Written by Dr. Devinder Singh Sekhon PhD Wednesday, 15 October 2014
TIN MAAT KEEJAY HUR BAANJHA (PUNJABI)
ਤਿਨ ਮਾਤ ਕੀਜੈ ਹਰਿ ਬਾਂਝਾ
ਕੀ ਮਨਮੁੱਖਾਂ ਦੀਆਂ ਮਾਵਾਂ ਸੱਚਮੁੱਚ ਹੀ ਨਿੰਦਣਯੋਗ ਹਨ?
ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ॥ ਭਾਈ ਦਲੀਪ ਸਿੰਘ ਇੱਕ ਸੂਝਵਾਨ ਗੁਰਮੁਖ ਹਨ ਜਿਹਨਾਂ ਨੂੰ ਗੁਰਬਾਣੀ ਨਾਲ਼ ਅਥਾਹ ਪਿਆਰ ਹੈ ਅਤੇ ਪਾਵਨ ਗੁਰਬਾਣੀ ਦੀ ਡੂੰਘੀ ਸੂਝ ਹੈ॥ ਇਹ ਪਿੰਡਾਂ ਵਿੱਚ ਜਾ ਕੇ ਗੁਰਬਾਣੀ ਦਾ ਪਰਚਾਰ ਕਰਦੇ ਹਨ॥ ਅੱਜਕੱਲ੍ਹ ਇਹ ਇਸ ਪਿੰਡ ਦੇ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫਾਰਮ-ਹਾਊਸ) ਤੇ ਆਏ ਹੋਏ ਹਨ ਅਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ॥
“ਭਾਈ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਸ਼ਬਦ ਹੈ ਜਿਸ ਵਿੱਚ ਹਜ਼ੂਰ ਨੇ ਮਨਮੁੱਖਾਂ ਨੂੰ ਜਨਮ ਦੇਣ ਲਈ ਉਹਨਾਂ ਦੀ ਮਾਤਾ ਨੂੰ ਦੋਸ਼ੀ ਠਹਿਰਾਇਆ ਲਗਦਾ ਹੈ ਅਤੇ ਇਥੋਂ ਤੱਕ ਕਿਹਾ ਹੈ ਕਿ ਵਾਹਿਗੁਰੂ ਨੇ ਉਹਨਾਂ ਦੀ ਮਾਤਾ ਨੂੰ ਬਾਂਝ (ਬੱਚੇ ਨੂੰ ਜਨਮ ਦੇਣ ਦੇ ਅਸਮਰਥ) ਕਿਉਂ ਨਹੀਂ ਕਰ ਦਿੱਤਾ॥ ਪਤਾ ਨਹੀਂ ਕਿਉਂ ਇਹ ਗੱਲ ਮੈਨੂੰ ਵਿਸ਼ਵਾਸ ਨਹੀਂ ਦਿਵਾ ਸਕਦੀ ਕਿ ਸਤਿਗੁਰਾਂ ਦਾ ਇਹ ਭਾਵ ਹੋਵੇਗਾ॥ ਇਸ ਬਾਰੇ ਮੈਂ ਆਪਦੇ ਵੀਚਾਰ ਜਾਨਣੇ ਚਾਹਾਂਗੀ॥” ਬੀਬੀ ਗੋਪਾਲ ਕੌਰ ਕੁਝ ਅਣਸੁਖਾਵਾਂ ਮਹਿਸੂਸ ਕਰਦੀ ਜਾਪਦੀ ਸੀ॥
“ਬੀਬੀ ਜੀ, ਕੀ ਅਸਚਰਜ ਸੁਆਲ ਕੀਤੈ ਆਪਨੇ! ਮੈਂ ਇਸ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ॥ ਇਹ ਬਹੁਤ ਹੀ ਉੱਤਮ ਸੁਆਲ ਹੈ ਜਿਹੜਾ ਸਾਡੇ ਸਾਰਿਆਂ ਲਈ ਇੱਕ ਡੂੰਘੀ ਵੀਚਾਰ ਦਾ ਕਾਰਨ ਬਣੇਗਾ ਅਤੇ ਇਸ ਦਾ ਵੀਚਾਰ ਕਈ ਗੰਭੀਰ ਸ਼ੰਕੇ ਦੂਰ ਕਰੇਗਾ ਜਿਹੜੇ ਸਾਨੂੰ ਸਤਿਗੁਰਾਂ ਬਾਰੇ ਪਏ ਹਨ ਜਾਂ ਪਾਏ ਗਏ ਹਨ॥ ਇਸ ਸੁਆਲ ਬਾਰੇ ਮੈਂ ਆਪਦਾ ਬਹੁਤ ਹੀ ਧੰਨਵਾਦੀ ਹਾਂ॥” ਭਾਈ ਦਲੀਪ ਸਿੰਘ ਨੂੰ ਸੁਆਲ ਬਹੁਤ ਜਚਿਆ ਲਗਦਾ ਸੀ॥
“ਬੀਬੀ ਜੀ ਤੁਹਾਡੇ ਵਾਂਙ ਮੈਨੂੰ ਵੀ ਇਸ ਪਾਵਨ ਸ਼ਬਦ ਦੇ ਆਮ ਕੀਤੇ ਹੋਏ ਅਰਥ ਬਿਲਕੁੱਲ ਨਹੀਂ ਜਚਦੇ ਸਨ॥ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ - ਜਿਹਨਾਂ ਦਾ ਕਿ ਮੇਰੇ ਮਨ ਵਿੱਚ ਬੇਹੱਦ ਸਤਿਕਾਰ ਹੈ - ਵੀ ਇਹੋ ਹੀ ਅਰਥ ਕੀਤੇ ਹਨ ਕਿ ਮਨਮੁੱਖ ਨੂੰ ਜਨਮ ਦੇਣ ਨਾਲੋਂ ਇਹ ਕਿਤੇ ਚੰਗਾ ਹੁੰਦਾ ਕਿ ਵਾਹਿਗੁਰੂ ਉਸ ਦੀ ਮਾਤਾ ਨੂੰ ਹੀ ਬਾਂਝ ਕਰ ਦਿੰਦਾ॥ ਕਿਸੇ ਕਾਰਨ ਕਰਕੇ ਮੈਨੂੰ ਵੀ ਇਹ ਅਰਥ ਅਣਸੁਖਾਵਾਂ ਪ੍ਰਭਾਵ ਦਿੰਦੇ ਸਨ॥ ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਵੀਚਾਰ ਨੂੰ ਅੱਗੇ ਤੋਰੀਏ, ਆਉ ਪਹਿਲਾਂ ਸਾਰੀ ਸੰਗਤ ਨਾਲ਼ ਉਹ ਪਾਵਨ ਸ਼ਬਦ ਸਾਂਝਾ ਕਰੀਏ ਜਿਸ ਬਾਰੇ ਤੁਸਾਂ ਸ਼ੰਕਾ ਪ੍ਰਗਟ ਕੀਤੀ ਹੈ॥
ਜੈਤਸਰੀ ਮ:4 (697)॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਝਾ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਝਾ॥1॥ ਮੇਰੇ ਮਨ ਜਪਿ ਰਾਮਨਾਮੁ ਹਰਿ ਮਾਝਾ॥ ------ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿਧਾਰਿਓ ਮਨ ਮਾਝਾ॥ ਧਰਮਰਾਇ ਦਰਿ ਕਾਗਦ ਫਾਰੇ ਜਨ ਲੇਖਾ ਸਮਝਾ॥5॥
ਪ੍ਰਚੱਲਤ ਅਰਥ: ਹੇ ਪ੍ਰਭੂ! ਜਿਹਨਾਂ ਦੇ ਹਿਰਦਿਆਂ ਵਿੱਚ ਤੇਰਾ ਨਾਮ ਨਹੀਂ ਵੱਸਦਾ (ਉਹਨਾਂ ਦਾ ਜਨਮ ਨਾਂ ਹੀ ਹੁੰਦਾ ਤਾਂ ਚੰਗਾ ਸੀ ਇਸ ਲਈ) ਚੰਗਾ ਹੁੰਦਾ ਜੇ ਤੂੰ ਉਹਨਾਂ ਦੀ ਮਾਤਾ ਨੂੰ ਬਾਂਝ (ਜਨਮ ਦੇਣ ਦੇ ਅਸਮਰੱਥ) ਹੀ ਰੱਖਦਾ॥1॥ ਵਾਹਿਗੁਰੂ ਦੇ ਨਾਮ ਤੋਂ ਸੁੰਞੇ ਉਹਨਾਂ ਦੇ ਸਰੀਰ ਕ੍ਰਿਝਦੇ (ਕੜ੍ਹਦੇ) ਹਨ ਅਤੇ ਉਹ ਖਪ ਖਪ ਕੇ ਮਰਦੇ ਹਨ (ਭਾਵ ਜੀਵਨ ਦੁਖੀ ਬੀਤਦਾ ਹੈ)॥ (ਇਸ ਲਈ), ਹੇ ਮੇਰੇ ਮਨ! ਤੂੰ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਜਪਿਆ ਕਰ॥ ------- ਜਿਹਨਾਂ ਤੇ ਸ੍ਰਿਸ਼ਟੀ ਦਾ ਮਾਲਕ ਕਿਰਪਾ ਕਰਦਾ ਹੈ, ਉਹ ਉਸਦਾ ਨਾਮ ਆਪਣੇ ਮਨਾਂ ਵਿੱਚ ਵਸਾ ਲੈਂਦੇ ਹਨ॥ ਅਤੇ ਜਦ ਧਰਮਰਾਜ ਉਹਨਾਂ ਦੇ ਕਰਮਾਂ ਦਾ ਲੇਖਾ ਕਰਦਾ ਹੈ ਤਾਂ ਉਸਨੂੰ ਪ੍ਰਭੂ ਦੇ ਸੇਵਕਾਂ ਦੇ ਕਾਗਜ਼ ਪਾੜਨੇ ਪੈਂਦੇ ਹਨ॥
ਨੋਟ: ਇਥੇ ਇਹ ਗੱਲ ਧਿਆਨ-ਗੋਚਰ ਹੈ ਕਿ ਇਸ ਪਾਵਨ ਸ਼ਬਦ ਵਿੱਚ ਆਏ ਅੱਖਰ “ਜਿਨ” ਅਤੇ “ਤਿਨ” ਦੋਵੇਂ ਬਹੁਵਚਨ ਹਨ॥ ਨਵੇਂ ਅਰਥ ਕਰਨ ਵਿੱਚ ਇਹ ਤੱਥ ਬਹੁਤ ਸਹਾਈ ਹੋਣਗੇ॥
ਵੀਚਾਰ ਅੱਗੇ ਤੋਰਨ ਤੋਂ ਪਹਿਲਾਂ ਮੈਂ ਇਸ ਸਬੰਧ ਵਿੱਚ ਆਪ ਜੀ ਨਾਲ਼ ਇਸੇ ਹੀ ਵਿਸ਼ੇ ਤੇ ਦੋ ਹੋਰ ਪਾਵਨ ਸ਼ਬਦ ਸਾਂਝੇ ਕਰਨਾਂ ਚਾਹੁੰਦਾ ਹਾਂ॥ਕਿਰਪਾ ਕਰਕੇ ਧਿਆਨ ਦੇਣਾ॥” ਭਾਈ ਦਲੀਪ ਸਿੰਘ ਨੇ ਸੰਗਤ ਵੱਲ ਪਿਆਰ ਨਾਲ਼ ਵੇਖਦਿਆਂ ਆਖਿਆ॥
