿਲਣ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਪੈਂਦੀ॥9॥
ਅਸਟਮੀ ਅਸਟ ਸਿਧਿ ਬੁਧਿ ਸਾਧੈ॥ ਸਚੁ ਨਿਹਕੇਵਲੁ ਕਰਮਿ ਅਰਾਧੈ॥ ਪਉਣ ਪਾਣੀ ਅਗਨੀ ਬਿਸਰਾਉ॥ ਤਹੀ ਨਿਰੰਜਨੁ ਸਾਚੋ ਨਾਉ॥ ਤਿਸੁ ਮਹਿ ਮਨੂਆ ਰਹਿਆ ਲਿਵ ਲਾਇ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ॥10॥
ਅਰਥ: ਆਮ ਤੌਰ ਤੇ ਮਨੁੱਖ ਦਾ ਮਨ (ਖ਼ਾਸ ਤੌਰ ਤੇ ਜੋਗੀਆਂ ਦਾ) ਅੱਠਾਂ ਸਿਧੀਆਂ ਦੀ ਪ੍ਰਾਪਤੀ ਦੀ ਯਾਚਨਾ ਵਿੱਚ ਹੀ ਲੱਗਾ ਰਹਿੰਦਾ ਹੈ॥ ਪਰ ਜਿਹੜਾ ਮਨੁੱਖ ਇਹਨਾਂ ਸਿਧੀਆਂ ਦੀ ਪ੍ਰਾਪਤੀ ਕਰਨ ਵਾਲੀ ਬੁੱਧੀ ਨੂੰ ਵੱਸ ਵਿੱਚ ਕਰ ਲੈਂਦਾ ਹੈ, ਉਹ ਪ੍ਰਭੂ ਦੀ ਮਿਹਰ ਨਾਲ ਉਸ ਸਦਾ ਥਿਰ ਅਤੇ ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਨੂੰ ਹੀ ਸਿਮਰਦਾ ਹੈ ਜਿਸ ਕਾਰਨ ਉਸਦੇ ਹਿਰਦੇ ਵਿੱਚੋਂ ਮਾਇਆ ਦੇ ਤਿੰਨੇ ਹੀ ਗੁਣਾਂ (ਅਗਨੀ=ਤਮੋ, ਪਉਣ=ਰਜੋ ਅਤੇ ਪਾਣੀ=ਸਤੋ) ਦਾ ਪ੍ਰਭਾਵ ਮੁੱਕ ਜਾਂਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਮਾਇਆ ਦੇ ਪ੍ਰਭਾਵ ਤੋਂ ਉੱਪਰ ਰਹਿਣ ਵਾਲ਼ੇ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ॥(ਗੁਰੂ) ਨਾਨਕ ਬੇਨਤੀ ਕਰਦੇ ਹਨ ਕਿ ਉਸ ਮਨੁੱਖ ਦਾ ਮਨ ਵਾਹਿਗੁਰੂ ਵਿੱਚ ਟਿਕਿਆ ਰਹਿੰਦਾ ਹੈ ਅਤੇ ਉਸਨੂੰ ਮੌਤ ਦਾ ਡਰ ਨਹੀਂ ਰਹਿੰਦਾ॥10॥
ਨੋਟ: ਅੱਠ ਸਿਧੀਆਂ ਇਹ ਹਨ: ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮਯ, ਈਸ਼ਿਤਾ, ਅਤੇ ਵਸ਼ਿਤਾ॥
ਨਾਉ ਨਉਮੀ ਨਵੇ ਨਾਥ ਨਵ ਖੰਡਾ॥ ਘਟਿ ਘਟਿ ਨਾਥ ਮਹਾ ਬਲਵੰਡਾ॥ ਆਈ ਪੂਤਾ ਇਹੁ ਜਗੁ ਸਾਰਾ॥ ਪ੍ਰਭ ਆਦੇਸੁ ਆਦਿ ਰਖਵਾਰਾ॥ ਆਦਿ ਜੁਗਾਦੀ ਹੈ ਭੀ ਹੋਗੁ॥ ਓਹੁ ਅਪਰੰਪਰੁ ਕਰਣੈ ਜੋਗੁ॥11॥
