Written by Dr. Devinder Singh Sekhon PhD Wednesday, 07 January 2015
PUTTEEN GUNDH PUVVAY SANSAAR (PUNJABI)
ਪੁਤੀ ਗੰਢੁ ਪਵੈ ਸੰਸਾਰਿ
ਨੋਟ: ਇਹ ਲੇਖ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਲਿਖਿਆ ਗਿਆ ਹੈ॥ਭਾਈ ਦਲੀਪ ਸਿੰਘ ਗੁਰਮਤਿ ਦੇ ਬਹੁਤ ਵੱਡੇ ਵਿਦਵੳਨ ਹਨ ਜੋ ਪਿੰਡ ਪਿੰਡ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ॥ ਉਹ ਅੱਜਕੱਲ੍ਹ ਭਾਈ ਕਸ਼ਮੀਰ ਸਿੰਘ ਦੇ ਡੇਰੇ (ਫਾਰਮ-ਹਾਊਸ) ਤੇ ਆਏ ਹੋਏ ਹਨ ਅਤੇ ਗੁਰਮਤਿ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ॥
“ਭਾਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਧੀਆਂ ਨਾਲੋਂ ਪੁੱਤਰਾਂ ਨੂੰ ਕਿਉਂ ਚੰਗਾ ਆਖਿਆ ਹੈ? ਕੀ ਧੀਆਂ ਇੰਨੀਆਂ ਮਾੜੀਆਂ ਹੁੰਦੀਆਂ ਨੇ? ਕੀ ਅਜਿਹਾ ਕਹਿ ਕੇ ਗੁਰੂ ਸਾਹਿਬ ਨੇ ਔਰਤਾਂ ਦੇ ਪਹਿਲਾਂ ਹੀ ਨਰਕ ਵਰਗੇ ਜੀਵਨ ਨੂੰ ਹੋਰ ਮਾੜਾ ਨਹੀਂ ਕਰ ਦਿੱਤਾ?” ਇੱਕ ਨੌਜੁਆਨ ਬੀਬੀ ਜਾਗੀਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਛਲਕਦੇ ਸਾਫ਼ ਦਿਸ ਰਹੇ ਸਨ॥
“ਭਾਈ ਸਾਹਿਬ ਇਸ ਗੱਲ ਦੀ ਸ਼ਾਹਦੀ ਮੈਂ ਵੀ ਦਿੰਦੀ ਹਾਂ॥ ਕਈ ਵੱਡੇ ਵੱਡੇ ਪ੍ਰਚਾਰਿਕ ਵੀ ਸਟੇਜਾਂ ਤੇ ਮੁੰਡਿਆਂ ਦੀ ਵਡਿਆਈ ਕਰਦੇ ਸੁਣੇ ਨੇ ਜਿਹੜੇ ਬੜੀਆਂ ਬਾਹਵਾਂ ਚੁੱਕ ਚੁੱਕ ਕੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਨੇ “ਪੁੱਤੀਂ ਗੰਢ ਪਵੇ ਸੰਸਾਰ”॥ ਇਹਨਾਂ ਪ੍ਰਚਾਰਿਕਾਂ ਨੇ ਉਹਨਾਂ ਬੀਬੀਆਂ ਦਾ ਜੀਊਣਾ ਮੁਹਾਲ ਕਰ ਦਿੱਤੈ ਜਿਹੜੀਆਂ ਧੀਆਂ ਨੂੰ ਈ ਜਨਮ ਦਿੰਦੀਆਂ ਨੇ॥ ਤੁਸੀਂ ਬਹੁਤ ਗਿਆਨਵਾਨ ਹੋ, ਤੁਸੀਂ ਇਸ ਤੇ ਸਹੀ ਸਹੀ ਚਾਨਣ ਪਾਉ॥” ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਬੀਬੀ ਜਾਗੀਰ ਕੌਰ ਦੇ ਪ੍ਰਸ਼ਨ ਦਾ ਉੱਤਰ ਦਿੰਦੇ, ਇੱਕ ਸਿਆਣੀ ਉਮਰ ਦੀ ਬੀਬੀ ਬਲਵੰਤ ਕੌਰ ਨੇ ਵੀ ਬੀਬੀ ਜਾਗੀਰ ਕੌਰ ਦਾ ਦੁੱਖ ਸਾਂਝਾ ਕੀਤਾ॥
“ਬੀਬੀ ਜੀ ਲਗਦੈ ਜਿਵੇਂ ਕਿਸੇ ਅਗਿਆਨੀ ਪ੍ਰਚਾਰਿਕ ਨੇ ਤੁਹਾਡਾ ਮਨ ਹੁਣੇ ਹੁਣੇ ਹੀ ਦੁਖਾਇਆ ਹੋਵੇ॥ ਇਹ ਬਹੁਤ ਹੀ ਦੁੱਖ ਦੀ ਗੱਲ ਹੈ॥ਪਰ ਇਸ ਵਿੱਚ ਜਗਤ ਗੁਰੂ ਨਾਨਕ ਸਾਹਿਬ ਦਾ ਤਾਂ ਕੋਈ ਦੋਸ਼ ਨਹੀਂ ਜੇ ਕਰ ਕੁਝ ਅਗਿਆਨੀ ਪ੍ਰਚਾਰਿਕ ਉਹਨਾਂ ਦੇ ਆਸ਼ੇ ਨੂੰ ਠੀਕ ਨਾਂ ਸਮਝਦੇ ਹੋਏ ਗ਼ਲਤ ਪ੍ਰਚਾਰ ਕਰੀ ਜਾਣ ਤਾਂ॥ ਗੁਰੂ ਸਾਹਿਬ ਨੇ ਕਦੇ ਵੀ ਧੀਆਂ ਨੂੰ ਮਾੜਾ ਨਹੀਂ ਆਖਿਆ॥” ਭਾਈ ਸਾਹਿਬ ਨੇ ਸਾਰੀਆਂ ਦੁਖੀ ਬੀਬੀਆਂ ਦਾ ਬੋਝ ਹਲਕਾ ਕਰਨਾ ਚਾਹਿਆ॥”
ਸੰਸਾਰ ਰਚਨਾ
“ਇਸ ਤੋਂ ਪਹਿਲਾਂ ਕਿ ਅਸੀਂ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਜਾਂ ਉਹਨਾਂ ਦੇ ਪ੍ਰਕਾਸ਼ਮਈ ਅਮਲੀ ਜੀਵਨ ਤੇ ਵੀਚਾਰ ਕਰੀਏ ਆਉ ਉਸ ਕਰਤੇ ਵਾਹਿਗੁਰੂ ਦੀ ਸੰਸਾਰ ਸਿਰਜਣੀ ਤੇ ਥੋੜ੍ਹਾ ਵੀਚਾਰ ਕਰ ਲਈਏ॥ ਸੰਸਾਰ ਦੀ ਕਾਰ ਜਾਰੀ ਰੱਖਣ ਲਈ ਮਰਦ ਅਤੇ ਨਾਰੀ ਦੋਵਾਂ ਦੀ ਇੱਕੋ ਜਿਹੀ ਲੋੜ ਹੈ॥ ਇਹ ਸੰਸਾਰ ਇਕੱਲੇ ਮਰਦ ਜਾਂ ਇਕੱਲੀ ਨਾਰੀ ਨਾਲ਼ ਨਹੀਂ ਚੱਲ ਸਕਦਾ॥ ਤੁਸੀਂ ਵੇਖਦੇ ਹੀ ਹੋ ਕਿ ਜਾਨਦਾਰ ਦੀ ਹਰ ਕਿਸਮ ਵਿੱਚ ਵੀ ਦੋਵੇਂ ਮਰਦ ਅਤੇ ਨਾਰ ਹੁੰਦੇ ਹਨ; ਇਥੋਂ ਤੱਕ ਕਿ ਇਹਨਾਂ ਦੋਵਾਂ ਦੀ ਲੋੜ ਬਨਾਸਪਤੀ ਦੇ ਹਰ ਪੌਦੇ ਵਿੱਚ ਵੀ ਹੈ॥ ਸੋ ਇਹ ਕੁਦਰਤ ਜਾਂ ਵਾਹਿਗੁਰੂ ਦਾ ਆਪਣਾ ਨਿਯਮ ਹੈ॥ ਹੁਣ ਇਹ ਸੋਚੋ ਕਿ ਜਿਹੜੇ ਸਤਿਗੁਰੂ ਜੀ ਸੰਸਾਰ ਵਿੱਚ ਪਰਗਟ ਹੀ ਇਸ ਲਈ ਹੋਏ ਕਿ ਉਹ ਸਾਨੂੰ ਵਾਹਿਗੁਰੂ ਦਾ ਗਿਆਨ ਦੇਣ, ਉਹ ਨਾਰੀ ਨੂੰ ਮਾੜਾ ਕਹਿ ਕੇ ਆਪਣੇ ਪਿਆਰੇ ਵਾਹਿਗੁਰੂ ਦੇ ਨਿਯਮਾਂ ਤੇ ਕਿੰਤੂ ਕਿਵੇਂ ਕਰ ਸਕਦੇ ਹਨ? ਜੇ ਅਸੀਂ ਅਜਿਹਾ ਸੋਚਦੇ ਹਾਂ ਤਾਂ ਅਸੀਂ ਅਨਜਾਣ ਹਾਂ ਅਤੇ ਅਜਿਹਾ ਸੋਚਕੇ ਅਸੀਂ ਸਤਿਗੁਰੂ ਜੀ ਦੀ ਘੋਰ ਬੇਅਦਬੀ ਕਰਦੇ ਹਾਂ॥ ਸਪੱਸ਼ਟ ਹੈ ਕਿ ਕਸੂਰ ਸਾਡਾ ਆਪਣਾ ਹੈ ਕਿ ਅਸੀਂ ਸਤਿਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਸਮਝ ਨਹੀਂ ਰਹੇ॥
ਗੁਰੂ ਆਸ਼ੇ ਨੂੰ ਨਾਂ ਸਮਝਣਾ
ਸਭ ਤੋਂ ਪਹਿਲਾਂ ਮੈਂ ਆਪ ਨਾਲ ਕਬੀਰ ਸਾਹਿਬ ਦਾ ਇੱਕ ਪਾਵਨ ਸਲੋਕ ਸਾਂਝਾ ਕਰਨਾ ਚਾਹਾਂਗਾ ਜਿਸ ਵਿੱਚ ਉਹ ਲਿਖਦੇ ਹਨ ਕਿ ਸੱਚਾ ਸਤਿਗੁਰੂ ਕੀ ਕਰੇ ਜੇ ਸਿੱਖਾਂ ਵਿੱਚ ਹੀ ਕੋਈ ਊਣਤਾਈ ਹੋਵੇ ਤਾਂ॥ ਇਹ ਤਾਂ ਉਹ ਗੱਲ ਹੋ ਜਾਂਦੀ ਹੈ ਕਿ ਜਿਵੇਂ ਬਾਂਸ ਵਿੱਚ ਫੂਕ ਮਾਰਿਆਂ ਉਸ ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਫੂਕ ਉਸ ਦੇ ਅੰਦਰੋਂ ਅਜਾਈਂ ਹੀ ਲੰਘ ਜਾਂਦੀ ਹੈ॥
ਸਲੋਕ ਕਬੀਰ ਜੀ (158)॥ ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉਂ ਬਾਂਸ ਬਜਾਈਐ ਫੂਕ॥
ਬਿਲਕੁਲ ਇਹੀ ਗੱਲ ਅਜਿਹੇ ਪ੍ਰਚਾਰਕਾਂ ਦੀ ਹੈ ਜਿਹੜੇ ਗੁਰੂ ਸਾਹਿਬ ਦੇ ਸੁਨੇਹੇ ਨੂੰ ਧਿਆਨ ਨਾਲ਼ ਸੁਣਦੇ ਨਹੀਂ॥ ਗੁਰੂ ਸਾਹਿਬ ਕੁਝ ਹੋਰ ਕਹਿ ਰਹੇ ਹੁੰਦੇ ਹਨ ਅਤੇ ਅਜਿਹੇ ਲੋਕ ਬਿਲਕੁਲ ਕੁਝ ਵੱਖਰਾ ਹੀ ਸਮਝ ਲੈਂਦੇ ਹਨ॥ ਤਾਂ ਹੀ ਤੇ ਗੁਰੂ ਸਾਹਿਬ ਨੇ ਸਹੀ ਸੁਣਨ ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਜਪੁਜੀ ਸਾਹਿਬ ਵਿੱਚ ਚਾਰ ਪਉੜੀਆਂ ਕੇਵਲ ਸਹੀ ਸੁਣਨ ਅਤੇ ਸਮਝਣ ਤੇ ਹੀ ਲਿਖੀਆਂ ਹਨ; ਅਤੇ ਇਥੋਂ ਤੱਕ ਲਿਖਿਆ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਨੂੰ ਸਮਝ ਕੇ ਸੁਣਦਾ ਹੈ ਉਹ ਕੇਵਲ ਸੁਣਨ ਨਾਲ਼ ਹੀ ਸ਼ਿਵ, ਬ੍ਰਹਮਾ ਅਤੇ ਇੰਦਰ ਆਦਿ ਵਰਗੇ ਵੱਡੇ ਵੱਡੇ ਦੇਵਤਿਆਂ ਦੀ ਪਦਵੀ ਪ੍ਰਾਪਤ ਕਰ ਸਕਦਾ ਹੈ ਅਤੇ ਉਸ ਦੇ ਦੁਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ॥
ਜਪੁਜੀ (ਪਉੜੀ 9)॥ ਸੁਣਿਐ ਈਸਰੁ ਬਰਮਾ ਇੰਦੁ॥ ਸੁਣਿਐ ਮੁਖਿ ਸਲਾਹਣ ਮੰਦੁ॥ ਸੁਣਿਐ ਜੋਗ ਜੁਗਤ ਤਨਿ ਭੇਦ ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥
ਨਾਰੀ ਦਾ ਸਤਿਕਾਰ
ਸਾਡੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਅਸੀਂ ਠੀਕ ਤਰ੍ਹਾਂ ਸੁਣਦੇ ਹੀ ਨਹੀਂ ॥ ਉਹ ਸਤਿਗੁਰੂ ਜਿਹੜੇ ਬਹੁਤ ਉੱਚੀ ਆਵਾਜ਼ ਵਿੱਚ ਕਹਿੰਦੇ ਹਨ ਕਿ ਅਸੀਂ ਨਾਰੀ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ ਜੋ ਵੱਡੇ ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ ਅਤੇ ਜਿਸ ਦੇ ਨਾਲ਼ ਸਾਰੇ ਸੰਸਾਰ ਦੇ ਰਿਸ਼ਤੇ ਕਾਇਮ ਹੁੰਦੇ ਹਨ॥ ਨਾਰੀ ਤੋਂ ਬਿਨਾਂ ਤਾਂ ਸੰਸਾਰ ਦੀ ਕਾਰ ਚੱਲ ਹੀ ਨਹੀਂ ਸਕਦੀ॥ ਆਪ ਜੀ ਦਾ ਇਹ ਪਾਵਨ ਸ਼ਬਦ ਤਾਂ ਆਪ ਬਹੁਤ ਵਾਰ ਸੁਣ ਚੁੱਕੇ ਹੋਵੋਗੇ॥
ਸਲੋਕ ਮ:1 (473)॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (ਮਹਾਂ ਪੁਰਖ)॥ ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ----