ਭਾਈ ਗੁਰਦਾਸ ਜੀ ਵਾਰ 1, ਪਉੜੀ 40॥ ਖਾਧੀ ਖੁਣਸਿ ਜੁਗੀਸਰਾ ਗੋਸਟਿ ਕਰਨਿ ਸਭੇ ਉਠਿ ਆਈ॥ਪੁਛੇ ਜੋਗੀ ਭੰਗਰਨਾਥੁ ਤੁਹਿ ਦੁਧ ਵਿਚਿ ਕਿਉ ਕਾਂਜੀ ਪਾਈ॥ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ॥ ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ॥ ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੁਚਜੀ ਆਹੀ॥ ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲੁ ਸੜਾਈ॥ ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨ ਕੇ ਘਰਿ ਮੰਗਣ ਜਾਈ॥ਬਿਨੁ ਦਿਤੇ ਕਛੁ ਹਥਿ ਨ ਆਈ॥
ਨੋਟ: ਭਾਈ ਗੁਰਦਾਸ ਜੀ ਨੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਅਤੇ ਸਿਧ ਜੋਗੀਆਂ ਦੀ ਫ਼ਰਵਰੀ 1539 ਵਿੱਚ ਅੱਚਲ ਸਾਹਿਬ (ਬਟਾਲੇ) ਵਿਖੇ ਹੋਈ ਗੋਸ਼ਟੀ ਬਾਰੇ ਲਿਖਿਆ ਹੈ॥ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਫ਼ਕੀਰਾਂ ਵਾਲ਼ਾ ਪਹਿਰਾਵਾ ਧਾਰਨ ਕੀਤਾ ਹੁੰਦਾ ਸੀ, ਪਰ ਹੁਣ ਉਹਨਾਂ ਨੇ ਸੰਸਾਰੀ ਪਹਿਰਾਵਾ ਪਹਿਨ ਲਿਆ ਸੀ॥ ਸਿਧਾਂ ਨੇ ਬੜੀਆਂ ਕਰਾਮਾਤੀ ਤਾਕਤਾਂ ਵਿਖਾਈਆਂ ਪਰ ਗੁਰੂ ਸਾਹਿਬ ਨੂੰ ਪ੍ਰਭਾਵਿਤ ਨਾਂ ਕਰ ਸਕੇ॥ ਫ਼ਿਰ ਉਹਨਾਂ ਨੇ ਚਰਚਾ ਸ਼ੁਰੂ ਕਰ ਦਿੱਤੀ ਅਤੇ ਸੁਆਲ ਕੀਤੇ॥
ਪ੍ਰਚੱਲਤ ਅਰਥ: (ਜਦ ਜੋਗੀਆਂ ਦੀਆਂ ਕਰਾਮਾਤਾਂ ਦਾ ਗੁਰੂ ਸਾਹਿਬ ਉੱਤੇ ਕੋਈ ਅਸਰ ਨਾਂ ਹੋਇਆ ਤਾਂ ਉਹ) ਗੁੱਸਾ ਖਾ ਕੇ ਸਾਰੇ ਰਲ਼ ਕੇ ਗੁਰੂ ਸਾਹਿਬ ਨਾਲ਼ ਚਰਚਾ ਕਰਨ ਆ ਗਏ॥ ਜੋਗੀਆਂ ਦੇ ਮੁਖੀ ਭੰਗਰਨਾਥ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਉਹਨਾਂ ਨੇ ਫ਼ਕੀਰਾਂ ਵਾਲ਼ਾ ਭੇਖ ਉਤਾਰ ਕੇ ਫ਼ਿਰ ਗ੍ਰਿਹਸਤੀਆਂ ਵਾਲ਼ੇ ਵਸਤਰ ਕਿਉਂ ਪਹਿਨ ਲਏ ਹਨ? ਇਹ ਤਾਂ ਇਵੇਂ ਹੈ ਜਿਵੇਂ ਕੋਈ ਦੁੱਧ ਨੂੰ ਜੰਮਾਉਣ ਦੀ ਬਜਾਇ ਉਸ ਵਿੱਚ ਕਾਂਜੀ ਪਾਕੇ ਫਿਟਾ ਲਏ ਤੇ ਉਸ ਫਿੱਟੇ ਹੋਏ ਦੁੱਧ ਨੂੰ ਦਹੀਂ ਸਮਝ ਕੇ ਰਿੜਕਣ ਲਗ ਪਵੇ॥ ਪਰ ਅਜਿਹੇ ਦੁੱਧ ਵਿੱਚੋਂ ਮੱਖਣ ਤਾਂ ਨਹੀਂ ਨਿੱਕਲ਼ ਸਕਦਾ॥
ਗੁਰੂ ਸਾਹਿਬ ਨੇ ਉੱਤਰ ਵਿੱਚ ਆਖਿਆ ਕਿ ਹੇ ਭੰਗਰਨਾਥ ਤੇਰੀ ਹੀ ਮਾਂ ਕੁਚੱਜੀ ਹੈ ਜਿਸਨੇ ਭਾਂਡਾ ਨਹੀਂ ਧੋਤਾ ਅਤੇ ਦੁੱਧ ਨੂੰ ਹੀ ਸਾੜ ਲਿਆ ਹੈ॥ ਤੁਸੀਂ ਆਪਣੇ ਆਪਨੂੰ ਅਤੀਤ (ਜਿਸਨੇ ਮਾਇਆ ਭਾਵ ਦੁਨੀਆਂ ਨਾਲਂੋ ਸਬੰਧ ਤੋੜ ਲਿਆ ਹੋਵੇ) ਦੱਸਦੇ ਹੋ ਪਰ ਫ਼ਿਰ ਗ੍ਰਿਹਸਤੀਆਂ ਦੇ ਘਰਾਂ ਤੋਂ ਹੀ ਮੰਗਣ ਜਾਂਦੇ ਹੋ॥ (ਇਹ ਕੀ ਗੱਲ ਬਣੀ?)॥ ਕੁਝ ਲੈਣ ਵਾਸਤੇ ਦੇਣਾ ਪੈਂਦਾ ਹੈ॥ (ਤੁਸੀਂ ਉਹਨਾਂ ਨੂੰ ਕੀ ਦਿੰਦੇ ਹੋ?)
ਗਉੜੀ ਕਬੀਰ ਜੀ (328)॥ ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥1॥ ਜਿਹ ਨਰ ਰਾਮ ਭਗਤਿ ਨਹੀ ਸਾਧੀ॥ ਜਨਮਤ ਕਸ ਨ ਮੁਓ ਅਪਰਾਧੀ॥ ਰਹਾਉ॥-------
ਪ੍ਰਚੱਲਤ ਅਰਥ: ਜਿਸ ਕੁਲ (ਖਾਨਦਾਨ) ਵਿੱਚ ਪੁੱਤ ਨੇ ਪ੍ਰਭੂ ਗਿਆਨ ਦੀ ਵੀਚਾਰ ਨਾਂ ਕੀਤੀ ਹੋਵੇ ਉਸਦੀ ਮਾਂ ਵਿਧਵਾ ਕਿਉਂ ਨਹੀਂ ਹੋ ਗਈ? (ਚੰਗਾ ਹੁੰਦਾ ਜੇ ਉਸਦੀ ਮਾਂ ਵਿਧਵਾ ਹੋ ਜਾਂਦੀ)॥ ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਉਹ ਅਪਰਾਧੀ ਜੰਮਦਿਆਂ ਸਾਰ ਹੀ ਮਰ ਕਿਉਂ ਨਾ ਗਿਆ?॥ ਰਹਾਉ॥ -------
ਅਜੇ ਤੱਕ ਕਿਸੇ ਵੀਰ ਜਾਂ ਭੈਣ ਦਾ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਸੁਹਣੇ ਲੰਮੇਂ ਦਾਹੜੇ ਤੇ ਹੱਥ ਫ਼ੇਰਿਆ॥
“ਨਹੀਂ ਜੀ, ਅਜੇ ਤੱਕ ਤਾਂ ਕੋਈ ਨਹੀਂ॥ ਆਪ ਜਾਰੀ ਰੱਖੋ॥ ਅਸੀਂ ਬੜੀ ਉਤਸੁਕਤਾ ਨਾਲ਼ ਇਹਨਾਂ ਦੇ ਅਸਲੀ ਅਰਥਾਂ ਦੀ ਉਡੀਕ ਕਰ ਰਹੇ ਹਾਂ॥ ਸੰਗਤ ਵਿੱਚੋਂ ਕੁਝ ਆਵਾਜ਼ਾਂ ਆਈਆਂ॥
ਇਹਨਾਂ ਪ੍ਰਚੱਲਤ ਅਰਥਾਂ ਵਿੱਚ ਔਕੜਾਂ
ਪਾਵਨ ਸ਼ਬਦਾਂ ਦੇ ਇਹਨਾਂ ਪ੍ਰਚੱਲਤ ਅਰਥਾਂ ਵਿੱਚ ਕਾਫ਼ੀ ਔਕੜਾਂ ਹਨ ਜੋ ਕੁਝ ਇਸਤਰ੍ਹਾਂ ਹਨ॥
1. ਅਪਰਾਧੀ ਆਪਣੇ ਅਪਰਾਧ ਦਾ ਆਪ ਜ਼ੁੰਮੇਵਾਰ
ਪਾਵਨ ਗੁਰੂ ਗਰੰਥ ਸਾਹਿਬ ਜੀ ਬਹੁਤ ਵਾਰ ਕਹਿੰਦੇ ਹਨ ਕਿ ਹਰ ਅਪਰਾਧੀ ਨੂੰ ਆਪਣੇ ਅਪਰਾਧਾਂ ਦਾ ਦੰਡ ਆਪ ਹੀ ਭੁਗਤਣਾ ਪੈਂਦਾ ਹੈ, ਅਤੇ ਉਸ ਦੇ ਥਾਂ ਕਿਸੇ ਹੋਰ ਨੂੰ ਸਜ਼ਾ ਨਹੀਂ ਮਿਲ਼ ਸਕਦੀ॥ ਆਉ ਇਸ ਸਬੰਧ ਵਿੱਚ ਕੁਝ ਕੁ ਪਾਵਨ ਸਬਦ ਸਰਵਣ ਕਰੀਏ॥
ਆਸਾ ਮ:1, ਪਟੀ ਲਿਖੀ (433)॥ ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥21॥
ਅਰਥ: ਹੇ ਮੇਰੇ ਮਨ! ਤੂੰ ਆਪਣੇ ਮੰਦੇ ਭਾਗਾਂ ਕਈ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ॥ ਇਹ ਤੇਰੇ ਆਪਣੇ ਹੀ ਕੀਤੇ ਕਰਮਾਂ ਦਾ ਫ਼ਲ਼ ਹੈ॥ ਜਿਹੋ ਜਿਹੇ ਕਰਮ ਤੂੰ ਕੀਤੇ ਉਹੋ ਜਿਹਾ ਫ਼ਲ਼ ਹੀ ਤੂੰ ਭੋਗ ਰਿਹਾ ਹੈਂ॥
ਮਾਰੂ ਮ:1 ਸੋਲਹੇ (1027)॥ ----- ਚਉਰਾਸੀਹ ਨਰਕ ਸਾਕਤੁ ਭੋਗਾਈਐ॥ ਜੈਸਾ ਕੀਚੈ ਤੈਸੋ ਪਾਈਐ॥ ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ॥9॥ ਖੰਡੇਧਾਰ ਗਲੀ ਅਤਿ ਭੀੜੀ॥ ਲੇਖਾ ਲੀਜੈ ਤਿਲ ਜਿਉ ਪੀੜੀ॥ ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ॥10॥8॥