ਅਰਥ: ਜੋਗੀਆਂ ਵਿੱਚ ਨੌਂ ਨਾਥ ਬਹੁਤ ਮਹੱਤਵਪੂਰਨ ਹਨ (ਆਦਿ ਨਾਥ, ਮਛਿੰਦਰ ਨਾਥ, ਉਦਯ ਨਾਥ, ਸੰਤੋਖ ਨਾਥ, ਕੰਬੜ ਨਾਥ, ਸਤਯ ਨਾਥ, ਅਚੰਭ ਨਾਥ, ਚੌਰੰਗੀ ਨਾਥ ਅਤੇ ਗੋਰਖ ਨਾਥ)॥ ਉਂਞ ਨਾਥ ਦਾ ਭਾਵ ਖਸਮ ਜਾਂ ਮਾਲਕ ਹੈ॥ ਸਤਿਗੁਰੂ ਫੁਰਮਾਉਂਦੇ ਹਨ ਕਿ ਅਸਲ ਨਾਥ (ਮਾਲਕ) ਉਹ ਪ੍ਰਭੂ ਹੈ ਜੋ ਹਰੇਕ ਸਰੀਰ ਵਿੱਚ ਵੱਸਦਾ ਹੈ; ਜੋ ਮਹਾਂਬਲੀ ਹੈ ਅਤੇ ਜਿਸਨੂੰ ਜੋਗੀਆਂ ਦੇ ਨੌਂ ਹੀ ਨਾਥ ਅਤੇ (ਨੌਂ-ਖੰਡ ਪ੍ਰਿਥਮੀ) ਦੇ ਸਾਰੇ ਜਵਿ ਹੀ ਧਿਆਉਂਦੇ ਹਨ॥ ਉਂਞ ਇਹ ਸਾਰਾ ਸੰਸਾਰ ਮਾਇਆ (ਆਈ) ਦਾ ਹੀ ਪੁੱਤ ਹੈ ਭਾਵ ਉਸਨੂੰ ਪੂਜਦਾ ਹੈ, ਪਰ ਮਾਇਆ ਦੇ ਪ੍ਰਭਾਵ ਤੋਂ ਬਚਾਉਣ ਵਾਲ਼ਾ ਉਹ ਮੂਲ਼ ਪ੍ਰਭੂ ਹੀ ਹੈ ਜਿਸਨੂੰ ਸਾਡੀ ਨਮਸਕਾਰ ਹੈ॥ ਉਹ ਪ੍ਰਭੂ ਸਦਾ ਤੋਂ ਹੀ ਸੀ, ਹੁਣ ਵੀ ਹੈ ਅਤੇ ਸਦਾ ਹੀ ਰਹੇਗਾ॥ ਉਹ ਅਪਾਰ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ॥11॥
ਦਸਮੀ ਨਾਮੁ ਦਾਨੁ ਇਸਨਾਨੁ॥ ਅਨਦਿਨੁ ਮਜਨੁ ਸਚਾ ਗੁਣ ਗਿਆਨੁ॥ ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ॥ ਬਿਲਮੁ ਨ ਤੂਟਸਿ ਕਾਚੈ ਤਾਗੈ॥ ਜਿਉ ਤਾਗਾ ਜਗੁ ਏਵੈ ਜਾਣਹੁ॥ ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ॥12॥
ਅਰਥ: ਹੇ ਭਾਈ ਦਸਵੀਂ ਥਿਤੀ ਤੇ ਮਨ ਵਿੱਚ ਇਹ ਵਿਸ਼ਵਾਸ ਲਿਆਉ ਕਿ ਵਾਹਿਗੁਰੂ ਦੇ ਗੁਣ ਗਾਉਣੇ ਅਤੇ ਉਸਦੇ ਗਿਆਨ ਨਾਲ਼ ਸਾਂਝ ਪਾਉਣੀ ਹੀ ਅਸਲ ਇਸ਼ਨਾਨ ਹੈ ਜਿਸਨੂੰ ਹਰ ਸਮੇਂ ਕਰਨਾ ਚਾਹੀਦਾ ਹੈ॥ ਇਸ ਦੇ ਨਾਲ਼ ਹੀ ਹੋਰ ਪ੍ਰਾਣੀਆਂ ਨੂੰ ਵੀ ਨਾਮ ਦਾ ਦਾਨ ਕਰਨਾ ਚਾਹੀਦਾ ਹੈ (ਵਾਹਿਗੁਰੂ ਦਾ ਨਾਮ ਜਪਣ ਲਈ ਪ੍ਰੇਰਨਾ ਕਰਨੀਂ ਚਾਹੀਦੀ ਹੈ)॥ ਵਾਹਿਗੁਰੂ ਵਿੱਚ ਚਿੱਤ ਜੋੜਨ ਨਾਲ਼ ਮਨ ਕਦੇ ਮੈਲ਼ਾ ਨਹੀਂ ਹੁੰਦਾ ਅਤੇ ਮਨੁੱਖ ਦੇ ਵਹਿਮ ਭਰਮ ਅਤੇ ਦੁਨਿਆਵੀ ਡਰ ਖ਼ਤਮ ਹੋ ਜਾਂਦੇ ਹਨ॥ ਇਹ ਸੰਸਾਰ ਕੱਚੇ ਧਾਗੇ ਵਾਂਙ ਹੈ ਜਿਸਨੂੰ ਟੁੱਟਣ ਵਿੱਚ ਕੋਈ ਦੇਰ ਨਹੀਂ ਲਗਦੀ॥ ਵਾਹਿਗੁਰੂ ਵਿੱਚ ਜੁੜਨ ਨਾਲ਼ ਹੀ ਮਨੁੱਖ ਦਾ ਮਨ ਭਟਕਣ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ॥12॥