ਸਾਹਿਬਾਂ ਨੇ ਨਾਰੀ ਦੇ ਹੱਕ ਵਿੱਚ ਕੇਵਲ ਇਹ ਨਾਅਰਾ ਬੁਲੰਦ ਹੀ ਨਹੀਂ ਕੀਤਾ ਸਗੋਂ ਆਪ ਸਦਾ ਹੀ ਨਾਰੀਆਂ ਦਾ ਸਨਮਾਨ ਵਧਾਉਂਦੇ ਰਹੇ ਸਨ ਅਤੇ ਨਾਰੀ ਦੀ ਬੇਪਤੀ ਨਾਲ਼ ਉਹਨਾਂ ਦਾ ਦਿਲ ਸਦਾ ਦੁਖੀ ਹੁੰਦਾ ਸੀ॥ ਜਦ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਤਾਂ ਉਸ ਦੇ ਜ਼ਾਲਮ ਸਿਪਾਹੀਆਂ ਨੇ ਇਸਤ੍ਰੀਆਂ ਨੂੰ ਬੁਰੀ ਤਰ੍ਹਾਂ ਬੇਪੱਤ ਕੀਤਾ॥ ਉਹਨਾਂ ਦਾ ਦੁੱਖ ਵੇਖ ਕੇ ਗੁਰੂ ਸਾਹਿਬ ਦਾ ਕੋਮਲ ਮਨ ਤੜਪ ਉੱਠਿਆ ਤੇ ਉਹਨਾਂ ਨੇ ਆਪਣੇ ਦਿਲ ਦੀ ਪੀੜ ਇਉਂ ਅੰਕਿਤ ਕੀਤੀ॥
ਆਸਾ ਮ:1 (ਅਸਟਪਦੀ, 417)॥ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥1॥----- ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥ ਉੋਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥2॥ ਇਕੁ ਲਖੁ ਲਹਨ੍ਹਿ ਬਹਿਠੀਆ ਲਖੁ ਲਹਨ੍ਹਿ ਖੜੀਆ॥ ਗਰੀ ਛੁਹਾਰੇ ਖਾਦੀਆ ਮਾਣਨ੍ਹਿ ਸੇਜੜੀਆ॥ ਤਿਨ੍ਹ ਗਲਿ ਸਿਲਕਾ (ਫਾਹੀਆਂ) ਪਾਈਆ ਤੁਟਨਿ ਮੋਤਸਰੀਆ॥3॥ -----
ਮਾਤਾ ਪ੍ਰਤੀ ਸਤਿਕਾਰ ਅਤੇ ਪਿਆਰ ਦਰਸਾਉਂਦਿਆਂ, ਸਤਿਗੁਰੂ ਜੀ ਨੇ ਬਹੁਤ ਸਾਰੇ ਸ਼ਬਦ ਮਾਤਾ ਨੂੰ ਸੰਬੋਧਨ ਕਰ ਕੇ ਉਚਾਰੇ ਹਨ॥ ਉਦਾਹਰਣ ਵਜੋਂ ਇਹ ਪਾਵਨ ਸ਼ਬਦ ਸਰਵਣ ਕਰੋ॥
ਆਸਾ ਮ:1 (349)॥ ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ਸਾਚੇ ਨਾਮ ਕੀ ਲਾਗੈ ਭੂਖ॥ ਤਿਤੁ ਭੂਖੈ ਖਾਇ ਚਲੀਅਹਿ ਦੂਖ॥1॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬ ਸਾਚੈ ਨਾਇ॥ਰਹਾਉ॥
ਪਾਵਨ ਗੁਰੂ ਗਰੰਥ ਸਾਹਿਬ ਵਿੱਚ ਮਾਂ ਦੀ ਮਹਾਨਤਾ ਬਹੁਤ ਵਾਰ ਦਰਸਾਈ ਗਈ ਹੈ॥ ਪਰ ਯਾਦ ਰੱਖਣ ਵਾਲ਼ੀ ਗੱਲ ਇਹ ਹੈ ਕਿ ਹਰ ਮਾਤਾ ਪਹਿਲਾਂ ਧੀ ਹੁੰਦੀ ਹੈ॥ ਮਾਤਾ ਤਾਂ ਬਾਅਦ ਵਿੱਚ ਹੀ ਬਣਦੀ ਹੈ॥
ਜਿਹੜਾ ਅਗਲਾ ਪਾਵਨ ਸ਼ਬਦ ਮੈਂ ਤੁਹਾਡੇ ਨਾਲ਼ ਸਾਂਝਾ ਕਰਨ ਜਾ ਰਿਹਾਂ ਉਂਞ ਤਾਂ ਉਹ ਕਿਸੇ ਹੋਰ ਸੰਧਰਭ ਵਿੱਚ ਉਚਾਰਿਆ ਗਿਆ ਹੈ, ਪਰ ਜਿਵੇਂ ਤੁਸੀਂ ਵੇਖੋਗੇ, ਬਾਕੀ ਰਿਸ਼ਤਿਆ ਦੇ ਨਾਲ਼ ਨਾਲ਼ ਉਸ ਵਿੱਚ ਸਤਿਗੁਰਾਂ ਨੇ ਪਿਤਾ ਅਤੇ ਧੀ ਦੇ ਪਿਆਰ ਨੂੰ ਵੀ ਉਜਾਗਰ ਕੀਤਾ ਹੈ॥
ਸੋਰਠਿ ਮ:1 (596)॥ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ॥ ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ॥ -----
ਆਸਾ ਮ:1 ਅਸ਼ਟਪਦੀ (416)॥ ਗੁਰੁ ਸੇਵੇ ਸੋ ਠਾਕੁਰ ਜਾਨੈ॥----- ਬੰਧਨ ਮਾਤ ਪਿਤਾ ਸੰਸਾਰਿ॥ ਬੰਧਨ ਸੁਤ ਕੰਨਿਆ ਅਰੁ ਨਾਰਿ॥ -----
ਸਤਿਗੁਰੂ ਫ਼ੁਰਮਾਉਂਦੇ ਹਨ ਕਿ ਸਾਰੇ ਰਿਸ਼ਤਿਆਂ ਦਾ ਮੋਹ ਮਨੁੱਖ ਲਈ ਵਾਹਿਗੁਰੂ ਦੇ ਮਿਲਾਪ ਦੇ ਰਸਤੇ ਵਿੱਚ ਬੰਧਨ ਜਾਂ ਰੁਕਾਵਟ ਬਣ ਜਾਂਦਾ ਹੈ॥ ਇਥੇ ਧਿਆਨ ਦੇਣ ਵਾਲ਼ੀ ਇਹ ਗੱਲ ਹੈ ਕਿ ਜੇ ਸਤਿਗੁਰੂ ਜੀ ਨੇ ਮਾਂ, ਪਿਉ, ਪੁੱਤਰ ਅਤੇ ਪਤਨੀ ਦੇ ਮੋਹ ਨੂੰ ਬੰਧਨ ਦੱਸਿਆ ਹੈ ਤਾਂ ਧੀ ਦੇ ਮੋਹ ਨੂੰ ਉਨਾਂ ਹੀ ਵੱਡਾ ਬੰਧਨ ਦੱਸਿਆ ਹੈ॥ ਧੀ ਦੇ ਮੋਹ ਦੀ ਮਹਾਨਤਾ ਘਟਾਈ ਨਹੀਂ॥
ਨਾਲ਼ ਹੀ ਗੁਰੂ ਸਾਹਿਬ ਨੇ ਇਸ ਗੱਲ਼ ਦਾ ਵੀ ਉੱਚਾ ਢੰਡੋਰਾ ਦਿੱਤਾ ਕਿ ਨਾਰੀਆਂ ਵਿੱਚ ਵੀ ਉਸੇ ਵਾਹਿਗੁਰੂ ਦੀ ਜੋਤ ਹੈ ਜੋ ਮਰਦਾਂ ਵਿੱਚ ਹੈ, ਅਤੇ ਨਾਰੀ ਤੇ ਹੁੰਦੇ ਹਰ ਜ਼ੁਲਮ ਦੀ ਡੱਟ ਕੇ ਵਿਰੋਧਤਾ ਕੀਤੀ॥ ਸਾਹਿਬਾਂ ਦਾ ਲਿਖਿਆ ਇਹ ਸ਼ਬਦ ਸੁਣੋ:
ਗਉੜੀ ਅਸ਼ਟਪਦੀ ਮ:1 (223)॥ ਦੂਜੀ ਦੁਰਮਤਿ ਆਖੈ ਦੋਇ॥ ਆਵੇ ਜਾਇ ਮਰਿ ਦੂਜਾ ਹੋਇ॥2॥ ਧਰਣਿ ਗਗਨਿ ਨਹ ਦੇਖਉ ਦੋਇ॥ ਨਾਰੀ ਪੁਰਖ ਸਬਾਈ ਲੋਇ॥ ----