ਅਰਥ: ਮਾਇਆ ਦੇ ਪੁਜਾਰੀ ਨੂੰ ਚੌਰਾਸੀ (ਲੱਖ) ਜੂਨਾਂ ਦੇ ਨਰਕ ਭੋਗਣੇ ਪੈਂਦੇ ਹਨ॥ ਜਿਹੋ ਜਿਹੇ ਕਰਮ ਕੋਈ ਕਰਦਾ ਹੈ ਉਹਨਾਂ ਦਾ ਫ਼ਲ਼ ਹੀ ਉਸਨੂੰ ਭੁਗਤਣਾ ਪੈਂਦਾ ਹੈ॥ ਸਤਿਗੁਰੂ ਦੀ ਸ਼ਰਨ ਲੈਣ ਤੋਂ ਬਿਨਾਂ ਮਨੁੱਖ ਨੂੰ ਮੁਕਤੀ ਨਹੀਂ ਮਿਲ਼ਦੀ ਅਤੇ ਆਪਣੇ ਕੀਤੇ ਕਰਮਾਂ ਕਰਕੇ ਉਸਨੂੰ ਬੰਨ੍ਹ ਕੇ ਜਕੜ ਲਿਆ ਜਾਂਦਾ ਹੈ (ਭਾਵ ਸਜ਼ਾ ਮਿਲ਼ਦੀ ਹੈ)॥9॥ ਜਿੱਥੇ ਉਸਦੇ ਕਰਮਾਂ ਦਾ ਲੇਖਾ ਹੁੰਦਾ ਹੈ ਤਾਂ ਉਥੇ ਉਸਨੂੰ ਬੜੇ ਕਠਿਨ ਰਸਤੇ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਜਿਵੇਂ ਤਿਲ਼ਾਂ ਨੂੰ ਪੀੜ ਕੇ ਉਹਨਾਂ ਵਿੱਚੋਂ ਤੇਲ ਨਿਚੋੜਿਆ ਜਾਂਦਾ ਹੈ ਉਵੇਂ ਹੀ ਦੋਸ਼ੀ ਨੂੰ ਕਰੜੀ ਸਜ਼ਾ ਵਿੱਚੋਂ ਲੰਘਣਾ ਪੈਂਦਾ ਹੈ॥ ਉਸ ਵੇਲ਼ੇ ਮਾਂ, ਪਿਉ, ਧੀ ਜਾਂ ਪੁੱਤ ਆਦਿ ਕੋਈ ਵੀ ਸਹਾਈ ਨਹੀਂ ਹੋ ਸਕਦਾ॥ ਪ੍ਰਭੂ ਦੇ ਨਾਮ-ਰਸ ਤੋਂ ਬਿਨਾਂ ਮਨੁੱਖ ਨੂੰ ਮੁਕਤੀ ਨਹੀਂ ਮਿਲ਼ਦੀ॥10॥8॥
ਮਾਰੂ ਸੋਲਹੇ ਮ:1 (1031)॥ ------ ਸਾਕਤੁ ਫਾਸੀ ਪੜੈ ਇਕੇਲਾ॥ ਜਮਿ ਵਸਿ ਕੀਆ ਅੰਧੁ ਦੁਹੇਲਾ॥ ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ॥
ਅਰਥ: (ਵਾਹਿਗੁਰੂ ਜੀ ਦੀ ਕਚਹਿਰੀ ਵਿੱਚ) ਮਾਇਆ ਦਾ ਪੁਜਾਰੀ ਮਨੁੱਖ ਇਕੱਲਾ ਹੀ ਸਜ਼ਾ ਭੁਗਤਦਾ ਹੈ॥ (ਆਤਮਕਿ ਜੀਵਨ ਵੱਲੋਂ) ਅੰਨ੍ਹਾਂ ਮਨੁੱਖ ਜਮਾਂ ਦੇ ਵੱਸ ਪੈ ਕੇ ਦੁਖੀ ਹੁੰਦਾ ਹੈ॥ ਪ੍ਰਭੂ ਦੇ ਨਾਮ ਤੋਂ ਬਿਨਾਂ ਉਸਨੂੰ ਵਿਕਾਰਾਂ ਵੱਲੋਂ ਮੁਕਤੀ ਦੀ ਕੋਈ ਸੋਝੀ ਨਹੀਂ ਹੁੰਦੀ ਅਤੇ ਉਹ ਨਿੱਤ ਆਤਮਿਕ ਮੌਤੇ ਮਰਦਾ ਹੈ॥
ਆਸਾ ਮ:5 (406)॥ ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ॥ ----- ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥ ਅਹਿ ਕਰੁ ਕਰੇ ਸੁ ਅਹਿ ਕਰ ਪਾਏ ਕੋਈ ਨ ਪਕੜੀਐ ਕਿਸੈ ਥਾਇ॥3॥ -----
ਅਰਥ: ਹੇ ਸਾਡੀ ਪਹੁੰਚ ਤੋਂ ਬਾਹਰ ਅਤੇ ਸਾਡੇ ਇੰਦਰਿਆਂ ਦੀ ਸੂਝ ਤੋਂ ਅਪਹੁੰਚ ਵਾਹਿਗੁਰੂ! ਤੇਰੇ ਦਰਸ਼ਨ ਉਹੀ ਕਰ ਸਕਦਾ ਹੈ ਜਿਸਦੇ ਮੱਥੇ ਦੇ ਚੰਗੇ ਭਾਗ ਹੋਣ॥ ------ ਲੋਕ ਸਤਿਜੁਗ, ਤ੍ਰੇਤੇ ਅਤੇ ਦੁਆਪਰ ਜੁਗਾਂ ਨੂੰ (ਚੰਗਾ ਸਮਝਦੇ ਹਨ) ਪਰ ਕਲਿਜੁਗ ਸਾਰੇ ਜੁਗਾਂ ਵਿੱਚੋਂ ਉੱਤਮ ਹੈ (ਕਿਉਂਕਿ ਵਾਹਿਗੁਰੂ ਇਸ ਜੁਗ ਵਿੱਚ ਪੂਰਾ ਇਨਸਾਫ਼ ਕਰਦਾ ਹੈ)॥ ਜਿਹੜਾ ਹੱਥ ਗੁਨਾਹ ਕਰਦਾ ਹੈ, ਉਹੀ ਫੜਿਆ ਜਾਂਦਾ ਹੈ (ਉਸੇ ਨੂੰ ਹੀ ਸਜ਼ਾ ਮਿਲ਼ਦੀ ਹੈ ਦੂਸਰੇ ਨੂੰ ਨਹੀਂ) ਭਾਵ ਕਿਸੇ ਇੱਕ ਦੋਸ਼ੀ ਦੀ ਥਾਂ ਕਿਸੇ ਹੋਰ ਨੂੰ ਸਜ਼ਾ ਨਹੀਂ ਮਿਲ਼ਦੀ॥
ਪਰ ਜਿਵੇਂ ਆਪ ਨੇ ਸੁਣਿਆ ਅਤੇ ਸਮਝਿਆ ਹੈ ਇਹਨਾਂ ਪਾਵਨ ਸ਼ਬਦਾਂ ਦੇ ਪ੍ਰਚੱਲਤ ਅਰਥਾਂ ਤੋਂ ਤਾਂ ਸਾਫ਼ ਇਹ ਲਗਦਾ ਹੈ ਕਿਸੇ ਦੇ ਮਨਮੁੱਖ ਹੋਣ ਦਾ ਦੋਸ਼ ਮਨਮੁੱਖ ਤੇ ਨਹੀਂ ਸਗੋਂ ਉਸਦੀ ਮਾਤਾ ਤੇ ਲਾਇਆ ਗਿਆ ਹੈ ਅਤੇ ਉਸੇ ਨੂੰ ਹੀ ਸਜ਼ਾ ਦਾ ਹੱਕਦਾਰ ਸਮਝਿਆ ਗਿਆ ਹੈ॥ ਕਬੀਰ ਸਾਹਿਬ ਦੇ ਪਾਵਨ ਸਬਦ ਵਿੱਚ ਤਾਂ ਮਾਤਾ ਦੇ ਵਿਧਵਾ ਹੋਣ ਦੀ ਮੰਗ ਨਾਲ਼ ਪਿਤਾ ਨੂੰ ਵੀ ਮੌਤ ਦਾ ਹੱਕਦਾਰ ਸਮਝਿਆ ਗਿਆ ਹੈ॥ ਫ਼ਿਰ ਇਹ ਸਜ਼ਾ ਮਨਮੁੱਖ ਵਾਸਤੇ ਕਿਵੇਂ ਹੋਈ? ਜੇ ਕਰ ਪ੍ਰਚੱਲਤ ਅਰਥ ਸਹੀ ਮੰਨ ਲਏ ਜਾਣ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਪਾਵਨ ਗੁਰੂ ਗਰੰਥ ਸਾਹਿਬ – ਜਿਸਨੂੰ ਹਰ ਸਿੱਖ ਪੂਰਨ ਗੁਰੂ ਅਤੇ ਅਕਾਲਪੁਰਖ ਦਾ ਰੂਪ ਮੰਨਦਾ ਹੈ - ਵਿੱਚ ਪ੍ਰਸਪਰ ਵਿਰੋਧੀ ਵੀਚਾਰ ਦਰਜ ਹਨ॥ ਕੀ ਇਹ ਸੰਭਵ ਹੈ? ਉੱਤਰ ਹੈ ਕਦਾਚਿੱਤ ਨਹੀਂ ਕਿਉਂਕਿ ਅਜਿਹਾ ਸੋਚ ਕੇ ਅਸੀਂ ਪਾਵਨ ਗੁਰੂ ਗਰੰਥ ਸਾਹਿਬ ਦੀ ਘੋਰ ਬੇਅਦਬੀ ਕਰਦੇ ਹਾਂ॥ ਇਸ ਦਾ ਹੱਲ ਇੱਕੋ ਹੀ ਹੈ ਕਿ ਇਹ ਪ੍ਰਚੱਲਤ ਅਰਥਾਂ ਵਿੱਚ ਕੁਝ ਗੰਭੀਰ ਤਰੁੱਟੀਆਂ ਹਨ॥
ਭਾਈ ਗੁਰਦਾਸ ਜੀ ਦੇ ਸਿਧ ਗੋਸਟਿ ਸ਼ਬਦ ਵਿੱਚ ਜੋ ਦੁੱਧ ਵਿੱਚ ਕਾਂਜੀ ਮਿਲਾ ਕੇ ਉਸਨੂੰ ਫਿਟਾਉਣ ਅਤੇ ਭਾਂਡਾ ਨਾਂ ਧੋਣ ਦੀ ਗੱਲ ਕੀਤੀ ਗਈ ਹੈ ਉਹ ਕੇਵਲ ਇੱਕ ਰੂਪਕ ਦੇ ਤੌਰ ਤੇ ਵਰਤੀ ਗਈ ਹੈ ਨਹੀਂ ਤੇ ਮਾਂ ਦੇ ਸੁਚੱਜੇ ਢੰਗ ਨਾਲ਼ ਭਾਂਡਾ ਨਾਂ ਧੋਣ ਦਾ ਸਿੱਧਾਂ ਦੇ ਪ੍ਰਸ਼ਨ ਨਾਲ਼ ਕੀ ਸਬੰਧ? ਸੋ ਮਾਂ ਨੂੰ ਕੁਚੱਜੀ ਕਹਿਣ ਦਾ ਅੰਤਰੀਵ ਭਾਵ ਵੀ ਕੁਝ ਹੋਰ ਹੀ ਹੈ॥
ਉਂਞ ਵੀ ਮਾਇਆਧਾਰੀ ਦੀ ਮਾਤਾ ਨੂੰ ਦੋਸ਼ੀ ਠਹਿਰਾਉਣਾ ਨਾਜਾਇਜ਼ ਹੈ ਕਿਉਂਕਿ ਉਹੀ ਮਾਤਾ ਜਿਹੜੀ ਇੱਕ ਮਨਮੁੱਖ ਨੂੰ ਜਨਮ ਦਿੰਦੀ ਹੈ, ਉਸਦਾ ਅਗਲਾ ਬੱਚਾ (ਜਾਂ ਉਸਤੋਂ ਪਹਿਲਾ ਬੱਚਾ) ਗੁਰਮੁਖਿ ਹੋ ਸਕਦਾ ਹੈ॥ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਮਿਲ਼ਦੀਆਂ ਹਨ ਜਿੱਥੇ ਦੋ ਸਕੇ ਭਾਈ ਬਿਲਕੁੱਲ ਉਲਟ ਸੁਭਾਵਾਂ ਦੇ ਹੋ ਸਕਦੇ ਹਨ॥ ਹੋਰ ਤਾਂ ਹੋਰ ਗੁਰੂ ਘਰ ਵਿੱਚ ਹੀ ਗੁਰੂ ਦੇ ਦੋਖੀ ਪੈਦਾ ਹੋਏ ਹਨ॥ ਬਾਬਾ ਪ੍ਰਿਥੀ ਚੰਦ ਜੀ ਨੇ ਆਪਣੇ ਛੋਟੇ ਵੀਰ ਗੁਰੂ ਅਰਜਨ ਪਾਤਸ਼ਾਹ ਨੂੰ ਬਹੁਤ ਕਸ਼ਟ ਪੁਚਾਏ ਅਤੇ ਆਪਣੇ ਸਕੇ ਭਤੀਜੇ ਬਾਲਕ (ਗੁਰੂ) ਹਰਿਗੋਬਿੰਦ ਜੀ ਤੇ ਕਈ ਜਾਨ ਲੇਵਾ ਹਮਲੇ ਕੀਤੇ॥ ਦੋਵੇਂ ਵੀਰ ਇੱਕੋ ਹੀ ਮਾਤਾ (ਬੀਬੀ ਭਾਨੀ ਜੀ ਜੋ ਕਿ ਬਹੁਤ ਸ਼ਰਧਾਵਾਨ ਸਿੱਖ ਸਨ) ਦੇ ਸਪੁੱਤਰ ਸਨ॥ ਇਸੇ ਤਰ੍ਹਾਂ ਬਾਬਾ ਰਾਮ ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਵਿੱਚ ਦਿਨ ਰਾਤ ਦਾ ਅੰਤਰ ਸੀ॥ ਸੋ ਗੁਰੂ ਸਾਹਿਬ ਕਿਸੇ ਦੇ ਮਨਮੁੱਖ ਜਾਂ ਮਾਇਆਧਾਰੀ ਹੋਣ ਦਾ ਦੋਸ਼ ਉਸਦੀ ਮਾਤਾ ਨੂੰ ਕਿਵੇਂ ਦੇ ਸਕਦੇ ਹਨ?