ਨੋਟ: ਪਾਵਨ ਗੁਰਬਾਣੀ ਵਿੱਚ ਜਿੱਥੇ ਵੀ ਇਸ਼ਨਾਨ ਕਰਨ ਦੀ ਸਿੱਖਿਆ ਦਿੱਤੀ ਗਈ ਹੈ, ਉਥੇ ਸਰੀਰਕ ਇਸ਼ਨਾਨ ਦੀ ਗੱਲ ਨਹੀਂ ਕੀਤੀ ਗਈ ਸਗੋਂ ਮਨ ਨੂੰ ਸਾਫ਼ ਰੱਖਣ ਦੀ ਹੀ ਸਿੱਖਿਆ ਹੈ॥
ਏਕਾਦਸੀ ਇਕੁ ਰਿਦੈ ਵਸਾਵੈ॥ਹਿੰਸਾ ਮਮਤਾ ਮੋਹੁ ਚੁਕਾਵੈ॥ਫਲੁ ਪਾਵੈ ਬ੍ਰਤੁ ਆਤਮ ਚੀਨੈ॥ ਪਾਖੰਡਿ ਰਾਚਿ ਤਤੁ ਨਹੀ ਬੀਨੈ॥ ਨਿਰਮਲੁ ਨਿਰਾਹਾਰੁ ਨਿਹਕੇਵਲੁ॥ ਸੂਚੈ ਸਾਚੇ ਨਾ ਲਾਗੈ ਮਲੁ॥13॥
ਅਰਥ: ਏਕਾਦਸ਼ੀ (ਮੱਸਿਆ ਜਾਂ ਪੁੰਨਿਆਂ ਤੋਂ ਯਾਰ੍ਹਵੇਂ ਦਿਨ) ਬ੍ਰਾਹਮਣ (ਅਤੇ ਕਈ ਹੋਰ ਸ਼ਰਧਾਲੂ ਵੀ) ਅੰਨ ਨਾਂ ਖਾਣ ਦਾ ਵਰਤ ਰੱਖਦੇ ਹਨ (ਵਰਤ ਦਾ ਭਾਵ ਹੁੰਦਾ ਹੈ ਕੋਈ ਪ੍ਰਣ ਲੈਣਾ) ਅਤੇ ਕੇਵਲ ਫ਼ਲਾਂ ਨਾਲ਼ ਹੀ ਗੁਜ਼ਾਰਾ ਕਰਦੇ ਹਨ॥ (ਕਿੱਡੀ ਵੱਡੀ ਕੁਰਬਾਨੀ ਹੈ!)॥ ਪਰ ਇਸ ਪਾਵਨ ਪਉੜੀ ਰਾਹੀਂ ਸਤਿਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਅਜਿਹੇ ਪਾਖੰਡ ਕਰਨ ਨਾਲ਼ ਮਨੁੱਖ ਅਸਲੀਅਤ (ਵਾਹਿਗੁਰੂ) ਨੂੰ ਨਹੀਂ ਪਛਾਣਦਾ॥ ਅਸਲ ਵਰਤ ਇਹ ਹੈ ਕਿ ਮਨੁੱਖ ਇੱਕ ਵਾਹਿਗੁਰੂ ਨੂੰ ਹੀ ਹਿਰਦੇ ਵਿੱਚ ਵਸਾਵੇ, ਅਤੇ ਨਿਰਦੈਤਾ, ਮਮਤਾ ਅਤੇ ਮੋਹ ਤੋਂ ਖ਼ਲਾਸੀ ਪਾ ਲਵੇ॥ ਅਜਿਹੇ ਵਰਤ ਦਾ ਫ਼ਲ਼ ਇਹ ਹੁੰਦਾ ਹੈ ਕਿ ਮਨੁੱਖ ਆਪਣੀ ਆਤਮਾ (ਦੇ ਮੂਲ਼) ਉਸ ਵਾਹਿਗੁਰੂ ਨੂੰ ਪਛਾਣ ਲੈਂਦਾ ਹੈ (ਉਸ ਨਾਲ਼ ਸਾਂਝ ਪਾ ਲੈਂਦਾ ਹੈ) ਜਿਹੜਾ ਸ਼ੁੱਧ-ਸਰੂਪ ਹੈ, ਜਿਸਨੂੰ ਕਿਸੇ ਭੋਜਨ ਦੀ ਲੋੜ ਨਹੀਂ ਅਤੇ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ॥ ਅਜਿਹੇ ਸੁੱਚੇ ਅਤੇ ਸੱਚੇ ਮਨੁੱਖ ਨੂੰ ਕਦੇ ਮੈਲ਼ ਨਹੀਂ ਲਗਦੀ॥13॥