ਸਾਹਿਬ ਕਹਿੰਦੇ ਹਨ ਕਿ ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਦੂਸਰੀ ਸ਼ਕਤੀ ਨਹੀਂ ਅਤੇ ਕੀ ਪੁਰਖ ਜਾਂ ਕੀ ਨਾਰੀ ਸਭ ਵਿੱਚ ਉਸੇ ਹੀ ਪ੍ਰਭੂ ਦੀ ਜੋਤਿ ਹੈ॥
ਮਾਰੂ ਸੋਲਹੇ ਮ:1 (1020)॥ ------ ਆਪੇ ਪੁਰਖੁ ਆਪੇ ਹੀ ਨਾਰੀ॥ ਆਪੇ ਪਾਸਾ ਆਪੇ ਸਾਰੀ॥ ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ॥-----
ਇਹ ਸੰਸਾਰ ਚੌਪੜ ਦੀ ਖੇਡ ਵਾਂਙ ਹੈ ਜਿਸ ਵਿੱਚ ਕੁਝ ਮਨੁੱਖੀ ਨਰਦਾਂ ਪੁੱਗ ਜਾਂਦੀਆਂ ਹਨ ਅਤੇ ਕਈ ਜੀਵਨ ਦੀ ਬਾਜ਼ੀ ਹਾਰ ਜਾਂਦੀਆਂ ਹਨ॥ ਪਰ ਇਹ ਸਾਰੀ ਖੇਡ ਵਾਹਿਗੁਰੂ ਆਪ ਹੀ ਖੇਡ ਰਿਹਾ ਹੈ॥ ਹਰ ਪੁਰਖ ਅਤੇ ਹਰ ਨਾਰੀ ਵਿੱਚ ਉਹ ਆਪ ਹੀ ਹੈ ਅਤੇ ਆਪ ਹੀ ਉਹਨਾਂ ਦੇ ਕਰਮਾਂ ਦੇ ਨਿਰਣੇ ਕਰਦਾ ਹੈ॥
ਆਪ ਜੀ ਨੇ ਸਤੀ ਦੀ ਕੋਝੀ ਰਸਮ ਨੂੰ ਵੀ ਸਖ਼ਤੀ ਨਾਲ਼ ਨਿੰਦਿਆ॥ ਬਾਕੀ ਗੁਰੂ ਸਾਹਿਬਾਨ ਨੇ ਵੀ ਗੁਰੂ ਨਾਨਕ ਸਾਹਿਬ ਦੇ ਇਸ ਉੱਚੇ ਵੀਚਾਰ ਦੇ ਨਕਸ਼ੇ-ਕਦਮ ਤੇ ਚੱਲਦਿਆਂ ਇਹ ਪ੍ਰਚਾਰ ਜਾਰੀ ਰੱਖਿਆ॥ ਗੁਰੂ ਅਮਰ ਦਾਸ ਜੀ ਨੇ ਤਾਂ ਬਾਦਸ਼ਾਹ ਅਕਬਰ ਨੂੰ ਸਤੀ ਦੇ ਵਿਰੁੱਧ ਕਾਨੂੰਨ ਬਣਾਉਣ ਲਈ ਜ਼ੋਰ ਦਿੱਤਾ ਅਤੇ ਹਰ ਖੇਤਰ ਵਿੱਚ ਨਾਰੀਆਂ ਨੂੰ ਬਰਾਬਰ ਦਾ ਹੱਕ ਦਿੱਤਾ॥ ਆਪ ਜੀ ਨੇ ਸਿੱਖੀ ਪ੍ਰਚਾਰ ਲਈ ਕੁਝ ਗੁਰਸਿੱਖਾਂ ਨੂੰ ਦੂਰ ਨੇੜੇ ਭੇਜਿਆ ਅਤੇ ਇਸ ਸਤਿਕਾਰਯੋਗ ਅਹੁਦੇ ਨੂੰ “ਮੰਜੀਆਂ” ਦਾ ਨਾਮ ਦਿੱਤਾ॥ ਆਪ ਜੀ ਵੱਲੋਂ ਬਖ਼ਸ਼ੀਆਂ 23 ਮੰਜੀਆਂ ਵਿੱਚੋਂ ਤਿੰਨ ਨਾਰੀਆਂ ਨੂੰ ਦਿੱਤੀਆਂ ਗਈਆਂ॥ਆਪ ਜੀ ਨੇ ਹੋਰ ਵੀ ਬੜੇ ਮਹਾਨ ਕਾਰਜ ਕੀਤੇ ਜਿਹਨਾਂ ਵਿੱਚ ਨਾਰੀਆਂ ਦਾ ਸਤਿਕਾਰ ਵਧਾਇਆ ਗਿਆ॥
ਗੁਰੂ ਰਾਮਦਾਸ ਜੀ ਨੇ ਵੀ ਧੀਆਂ ਨੂੰ ਬਰਾਬਰ ਦਾ ਮਾਣ ਦਿੱਤਾ ਅਤੇ ਆਪਣੇ ਸ਼ਬਦਾਂ ਵਿੱਚ ਵੀ ਉਹਨਾਂ ਦੀ ਮਹਾਨਤਾ ਦਰਸਾਈ॥ ਆਪ ਜੀ ਦਾ ਇਹ ਪਾਵਨ ਸ਼ਬਦ ਸਰਵਣ ਕਰੋ॥
ਗਉੜੀ ਮ:4 (166)॥ ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥ ਹਲ ਜੋਤੈ ਉਦਮੁ ਕਰੇ ਮੇਰਾ ਪੁਤ ਧੀ ਖਾਇ॥ ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ॥
ਗੁਰੂ ਗਰੰਥ ਸਾਹਿਬ ਵਿੱਚ ਅਜਿਹਾ ਇੱਕ ਵੀ ਸ਼ਬਦ ਨਹੀਂ ਜਿਸ ਵਿੱਚ ਨਾਰੀ ਨੂੰ ਕਿਸੇ ਪੱਖੋਂ ਵੀ ਮਰਦ ਨਾਲੋਂ ਹੀਣੀ ਜਾਂ ਕੁਲੱਛਣੀ ਲਿਖਿਆ ਹੋਵੇ॥”
ਉਦਾਹਰਣਾਂ ਅਤੇ ਸਮਲਿੰਗਤਾ
“ਅਜੇ ਤੱਕ ਕਿਸੇ ਵੀਰ ਭੈਣ ਦਾ ਕੋਈ ਪ੍ਰਸ਼ਨ ਹੋਵੇ?” ਭਾਈ ਸਾਹਿਬ ਨੇ ਸਾਰੀ ਸੰਗਤ ਤੇ ਪਿਆਰ ਭਰੀ ਨਜ਼ਰ ਪਾਉਂਦਿਆਂ ਪੁੱਛਿਆ ਅਤੇ ਆਪਣੇ ਕੁੜਤੇ ਦਾ ਕਾਲਰ ਠੀਕ ਕੀਤਾ॥
“ਭਾਈ ਸਾਹਿਬ ਫ਼ਿਰ ਸਤਿਗੁਰੂ ਜੀ ਨੇ ਕੇਵਲ ਪੁੱਤਾਂ ਨਾਲ ਹੀ ਸੰਸਾਰਕ ਗੰਢ ਪੈਣ ਬਾਰੇ ਕਿਉਂ ਲਿਖਿਆ ਹੈ?” ਬੀਬੀ ਜਾਗੀਰ ਕੌਰ ਦੀ ਅਜੇ ਤਸੱਲੀ ਨਹੀਂ ਹੋਈ ਸੀ॥
“ਬੀਬੀ ਜੀ ਥੋੜ੍ਹੇ ਮਿੰਟਾਂ ਵਿੱਚ ਹੀ ਮੈਂ ਆਪ ਜੀ ਨਾਲ਼ ਉਹ ਪਾਵਨ ਸ਼ਬਦ ਸਾਂਝਾ ਕਰਾਂਗਾ ਅਤੇ ਅਸੀਂ ਉਸ ਬਾਰੇ ਪੂਰੀ ਵੀਚਾਰ ਕਰਾਂਗੇ ਕਿ ਉਥੇ ਸਤਿਗੁਰਾਂ ਦਾ ਕੀ ਭਾਵ ਹੈ, ਪਰ ਪਹਿਲਾਂ ਮੈਂ ਸੰਗਤ ਨਾਲ਼ ਕੁਝ ਹੋਰ ਵੀਚਾਰ ਕਰਨੀਂ ਚਾਹੁੰਦਾ ਹਾਂ” ਭਾਈ ਸਾਹਿਬ ਨੇ ਬੀਬੀ ਜੀ ਨੂੰ ਕੁਝ ਉਡੀਕ ਕਰਨ ਲਈ ਸੰਕੇਤ ਕੀਤਾ॥