2. ਵਿਆਕਰਨਿਕ ਸਮੱਸਿਆਵਾਂ
ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦ ਵਿੱਚ ਵਰਤੇ ਪੜਨਾਂਵ “ਜਿਨ” ਅਤੇ “ਤਿਨ” ਬਹੁਵਚਨ ਹਨ॥ (ਇਹਨਾਂ ਦੇ ਇੱਕਵਚਨ ਕ੍ਰਮਵਾਰ “ਤਿਨਿ” ਅਤੇ “ਜਿਨਿ” ਹਨ)॥ ਜਿਸਦਾ ਭਾਵ ਹੈ ਕਿ ਬਹੁਤ ਸਾਰੇ ਮਨਮੁੱਖ॥ ਇਹਨਾਂ ਸਾਰਿਆਂ ਦੀ ਮਾਤਾ ਇੱਕ ਤਾਂ ਨਹੀਂ ਹੋ ਸਕਦੀ॥ ਦੁਨੀਆਂ ਵਿਚ ਮਨਮੁੱਖਾਂ ਦੀ ਤਾਂ ਭਰਮਾਰ ਹੈ ਅਤੇ ਪਾਵਨ ਗੁਰੂ ਗਰੰਥ ਸਾਹਿਬ ਅਨੁਸਾਰ ਗੁਰਮੁਖਿ ਤਾਂ ਲੱਖਾਂ ਕ੍ਰੋੜਾਂ ਵਿੱਚੋਂ ਕੋਈ ਇੱਕ ਅੱਧ ਹੀ ਹੁੰਦਾ ਹੈ॥ ਜੇ ਇਹਨਾਂ ਸਾਰੇ ਮਨਮੁੱਖਾਂ ਦੀਆਂ ਮਾਵਾਂ ਬਾਂਝ ਹੋ ਜਾਣ ਤਾਂ ਦੁਨੀਆਂ ਦੀ ਕਾਰ ਕਿਵੇਂ ਚੱਲੇਗੀ? ਕੀ ਅਭੁੱਲ ਗੁਰੂ ਜੀ ਇਹ ਗੱਲ ਨਹੀਂ ਸਮਝਦੇ ਸਨ?
ਇਸੇ ਤਰ੍ਹਾਂ ਕਬੀਰ ਸਾਹਿਬ ਨੇ ਵੀ ਆਪਨੇ ਪਾਵਨ ਸ਼ਬਦ ਵਿੱਚ ਵੀ ਸਾਰੀ ਕੁਲ ਜਾਂ ਖਾਨਦਾਨ ਬਾਰੇ ਲਿਖਿਆ ਹੈ ਕਿ ਜਿਸ ਖਾਨਦਾਨ ਵਿੱਚ ਉਸਦੇ ਪੁੱਤਰ ਨੇ ਵਾਹਿਗੁਰੂ ਨਾਲ਼ ਸਾਂਝ ਨਹੀਂ ਪਾਈ, ਚੰਗਾ ਹੁੰਦਾ ਜੇ ਉਹਦੀ ਮਾਂ ਹੀ ਵਿਧਵਾ ਹੋ ਜਾਂਦੀ॥(ਯਾਦ ਰਹੇ ਕਿ ਅੱਖਰ ਪੂਤੁ ਇੱਕਵਚਨ ਹੈ ਭਾਵ ਇੱਕ ਹੀ ਪੁੱਤਰ)॥ ਵਿਆਕਰਨ ਦੇ ਪੱਖੋਂ ਫ਼ਿਰ ਪ੍ਰਚੱਲਤ ਅਰਥ ਨਾਲ਼ ਬੜੀ ਔਕੜ ਆਉਂਦੀ ਹੈ॥ ਪਹਿਲੀ ਗੱਲ ਤਾਂ ਇਹ ਕਿ ਖਾਨਦਾਨ ਤਾਂ ਮਨੁੱਖਤਾ ਦੇ ਆਰੰਭ ਹੋਣ ਤੋਂ ਹੀ ਚੱਲਦੇ ਆ ਰਹੇ ਹਨ॥ ਸੋ ਕਿਸੇ ਖਾਨਦਾਨ ਵਿੱਚ ਇੱਕ ਹੀ ਪੁੱਤਰ ਕਿਵੇਂ ਹੋ ਸਕਦਾ ਹੈ? ਖਾਨਦਾਨ ਵਿੱਚ ਤਾਂ ਅਨਗਿਣਤ ਹੀ ਪੁੱਤਰ ਹੋਣ ਗੇ॥ ਜੇ ਉਹਨਾਂ ਸਾਰਿਆਂ ਦੀਆਂ ਮਾਵਾਂ ਵਿਧਵਾ ਹੋ ਜਾਣ, ਤਾ ਖਾਨਦਾਨ ਅੱਗੇ ਕਿਵੇਂ ਚੱਲ ਸਕਦਾ ਸੀ॥ ਸੋ ਸਪੱਸ਼ਟ ਹੈ ਕਿ ਪਰਚੱਲਤ ਅਰਥਾਂ ਵਿੱਚ ਕਿਤੇ ਨਾਂ ਕਿਤੇ ਕੋਈ ਡੂੰਘੀ ਸਮੱਸਿਆ ਜ਼ਰੂਰ ਹੈ॥
ਉਂਞ ਵੀ ਮਨਮੁੱਖ ਜਾਂ ਮਾਇਆਧਾਰੀ ਵੀ ਪ੍ਰਭੂ ਦੇ ਹੁਕਮ ਜਾਂ ਭਾਣੇ ਅਨੁਸਾਰ ਹੀ ਪੈਦਾ ਹੁੰਦੇ ਹਨ॥ ਜਾਂ ਇਉਂ ਕਹਿ ਲਵੋ ਕਿ ਮਨਮੁੱਖਾਂ ਨੂੰ ਵੀ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਕਿਉਂਕਿ ਸਾਰੇ ਸੰਸਾਰ ਦੀ ਰਚਨਾ ਦਾ ਮੂਲ ਹੀ ਪ੍ਰਭੂ ਨੇ ਮਾਇਆ ਨੂੰ ਬਣਾਇਆ ਹੈ॥ ਅਸਲ ਵਿੱਚ ਪੂਰਾ ਗੁਰੂ ਗਰੰਥ ਸਾਹਿਬ ਮਨਮੁੱਖਾਂ ਨੂੰ ਹੀ ਸਿੱਖਿਆ ਦੇਣ ਲਈ ਰਚਿਆ ਗਿਆ ਹੈ॥ ਜੇ ਮਨਮੁੱਖ ਜੰਮਣਗੇ ਹੀ ਨਹੀਂ ਤਾਂ ਗੁਰੂ ਦੀ ਸਿੱਖਿਆ ਕਿਹਨਾਂ ਲਈ ਹੋਵੇਗੀ? ਯਾਦ ਰਹੇ ਮਾਇਆ ਦਾ ਅਰਥ ਕੇਵਲ ਧਨ ਜਾਂ ਪੈਸਾ ਹੀ ਨਹੀਂ॥ ਮਾਇਆ ਉਹ ਸਭ ਕੁਝ ਹੈ ਜੋ ਸਾਡੀਆਂ ਗਿਆਨ ਇੰਦ੍ਰੀਆਂ ਨੂੰ ਲੁਭਾਉਂਦਾ ਹੈ ਅਤੇ ਇਸ ਵਿੱਚ ਧਨ ਦੇ ਨਾਲ਼ ਨਾਲ਼ ਕਾਮ ਕ੍ਰੋਧ, ਲੋਭ, ਮੋਹ, ਹੰਕਾਰ, ਖ਼ੁਸ਼ੀ, ਗ਼ਮ ਆਦਿ ਸਭ ਸ਼ਾਮਿਲ ਹਨ॥ ਮਾਇਆ ਹੈ ਵੀ ਬਹੁਤ ਬਲਵਾਨ ਅਤੇ ਇਸ ਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਗੁੰਮਰਾਹ ਕੀਤਾ ਹੋਇਆ ਹੈ॥ ਮਹਾਂਪੁਰਖ ਵੀ ਇਸ ਦੇ ਅਸਰ ਤੋਂ ਬਚਣ ਲਈ ਪ੍ਰਭੂ ਜੀ ਦੀ ਸਹਾਇਤਾ ਲੋੜਦੇ ਹਨ॥ ਸੋ ਗੁਰੂ ਗਰੰਥ ਸਾਹਿਬ ਵਿੱਚ ਮਨਮੁੱਖਾਂ ਜਾਂ ਮਾਇਆਧਾਰੀਆਂ ਦੀਆਂ ਮਾਵਾਂ ਨੂੰ ਨਿੰਦਿਆ ਨਹੀਂ ਜਾ ਸਕਦਾ॥ ਆਉ ਸੰਸਾਰ ਵਿੱਚ ਮਾਇਆ ਦੀ ਉਤਪਤੀ ਅਤੇ ਇਸ ਦੇ ਪ੍ਰਭਾਵ ਬਾਰੇ ਕੁਝ ਸ਼ਬਦ ਸਾਂਝੇ ਕਰੀਏ॥
ਮਾਝ ਕੀ ਵਾਰ ਮ:1, ਪਉੜੀ 2 (138)॥ ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੈ ਧੰਧੈ ਲਾਇਆ॥ਮੋਹੁ ਠਗਉਲੀ ਪਾਇ ਕੇ ਤੁਧੁ ਅਪਹੁ ਜਗਤੁ ਖੁਆਇਆ॥------ ਬਿਨ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥
ਅਰਥ: ਹੇ ਪ੍ਰਭੂ! ਤੂੰ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਜੀਵਾਂ ਨੂੰ ਇਸ ਵਿੱਚ ਰੁਝਾ ਦਿੱਤਾ ਹੈ॥ ਤੂੰ ਜੀਵਾਂ ਨੂੰ ਠੱਗਣ ਵਾਲ਼ਾ ਮੋਹ ਪੈਦਾ ਕਰ ਕੇ ਆਪ ਹੀ ਜਗਾ ਨੂੰ ਖੁਆਰ ਕਰ ਰਿਹਾ ਹੈਂ॥ ----- ਜੀਵ ਆਪਣੇ ਆਪ ਜਿੰਨੇ ਚਾਹੇ ਕਰਮ ਕਾਂਡ ਕਰ ਲਵੇ, ਪਰ ਗੁਰੂ ਦੀ ਮਿਹਰ ਤੋਂ ਬਿਨਾਂ ਉਹ ਮੋਹ ਤੋਂ ਛੁਟਕਾਰਾ ਨਹੀਂ ਪਾ ਸਕਦੇ॥
ਮਲਾਰ ਮ:3 (1261)॥ ----- ਮਾਇਆ ਮਮਤਾ ਕਰਤੈ ਲਾਈ॥ ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥
ਅਰਥ: ਹੇ ਭਾਈ! ਜੀਵਾਂ ਵਿੱਚ ਮਾਇਆ ਦਾ ਪਿਆਰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ॥ ਪ੍ਰਭੂ ਨੇ ਸੰਸਾਰ ਦੀ ਕਾਰ ਦਾ ਆਧਾਰ ਹੀ ਮਾਇਆ ਨੂੰ ਬਣਾਇਆ ਹੈ॥
ਮ:1 (1288)॥ ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥ ਏਨੀ ਠਗੀ ਜਗੁ ਠਗਿਆ ਕਿਨੈ ਨ ਰਖੀ ਲਜ॥ ਏਨਾ ਠਗਨ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ॥