ਜਹ ਦੇਖਉ ਤਹ ਏਕੋ ਏਕਾ॥ ਹੋਰਿ ਜੀਅ ਉਪਾਏ ਵੇਕੋ ਵੇਕਾ॥ ਫਲੋਹਾਰ ਕੀਏ ਫਲੁ ਜਾਇ॥ ਰਸ ਕਸ ਖਾਏ ਸਾਦੁ ਗਵਾਇ॥ ਕੂੜੈ ਲਾਲਚਿ ਲਪਟੈ ਲਪਟਾਇ॥ ਛੂਟੈ ਗੁਰਮੁਖਿ ਸਾਚੁ ਕਮਾਇ॥ 14॥
ਅਰਥ: ਸਤਿਗੁਰੂ ਜੀ ਕਹਿੰਦੇ ਹਨ ਕਿ ਭਾਵੇਂ ਵਾਹਿਗੁਰੂ ਨੇ ਵੱਖ ਵੱਖ ਭਾਂਤ ਦੇ ਕਈ ਜੀਵ ਪੈਦਾ ਕੀਤੇ ਹਨ ਪਰ ਮੈਂ ਤਾਂ ਜਿਧਰ ਵੀ ਵੇਖਦਾ ਹਾਂ ਮੈਨੂੰ ਇੱਕ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ॥ਜਿਹੜੇ ਲੋਕ ਵਾਹਿਗੁਰੂ ਦੀ ਪ੍ਰਾਪਤੀ ਲਈ ਅੰਨ ਨਾਂ ਖਾਣ ਵਰਗੇ ਪਾਖੰਡ ਕਰਦੇ ਹਨ, ਉਹ ਵਾਹਿਗੁਰੂ ਦੀ ਪ੍ਰਾਪਤੀ ਤਾਂ ਨਹੀਂ ਕਰ ਸਕਦੇ ਸਗੋਂ ਫ਼ਲ਼ਾਂ ਅਤੇ ਹੋਰ ਸੁਆਦਾਂ ਵਿੱਚ ਪੈ ਕੇ ਵਾਹਿਗੁਰੂ ਮਿਲਾਪ ਦਾ ਅਸਲੀ ਸੁਆਦ ਗੁਆ ਬਹਿੰਦੇ ਹਨ॥ ਉਹ ਝੂਠੇ ਲਾਲਚ ਵਿੱਚ ਹੀ ਲਪਟੇ ਰਹਿੰਦੇ ਹਨ ਅਤੇ ਦੂਸਰਿਆਂ ਨੂੰ ਵੀ ਉਸ ਵਿੱਚ ਲਪੇਟਦੇ ਹਨ॥ ਕੇਵਲ ਗੁਰੂ ਦੀ ਸ਼ਰਨ ਪੈ ਕੇ ਹੀ ਮਨੁੱਖ ਇਹਨਾਂ ਪਾਖੰਡਾਂ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਵਾਹਿਗੁਰੂ ਵਿੱਚ ਸਮਾ ਸਕਦਾ ਹੈ॥14॥
ਦੁਆਦਸਿ ਮੁਦ੍ਰਾ ਮਨੁ ਅਉਧੂਤਾ॥ ਅਹਿਨਿਸਿ ਜਾਗਹਿ ਕਬਹਿ ਨ ਸੂਤਾ॥ ਜਾਗਤੁ ਜਾਗਿ ਰਹੈ ਲਿਵ ਲਾਇ॥ ਗੁਰ ਪਰਚੈ ਤਿਸੁ ਕਾਲੁ ਨ ਖਾਇ॥ ਅਤੀਤ ਭਏ ਮਾਰੇ ਬੈਰਾਈ॥ ਪ੍ਰਣਵਤਿ ਨਾਨਕ ਤਹ ਲਿਵ ਲਾਈ॥ 15॥
ਅਰਥ: ਜੋਗੀਆਂ ਦੀ ਇੱਕ ਪਛਾਣ ਇਹ ਹੈ ਕਿ ਉਹ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹਨ॥ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ਼ ਮਨ ਕਾਬੂ ਵਿੱਚ ਰਹਿੰਦਾ ਹੈ॥ ਪਰ ਗੁਰੂ ਨਾਨਕ ਦੇਵ ਜੀ ਇਸ ਵਿਸ਼ਵਾਸ ਨੂੰ ਬਿਲਕੁਲ ਨਹੀਂ ਮੰਨਦੇ॥ ਉਹਨਾਂ ਦਾ ਕਹਿਣਾ ਹੈ ਵਾਹਿਗੁਰੂ ਦੇ ਗਿਆਨ ਦੀਆਂ ਮੁੰਦਰਾਂ ਮਨ ਵਿੱਚ ਪਾਉਣ ਨਾਲ਼ ਹੀ ਮਨ ਕਾਬੂ ਵਿੱਚ (ਅਡੋਲ) ਰਹਿ ਸਕਦਾ ਹੈ॥ ਜਿਹੜਾ ਮਨੁੱਖ ਗਿਆਨ ਦੀਆਂ ਮੁੰਦਰਾਂ ਮਨ ਵਿੱਚ ਪਾਉਂਦਾ ਹੈ ਉਹ ਦਿਨ ਰਾਤ ਮਾਇਆ ਦੇ ਹੱਲਿਆਂ ਵੱਲੋਂ ਜਾਗਦਾ (ਸੁਚੇਤ) ਰਹਿੰਦਾ ਹੈ ਅਤੇ ਕਦੇ ਸੌਂਦਾ ਨਹੀਂ (ਅਵੇਸਲਾ ਨਹੀਂ ਹੁੰਦਾ)॥ ਉਹ ਵਾਹਿਗੁਰੂ ਦੇ ਨਾਮ ਵਿੱਚ ਲਿਵ ਜੋੜ ਕੇ ਜਾਗਦਾ ਰਹਿੰਦਾ ਹੈ॥ ਗੁਰੂ ਦੇ ਗਿਆਨ ਨਾਲ਼ ਸਾਂਝ ਪਾਉਣ ਕਰਕੇ ਉਸਨੂੰ ਮੌਤ ਦਾ ਡਰ ਨਹੀਂ ਖਾਂਦਾ॥ ਉਹ ਸਾਰੀਆਂ ਬੁਰਾਈਆਂ ਮਾਰ ਕੇ ਦੁਨੀਆਂ ਵੱਲੋਂ ਦੁਨੀਆਂ ਦੇ ਝੰਬੇਲਿਆਂ ਵੱਲੋਂ ਮੁਕਤ ਹੋ ਜਾਂਦਾ ਹੈ॥ (ਗੁਰੂ) ਨਾਨਕ ਬੇਨਤੀ ਕਰਦੇ ਹਨ ਕਿ ਹੇ ਭਾਈ! ਤੁਸੀਂ ਵੀ ਉਸੇ ਪ੍ਰਮਾਤਮਾ ਨਾਲ ਲਿਵ ਲਾਈ ਰੱਖੋ॥ ਬਾਹਰਵੀਂ ਥਿਤ ਤੇ ਤੁਹਾਨੂੰ ਇਹੋ ਹੀ ਸਿੱਖਿਆ ਹੈ॥15॥
ਦੁਆਦਸੀ ਦਇਆ ਦਾਨੁ ਕਰਿ ਜਾਣੈ॥ ਬਾਹਰਿ ਜਾਤੋ ਭੀਤਰਿ ਆਣੈ॥ ਬਰਤੀ ਬਰਤ ਰਹੈ ਨਿਹਕਾਮ॥ ਅਜਪਾ ਜਾਪੁ ਜਪੈ ਮੁਖਿ ਨਾਮ॥ ਤੀਨਿ ਭਵਣੁ ਮਹਿ ਏਕੋ ਜਾਣੈ॥ ਸਭਿ ਸੁਚਿ ਸੰਜਮ ਸਾਚੁ ਪਛਾਣੈ॥ 16॥
ਅਰਥ: ਬਾਹਰਵੀਂ ਥਿਤ ਤੇ ਲੋਕ ਬ੍ਰਾਹਮਣਾਂ ਨੂੰ ਦਾਨ ਦਿੰਦੇ ਹਨ॥ ਸਤਿਗੁਰੂ ਫ਼ੁਰਮਾਉਂਦੇ ਹਨ, ਭਾਈ ਦਾਨ ਜ਼ਰੂਰ ਕਰੋ, ਪਰ ਮਾਇਆ ਦਾ ਨਹੀਂ ਜਿਸ ਨਾਲ਼ ਮਨ ਹੋਰ ਭਟਕਣਾ ਵਿੱਚ ਪੈਂਦਾ ਹੈ॥ ਦਇਆ ਦਾ ਦਾਨ ਕਰੋ ਅਤੇ ਮਨ ਅਤੇ ਰਸਨਾ ਦੁਆਰਾ ਵਾਹਿਗੁਰੂ ਦਾ ਜਾਪ ਕਰੋ ਜਿਸ ਨਾਲ਼ ਬਾਹਰ ਵੱਲ ਦੌੜਦਾ ਮਨ ਆਪਣੇ ਅਸਲੇ – ਵਾਹਿਗੁਰੂ – ਵੱਲ ਪਰਤਦਾ ਹੈ॥ ਦਇਆ ਦਾ ਦਾਨ ਕਰਨ ਅਤੇ ਨਾਮ ਜਪਣ ਨਾਲ਼ ਵਰਤ ਰੱਖਣ ਵਾਲ਼ਾ ਕਾਮਨਾ-ਰਹਿਤ ਹੋ ਜਾਂਦਾ ਹੈ॥ਉਹ ਤਿੰਨਾਂ ਹੀ ਭਵਨਾਂ (ਧਰਤ, ਪਾਤਾਲ ਅਤੇ ਆਕਾਸ਼) ਇੱਕੋ ਪ੍ਰਭੂ ਨੂੰ ਹੀ ਪਛਾਣਦਾ ਹੈ ਜਿਸ ਨਾਲ਼ ਉਸਨੂੰ ਮਨ ਦੀ ਸੁੱਚ ਅਤੇ ਇੰਦ੍ਰੀਆਂ ਤੇ ਕਾਬੂ ਰੱਖਣ ਦੀ ਪ੍ਰਾਪਤੀ ਹੁੰਦੀ ਹੈ॥ ਇਸ ਥਿਤੀ ਤੇ ਸਤਿਗੁਰਾਂ ਦੀ ਇਹੋ ਹੀ ਸਿੱਖਿਆ ਹੈ॥16॥