“ਜਦ ਗੁਰੂ ਸਾਹਿਬ ਆਪਣੇ ਕਿਸੇ ਵੀਚਾਰ ਨੂੰ ਸਮਝਾਉਣ ਲਈ ਕੋਈ ਉਦਾਹਰਣ ਦਿੰਦੇ ਹਨ ਤਾਂ ਉਹ ਉਹਨਾਂ ਚੀਜ਼ਾਂ, ਰਸਮਾਂ ਜਾਂ ਕਹਾਣੀਆਂ ਦਾ ਬਿਆਨ ਕਰਦੇ ਹਨ ਜੁ ਲੋਕਾਂ ਵਿੱਚ ਆਮ ਪਰਚੱਲਤ ਹੋਣ॥ਅਜਿਹਾ ਕਰਨ ਨਾਲ਼ ਲੋਕਾਂ ਨੂੰ ਗੁਰੂ ਸਾਹਿਬ ਦੇ ਵੀਚਾਰ ਦੀ ਛੇਤੀ ਸਮਝ ਪੈ ਜਾਂਦੀ ਹੈ॥ ਪਰ ਉਦਾਹਰਣਾਂ ਵਿੱਚ ਦਿੱਤੀਆਂ ਰਸਮਾਂ ਜਾਂ ਕਹਾਣੀਆਂ ਦੇ ਸੱਚੇ ਜਾਂ ਝੂਠੇ ਹੋਣ ਬਾਰੇ ਸਤਿਗੁਰੂ ਜੀ ਨੂੰ ਕੋਈ ਗ਼ਰਜ਼ ਨਹੀਂ, ਅਤੇ ਨਾਂ ਹੀ ਅਜਿਹੀਆਂ ਰਸਮਾਂ ਦੀ ਉਹ ਪ੍ਰੋੜ੍ਹਤਾ ਕਰਦੇ ਹਨ॥ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸੈਂਕੜੇ ਅਜਿਹੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਹਨਾਂ ਵਿੱਚ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਦਾ ਆਪਣਾ ਕੋਈ ਵਿਸ਼ਵਾਸ ਨਹੀਂ ਸੀ॥ ਅਜਿਹਾ ਕਰਨ ਵੇਲ਼ੇ ਗੁਰੂ ਸਾਹਿਬ ਪਹਿਲਾਂ ਪ੍ਰਚੱਲਤ ਰਸਮਾਂ ਜਾਂ ਕਹਾਣੀਆਂ ਬਿਆਨ ਕਰਦੇ ਹਨ ਅਤੇ ਫ਼ਿਰ ਆਪਣਾ ਵੀਚਾਰ ਦਿੰਦੇ ਹਨ॥ ਜਿਹੜੇ ਲੋਕ ਇਹ ਗੱਲ ਨਹੀਂ ਸਮਝਦੇ ਉਹ ਅਕਸਰ ਹੀ ਗੁਰਬਾਣੀ ਦੇ ਅਰਥ ਗ਼ਲਤ ਕਰਦੇ ਹਨ ਜਿਹਨਾਂ ਨਾਲ਼ ਕਿ ਕਈ ਵਾਰ ਅਨਰਥ ਹੋ ਜਾਂਦਾ ਹੈ॥ ਇਸ ਸਬੰਧ ਵਿੱਚ ਮੈਂ ਕੇਵਲ ਦੋ ਕੁ ਹੀ ਸ਼ਬਦ ਆਪ ਨਾਲ਼ ਸਾਂਝੇ ਕਰਾਂਗਾ॥
ਵਡਹੰਸੁ ਮ:1 (557)॥ ਅਮਲੀ ਅਮਲੁ ਨਾ ਅੰਬੜੈ ਮਛੀ ਨੀਰੁ ਨ ਹੋਇ॥ ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ॥ ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ॥
ਇਸ ਪਾਵਨ ਸ਼ਬਦ ਵਿੱਚ ਅਮਲੀ ਅਤੇ ਮੱਛੀ ਦੀਆਂ ਉਦਾਹਰਣਾਂ ਦੇ ਕੇ ਸਤਿਗੁਰੂ ਫ਼ੁਰਮਾਉਂਦੇ ਹਨ ਕਿ ਜੇਕਰ ਕਿਸੇ ਅਮਲੀ ਨੂੰ ਉਸਦਾ ਅਮਲ ਨਾਂ ਮਿਲੇ ਤਾਂ ਉਹ ਮਰਨੇ ਪੈ ਜਾਂਦਾ ਹੈ ਅਤੇ ਮੱਛੀ ਪਾਣੀ ਤੋਂ ਬਿਨਾਂ ਤੜਪਣ ਲੱਗ ਪੈਂਦੀ ਹੈ॥ਇਹਨਾਂ ਦੋਵਾਂ ਨੂੰ ਅਮਲ ਅਤੇ ਪਾਣੀ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲਗਦਾ॥ (ਇਸੇ ਤਰ੍ਹਾਂ ਹੇ ਪ੍ਰਭੂ, ਤੇਰਾ ਭਗਤ ਤੇਰੇ ਨਾਮ ਤੋਂ ਬਿਨਾਂ ਮਰਨ ਵਾਲ਼ਾ ਹੋ ਜਾਂਦਾ ਹੈ)॥ ਪਰ ਤੇਰੇ ਨਾਮ ਵਿੱਚ ਰੰਗੇ ਤੇਰੇ ਭਗਤ ਨੂੰ ਸਭ ਕੁਝ ਹੀ ਸੁਖਾਵਾਂ ਲਗਦਾ ਹੈ॥
ਮੈਨੂੰ ਯਕੀਨ ਹੈ ਕਿ ਆਪ ਸਭ ਨੂੰ ਇਹ ਸਪੱਸ਼ਟ ਹੈ ਕਿ ਇਥੇ ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਲੋਕਾਂ ਨੂੰ ਅਮਲੀ ਬਣ ਜਾਣਾ ਚਾਹੀਦਾ ਹੈ॥ ਆਪ ਤਾਂ ਅਮਲਾਂ ਦੇ ਸਖ਼ਤ ਵਿਰੋਧੀ ਹਨ॥ ਪਰ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਉੱਕਾ ਕੋਈ ਪਤਾ ਨਹੀਂ ਕਿ ਜੇ ਰੱਬ ਦਾ ਕੋਈ ਭਗਤ ਉਸਦੀ ਯਾਦ ਵਿੱਚ ਨਾਂ ਜੁੜ ਸਕੇ ਤਾਂ ਉਸ ਦਾ ਕੀ ਹਾਲ ਹੁੰਦਾ ਹੈ, ਪਰ ਅਮਲ ਤੋਂ ਬਿਨਾਂ ਹਰ ਕੋਈ ਅਮਲੀ ਦੀ ਹਾਲਤ ਤੋਂ ਜਾਣੂੰ ਹੁੰਦਾ ਹੈ॥ ਸੋ ਉਦਾਹਰਣ ਨਾਲ਼ ਲੋਕਾਂ ਨੂੰ ਅਸਲ ਗੱਲ ਦੀ ਸਮਝ ਪੈ ਜਾਂਦੀ ਹੈ॥ਇਹ ਅਗਲਾ ਪਾਵਨ ਸ਼ਬਦ ਵੀ ਸੁਣੋ:
ਗਉੜੀ ਗੁਆਰੇਰੀ ਮ:4 (163-4)॥ ੴ ਸਤਿਗੁਰ ਪ੍ਰਸਾਦਿ॥ ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥ ਜੋਗੀ ਗੋਰਖੁ ਗੋਰਖੁ ਕਰਿਆ॥ ਮੈ ਮੂਰਖ ਹਰਿ ਹਰਿ ਜਪੁ ਪੜਿਆ॥1॥ ---- ਖਤ੍ਰੀ ਕਰਮ ਕਰੇ ਸੂਰਤਣੁ ਪਾਵੈ॥ ਸੂਦੁ ਵੈਸੁ ਪਰ ਕਿਰਤਿ ਕਮਾਵੈ॥ ਮੈ ਮੂਰਖ ਹਰਿ ਨਾਮੁ ਛਡਾਵੈ॥ ----