ਅਰਥ: ਹੇ ਭਾਈ! (ਮਾਇਆ ਦੇ ਪੰਜ ਰੂਪ) ਹਕੂਮਤ, ਮਾਲ-ਧਨ, ਸੁੰਦਰਤਾ, (ਉੱਚੀ) ਜਾਤ ਅਤੇ ਜੁਆਨੀ ਇਹ ਪੰਜੇ ਹੀ ਜੀਵਾਂ ਨੂੰ ਠੱਗਣ ਵਾਲ਼ੇ ਠੱਗ ਹਨ॥ ਇਹ ਪੰਜੇ ਹੀ ਦੁਨੀਆਂ ਦੀ ਆਤਮਿਕ ਪੂੰਜੀ ਲੁੱਟ ਰਹੇ ਹਨ ਅਤੇ ਕੋਈ ਵੀ ਇਹਨਾਂ ਤੋਂ ਆਪਣਾ ਸਨਮਾਨ ਨਹੀਂ ਬਚਾ ਸਕਦਾ॥ ਹਾਂ, ਜੇ ਮਨੁੱਖ ਗੁਰੂ ਦੀ ਸ਼ਰਨ ਲਏ ਤਾਂ ਉਹ ਇਹਨਾਂ ਪੰਜਾਂ ਨੂੰ ਵੀ ਠੱਗ ਸਕਦਾ ਹੈ (ਭਾਵ ਇਹਨਾਂ ਤੇ ਕਾਬੂ ਪਾ ਸਕਦਾ ਹੈ)॥ ਪਰ ਹੇ ਨਾਨਕ! ਗੁਰੂ ਦੀ ਮਿਹਰ ਤੋਂ ਸੱਖਣੇ ਅਨਗਿਣਤ ਲੋਕ ਠੱਗੇ ਜਾ ਰਹੇ ਹਨ॥
ਆਸਾ ਮ:5 (394)॥ ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ॥ ਬੋਲੈ ਕਉੜਾ ਜਿਹਬਾ ਕੀ ਫੂੜਿ॥ ਸਦਾ ਭੂਖੀ ਪਿਰੁ ਜਾਨੈ ਦੂਰਿ॥ 1॥ ਐਸੀ ਇਸਤ੍ਰੀ ਇਕ ਰਾਮ ਉਪਾਈ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ॥ ਰਹਾਉ॥ ਪਾਇ ਠਗਉਲੀ ਸਭੁ ਜਗੁ ਜੋਹਿਆ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ॥
ਅਰਥ: ਹੇ ਭਾਈ! ਪ੍ਰਭੂ ਨੇ (ਮਾਇਆ-ਰੂਪ) ਇੱਕ ਅਜਿਹੀ ਇਸਤ੍ਰੀ ਪੈਦਾ ਕੀਤੀ ਹੈ ਜਿਸਨੇ ਸਾਰੇ ਸੰਸਾਰ ਨੂੰ ਆਤਮਿਕ ਤੌਰ ਤੇ ਖਾ ਲਿਆ ਹੈ॥ ਪਰ ਮੈਂ ਆਪਣੇ ਗੁਰੂ ਦੀ ਚਰਨੀਂ ਪੈ ਕੇ ਬਚ ਗਿਆ ਹਾਂ॥ਰਹਾਉ॥ ਇਸ ਇਸਤ੍ਰੀ ਦੇ ਮੱਥੇ ਤੇ ਗੁੱਸੇ ਦੀਆਂ ਲਕੀਰਾਂ ਹਨ ਅਤੇ ਇਸ ਦੀ ਨਜ਼ਰ ਵੀ ਬੜੀ ਗੁਸੈਲ਼ੀ ਹੈ॥ ਜੀਭ ਦੀ ਖਰ੍ਹਵੀ ਹੋਣ ਕਰ ਕੇ ਇਹ ਬੋਲਦੀ ਵੀ ਬਹੁਤ ਕੌੜਾ ਹੈ (ਭਾਵ ਸਾਰੇ ਲੋਕ ਇਸ ਦੀ ਗ਼ੁਲਾਮੀ ਕਰਦੇ ਹਨ)॥ 1॥ ਇਹ ਆਪਣੇ ਜਾਦੂ ਨਾਲ਼ ਸਾਰੇ ਸੰਸਾਰ ਤੇ ਨਜ਼ਰ ਰੱਖਦੀ ਹੈ (ਆਪਣੇ ਕਾਬੂ ਵਿੱਚ ਰੱਖਦੀ ਹੈ)॥ ਹੋਰ ਤਾਂ ਹੋਰ ਇਸ ਨੇ ਸਭ ਤੋਂ ਵੱਡੇ ਸਮਝੇ ਜਾਂਦੇ ਦੇਵਤੇ – ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ – ਨੂੰ ਵੀ ਮੋਹ ਰੱਖਿਆ ਹੈ॥
ਜੈਤਸਰੀ ਰਵਿਦਾਸ ਜੀ (710)॥ ਨਾਥ ਕਛੂਅ ਨ ਜਾਨਉ॥ ਮਨੁ ਮਾਇਆ ਕੈ ਹਾਥਿ ਬਿਕਾਨਉ॥ 1॥ ਰਹਾਉ॥ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ॥ ਹਮ ਕਹੀਅਤ ਕਲਿਜੁਗ ਕੇ ਕਾਮੀ॥ 1॥ ਇਨ ਪੰਚਨ ਮੇਰੋ ਮਨੁ ਜੋ ਬਿਗਾਰਿਓ॥ ਪਲੁ ਪਲੁ ਹਰਿ ਜੀ ਤੇ ਅੰਤਰਿ ਪਾਰਿਓ॥2॥ -----
ਅਰਥ: ਹੇ ਮਾਲਕ! ਮੈਂ ਮਾਇਆ ਦੇ ਹੱਥ ਵਿਕ ਗਿਆ ਹਾਂ (ਭਾਵ ਮਾਇਆ ਦਾ ਮੇਰੇ ਉੱਪਰ ਪੂਰਾ ਕਾਬੂ ਹੈ) ਅਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ (ਇਸ ਤੋਂ ਕਿਵੇਂ ਛੁਟਕਾਰਾ ਪਾਵਾਂ)॥ ਹੇ ਪ੍ਰਭੂ! ਤੁਸੀਂ ਸੰਸਾਰ ਦੇ ਮਾਲਕ ਅਤੇ ਗੁਰੂ ਜਾਣੇ ਜਾਂਦੇ ਹੋ ਅਤੇ ਅਸੀਂ (ਮਾਇਆ-ਗ੍ਰਸੇ) ਲਾਚਾਰ ਜੀਵ ਕਲਿਜੁਗ ਦੇ ਵਿਸ਼ੱਈ ਮੰਨੇ ਜਾਂਦੇ ਹਾਂ॥1॥ ਮਾਇਆ ਦੇ ਇਹਨਾਂ ਪੰਜ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ) ਨੇ ਮੇਰੇ ਮਨ ਦੀ ਦਸ਼ਾ ਵਿਗਾੜ ਰੱਖੀ ਹੈ ਜਿਸ ਦੇ ਸਿੱਟੇ ਵਜੋਂ ਮੈਂ ਹਰ ਪਲ ਤੁਹਾਥੋਂ ਦੂਰ ਹੁੰਦਾ ਜਾ ਰਿਹਾ ਹਾਂ॥
3. ਮਾਇਆ ਵਾਲ਼ੇ ਪਾਸੇ ਵੀ ਪ੍ਰਭੂ ਜੀਵਾਂ ਨੂੰ ਆਪ ਹੀ ਲਾਉਂਦਾ ਹੈ
“ਕਿਸੇ ਵੀਰ ਜਾਂ ਭੈਣ ਦਾ ਹੁਣ ਤੱਕ ਕੋਈ ਪ੍ਰਸ਼ਨ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਪੁੱਛ ਲਵੇ॥” ਭਾਈ ਦਲੀਪ ਸਿੰਘ ਨੇ ਪਗੜੀ ਨੂੰ ਸੁਆਰਦਿਆਂ ਪੁੱਛਿਆ॥
“ਨਹੀਂ ਜੀ, ਅਜੇ ਤੱਕ ਸਾਡਾ ਕੋਈ ਸੁਆਲ ਨਹੀਂ॥ ਤੁਸੀਂ ਵਿਖਿਆਨ ਈ ਇੰਨਾ ਸੁਹਣਾ ਕਰਦੇ ਓ ਕਿ ਕੁਝ ਪੁੱਛਣ ਦਾ ਮੌਕਾ ਈ ਨਹੀਂ ਦਿੰਦੇ॥ ਅਸੀਂ ਬਹੁਤ ਆਨੰਦ ਮਾਣ ਰਹੇ ਹਾਂ॥ ਕਿਰਪਾ ਕਰ ਕੇ ਤੁਸੀਂ ਆਪਣਾ ਵਿਖਿਆਨ ਜਾਰੀ ਰੱਖੋ॥” ਸੰਗਤ ਵਿੱਚੋਂ ਕੁਝ ਆਵਾਜ਼ਾਂ ਆਈਆਂ॥
“ਆਪ ਦੀ ਬਹੁਤ ਮਿਹਰਬਾਨੀ॥ ਅਸਾਂ ਹੁਣੇ ਹੀ ਇਹ ਵੀਚਾਰ ਕੀਤੀ ਹੈ ਕਿ ਸੰਸਾਰ ਦੀ ਕਾਰ ਚਾਲੂ ਰੱਖਣ ਵਾਸਤੇ, ਵਾਹਿਗੁਰੂ ਜੀ ਨੇ ਮਾਇਆ ਪੈਦਾ ਕਰਕੇ ਮਨੁੱਖ ਇਸ ਦਾ ਮੋਹ ਵੀ ਆਪ ਹੀ ਲਾਇਆ ਹੈ॥ ਹੁਣ ਅਸੀਂ ਦੋ-ਤਿੰਨ ਪਾਵਨ ਸ਼ਬਦਾਂ ਤੇ ਵੀਚਾਰ ਕਰਾਂਗੇ ਜਿਹਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਆਪਣੇ ਕਿਸੇ ਵੀ ਉੱਦਮ ਨਾਲ਼ ਮਾਇਆ ਦੇ ਸੰਗਲ ਤੋੜ ਨਹੀਂ ਸਕਦਾ ਕਿਉਂਕਿ ਵਾਹਿਗੁਰੂ ਨੇ ਆਪ ਹੀ ਮਨੁੱਖ ਨੂੰ ਇਸ ਪਾਸੇ ਲਾਇਆ ਹੋਇਆ ਹੈ॥ਸਿਰਫ਼ ਗੁਰੂ ਦੀ ਸ਼ਰਨ ਹੀ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਵਾ ਸਕਦੀ ਹੈ॥
ਸਲੋਕ ਮ:1 (952)॥ ------- ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ॥1॥
ਅਰਥ: (ਪ੍ਰਭੂ ਜੀ ਕਹਿੰਦੇ ਹਨ) ਹੇ ਦੁਨੀਆਂ! ਸਭ ਜੀਵਾਂ ਦੇ ਹਿਰਦੇ ਮੇਰੇ ਹੀ ਹਨ ਕਿਉਂਕਿ ਮੈਂ ਸਭ ਦੇ ਅੰਦਰ ਵੱਸਦਾ ਹਾਂ॥ ਜਿਸਨੂੰ ਮੈਂ (ਮਾਇਆ ਵਾਲ਼ੇ) ਪੁੱਠੇ ਰਸਤੇ ਪਾਵਾਂ ਉਸਨੂੰ ਕੌਣ ਸਿੱਖਿਆ ਦੇ ਸਕਦਾ ਹੈ॥ ਜਿਸਨੂੰ ਮੈਂ (ਧਰਮ ਵਾਲ਼ਾ) ਸੁਹਣਾ ਰਸਤਾ ਦੱਸ ਦਿਆਂ ਉਸਨੂੰ ਕੌਣ ਭੁਲਾ ਸਕਦਾ ਹੈ ਅਤੇ ਜਿਸਨੂੰ ਮੈਂ ਸਫ਼ਰ ਦੇ ਸ਼ੁਰੂ ਵਿੱਚ ਹੀ ਭੁਲਾ ਦਿਆਂ (ਪੁੱਠੇ ਰਸਤੇ ਪਾ ਦਿਆਂ) ਉਸਨੂੰ ਸਹੀ ਰਸਤਾ ਕੌਣ ਦੱਸ ਸਕਦਾ ਹੈ?