ਤੇਰਸਿ ਤਰਵਰ ਸਮੁਦ ਕਨਾਰੈ॥ ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ॥ ਡਰ ਡਰਿ ਮਰੈ ਨ ਬੂਡੈ ਕੋਇ॥ ਨਿਡਰੁ ਬੂਡਿ ਮਰੈ ਪਤਿ ਖੋਇ॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥17॥
ਅਰਥ: ਤੇਰ੍ਹਵੀਂ ਥਿਤ ਤੇ ਮਨੁੱਖ ਇਹ ਯਾਦ ਰੱਖੇ ਕਿ ਮਨੁੱਖ ਦਾ ਜੀਵਨ ਇਉਂ ਅਨਿਸਚਿਤ ਹੈ ਜਿਵੇਂ ਸਮੁੰਦਰ (ਨਦੀ) ਦੇ ਕੰਢੇ ਤੇ ਰੁੱਖ ਹੋਵੇ ਜਿਹੜਾ ਕਦੇ ਵੀ ਪਾਣੀ ਵਿੱਚ ਵਹਿ ਸਕਦਾ ਹੈ॥ਇਹ ਬੜਾ ਪੁਰਾਣਾ ਵੀਚਾਰ ਤੁਰਿਆ ਆ ਰਿਹਾ ਹੈ ਕਿ ਕੋਈ ਪਦਾਰਥ ਅੰਮ੍ਰਿਤ ਹੈ ਜਿਸ ਦੇ ਪੀਣ ਨਾਲ਼ ਮਨੁੱਖ ਅਮਰ ਹੋ ਜਾਂਦਾ ਹੈ; ਪਰ ਸਤਿਗੁਰੂ ਅਜਿਹੇ ਕਿਸੇ ਅੰਮ੍ਰਿਤ ਨੂੰ ਨਹੀਂ ਮੰਨਦੇ॥ਉਹ ਕੇਵਲ ਵਾਹਿਗੁਰੂ ਨਾਮ ਨੂੰ ਹੀ ਅੰਮ੍ਰਿਤ ਪ੍ਰਵਾਨ ਕਰਦੇ ਹਨ॥ ਇਸ ਲਈ, ਇਸ ਥਿਤ ਤੇ ਉਪਕਾਰੀ ਸਤਿਗੁਰੂ ਇਹ ਸਿੱਖਿਆ ਦਿੰਦੇ ਹਨ ਕਿ ਮੌਤ ਦਾ ਡਰ ਕੇਵਲ ਸਭ ਤੋਂ ਉੱਚੇ ਅਤੇ ਅੰਮ੍ਰਿਤ ਦੇ ਮੂਲ਼ ਵਾਹਿਗੁਰੂ ਵਿੱਚ ਚਿੱਤ ਜੋੜਨ ਨਾਲ਼ ਹੀ ਮਾਰਿਆ ਜਾ ਸਕਦਾ ਹੈ॥ ਜਿਸ ਮਨੁੱਖ ਨੂੰ ਪ੍ਰਭੂ ਦਾ ਡਰ ਰਹਿੰਦਾ ਹੈ ਉਸਦਾ ਮੌਤ ਦਾ ਡਰ ਮਰ ਜਾਂਦਾ ਹੈ ਅਤੇ ਉਹ ਸੰਸਾਰ ਸਮੁੰਦਰ ਵਿੱਚ ਡੁੱਬਦਾ ਨਹੀਂ॥ ਪਰ ਜਿਹੜਾ ਮਨੁੱਖ ਪ੍ਰਭੂ ਵੱਲੋਂ ਨਿਡਰ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਆਪਣੀ ਇੱਜ਼ਤ ਖੋਹ ਬਹਿੰਦਾ ਹੈ॥ ਜਿਹੜਾ ਮਨੁੱਖ ਆਪਣੇ ਹਿਰਦੇ ਘਰ ਵਿੱਚ ਪ੍ਰਭੂ ਦਾ ਡਰ ਵਸਾਉਂਦਾ ਹੈ ਅਤੇ ਉਸਦੇ ਡਰ ਵਿੱਚ ਰਹਿੰਦਾ ਹੈ, ਉਹ ਸੱਚੇ ਤਖ਼ਤ ਤੇ ਬਿਰਾਜਮਾਨ ਪ੍ਰਭੂ ਨੂੰ ਪਿਆਰਾ ਲੱਗਣ ਲਗ ਪੈਂਦਾ ਹੈ॥17॥
ਚਉਦਸਿ ਚਉਥੇ ਥਾਵਹਿ ਲਹਿ ਪਾਵੈ॥ ਰਾਜਸ ਤਾਮਸ ਸਤ ਕਾਲ ਸਮਾਵੈ॥ ਸਸੀਅਰ ਕੈ ਘਰਿ ਸੂਰੁ ਸਮਾਵੈ॥ ਜੋਗ ਜੁਗਤਿ ਕੀ ਕੀਮਤਿ ਪਾਵੈ॥ ਚਉਦਸਿ ਭਵਨ ਪਾਤਾਲ ਸਮਾਏ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ॥18॥