ਅਨਜਾਣ ਲੋਕ ਇਸ ਪਾਵਨ ਸ਼ਬਦ ਦਾ ਇਹ ਅਰਥ ਵੀ ਕਰ ਸਕਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਸ਼ੂਦਰਾਂ ਨੂੰ ਉੱਚੀਆਂ ਜਾਤਾਂ ਵਾਲ਼ੇ ਲੋਕਾਂ ਦੀ ਸੇਵਾ ਕਰਨ ਨੂੰ ਕਹਿ ਰਹੇ ਹਨ॥ ਪਰ ਕੀ ਅਜਿਹਾ ਸੰਭਵ ਹੋ ਸਕਦਾ ਹੈ॥ ਗੁਰੂ ਨਾਨਕ ਪਾਤਸ਼ਾਹ ਨੇ ਉੱਚੀਆਂ ਅਤੇ ਨੀਵੀਆਂ ਜਾਤਾਂ ਵਿੱਚ ਭੇਦ ਭਾਵ ਨੂੰ ਮਿਟਾਉਣ ਲਈ ਸਾਰੀ ਉਮਰ ਜੱਦੋ-ਜਹਿਦ ਕੀਤਾ ਅਤੇ ਪਹਿਲੀ ਉਦਾਸੀ ਸਮੇਂ ਇੱਕ ਨੀਵੀਂ ਸਮਝੀ ਜਾਤੀ ਦੇ ਤਰਖਾਣ ਭਾਈ ਲਾਲੋ ਜੀ ਦੇ ਘਰ ਜਾ ਕੇ ਠਹਿਰੇ ਅਤੇ ਸਾਰੀ ਉਮਰ ਇੱਕ ਨੀਵੀਂ ਜਾਤ ਦੇ ਮਿਰਾਸੀ ਭਾਈ ਮਰਦਾਨਾ ਜੀ ਨੂੰ ਪਿਆਰ ਸਹਿਤ ਆਪਣੇ ਨਾਲ਼ ਰੱਖਿਆ॥ ਕੀ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਸਤਿਗੁਰੂ ਰਾਮਦਾਸ ਜੀ ਸ਼ੂਦਰਾਂ ਬਾਰੇ ਅਜਿਹੀ ਗੱਲ ਕਹਿਣਗੇ? ਉੱਤਰ ਮਿਲ਼ੇਗਾ ਕਦੇ ਵੀ ਨਹੀਂ॥ ਪਿਛਲੇ ਸ਼ਬਦ ਵਾਂਙ, ਇਸ ਸ਼ਬਦ ਵਿੱਚ ਵੀ ਲੋਕ ਸ਼ੂਦਰਾਂ ਨਾਲ ਜੋ ਵਰਤਾਉ ਕਰਦੇ ਹਨ, ਉਸਦੀ ਉਦਾਹਰਣ ਦੇ ਕੇ ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਜਿਵੇਂ ਸ਼ੂਦਰ ਦੂਸਰਿਆਂ ਦੀ ਸੇਵਾ ਕਰ ਕੇ ਆਪਣੇ ਜੀਵਨ ਅਤੇ ਆਪਣਾ ਟੱਬਰ ਪਾਲ਼ਦੇ ਹਨ, ਮੈਂ ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਆਤਮਿਕ ਜੀਵਨ ਨੂੰ ਪਾਲ਼ਦਾ ਹਾਂ॥ ਅਮਲੀ ਅਤੇ ਸ਼ੂਦਰ ਕੇਵਲ ਉਦਾਹਰਣਾਂ ਲਈ ਹੀ ਵਰਤੇ ਗਏ ਹਨ ਤਾਂ ਜੁ ਲੋਕਾਂ ਨੂੰ ਗੁਰੂ ਆਸ਼ੇ ਦੀ ਪੂਰੀ ਸਮਝ ਪੈ ਜਾਵੇ॥ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਮੂਰਖ ਲੋਕ ਗੁਰੂ ਆਸ਼ੇ ਨੂੰ ਸਮਝਣ ਦੀ ਬਜਾਇ, ਗ਼ਲਤ ਅਰਥ ਕਰ ਕੇ ਸਗੋਂ ਉਲਟਾ ਦੁਨੀਆਂ ਨੂੰ ਹੋਰ ਭੰਬਲ-ਭੂਸੇ ਵਿੱਚ ਪਾਉਂਦੇ ਹਾਂ॥
ਇਹਨਾਂ ਪਾਵਨ ਸ਼ਬਦਾਂ ਵਿੱਚ ਇੱਕ ਹੋਰ ਗੱਲ ਧਿਆਨ ਗੋਚਰ ਕਰਨ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਜੋ “ਅਮਲੀ” ਅਤੇ “ਸ਼ੂਦਰ” ਵਰਤੇ ਹਨ ਉਹ ਇਕੱਲੇ ਮਰਦਾਂ ਲਈ ਹੀ ਨਹੀਂ॥ ਇਹ ਦੋਵੇਂ ਸ਼ਬਦ ਸਮਲਿੰਗੀ ਹਨ ਅਤੇ ਇਹਨਾਂ ਵਿੱਚ ਮਰਦ ਅਤੇ ਨਾਰੀਆਂ ਦੋਵੇਂ ਹੀ ਸ਼ਾਮਲ ਹਨ॥ ਪੂਰੇ ਗੁਰੂ ਗਰੰਥ ਸਾਹਿਬ ਵਿੱਚ ਜਿੱਥੇ ਵੀ ਪੁਲਿੰਗ ਦੀ ਵਰਤੋਂ ਕਰਕੇ ਕੋਈ ਗੱਲ ਕੀਤੀ ਗਈ ਹੈ, ਉਹ ਦੋਵਾਂ ਹੀ ਲਿੰਗਾਂ, ਭਾਵ ਮਰਦ ਅਤੇ ਨਾਰੀ ਵਾਸਤੇ ਸਾਂਝੀ ਵਰਤੀ ਗਈ ਹੈ॥ ਇਕੱਲੇ ਮਰਦ ਹੀ ਅਮਲ ਨਹੀਂ ਕਰਦੇ, ਨਾਰੀਆਂ ਵੀ ਉਨੇਂ ਹੀ ਅਮਲ ਕਰਦੀਆਂ ਹਨ, ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ “ਅਮਲ” ਅੱਡ ਅੱਡ ਹੋਣ॥ ਇਸੇ ਤਰ੍ਹਾਂ ਸ਼ੂਦਰ ਅਖਵਾਉਂਦੇ ਲੋਕ ਕੇਵਲ ਮਰਦ ਹੀ ਨਹੀਂ ਹੁੰਦੇ, ਨਾਰੀਆਂ ਵੀ ਨਾਲ਼ ਹੀ ਸ਼ਾਮਲ ਹਨ॥ ਅਜਿਹੀ ਸਮਲਿੰਗਤਾ ਨੂੰ ਇਹ ਸ਼ਬਦ ਹੋਰ ਵੀ ਸਪੱਸ਼ਟ ਕਰ ਦੇਣਗੇ॥
ਧਨਾਸਰੀ ਮ:1 (660)॥ ਹਮ ਆਦਮੀ ਹਾ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥1॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ॥1॥ ਰਹਾਉ॥------
ਕੀ ਇਸ ਸ਼ਬਦ ਵਿੱਚ “ਆਦਮੀ” ਇਕੱਲੇ ਮਰਦਾਂ ਲਈ ਹੀ ਲਿਖਿਆ ਗਿਆ ਹੈ ਕਿ ਉਹਨਾਂ ਦੇ ਜੀਵਨ ਦੀ ਨਾਂ ਤਾਂ ਕੋਈ ਪੱਕੀ ਮੁਨਿਆਦ ਹੈ ਅਤੇ ਨਾਂ ਹੀ ਉਹਨਾਂ ਦੀ ਮੌਤ ਦਾ ਕੋਈ ਪੱਕਾ ਦਿਨ॥ ਕੀ ਨਾਰੀਆਂ ਦੇ ਜੀਵਨ ਦੀ ਕੋਈ ਪੱਕੀ ਮੁਨਿਆਦ ਹੁੰਦੀ ਹੈ ਜਾਂ ਉਹਨਾਂ ਦੀ ਮੌਤ ਦਾ ਕੋਈ ਪੱਕਾ ਸਮਾਂ ਨਿਸਚਿਤ ਹੁੰਦਾ ਹੈ? ਜੇ ਨਹੀਂ, ਤਾਂ ਫ਼ਿਰ ਕੀ ਸ਼ਬਦ “ਆਦਮੀ” ਦੋਵਾਂ ਹੀ ਲਿੰਗਾਂ ਵਾਸਤੇ ਲਾਗੂ ਨਹੀਂ ਹੁੰਦਾ?
ਅਗਲਾ ਸ਼ਬਦ ਵੀ ਸੁਣੋ ਜਿਸ ਵਿੱਚ ਸਤਿਗੁਰ ਜੀ ਇੱਕ ਮਹੱਤਵਪੂਰਨ ਗੱਲ ਸਮਝਾਉਣ ਲਈ ਸ਼ਬਦ “ਨਰ”ਵਰਤਦੇ ਹਨ॥ ਪਰ ਕੀ ਇਹੋ ਹੀ ਵੀਚਾਰ ਨਾਰੀਆਂ ਤੇ ਲਾਗੂ ਨਹੀਂ ਹੁੰਦਾ?