ਨੋਟ: ਇਹ ਗੱਲ਼ ਨਹੀਂ ਭੁੱਲਣੀ ਕਿ ਮਨੁੱਖ ਦੇ ਕਰਮਾਂ ਦਾ ਸਿੱਟਾ ਭਾਵੇਂ ਵਾਹਿਗੁਰੂ ਜੀ ਦੇ ਹੱਥ ਹੈ, ਪਰ ਚੰਗੇ ਮਾੜੇ ਕਰਮ ਮਨੁੱਖ ਦੇ ਆਪਣੇ ਹੱਥ ਹਨ ਜਿਹਨਾਂ ਦਾ ਫ਼ਲ਼ ਉਹ ਭੁਗਤਦਾ ਹੈ॥
ਆਸਾ ਮ:3 ਅਸ਼ਟਪਦੀ (425)॥ ------ ਜੀਅ ਜੰਤ ਸਭਿ ਤਿਸ ਦੇ ਸਭਨਾ ਦਾ ਸੋਈ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ॥ 4॥ ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ॥ ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ॥5॥5॥
ਅਰਥ: ਹੇ ਭਾਈ! ਸਾਰੇ ਜੀਵ ਜੰਤੂ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ਅਤੇ ਉਹ ਸਭਨਾਂ ਦਾ ਮਾਲਕ ਹੈ॥ ਇਸ ਲਈ ਅਸੀਂ ਕਿਸੇ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ॥ ਮਾੜਾ ਤਾਂ ਹੀ ਕਹੀਏ ਜੇ ਮਨੁੱਖ ਦੇ ਅੰਦਰ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦਾ ਵਾਸਾ ਹੋਵੇ॥ ਹਰ ਕਿਸੇ ਉੱਪਰ ਉਸਦਾ ਹੀ ਹੁਕਮ ਚੱਲਦਾ ਹੈ ਅਤੇ ਜੀਵ ਉਹੀ ਕਰਦੇ ਹਨ ਜੋ ਵਾਹਿਗੁਰੂ ਵੱਲੋਂ ਉਹਨਾਂ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ॥ ਕਈਆਂ ਨੂੰ ਵਾਹਿਗੁਰੂ ਜੀ ਨੇ ਆਪ ਹੀ ਭੁਆਟਣੀ ਦਿੱਤੀ ਹੁੰਦੀ ਹੈ (ਭਾਵ ਮਾਇਆ ਵਿੱਚ ਖੋਭਿਆ ਹੁੰਦਾ ਹੈ) ਜਿਸ ਕਰਕੇ ਜੀਵ ਲੋਭ ਆਦਿ ਵਿਕਾਰਾਂ ਵਿੱਚ ਗ੍ਰਸੇ ਰਹਿੰਦੇ ਹਨ॥
ਗਉੜੀ ਕਬੀਰ ਜੀ (327)॥ ------ ਤੀਨਿ ਲੋਕ ਜਾ ਕੇ ਹਹਿ ਭਾਰ॥ ਸੋ ਕਾਹੇ ਨ ਕਰੈ ਪ੍ਰਤਿਪਾਰ ॥2॥ ਕਹੁ ਕਬੀਰ ਇਕ ਬੁਧਿ ਬੀਚਾਰੀ॥ ਕਿਆ ਬਸੁ ਜਉ ਬਿਖੁ ਦੇ ਮਹਿਤਾਰੀ॥3॥22॥
ਅਰਥ: ਹੇ ਭਾਈ! (ਚਿੰਤਾ ਕਿਉਂ ਕਰਦੇ ਹੋ?) ਜਿਸ ਪ੍ਰਭੂ ਦੇ ਆਸਰੇ ਤਿੰਨਾਂ ਹੀ ਭਵਨਾਂ ਦੇ ਜੀਵ ਹਨ ਉਹ (ਤੁਹਾਡੇ ਆਤਮਿਕ ਜੀਵਨ) ਦੀ ਵੀ ਪਾਲਣਾ ਕਿਉਂ ਨਹੀਂ ਕਰੇ ਗਾ? ਪਰ ਇੱਕ ਵੀਚਾਰ ਦੀ ਗੱਲ ਇਹ ਹੈ ਕਿ ਜੇਕਰ ਪ੍ਰਭੂ-ਮਾਤਾ ਆਪ ਹੀ ਬੱਚਿਆਂ ਨੂੰ ਮਾਇਆ-ਰੂਪੀ ਜ਼ਹਿਰ ਦਾ ਅਮਲ ਦੇ ਦੇਵੇ ਤਾਂ ਆਤਮਿਕ ਜੀਵਨ ਦੀ ਵਿਕਾਸ ਲਈ ਮਨੁੱਖ ਦੇ ਵੱਸ ਕੁਝ ਨਹੀਂ ਰਹਿ ਜਾਂਦਾ॥
ਪਾਵਨ ਗੁਰੂ ਗਰੰਥ ਸਾਹਿਬ ਵਿੱਚ ਅਜਿਹੇ ਹੋਰ ਬਹੁਤ ਸਾਰੇ ਸ਼ਬਦ ਹਨ ਜਿਹੜੇ ਪੂਰੀ ਤਰ੍ਹਾਂ ਸਪੱਸ਼ਟ ਕਰਦੇ ਹਨ ਕਿ ਪ੍ਰਭੂ ਜੀਵਾਂ ਨੂੰ ਮਾਇਆ ਦਾ ਮੋਹ ਵੀ ਆਪ ਹੀ ਲਾਉਂਦਾ ਹੈ॥ ਜਦੋਂ ਇਹ ਸਪੱਸ਼ਟ ਹੈ ਕਿ ਮਨੁੱਖ ਦਾ ਗੁਰਮੁਖਿ ਜਾਂ ਮਨਮੁਖਿ ਹੋਣਾ ਵੀ ਉਸਦੇ ਹੱਥ ਵੱਸ ਨਹੀਂ ਤਾਂ ਵਾਹਿਗੁਰੂ ਦੇ ਪਿਆਰੇ ਗੁਰੂ ਸਾਹਿਬ ਜਾਂ ਭਗਤ ਜੀ ਵਾਹਿਗੁਰੂ ਦੇ ਇਸ ਹੁਕਮ ਦੇ ਉਲਟ ਮਨਮੁੱਖਾਂ ਦੀਆਂ ਮਾਵਾਂ ਨੂੰ ਕਿਵੇਂ ਨਿੰਦ ਸਕਦੇ ਹਨ?” ਭਾਈ ਸਾਹਿਬ ਦੇ ਚਿਹਰੇ ਤੇ ਆਮ ਮੁਸਕਰਾਹਟ ਦੇ ਥਾਂ ਗੰਭੀਰਤਾ ਸੀ॥
ਸੰਭਵ ਸਹੀ ਅਰਥ
“ਭਾਈ ਸਾਹਿਬ, ਜੋ ਕੁਝ ਤੁਸਾਂ ਸਮਝਾਇਆ ਹੈ ਇਹ ਪੂਰੀ ਤਰ੍ਹਾਂ ਕਲੇਜੇ ਵਿੱਚ ਵੱਜਦੈ, ਪਰ ਮੈਂ ਇਹਨਾਂ ਸ਼ਬਦਾਂ ਦੇ ਸਹੀ ਅਰਥ ਜਾਨਣ ਨੂੰ ਬਹੁਤ ਕਾਹਲ਼ੀ ਹਾਂ॥ ਕਿਰਪਾ ਕਰਕੇ ਛੇਤੀ ਤੋਂ ਛੇਤੀ ਸਾਨੂੰ ਅਸਲ ਅਰਥ ਦੱਸੋ॥” ਨੌਜੁਆਨ ਬੀਬੀ ਹਰਲੀਨ ਕੌਰ ਸਹੀ ਅਰਥ ਜਾਨਣ ਨੂੰ ਬਹੁਤ ਉਤਸੁਕ ਜਾਪਦੀ ਸੀ॥
“ਬੀਬੀ ਜੀ ਬੱਸ ਹੁਣ ਆਪਾਂ ਉਥੇ ਹੀ ਪਹੁੰਚ ਰਹੇ ਹਾਂ॥” ਭਾਈ ਸਾਹਿਬ ਨੇ ਬੀਬੀ ਜੀ ਦੀ ਉਤਸੁਕਤਾ ਨੂੰ ਭਾਂਪਦਿਆਂ ਆਖਿਆ॥
ਮਾਂ (ਮਾਤਾ) ਦਾ ਭਾਵ ਮਤਿ, ਸਿੱਖਿਆ, ਸੋਚ ਜਾਂ ਧਰਮ-ਮਾਰਗ ਵੀ ਹੈ
“ਭਾਵੇਂ ਮਾਤਾ ਦਾ ਆਮ ਅਰਥ ਜਨਮ-ਦਾਤੀ ਹੀ ਹੁੰਦਾ ਹੈ, ਪਰ ਗੁਰੂ ਗਰੰਥ ਸਾਹਿਬ ਵਿੱਚ ਮਾਤਾ ਮਤਿ, ਸੋਚ, ਸਿੱਖਿਆ ਜਾਂ ਕਿਸੇ ਧਰਮ ਮਾਰਗ ਲਈ ਵੀ ਵਰਤਿਆ ਗਿਆ ਹੈ॥ ਇਸ ਸਬੰਧ ਵਿੱਚ ਮੈਂ ਕੇਵਲ ਦੋ ਕੁ ਹੀ ਸ਼ਬਦ ਸਾਂਝੇ ਕਰਾਂਗਾ॥ ਸ਼ਬਦ ਭਾਵੇਂ ਕੁਝ ਲੰਮੇ ਹੋ ਜਾਣ ਪਰ ਅਸਾਂ ਆਪਣਾ ਧਿਆਨ ਕੇਵਲ ਮਾਤਾ ਦੇ ਅਰਥਾਂ ਵੱਲ ਹੀ ਦੇਣਾ ਹੈ॥
ਗਉੜੀ ਮ:1 (151-2)॥ ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖ॥1॥ ----- ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥ ਸਾਹਾ ਸੰਜੋਗੁ ਵਿਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥2॥3॥
ਅਰਥ: ਹੇ ਭਾਈ! (ਜੇ ਤੂੰ ਵਾਹਿਗੁਰੂ ਨਾਲ਼ ਮਿਲਾਪ ਚਾਹੁੰਦਾ ਹੈਂ ਤਾਂ) ਉੱਚੀ ਮਤਿ ਨੂੰ ਆਪਣੀ ਮਾਤਾ ਅਤੇ ਸੰਤੋਖ ਨੂੰ ਪਿਤਾ ਬਣਾ॥ ਇਸਦੇ ਨਾਲ਼ ਹੀ ਲੋਕ-ਸੇਵਾ ਅਤੇ ਉੱਚਾ ਆਚਰਣ ਤੇਰੇ ਉਚੇਚੇ ਭਾਈ ਹੋਣ ਅਤੇ ਉੱਚੀ ਸੁਰਤਿ ਅਤੇ ਮਿਹਨਤ (ਘਾਲਣਾ) ਤੇਰੇ ਸੱਸ ਸਹੁਰਾ ਹੋਣ॥ ਇਥੇ ਹੀ ਬੱਸ ਨਹੀਂ, ਸ਼ੁਭ ਕਰਮਾਂ ਨਾਲ਼ ਆਪਣੇ ਮਨ ਵਿੱਚ ਇਸਤਰ੍ਹਾਂ ਪਿਆਰ ਬਣਾ ਜਿਵੇਂ ਆਗਿਆਕਾਰ ਪਤਨੀ ਨਾਲ਼ ਹੁੰਦਾ ਹੈ (ਭਾਵ ਜੇ ਉੱਚੀ ਮਤਿ, ਸੰਤੋਖ ਅਤੇ ਲੋਕ-ਸੇਵਾ ਵਰਗੇ ਸ਼ੁਭ ਗੁਣਾਂ ਨਾਲ਼ ਤੇਰਾ ਪਾਲਣ-ਪੋਸਣ ਹੋਵੇ ਤਾਂ ਵਾਹਿਗੁਰੂ ਨਾਲ਼ ਤੇਰਾ ਮਿਲਾਪ ਹੋ ਸਕਦਾ ਹੈ)॥ ਇਦਾਂ ਘਾਲਣਾ ਘਾਲਦਿਆਂ ਵਾਹਿਗੁਰੂ ਨਾਲ਼ ਤੇਰੇ ਮਿਲਾਪ ਦਾ ਸਾਹਾ ਤਿਆਰ ਹੋ ਜਾਵੇਗਾ ਅਤੇ ਮਾਇਆ ਨਾਲ਼ ਤੇਰਾ ਵਿਜੋਗ ਹੋ ਜਾਵੇਗਾ (ਭਾਵ ਮਾਇਆ ਦੇ ਬੰਧਨ ਟੁੱਟ ਜਾਣਗੇ) ਅਤੇ ਪ੍ਰਭੂ ਨਾਲ ਤੇਰਾ ਵਿਆਹ ਭਾਵ ਮਿਲਾਪ ਹੋ ਜਾਵੇਗਾ॥ ਇਹ ਹੈ ਵਾਹਿਗੁਰੂ ਨਾਲ਼ ਅਸਲੀ ਜੋਗ (ਜਿਸਨੂੰ ਜੋਗੀ ਲੋਚਦੇ ਹਨ)॥ ਅਜਿਹੇ ਮਿਲਾਪ ਵਿੱਚੋਂ ਫ਼ਿਰ ਸਦਾ ਰਹਿਣ ਵਾਲ਼ੀ ਸੰਤਾਨ ਪੈਦਾ ਹੁੰਦੀ ਹੈ ਭਾਵ ਇਹ ਮਿਲਾਪ ਸਦੀਵੀ ਹੋ ਜਾਂਦਾ ਹੈ॥