ਅਰਥ: ਜਿਹੜਾ ਮਨੁੱਖ ਚੌਦਾਂ ਹੀ ਭਵਨਾਂ, ਪਤਾਲ ਅਤੇ ਬ੍ਰਹਿਮੰਡ ਦੇ ਸਾਰੇ ਖੰਡਾਂ ਵਿੱਚ ਵਿਆਪਕ ਪ੍ਰਭੂ ਵਿੱਚ ਸੁਰਤ ਜੋੜਦਾ ਹੈ, ਉਹ ਮਾਇਆ ਦੇ ਤਿੰਨਾਂ ਹੀ ਗੁਣਾਂ (ਤਮੋ, ਰਜੋ ਅਤੇ ਸਤੋ) ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਨਾਲ਼ ਉਸ ਲਈ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ॥ ਉਸਦੇ ਚੰਦ੍ਰਮੇਂ (ਸ਼ਾਂਤ ਹੋਏ) ਹਿਰਦੇ ਘਰ ਵਿੱਚ ਸੂਰਜ ਚੜ੍ਹ ਪੈਂਦਾ ਹੈ (ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ) ਅਤੇ ਉਸਨੂੰ ਪ੍ਰਭੂ ਨਾਲ਼ ਜੁੜਨ ਦੇ ਢੰਗ ਦਾ ਪਤਾ ਲਗ ਜਾਂਦਾ ਹੈ॥ ਇਸ ਥਿਤ ਤੇ ਸਤਿਗੁਰਾਂ ਦਾ ਇਹੀ ਉਪਦੇਸ਼ ਹੈ॥18॥
ਅਮਾਵਸਿਆ ਚੰਦੁ ਗੁਪਤੁ ਗੈਣਾਰਿ॥ ਬੂਝਹੁ ਗਿਆਨੀ ਸਬਦੁ ਬੀਚਾਰਿ॥ ਸਸੀਅਰੁ ਗਗਨਿ ਜੋਤਿ ਤਿਹੁ ਲੋਈ॥ ਕਰਿ ਕਰਿ ਵੇਖੈ ਕਰਤਾ ਸੋਈ॥ ਗੁਰ ਤੇ ਦੀਸੈ ਸੋ ਤਿਸ ਹੀ ਮਾਹਿ॥ਮਨਮੁਖਿ ਭੂਲੇ ਆਵਹਿ ਜਾਹਿ॥19॥
ਅਰਥ: ਹੇ ਭਾਈ! ਗਿਆਨਵਾਨ ਮਨੁੱਖ ਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਕਰਨ ਨਾਲ਼ ਸਮਝ ਪੈ ਜਾਂਦੀ ਹੈ ਕਿ ਜਿਵੇਂ ਮੱਸਿਆ ਦੀ ਰਾਤ ਨੂੰ ਚੰਦਰਮਾਂ ਆਕਾਸ਼ ਵਿੱਚ ਗੁਪਤ ਰਹਿੰਦਾ ਹੈ, ਤਿਵੇਂ ਹੀ ਅਦ੍ਰਿਸ਼ਟ ਪ੍ਰਭੂ ਤਿੰਨਾਂ ਭਵਨਾਂ ਵਿੱਚ ਹੀ ਆਪਣਾ ਪ੍ਰਕਾਸ਼ ਕਰ ਰਿਹਾ ਹੈ॥ ਉਹ ਕਰਣਹਾਰ ਪ੍ਰਭੂ ਹਨੇਰੇ ਅਤੇ ਚਾਨਣ ਦੇ ਕੌਤਕ ਆਪ ਹੀ ਵਰਤਉਂਦਾ ਹੈ॥ ਗੁਰਮੁਖਿ ਤਾਂ ਗੁਰੂ ਦੀ ਸਮਝ ਨਾਲ਼ ਪ੍ਰਗਟਾਏ ਪ੍ਰਭੂ ਵਿੱਚ ਹੀ ਸਮਾਏ ਰਹਿੰਦੇ ਹਨ ਪਰ ਮਨਮੁਖਿ ਲੋਕ ਇਸ ਸੱਚਾਈ ਤੋਂ ਖੁੰਝ ਕੇ ਜੰਮਣ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ॥19॥
ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ॥ ਆਪੁ ਪਛਾਣੈ ਜਾ ਸਤਿਗੁਰੁ ਪਾਵੈ॥ ਜਹ ਆਸਾ ਤਹ ਬਿਨਸਿ ਬਿਨਾਸਾ॥ ਫੂਟੇ ਖਪਰੁ ਦੁਬਿਧਾ ਮਨਸਾ॥ ਮਮਤਾ ਜਾਲ ਤੇ ਰਹੈ ਉਦਾਸਾ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ॥ 20॥1॥840॥
ਅਰਥ: ਜਿਹੜਾ ਮਨੁੱਖ ਗੁਰੂ ਦੀ ਸ਼ਰਨ ਲੈਂਦਾ ਹੈ ਉਸਨੂੰ ਆਪੇ ਦੀ ਸੋਝੀ ਹੋ ਜਾਂਦੀ ਹੈ (ਕਿ ਉਸਦਾ ਅਸਲਾ ਪ੍ਰਭੂ ਹੀ ਹੈ ਅਤੇ ਉਸਦੇ ਜੀਵਨ ਦਾ ਕੀ ਮਨੋਰਥ ਹੈ)॥ ਅਜਿਹਾ ਗੁਰਮੁਖਿ ਆਪਣੇ ਮਨ ਤੇ ਕਾਬੂ ਪਾ ਕੇ ਆਪਣੇ ਉਸਨੂੰ ਮਾਇਆ ਤੋਂ ਉੱਚੇ ਸੁੰਦਰ ਸਥਾਨ ਤੇ ਟਿਕਾ ਲੈਂਦਾ ਹੈ॥ ਪਰ ਜਿਹੜਾ ਮਨੁੱਖ ਵੱਡੀਆਂ ਵੱਡੀਆਂ ਆਸਾਂ ਬੰਨ੍ਹ ਕੇ ਜੀਵਨ ਬਿਤਾਉਂਦਾ ਹੈ, ਮਨ ਦੀਆਂ ਖ਼ਾਹਿਸ਼ਾਂ ਦੀ ਦੁਚਿੱਤੀ ਵਿੱਚ ਉਸਦੇ ਮਨ ਦਾ ਭਾਂਡਾ ਟੁੱਟ ਜਾਂਦਾ ਹੈ ਅਤੇ ਆਖ਼ਰ ਉਸਦਾ ਨਾਸ ਹੋ ਜਾਂਦਾ ਹੈ॥ (ਗੁਰੂ) ਨਾਨਕ (ਸਾਹਿਬ) ਬੇਨਤੀ ਕਰਦੇ ਹਨ ਕਿ ਜਿਹੜਾ ਮਨੁੱਖ ਮਮਤਾ ਦੇ ਜਾਲ਼ ਵਿੱਚ ਨਹੀਂ ਫ਼ਸਦਾ, ਮੈਂ ਉਸਦਾ ਦਾਸ ਹਾਂ॥20॥1॥
ਨੋਟ: ਇਸ ਲੰਮੀ ਬਾਣੀ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਕਿਸੇ ਖ਼ਾਸ ਸਮੇਂ ਨੂੰ ਸ਼ੁਭ ਜਾਂ ਅਸ਼ੁਭ ਨਹੀਂ ਮੰਨਦੇ॥ ਉਹ ਹਰ ਸਮੇਂ ਸਾਨੂੰ ਪ੍ਰਭੂ ਭਗਤੀ ਅਤੇ ਗੁਰੂ ਦੀ ਸਿੱਖਿਆ ਤੇ ਚੱਲਣ ਲਈ ਹੀ ਹੁਕਮ ਕਰਦੇ ਹਨ॥ ਸੋ ਕਿਸੇ ਵੀ ਸਿੱਖ ਲਈ ਮਹੂਰਤ ਕਢਾਉਣੀ ਜਾਂ ਸਮੇਂ ਨੂੰ ਸ਼ੁਭ ਬਣਾਉਣ ਲਈ ਕੋਈ ਵੀ ਕਰਮ-ਕਾਂਡ ਕਰਨੇ ਮਨਮਤਿ ਹੈ ਅਤੇ ਸ਼ਰਮਨਾਕ ਹੈ॥
NOTE: The English version of this important article will be available in about 10 days
Site Content
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)