ਸਲੋਕ ਮ:1 ਵਾਰਾ ਤੇ ਵਧੀਕ॥ ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ॥ ਮਨਿ ਅੰਧੈ ਊਧੈ ਕਵਲਿ ਦਿਸਨਿ ਖਰੇ ਕਰੂਪ॥ ----- ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥ ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥
ਕੀ ਗੁਣਾਂ ਤੋਂ ਵਾਂਝੇ ਹੰਕਾਰ ਕਰਨ ਵਾਲ਼ੇ ਕੇਵਲ ਮਰਦ ਹੀ ਹੋ ਸਕਦੇ ਹਨ, ਨਾਰੀਆਂ ਨਹੀਂ? ਜੇ ਗੁਣਾਂ ਤੋਂ ਖਾਲੀ ਨਾਰੀਆਂ ਵੀ ਹੰਕਾਰ ਕਰ ਸਕਦੀਆਂ ਹਨ ਤਾਂ ਸ਼ਬਦ “ਨਰ” ਦੋਵਾਂ ਹੀ ਲਿੰਗਾਂ ਤੇ ਲਾਗੂ ਹੁੰਦਾ ਹੈ ਅਤੇ ਇਸ ਦਾ ਭਾਵ ਮਰਦ ਅਤੇ ਨਾਰੀ ਦੋਵੇਂ ਹੀ ਹੈ॥
ਜਿਵੇਂ ਆਪਾਂ ਅਗਲੇ ਪਾਵਨ ਸ਼ਬਦ ਵਿੱਚ ਨੋਟ ਕਰਾਂਗੇ, ਨਾਮਦੇਵ ਜੀ ਦਰੋਪਦੀ ਨੂੰ ਵੀ ਵੀ ਦਰੋਪਦ ਦੀ ਪੁੱਤਰੀ ਲਿਖਣ ਦੀ ਬਜਾਇ ਉਸਦਾ ਸੁਤ (ਪੁੱਤਰ) ਲਿਖਦੇ ਹਨ॥ ਇਸ ਤੋਂ ਇਹ ਬਿਨਾਂ ਕਿਸੇ ਸ਼ੱਕ ਦੇ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਵੀਚਾਰ-ਅਧੀਨ ਪਾਵਨ ਸ਼ਬਦ ਵਿੱਚ ਵੀ ਪੁੱਤ ਬੱਚੇ ਵਾਸਤੇ ਲਿਖਿਆ ਹੈ ਨਾਂ ਕੇਵਲ ਪੁੱਤਰ ਵਾਸਤੇ ਹੀ॥
ਗੌਂਡ ਨਾਮਦੇਉ ਜੀ (874)॥ ਹਰਿ ਹਰਿ ਕਰਤ ਮਿਟੇ ਸਭਿ ਭਰਮਾ॥ ਹਰਿ ਕੋ ਨਾਮ ਲੈ ਊਤਮ ਧਰਮਾ॥ ------ ਹਰਿ ਹਰਿ ਕਰਤ ਪੂਤਨਾ ਤਰੀ॥ ਬਾਲਘਾਤਨੀ (ਬੱਚੇ ਮਾਰਨ ਵਾਲ਼ੀ) ਕਪਟਹਿ ਭਰੀ॥ ਸਿਮਰਨ ਦ੍ਰੋਪਦ ਸੁਤ ਉਧਰੀ॥ ਗਊਤਮ ਸਤੀ ਸਿਲਾ ਨਿਸਤਰੀ॥-
ਨੋਟ: ਪੂਤਨਾ ਇੱਕ ਚੰਦਰੀ ਇਸਤ੍ਰੀ ਜੀ ਜਿਸਨੂੰ ਕੰਸ ਨੇ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਭੇਜਿਆ ਸੀ॥
ਦ੍ਰੋਪਦੀ ਰਾਜੇ ਦ੍ਰੋਪਦ ਦੀ ਧੀ ਸੀ ਜਿਸਨੂੰ ਮਹਾਂਭਾਰਤ ਵਾਲੇ ਅਰਜੁਨ ਨੇ ਸਵੰਬਰ ਵਿੱਚ ਜਿੱਤਿਆ ਸੀ, ਪਰ ਜਿਸਨੇ ਪਿੱਛੋਂ ਪੰਜਾਂ ਹੀ ਪਾਂਡਵਾਂ ਨਾਲ਼ ਵਿਆਹ ਕਰਵਾ ਲਿਆ ਸੀ॥
ਗਊਤਮ ਸਤੀ ਗੌਤਮ ਰਿਸ਼ੀ ਦੀ ਪਤਨੀ ਸੀ ਜਿਸਨਾਲ ਇੰਦਰ ਦੇਵਤੇ ਨੇ ਧੋਖੇ ਨਾਲ਼ ਭੋਗ ਕੀਤਾ ਸੀ॥ਪਿੱਛੋਂ ਜਦ ਰਿਸ਼ੀ ਨੂੰ ਪਤਾ ਲੱਗਾ ਤਾਂ ਉਸਨੇ ਆਪਣੀ ਪਤਨੀ ਨੂੰ ਸਰਾਪ ਦੇ ਕੇ ਪੱਥਰ ਬਣਾ ਦਿੱਤਾ ਜਿਸਦਾ ਉਧਾਰ ਅਗਲੇ ਯੁਗ (ਤ੍ਰੇਤੇ) ਵਿੱਚ ਰਾਮ ਜੀ ਨੇ ਕੀਤਾ॥
ਸੋ ਇਸ ਸਾਰੀ ਵੀਚਾਰ ਤੋਂ ਇਹ ਦੋ ਮਹੱਤਵਪੂਰਣ ਸਿੱਟੇ ਨਿਕਲਦੇ ਹਨ॥
(1). ਕਿਸੇ ਆਸ਼ੇ ਨੂੰ ਸਪੱਸ਼ਟ ਕਰਨ ਲਈ ਗੁਰੂ ਸਾਹਿਬਾਨ ਵੱਲੋਂ ਵਰਤੀਆਂ ਗਈਆਂ ਉਦਾਹਰਣਾਂ ਦਾ ਭਾਵ ਇਹ ਨਹੀਂ ਕਿ ਗੁਰੂ ਸਾਹਿਬਾਨ ਉਹਨਾਂ ਦੀ ਪ੍ਰੋੜ੍ਹਤਾ ਕਰਦੇ ਹਨ ਜਾਂ ਉਹਨਾਂ ਨੂੰ ਠੀਕ ਸਮਝਦੇ ਹਨ॥ ਉਹ ਕੇਵਲ ਗੁਰੂ ਆਸ਼ੇ ਨੂੰ ਸਪੱਸ਼ਟ ਕਰਨ ਲਈ ਹੀ ਵਰਤੀਆਂ ਗਈਆਂ ਹਨ॥
(2). ਸਾਰੀ ਦੁਨੀਆਂ ਤੇ ਲੱਖਾਂ ਸਾਲਾਂ ਤੋਂ ਇਹ ਹੀ ਰਵਾਇਤ ਚੱਲਦੀ ਆ ਰਹੀ ਹੈ ਕਿ ਕਿਸੇ ਵੀ ਵਿਸ਼ੇ ਤੇ ਵੀਚਾਰ ਕਰਨ ਲਈ ਜਿੱਥੇ ਮਾਨਵਤਾ ਦੀ ਗੱਲ ਕੀਤੀ ਜਾਂਦੀ ਹੈ ਉਥੇ “ਪੁਲਿੰਗ” ਨੂੰ ਹੀ ਵਰਤਿਆ ਗਿਆ ਹੈ॥ ਪਰ ਹਰ ਥਾਂ ਦੋਵੇਂ ਹੀ ਲਿੰਗ – ਪੁਰਖ ਅਤੇ ਇਸਤਰੀ- ਸ਼ਾਮਲ ਹਨ॥ ਦੋਵਾਂ ਲਿੰਗਾਂ ਦੀ ਅੱਡ ਅੱਡ ਵਰਤੋਂ ਇੱਕ ਨਵੀਂ ਸੋਚ ਹੈ ਜਿਸਦਾ ਆਧਾਰ ਕੇਵਲ ਤੇ ਕੇਵਲ ਰਾਜਸੀ ਚਾਲ ਹੀ ਹੈ॥
ਇਹਨਾਂ ਦੋਵਾਂ ਸਿੱਟਿਆਂ ਨੂੰ ਮੁੱਖ ਰੱਖਦੇ ਹੋਏ ਆਉ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਪਾਵਨ ਸ਼ਬਦ ਦੀ ਵੀਚਾਰ ਕਰੀਏ ਜਿਸ ਦੇ ਗ਼ਲਤ ਅਰਥਾਂ ਨੇ ਸਾਡੀਆਂ ਸਾਰੀਆਂ ਧੀਆਂ ਭੈਣਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ॥
ਮ:1 ਵਾਰ ਮਾਝ (143)॥ ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ਕਾਲ੍ਹਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਟੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਏ॥ ਏਤੁ ਗੰਢੁ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ॥ ਸਿਫਤੀ ਗੰਢੁ ਪਵੈ ਦਰਬਾਰਿ॥
ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਵੱਖ ਵੱਖ ਸਥਿਤੀਆਂ ਵਿੱਚ ਜੋ ਤ੍ਰੇੜ ਪੈਂਦੀ ਹੈ ਉਸ ਬਾਰੇ ਲਿਖਦੇ ਹਨ ਕਿ ਦੁਨੀਆਂ ਵਿੱਚ ਉਹ ਤ੍ਰੇੜ ਜਾਂ ਦੂਰੀ ਲੋਕ ਕਿਵੇਂ ਦੂਰ ਕਰਦੇ ਹਨ॥ ਸੰਸਾਰ ਦੀਆਂ ਇਹਨਾਂ ਸਥਿਤੀਆਂ ਦੀਆਂ ਉਦਾਹਰਣਾਂ ਦੇ ਕੇ ਸਤਿਗੁਰੂ ਜੀ ਆਪਣੇ ਆਸ਼ਾ ਦੱਸਦੇ ਹਨ ਕਿ ਮਨੁੱਖ ਦੀ ਵਾਹਿਗੁਰੂ ਤੋਂ ਦੂਰੀ ਕਿਵੇਂ ਦੂਰ ਹੁੰਦੀ ਹੈ॥ “ਏਤੁ ਗੰਢ ਵਰਤੈ ਸੰਸਾਰ” ਇਹ ਪਾਵਨ ਪੰਕਤੀ ਤੁਹਾਡਾ ਉਚੇਚਾ ਧਿਆਨ ਮੰਗਦੀ ਹੈ॥ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੋ ਉਦਾਹਰਣਾਂ ਮੈਂ ਦਿੱਤੀਆਂ ਹਨ ਉਹ ਸਾਰੀਆਂ ਸੰਸਾਰ ਦੀ ਵਰਤਣ ਹਨ॥ ਸੋ ਸਪੱਸ਼ਟ ਹੈ ਕਿ ਸਤਿਗੁਰੂ ਜੀ ਇਹਨਾਂ ਉਦਾਹਰਣਾਂ ਦੀ ਪ੍ਰੋੜ੍ਹਤਾ ਨਹੀਂ ਕਰ ਰਹੇ॥ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਅਸੀਂ ਹੁਣੇ ਹੁਣੇ ਵੀਚਾਰ ਕੀਤੀ ਹੈ, “ਪੁਤੀ” ਦਾ ਭਾਵ ਇਕੱਲਾ ਪੁੱਤਰ ਹੀ ਨਹੀਂ॥ ਬਾਕੀ ਸ਼ਬਦਾਂ ਵਾਂਙ ਇਸ ਵਿੱਚ ਵਰਤਿਆ ਸ਼ਬਦ “ਪੁਤੀਂ” ਦੋਵਾ ਲਿੰਗਾਂ ਵਾਸਤੇ ਸਾਂਝਾ ਹੈ ਅਤੇ ਭਾਵ ਹੈ ਬੱਚੇ॥ ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਜੇ ਇਸ ਸੰਸਾਰ ਵਿੱਚ ਕਿਸੇ ਕਾਰਨ ਪਤੀ ਪਤਨੀ ਦੀ ਆਪਸ ਵਿੱਚ ਦੂਰੀ ਹੋ ਜਾਵੇ ਤਾਂ ਬੱਚੇ ਹੋ ਜਾਣ ਨਾਲ਼ ਉਹ ਦੂਰੀ ਮਿਟ ਜਾਂਦੀ ਹੈ॥ ਪਰ ਜੇ ਕਰ ਕੋਈ ਅਨਜਾਣ ਮਨੁੱਖ ਇਹ ਜ਼ਿਦ ਵੀ ਕਰੇ ਕਿ “ਪੁਤੀ” ਦਾ ਭਾਵ ਕੇਵਲ ਪੁੱਤਰ ਹੀ ਹੈ, ਤਾਂ ਵੀ ਗੁਰੂ ਸਾਹਿਬ ਤਾਂ ਕੇਵਲ ਦੁਨੀਆਂ ਦੇ ਵਰਤਾਵ ਦੀ ਗੱਲ ਹੀ ਕਰ ਰਹੇ ਹਨ, ਇਸ ਵੀਚਾਰ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਹਿ ਰਹੇ॥ ਇਸ ਸ਼ਬਦ ਰਾਹੀਂ ਸਤਿਗੁਰੂ ਜੀ ਦਾ ਸੁਨੇਹਾ ਕੇਵਲ ਵਾਹਿਗੁਰੂ ਨਾਲ਼ ਜੋੜਨ ਤੱਕ ਹੀ ਸੀਮਤ ਹੈ॥
ਸੋ ਇਸ ਪਾਵਨ ਸ਼ਬਦ ਤੋਂ ਇਹ ਸਿੱਟਾ ਕੱਢਣਾ ਕਿ ਸਤਿਗੁਰੂ ਜੀ ਪੁੱਤਰਾਂ ਨੂੰ ਧੀਆਂ ਨਾਲ਼ੋਂ ਚੰਗਾ ਸਮਝਦੇ ਹਨ, ਵੱਡੀ ਭੁੱਲ਼ ਹੈ ਅਤੇ ਸਤਿਗੁਰੂ ਜੀ ਦੀ ਬੇਅਦਬੀ ਹੈ॥” ਭਾਈ ਸਾਹਿਬ ਨੇ ਸੁਹਣਾ ਦਾੜ੍ਹਾ ਸੁਆਰਦਿਆਂ ਆਪਣਾ ਵਿਖਿਆਨ ਖ਼ਤਮ ਕੀਤਾ॥
“ਕਿਸੇ ਵੀਰ ਜਾਂ ਭੈਣ ਦਾ ਕੋਈ ਸੁਆਲ ਹੋਵੇ?” ਭਾਈ ਸਾਹਿਬ ਨੇ ਪਾਣੀ ਦੇ ਕੁਝ ਘੁੱਟ ਭਰੇ॥
“ਭਾਈ ਸਾਹਿਬ ਆਪਦਾ ਬਹੁਤ ਬਹੁਤ ਧੰਨਵਾਦ॥ ਆਪ ਨੇ ਪਾਵਨ ਗੁਰਬਾਣੀ ਵਿੱਚੋਂ ਹੀ ਸ਼ਬਦ ਵਰਤ ਕੇ ਜਿਸ ਸੁਹਣੇ ਢੰਗ ਨਾਲ਼ ਸਾਨੂੰ ਪਾਵਨ ਸ਼ਬਦ ਦੇ ਅਰਥ ਸਮਝਾ ਕੇ ਸਾਡੇ ਮਨਾਂ ਦਾ ਬੋਝ ਦੂਰ ਕੀਤਾ ਹੈ, ਉਸ ਲਈ ਮੈਂ ਆਪ ਦਾ ਪੂਰੀ ਤਰ੍ਹਾਂ ਧੰਨਵਾਦ ਵੀ ਨਹੀਂ ਕਰ ਸਕਦੀ॥ ਮੈਂ ਦੱਸ ਨਹੀਂ ਸਕਦੀ ਕਿ ਤੁਸਾਂ ਸਾਡੇ ਤੇ ਕਿੱਡਾ ਵੱਡਾ ਉਪਕਾਰ ਕੀਤਾ ਹੈ॥ ਸਾਡੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਵੀ ਬਹੁਤ ਵਧ ਗਈ ਹੈ ਅਤੇ ਆਪਣੇ ਕਾਹਲ਼ੇ ਪਣ ਅਤੇ ਬੇਵਕੂਫ਼ੀ ਤੇ ਗੁੱਸਾ ਵੀ ਆਉਂਦਾ ਹੈ॥” ਬੀਬੀ
ਬਲਵੰਤ ਕੌਰ ਨੇ ਭਾਈ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ॥
“ਬੀਬੀ ਜੀ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ॥ ਮੈਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਮੈਂ ਆਪਦਾ ਮਨ ਹਲਕਾ ਕਰ ਸਕਿਆ ਹਾਂ ਅਤੇ ਤੁਹਾਡੇ ਦਿਲਾਂ ਵਿੱਚ ਸਤਿਗੁਰੂ ਜੀ ਲਈ ਸ਼ਰਧਾ ਉਪਜਾਉਣ ਦਾ ਬਹਾਨਾ ਬਣ ਸਕਿਆ ਹਾਂ॥ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ॥” ਇਹ ਕਹਿ ਕੇ ਭਾਈ ਸਾਹਿਬ ਪਿੱਛੇ ਹਟ ਗਏ ਅਤੇ ਭਾਈ ਕਸ਼ਮੀਰ ਸਿੰਘ ਮਾਈਕ ਤੇ ਆ ਗਏ॥
ਭਾਈ ਕਸ਼ਮੀਰ ਸਿੰਘ ਨੇ ਭਾਈ ਦਲੀਪ ਸਿੰਘ ਦਾ ਰੱਜ ਕੇ ਧੰਨਵਾਦ ਕੀਤਾ ਜਿਹਨਾਂ ਨੇ ਬੜੇ ਸੁਚੱਜੇ ਢੰਗ ਨਾਲ਼ ਗੁਰਬਾਣੀ ਦੀ ਵਰਤੋਂ ਕਰਕੇ ਸੰਗਤ ਨੂੰ ਦੱਸਿਆ ਕਿ ਇਹ ਗੁਰੂ ਸਾਹਿਬ ਨਹਂਿ ਸਗੋਂ ਸੰਸਾਰੀ ਲੋਕ ਹੀ ਹਨ ਜੁ ਪੁੱਤਰਾਂ ਨੂੰ ਧੀਆਂ ਨਾਲੋਂ ਵੱਧ ਮਹਾਨਤਾ ਦਿੰਦੇ ਹਨ॥ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ॥ ਭਾਈ ਸਾਹਿਬ ਨੇ ਆਈ ਹੋਈ ਸੰਗਤ ਦਾ ਵੀ ਬਹੁਤ ਧੰਨਵਾਦ ਕੀਤਾ॥
“ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਬੁਲੰਦ ਨਾਅਰਿਆਂ ਨਾਲ਼ ਅੱਜ ਦੇ ਸਮਾਗਮ ਦਾ ਭੋਗ ਪਾਇਆ ਗਿਆ॥
ਲੰਗਰ ਦੀ ਮਹਿਕ ਨੇ ਸੰਗਤਾਂ ਨੂੰ ਆਪਣੇ ਵੱਲ ਖਿੱਚ ਲਿਆ॥
Site Content
- ► 2025 (1)
- ► 2024 (1)
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)