ਮਾਰੂ ਮ:1 (991)॥ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ॥ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ॥1॥ ------ ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ॥ ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰੳੇੁ ਤੇਰੀ ਰਾਇਆ॥2॥6॥
ਅਰਥ: ਹੇ ਮੇਰੇ ਮਾਲਕ, ਵਾਹਿਗੁਰੂ! ਮੈਂ ਗੁਰੂ ਦੇ ਬਚਨਾਂ ਤੋਂ ਇਸ ਪ੍ਰਕਾਰ ਕੁਰਬਾਨ ਹੋ ਗਿਆ ਹਾਂ ਕਿ ਮੈਂ ਉਸਦੇ ਬਚਨਾਂ ਦੀ ਹੱਟੀ ਤੇ ਉਸਦਾ ਇਸਤਰ੍ਹਾਂ ਲਾਲਾ (ਗ਼ੁਲਾਮ) ਬਣ ਗਿਆ ਹਾਂ ਜਿਵੇਂ ਉਸਨੇ ਮੈਨੂੰ ਖਰੀਦ ਲਿਆ ਹੋਵੇ॥ ਮੈਂ ਗੁਰੂ ਦਾ ਮੁੱਲ ਖਰੀਦਿਆ ਗ਼ੁਲਾਮ ਬਣਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲ਼ਾ ਸਮਝਦਾ ਹਾਂ॥ ਹੁਣ ਮੈਂ ਉਹੋ ਹੀ ਕਰਦਾ ਹਾਂ ਜੋ ਮੈਨੂੰ ਉਸਦਾ ਹੁਕਮ ਹੁੰਦਾ ਹੈ॥ ਮੇਰੀ ਅਕਲ-ਮਾਤਾ ਅਤੇ ਸੰਤੋਖ-ਪਿਤਾ ਉਸਦੇ ਹੀ ਗ਼ੁਲਾਮ ਹਨ (ਭਾਵ ਮੇਰੀ ਉੱਚੀ ਅਕਲ ਅਤੇ ਸੰਤੋਖ ਮੈਨੂੰ ਗੁਰੂ ਪਾਸੋਂ ਹੀ ਮਿਲ਼ੇ ਹਨ)॥ ਹੇ ਗੁਰੂ ਜੀ! ਹੁਣ ਮੈਂ ਜਦ ਤੇਰਾ ਹੁਕਮ ਮੰਨਣ ਦੀ ਭਗਤੀ ਕਰਦਾ ਹਾਂ ਤਾਂ ਮੇਰੀ ਉੱਚੀ ਸੁਰਤਿ ਅਤੇ ਮੇਰਾ ਸੰਤੋਖ ਹੁਲਾਰੇ ਵਿੱਚ ਆਉਂਦੇ ਹਨ॥
ਆਸਾ ਕਬੀਰ ਜੀਉ (476)॥ ------ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥ ਪਹਿਰਉ ਨਹੀ ਦਗਲੀ ਲਗੈ ਨ ਪਾਲਾ॥ ਰਹਾਉ॥ ਬਲਿ ਤਿਸੁ ਬਾਪੈ ਜਿਨਿ ਹਉ ਜਾਇਆ॥ ਪੰਚਾ ਤੇ ਮੇਰਾ ਸੰਗੁ ਚੁਕਾਇਆ॥ ਪੰਚ ਮਾਰਿ ਪਾਵਾ ਤਲਿ ਦੀਨੇ॥ ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ॥ -----
ਅਰਥ: ------ ਹੇ ਭਾਈ! ਹੁਣ ਮੇਰੀ (ਮਾਇਆ ਦਾ ਅਸਰ ਗ੍ਰਹਿਣ ਕਰਨ ਵਾਲ਼ੀ) ਮਤਿ ਮਰ ਗਈ ਹੈ ਭਾਵ ਮੈਨੂੰ ਗੁਰੂ ਦੀ ਮਤਿ ਪ੍ਰਾਪਤ ਹੋ ਗਈ ਹੈ ਜਿਸ ਕਰਕੇ ਮੇਰੇ ਮਨ ਵਿੱਚ ਸੁਖ ਹੀ ਸੁਖ ਹੈ॥ ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ ਅਤੇ ਮੈਨੂੰ ਗੁਰੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿ ਗਈ॥ ਰਹਾਉ॥ ਮੈਂ ਆਪਣੇ ਗੁਰੂ ਪਿਤਾ ਤੋਂ ਕੁਰਬਾਨ ਜਾਂਦਾ ਹਾਂ ਜਿਸਨੇ ਪੰਜਾਂ ਦੂਤਾਂ (ਕਾਮ, ਕ੍ਰੋਧ, ਲੋਭ ਮੋਹ, ਅਤੇ ਹੰਕਾਰ) ਤੋਂ ਮੈਨੂੰ ਮੁਕਤ ਕਰਾ ਦਿੱਤਾ ਹੈ ਅਤੇ ਇੱਕ ਨਵਾਂ ਆਤਮਿਕ ਜੀਵਨ ਬਖ਼ਸ਼ਿਆ ਹੈ॥
ਕਬੀਰ ਸਾਹਿਬ ਨੇ ਤਾਂ ਮਤਿ ਨੂੰ ਪਤਨੀ ਅਤੇ ਮਨ ਨੂੰ ਪੁੱਤਰ ਵੀ ਲਿਖਿਆ ਹੈ॥ ਇਸੇਤਰ੍ਹਾਂ ਮਾਇਆ ਨੂੰ ਬਹੁਤ ਥਾਵਾਂ ਤੇ ਸੱਸ ਲਿਖਿਆ ਹੈ॥
ਜਦੋਂ ਅਸੀਂ ਮਾਂ (ਮਾਤਾ) ਦਾ ਭਾਵ ਅਕਲ, ਸਿੱਖਿਆ ਜਾਂ ਧਰਮ-ਮਾਰਗ ਕਰਾਂਗੇ ਤਾਂ ਇਹਨਾਂ ਸਾਰੇ ਪਾਵਨ ਸ਼ਬਦਾਂ ਦੇ ਭਾਵ ਸਾਨੂੰ ਤੁਰੰਤ ਸਮਝ ਵਿੱਚ ਆ ਜਾਣਗੇ ਅਤੇ ਪਤਾ ਚੱਲ ਜਾਵੇਗਾ ਕਿ ਪਾਵਨ ਗੁਰੂ ਗਰੰਥ ਸਾਹਿਬ ਵਿੱਚ ਜਿੱਥੇ ਵੀ ਮਾਂ ਨੂੰ ਨਿੰਦਿਆ ਗਿਆ ਹੈ ਉਥੇ ਇਸ ਦਾ ਭਾਵ ਜਨਮ-ਦਾਤੀ ਮਾਂ ਨਹੀਂ ਸਗੋਂ ਪੁੱਠੀ ਮਤਿ ਜਾਂ ਸਿੱਖਿਆ ਹੈ ਅਤੇ ਤੁਹਾਨੂੰ ਇਹਨਾਂ ਪਾਵਨ ਸ਼ਬਦਾਂ ਦਾ ਬਹੁਤ ਆਨੰਦ ਵੀ ਆਵੇਗਾ॥
ਮਾਂ (ਮਾਤਾ) ਦੇ ਇਸ ਭਾਵ ਦੇ ਆਧਾਰ ਤੇ ਇਹਨਾਂ ਪਾਵਨ ਸ਼ਬਦਾਂ ਦੇ ਅਰਥ ਇਸ ਪ੍ਰਕਾਰ ਹੋਣਗੇ॥ ਪਰ ਅਸੀਂ ਅਰਥ ਕੇਵਲ ਉਹਨਾਂ ਪੰਕਤੀਆਂ ਦੇ ਹੀ ਕਰਾਂਗੇ ਜਿਹਨਾਂ ਵਿੱਚ ਮਾਂ ਨੂੰ ਨਿੰਦਿਆ ਗਿਆ ਹੈ॥ ਬਾਕੀ ਸ਼ਬਦ ਦੇ ਅਰਥ ਉਹੀ ਰਹਿਣਗੇ ਜਿਹੜੇ ਅਸੀਂ ਪਹਿਲਾਂ ਵੀਚਾਰ ਆਏ ਹਾਂ॥
ਜੈਤਸਰੀ ਮ:4 (697)॥ ਅਰਥ: ਹੇ ਭਾਈ! ਜਿਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਵੱਸਦਾ, ਪ੍ਰਭੂ ਨੇ ਉਹਨਾਂ ਨੂੰ ਉੱਚੀ ਮਤਿ (ਜਾਂ ਸੂਝ) ਤੋਂ ਸੱਖਣਿਆਂ ਰੱਖਿਆ ਹੈ (ਯਾਦ ਰੱਖੋ ਮਨੁੱਖ ਨੂੰ ਚੰਗੀ-ਮਾੜੀ ਮਤਿ ਵੀ ਪ੍ਰਭੂ ਆਪ ਹੀ ਦਿੰਦਾ ਹੈ)॥ ਉੱਚੀ ਮਤਿ ਤੋਂ ਸੱਖਣੇ ਮਨੁੱਖ ਦਾ ਜੀਵਨ ਖਿਝਦਿਆਂ ਅਤੇ ਖਪ ਖਪ ਕੇ ਮਰਦਿਆਂ ਹੀ ਬਤੀਤ ਹੁੰਦਾ ਹੈ॥ ------
ਗਉੜੀ ਕਬੀਰ ਜੀ (328)॥ ਅਰਥ: ਕਬੀਰ ਸਾਹਿਬ ਦਾ ਵੀਚਾਰ-ਅਧੀਨ ਸ਼ਬਦ ਹੋਰ ਵੀ ਸੁਆਦਲਾ ਹੈ॥ ਉਹਨਾਂ ਨੇ ਮਾਂ ਨੂੰ ਵਿਧਵਾ ਹੋਣ ਦੀ ਜਾਚਨਾ ਕੀਤੀ ਹੈ॥ ਵਿਧਵਾ ਹੋਣ ਤੋਂ ਭਾਵ ਇਹ ਹੈ ਕਿ ਅਕਲ-ਮਾਤਾ ਜਾਂ ਸਿੱਖਿਆ-ਮਾਤਾ ਦਾ ਪਤੀ ਹੀ ਮਰ ਜਾਵੇ॥ ਅਕਲ ਜਾਂ ਸਿੱਖਿਆ ਦਾ ਮਾਲਕ ਤਾਂ ਉਹ ਗੁਰੂ ਹੀ ਹੈ ਜਿਹੜਾ ਅਜਿਹੀ ਪੁੱਠੀ ਸਿੱਖਿਆ ਦਿੰਦਾ ਹੈ॥ ਸੋ ਕਬੀਰ ਸਾਹਿਬ ਦਾ ਭਾਵ ਹੈ ਕਿ ਜੇ ਇੱਕ ਮਨਮੁੱਖ ਦੀ ਪੁੱਠੀ ਮਤਿ ਮਰ ਗਈ ਤਾਂ ਉਸ ਮਨੁੱਖ ਦਾ ਸੁਧਾਰ ਤਾਂ ਹੋ ਜਾਵੇਗਾ ਜਿਸ ਨਾਲ਼ ਸੰਸਾਰ ਨੂੰ ਵੀ ਕੁਝ ਲਾਭ ਹੋਵੇਗਾ, ਪਰ ਜੇ ਪੁੱਠੀ ਮਤਿ ਦੇਣ ਵਾਲ਼ਾ ਗੁਰੂ ਹੀ ਮਰ ਜਾਵੇ ਤਾਂ ਅਨਗਿਣਤ ਲੋਕਾਂ ਨੂੰ ਲਾਭ ਹੋਵੇਗਾ॥
ਹੇ ਭਾਈ! ਜਿਹੜੀ ਕੁਲ (ਕਿਸੇ ਗੁਰੂ ਦੀ ਚਲਾਈ ਹੋਈ ਸੰਸਥਾ) ਵਿੱਚ ਉਸਦਾ ਪੁੱਤ (ਗੁਰੂ ਦੇ ਸੇਵਕ) ਵਾਹਿਗੁਰੂ ਨਾਲ਼ ਸਾਂਝ ਨਹੀਂ ਪਾਉਂਦੇ, ਚੰਗਾ ਹੋਵੇ ਜਾ ਅਜਿਹੀ ਪੁੱਠੀ ਮਤਿ ਦੇਣ ਵਾਲਾ ਗੁਰੂ ਹੀ ਮਰ ਜਾਵੇ॥ ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਉਹ ਪੁੱਠੀ ਸਿੱਖਿਆ ਲੈਣ ਤੋਂ ਪਹਿਲਾਂ ਹੀ ਉਸ ਮਤਿ ਵੱਲੋਂ ਮਰ ਕਿਉਂ ਨਾਂ ਗਿਆ? ਭਾਵ ਚੰਗਾ ਹੁੰਦਾ ਜੇ ਉਹ ਅਜਿਹੀ ਪੁੱਠੀ ਮਤਿ ਵਾਲ਼ੇ ਪਾਸੇ ਤੁਰਦਾ ਹੀ ਨਾਂ॥
ਭਾਈ ਗੁਰਦਾਸ ਜੀ ਦੇ ਸ਼ਬਦ ਦਾ ਅਰਥ ਵੀਚਾਰਨ ਤੋਂ ਪਹਿਲਾਂ ਸਾਨੂੰ “ਭਾਂਡੇ” ਦੇ ਅਰਥ ਵੀ ਸਮਝਣੇ ਪੈਣਗੇ॥ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਭਾਂਡੇ ਦਾ ਅਰਥ ਮਨ ਜਾਂ ਸੋਚ ਹੈ (ਕਿਉਂਕਿ ਮਨੁੱਖ ਮਨ ਨਾਲ਼ ਹੀ ਸੋਚਦਾ ਹੈ)॥ ਇਸ ਸਬੰਧ ਵਿੱਚ ਮੈਂ ਕੇਵਲ ਦੋ ਹੀ ਸ਼ਬਦ ਆਪ ਨਾਲ਼ ਸਾਂਝੇ ਕਰਾਂਗਾ॥
ਸੂਹੀ ਮ:1 (729)॥ ਜਿਨ ਕਉ ਭਾਂਡੇ ਭਾਉ ਤਿਨਾ ਸਵਾਰਸੀ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ॥ ਸਹਸਾ ਮੂਲੇ ਨਾਹੀ ਸਰਪਰ ਤਾਰਸੀ॥1॥5॥
ਅਰਥ: ਜਿਹਨਾਂ ਹਿਰਦਿਆਂ ਵਿੱਚ ਪ੍ਰਭੂ ਲਈ ਪਿਆਰ (ਸ਼ਰਧਾ) ਹੈ, ਪ੍ਰਭੂ ਉਹਨਾਂ ਮਨੁੱਖਾਂ ਦਾ ਜੀਵਨ ਸੁਹਣਾ ਬਣਾ ਦਿੰਦਾ ਹੈ॥ ਉਹਨਾਂ ਦੇ ਸੁਖਾਂ ਵਿੱਚ ਵਾਧਾ ਕਰਕੇ, ਪ੍ਰਭੂ ਉਹਨਾਂ ਦੇ ਦੁੱਖ ਦੂਰ ਕਰ ਦਿੰਦਾ ਹੈ॥ ਇਸ ਵਿੱਚ ਤਿਲ਼ ਭਰ ਵੀ ਸ਼ੱਕ ਨਹੀਂ ਕਿ ਪ੍ਰਭੂ ਉਹਨਾਂ ਨੂੰ ਸੰਸਾਰ ਸਮੁੰਦਰ (ਮਾਇਆ ਦੇ ਪ੍ਰਭਾਵ) ਤੋਂ ਪਾਰ ਕਰ ਦਿੰਦਾ ਹੈ॥
ਸੂਹੀ ਮ:1 (729)॥ ਭਾਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥
ਅਰਥ: ਹੇ ਭਾਈ! ਜਿਹੜਾ ਮਨੁੱਖ ਵਾਹਿਗੁਰੂ ਨੂੰ ਭਾਉਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ॥ ਜਿਸ ਮਨੁੱਖ ਦਾ ਮਨ ਮੰਦੀ ਸੋਚ ਨਾਲ਼ ਗੰਦਾ ਹੋਵੇ, ਉਹ ਮਨ ਕਦੇ ਪਵਿੱਤਰ ਨਹੀਂ ਹੋ ਸਕਦਾ ਚਾਹੇ ਉਹ ਮਨੁੱਖ ਤੀਰਥ ਅਸਥਾਨਾਂ ਤੇ ਕਿੰਨੇ ਵੀ ਇਸ਼ਨਾਨ ਕਰ ਲਵੇ॥ ਪਰ ਇਸ ਗੱਲ ਦੀ ਸੋਝੀ ਗੁਰੂ ਦੀ ਸ਼ਰਨ ਲੈਣ ਨਾਲ਼ ਹੀ ਪੈਂਦੀ ਹੈ॥
ਭਾਈ ਗੁਰਦਾਸ ਜੀ ਦੇ ਸ਼ਬਦ ਦੇ ਅਰਥ: (ਜਦ ਸਿੱਧਾਂ ਨੇ ਗੁਰੂ ਸਾਹਿਬ ਦੇ ਸੰਨਿਆਸੀ ਲਿਬਾਸ ਨੂੰ ਤਿਆਗ ਕੇ ਗ੍ਰਹਿਸਤੀ ਲਿਬਾਸ ਪਾਉਣ ਤੇ ਇਤਰਾਜ਼ ਕੀਤਾ ਤਾਂ ਗੁਰੂ ਸਾਹਿਬ ਨੇ ਸਿੱਧਾਂ ਨੂ ਇਉਂ ਸਮਝਾਇਆ)॥ ਹੇ ਭੰਗਰਨਾਥ! ਤੇਰੀ ਸਿੱਖਿਆ (ਕੁਚੱਜੀ ਮਾਉ) ਹੀ ਪੁੱਠੀ ਹੈ ਜਿਸ ਕਰਕੇ ਤੈਨੂੰ ਹਿਰਦਾ ਸਾਫ਼ ਕਰਨਾ ਨਹੀਂ ਆਇਆ ਅਤੇ ਇਸ ਪੁੱਠੀ ਮਤਿ ਨੇ ਤੇਰਾ ਹਿਰਦਾ-ਫੁੱਲ ਸਾੜ ਦਿੱਤਾ ਹੈ ਜਿਸ ਕਾਰਨ ਤੂੰ ਗ੍ਰਹਿਸਤ ਨੂੰ ਨਿੰਦਦਾ ਹਂੈ॥ ਤੁਸਾਂ ਲਿਬਾਸ ਭਾਵੇਂ ਸੰਨਿਆਸੀਆਂ ਵਾਲ਼ਾ ਪਾ ਰੱਖਿਆ ਹੈ ਪਰ ਆਪਣੀਆਂ ਲੋੜਾਂ ਗ੍ਰਹਿਸਤੀਆਂ ਦੇ ਘਰਾਂ ਤੋਂ ਹੀ ਪੂਰੀਆਂ ਕਰਦੇ ਹੋ॥ ਇਹ ਕਿਹੋ ਜਿਹਾ ਤਿਆਗ ਹੈ?
ਆਸ ਕਰਦਾ ਹਾਂ ਕਿ ਇਹਨਾਂ ਅਰਥਾਂ ਨਾਲ਼ ਆਪ ਸਾਰਿਆਂ ਦੇ “ਮਾਤਾ” ਪ੍ਰਤੀ ਪਏ ਹੋਏ ਸ਼ੰਕੇ ਦੂਰ ਹੋ ਗਏ ਹੋਣਗੇ ਇਹ ਅਰਥ ਤੁਹਾਨੂੰ ਜਚੇ ਹੋਣਗੇ॥”ਭਾਈ ਦਲੀਪ ਸਿੰਘ ਨੇ ਆਪਣਾ ਵਿਖਿਆਨ ਖ਼ਤਮ ਕੀਤਾ ਅਤੇ ਸਾਰੀ ਸੰਗਤ ਵੱਲ ਪਿਆਰ ਨਾਲ਼ ਵੇਖਿਆ॥
ਕੁਝ ਚਿੱਰ ਚੁੱਪ ਰਹੀ॥ਇਉਂ ਲਗਦਾ ਸੀ ਜਿਵੇਂ ਸੰਗਤ ਤੇ ਵਿਸਮਾਦ ਛਾਇਆ ਹੋਵੇ॥ ਕੁਝ ਪਲਾਂ ਬਾਅਦ ਸੰਗਤ ਹਰਕਤ ਵਿੱਚ ਆਈ॥
“ਭਾਈ ਸਾਹਿਬ, ਮੇਰੇ ਕੋਲ਼ ਸ਼ਬਦ ਨਹੀਂ ਕਿ ਮੈਂ ਦੱਸ ਸਕਾਂ ਕਿ ਕਿਵੇਂ ਤੁਹਾਡੇ ਗੁਰਮਤਿ ਬਾਰੇ ਡੂੰਘੇ ਗਿਆਨ ਨੇ ਸਾਡੇ ਤੇ ਕੋਈ ਜਾਦੂ ਕਰ ਦਿੱਤਾ ਹੈ॥ ਸਾਡੇ ਦਿਮਾਗ਼ ਦੇ ਜਿਵੇਂ ਕਪਾਟ ਖੁੱਲ਼੍ਹ ਗਏ ਹੋਣ॥ਇਹਨਾਂ ਸ਼ਬਦਾਂ ਦੇ ਪ੍ਰਚੱਲਤ ਅਰਥ ਸਾਨੂੰ ਸੁਖਾਵੇਂ ਨਹੀਂ ਸਨ ਲਗਦੇ, ਪਰ ਤੁਹਾਡੇ ਕੀਤੇ ਅਰਥਾਂ ਨੇ ਤਾਂ ਸਾਡਾ ਪਾਵਨ ਗੁਰਬਾਣੀ ਨਾਲ਼ ਪਿਆਰ ਅਤੇ ਸ਼ਰਧਾ ਦੋਵੇਂ ਬਹੁਤ ਵਧਾ ਦਿੱਤੇ ਹਨ॥ ਵਾਹਿਗੁਰੂ ਆਪਦੀ ਵੱਡੀ ਉਮਰ ਕਰੇ ਅਤੇ ਆਪ ਨੂੰ ਹੋਰ ਵੀ ਬਲ ਬਖ਼ਸ਼ੇ ਤਾਂ ਜੁ ਸਾਡੇ ਭੁਲੇਖੇ ਦੂਰ ਕਰਦੇ ਰਹੋ॥” ਭਾਈ ਮਨਜੀਤ ਸਿੰਘ ਬਹੁਤ ਪ੍ਰਭਾਵਿਤ ਹੋਏ॥
“ਮੈਨੂੰ ਖ਼ੁਸ਼ੀ ਹੈ, ਅਤੇ ਮੈਂ ਉਸ ਅਕਾਲਪੁਰਖ ਦਾ ਅਤਿ ਧੰਨਵਾਦੀ ਹਾਂ ਜਿਸਨੇ ਮੈਨੂੰ ਪੰਥ ਦੀ ਕੁਝ ਸੇਵਾ ਕਰਨ ਦੇ ਯੋਗ ਬਣਾਇਆ॥ ਮੈਂ ਆਪ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਮੇਰੀ ਹੌਸਲਾ ਅਫ਼ਜ਼ਾਈ ਕਰਦੇ ਹੋ ਅਤੇ ਇੰਨਾ ਮਾਣ ਬਖ਼ਸ਼ਦੇ ਹੋ ਜਿਸਦਾ ਮੈਂ ਹੱਕਦਾਰ ਨਹੀਂ॥ ਬਹੁਤ ਬਹੁਤ ਧੰਨਵਾਦ॥
ਭਾਈ ਕਸ਼ਮੀਰ ਸਿੰਘ ਨੇ ਵੀ ਭਾਈ ਸਾਹਿਬ ਦੇ ਵਿਖਿਆਨ ਦੀ ਬਹੁਤ ਸ਼ਲਾਘਾ ਕੀਤੀ ਅਤੇ ਰੱਜ ਕੇ ਧੰਨਵਾਦ ਕੀਤਾ॥ ਉਹਨਾਂ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਕੀਤਾ॥
“ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਬੁਲੰਦ ਨਾਅਰਿਆਂ ਨਾਲ਼ ਅਕਾਸ਼ ਗੂੰਜ ਉੱਠਿਆ॥ ਇਸ ਦੇ ਨਾਲ਼ ਹੀ ਅੱਜ ਦੇ ਸਮਾਗਮ ਦੀ ਸਮਾਪਤੀ ਕੀਤੀ ਗਈ॥ ਸਾਰੀ ਸੰਗਤ ਲੰਗਰ ਵੱਲ ਹੋ ਤੁਰੀ॥
Site Content
- ► 2025 (1)
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)